Shaheedi Nagar Kirtan started from Assam and left for Vijayawada, Andhra Pradesh, Chennai, Tamil Nadu.
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ:
ਅੰਮ੍ਰਿਤਸਰ, 27 ਸਤੰਬਰ(ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ, ਗੁਰੂ ਨਾਨਕ ਕਲੋਨੀ ਵਿਜੈਵਾੜਾ ਆਂਧਰਾ ਪ੍ਰਦੇਸ਼ ਤੋਂ ਚੇਨਈ ਤਾਮਿਲਨਾਡੂ ਲਈ ਰਵਾਨਾ ਹੋਇਆ।
ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸੰਗਤਾਂ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵੀ ਸਾਂਝ ਪਾਈ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ।
ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਅਤੇ ਹਾਜਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦਿੱਤੇ। ਇਸ ਇਤਿਹਾਸਕ ਨਗਰ ਕੀਰਤਨ ਪ੍ਰਤੀ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਵੱਡੀ ਸ਼ਰਧਾ ਸੀ ਅਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਸ. ਬਲਦੇਵ ਸਿੰਘ ਕਲਿਆਣ, ਮੀਤ ਸਕੱਤਰ ਸ. ਕੁਲਦੀਪ ਸਿੰਘ ਰੋਡੇ, ਇੰਚਾਰਜ ਸ. ਗੁਰਮੇਜ ਸਿੰਘ, ਮੈਨੇਜਰ ਸ. ਨਰਿੰਦਰ ਸਿੰਘ ਮਥਰੇਵਾਲ, ਸੁਪਰਵਾਈਜ਼ਰ ਸ. ਹਰਭਜਨ ਸਿੰਘ, ਸ. ਹਰਵਿੰਦਰ ਸਿੰਘ ਵੇਰਕਾ, ਸ. ਰਾਮ ਸਿੰਘ ਮੁੰਬਈ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਸ. ਬਲਜਿੰਦਰ ਸਿੰਘ, ਬੀਬੀ ਹਰਜਿੰਦਰ ਕੌਰ ਕਾਵਲੀ ਗੁਰਦਾਸਪੁਰ, ਸ. ਸਤਵਿੰਦਰ ਸਿੰਘ, ਬੀਬੀ ਰਣਜੀਤ ਕੌਰ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।