The martyrdom of Sri Guru Tegh Bahadur Sahib is unique and important in the history of religion - Advocate Dhami
*ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਹੋਇਆ ਵਿਸ਼ਾਲ ਸਮਾਗਮ*
ਅੰਮ੍ਰਿਤਸਰ, 21 ਸਤੰਬਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਬਰਨਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਸਮੇਤ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਜਿੱਥੇ ਵੱਖ-ਵੱਖ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਸੰਦਰਭ ਵਿਚ ਸੰਗਤ ਨੂੰ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ।
ਸਮਾਗਮ `ਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਵੱਡੇ ਮਹੱਤਵ ਵਾਲੀ ਹੈ। ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਜਿਥੇ ਇਨਸਾਨੀਅਤ, ਧਰਮ ਦੀ ਰੱਖਿਆ ਕੀਤੀ ਉਥੇ ਜਾ਼ਲਮ ਹਕੂਮਤ ਦਾ ਖਾਤਮਾ ਵੀ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦੇ ਹਾਲਾਤ ਕੁਝ ਹੋਰ ਹੀ ਹੁੰਦੇ। ਉਨ੍ਹਾਂ ਕਿਹਾ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਧਰਮ ਦੀ ਆਜ਼ਾਦੀ ਦੇ ਰਖਵਾਲੇ ਵਜੋਂ ਜਾਣੇ ਜਾਂਦੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਦੇ ਸਮਾਗਮਾਂ ਵਿੱਚ ਸਭ ਧਰਮਾਂ ਦੇ ਲੋਕ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੇ ਹਨ।
ਅਸਾਮ ਤੋਂ ਆਰੰਭ ਹੋਏ ਨਗਰ ਕੀਰਤਨ ਵਿੱਚ ਸੰਗਤਾਂ ਸ਼ਰਧਾ ਨਾਲ ਸਾ਼ਮਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸ਼ਹੀਦੀ ਨਗਰ ਕੀਰਤਨ ਅਕਤੂਬਰ ਦੇ ਅਖੀਰਲੇ ਹਫ਼ਤੇ ਇਸੇ ਏਰੀਏ ਤੋਂ ਪੰਜਾਬ ਵਿੱਚ ਦਾਖਲ ਹੋਵੇਗਾ ਅਤੇ ਨਵੰਬਰ ਵਿਚ ਸ਼ਤਾਬਦੀ ਸਮਾਗਮ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸੰਪੂਰਨ ਹੋਵੇਗਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼ਤਾਬਦੀ ਮੌਕੇ ਕੀਤੇ ਜਾਣ ਵਾਲੇ ਸਮਾਗਮ ਯਾਦਗਾਰੀ ਤੇ ਮਿਸਾਲੀ ਹੋਣਗੇ। ਜਿਸ ਵਿਚ ਸਭ ਧਰਮਾਂ ਦੇ ਆਗੂਆਂ ਦੀ ਸ਼ਮੂਲੀਅਤ ਹੋਵੇਗੀ।
ਸਮਾਗਮ ਦੌਰਾਨ ਅੰਤ੍ਰਿੰਗ ਮੈਂਬਰ ਸ. ਪਰਮਜੀਤ ਸਿੰਘ ਖਾਲਸਾ ਨੇ ਵੀ ਸੰਬੋਧਨ ਕਰਦਿਆਂ ਆਈਆਂ ਪ੍ਰਮੁੱਖ ਸਖਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਨਿਭਾਈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਪ੍ਰਦਰਸ਼ਨੀ ਵੀ ਲਗਾਈ ਗਈ ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੀ। ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਚਿੱਤਰ ਪ੍ਰਦਰਸ਼ਨੀ ਤੇ ਧਾਰਮਿਕ ਪੁਸਤਕਾਂ ਦੇ ਸਟਾਲ ਲਗਾਏ ਗਏ ਸਨ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਸਮੇਂ 326 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅੰਤ੍ਰਿੰਗ ਮੈਂਬਰ ਸ. ਪਰਮਜੀਤ ਸਿੰਘ ਖਾਲਸਾ, ਮੈਂਬਰ ਸ. ਬਲਬੀਰ ਸਿੰਘ ਘੁੰਨਸ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਬਲਦੇਵ ਸਿੰਘ ਚੂੰਘਾ, ਸ. ਜਗਜੀਤ ਸਿੰਘ ਤਲਵੰਡੀ, ਜਥੇਦਾਰ ਗੁਰਲਾਲ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਸ. ਸੁਰਜੀਤ ਸਿੰਘ ਰਾਏਪੁਰ, ਸ. ਭੁਪਿੰਦਰ ਸਿੰਘ ਭਲਵਾਨ, ਬਾਬਾ ਬੂਟਾ ਸਿੰਘ ਗੁਰਥੜੀ, ਸ. ਮੇਜਰ ਸਿੰਘ ਢਿੱਲੋਂ, ਸ. ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ, ਸਾਬਕਾ ਮੈਂਬਰ ਸ. ਜਰਨੈਲ ਸਿੰਘ ਭੋਤਨਾ, ਸ. ਨਾਹਰ ਸਿੰਘ, ਬੀਬੀ ਅਜੈਬ ਕੌਰ, ਹਲਕਾ ਇੰਚਾਰਜ ਸ. ਕੁਲਵੰਤ ਸਿੰਘ ਕੀਤੂ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸਕੱਤਰ ਵਿਦਿਆ ਇੰਜੀ ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਵਿਧਾਇਕ ਸ. ਕੁਲਦੀਪ ਸਿੰਘ ਕਾਲਾ ਢਿਲੋਂ, ਬਾਬਾ ਦਾਰਾ ਸਿੰਘ ਬਰਨਾਲਾ, ਬਾਬਾ ਬਾਬੂ ਸਿੰਘ ਦਿੱਲੀ ਵਾਲੇ, ਬਾਬਾ ਕੁਲਵੰਤ ਸਿੰਘ ਪੱਖੋਕਲਾਂ, ਐਸਡੀਐਮ ਸੋਨਮ, ਸ. ਰਾਜਦੇਵ ਸਿੰਘ ਖ਼ਾਲਸਾ, ਬੀਬੀ ਬੇਅੰਤ ਕੌਰ, ਤਖਤ ਸ੍ਰੀ ਦਮਦਮਾ ਸਹਿਬ ਦੇ ਮੈਨੇਜਰ ਸ. ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਮੈਨੇਜਰ ਸ. ਸੁਰਜੀਤ ਸਿੰਘ ਠੀਕਰੀਵਾਲ, ਸ. ਨਿਰਮਲ ਸਿੰਘ ਰਾਜੀਆ, ਸ. ਰਾਜਿੰਦਰ ਸਿੰਘ, ਭਾਈ ਅਮਰੀਕ ਸਿੰਘ, ਇੰਚਾਰਜ ਸ. ਭੋਲਾ ਸਿੰਘ, ਪ੍ਰਿੰਸੀਪਲ ਰਵਿੰਦਰ ਸਿੰਘ, ਸ੍ਰੀ ਅਨਿਲ ਦਤ ਸ਼ਰਮਾ, ਸ. ਯਾਦਵਿੰਦਰ ਸਿੰਘ, ਸ੍ਰੀ ਸੰਜੀਵ ਸੋਰੀ, ਬੀਬੀ ਅਨੁਰਾਧਾ ਕੌਰ ਆਦਿ ਹਾਜ਼ਰ ਸਨ।