Three office bearers of Punjab Press Club Jalandhar declared uncontested winners
*ਬਾਕੀ ਛੇ ਅਹੁਦਿਆਂ ਲਈ ਕੁੱਲ 12 ਉਮੀਦਵਾਰ ਮੈਦਾਨ ਵਿੱਚ*
ਜਲੰਧਰ, 10 ਦਸੰਬਰ(ਗੁਰਪ੍ਰੀਤ ਸਿੰਘ ਸੰਧੂ ):-
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਵੱਲੋਂ ਕਲੱਬ ਦੀਆਂ ਚੋਣਾਂ ਲੜਨ ਲਈ ਨਾਮਜ਼ਦਗੀ ਵਾਸਤੇ ਉਮੀਦਵਾਰਾਂ ਦੇ ਆਏ ਕਾਗ਼ਜ਼ਾਂ ਦੀ ਵਾਪਸੀ ਤੇ ਪੜਚੋਲ ਤੋਂ ਬਾਅਦ ਸੀਨੀਅਰ ਮੀਤ-ਪ੍ਰਧਾਨ ਵਾਸਤੇ ਰਾਜੇਸ਼ ਥਾਪਾ, ਮੀਤ- ਪ੍ਰਧਾਨ(ਔਰਤ) ਲਈ ਤੇਜਿੰਦਰ ਕੌਰ ਥਿੰਦ ਅਤੇ ਖਜ਼ਾਨਚੀ ਦੇ ਅਹੁਦੇ ਲਈ ਸ਼ਿਵ ਸ਼ਰਮਾ ਬਿਨ੍ਹਾਂ ਮੁਕਾਬਲੇ ਤੋਂ ਜੇਤੂ ਐਲਾਨੇ ਗਏ ਹਨ। ਬਾਕੀ ਰਹਿੰਦੇ ਛੇ ਅਹੁਦਿਆਂ ਪ੍ਰਧਾਨ, ਜਨਰਲ ਸਕੱਤਰ, ਦੋ ਮੀਤ-ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਚੋਣ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਸਿੰਘ ਦੁੱਗਲ, ਡਾ.ਲਖਵਿੰਦਰ ਸਿੰਘ ਜੌਹਲ ਅਤੇ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਚੋਣ ਲੜ ਰਹੇ ਉਮੀਦਵਾਰਾਂ ਲਈ 15 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਨਤੀਜਾ ਉਸੇ ਦਿਨ ਸ਼ਾਮ ਨੂੰ ਐਲਾਨਿਆ ਜਾਵੇਗਾ। ਛੇ ਅਹੁਦਿਆਂ ਲਈ 12 ਉਮੀਦਵਾਰ ਮੈਦਾਨ ਵਿੱਚ ਹਨ।
ਪ੍ਰਧਾਨ ਦੇ ਅਹੁਦੇ ਲਈ ਅਜੀਤ ਗਰੁੱਪ ਨਾਲ ਜੁੜੇ ਜਸਪ੍ਰੀਤ ਸਿੰਘ ਸੈਣੀ ਦੇ ਮੁਕਾਬਲੇ ਤੇ ਜਤਿੰਦਰ ਕੁਮਾਰ ਸ਼ਰਮਾ ਅਤੇ ਐਸ.ਕੇ.ਸਕਸੈਨਾ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ।ਜਨਰਲ ਸਕੱਤਰ ਦੇ ਅਹੁਦੇ ਲਈ ਪੁਨੀਤ ਸਹਿਗਲ ਅਤੇ ਜਤਿੰਦਰ ਕੁਮਾਰ ਸ਼ਰਮਾ ਵਿਚਾਲੇ ਮੁਕਾਬਲਾ ਹੋਵੇਗਾ।
ਉਪ-ਪ੍ਰਧਾਨ ਦੇ ਦੋ ਅਹੁਦਿਆਂ ਲਈ ਮਨਦੀਪ ਸ਼ਰਮਾ, ਪਰਮਜੀਤ ਸਿੰਘ ਅਤੇ ਜਤਿੰਦਰ ਕੁਮਾਰ ਸ਼ਰਮਾ ਮੈਦਾਨ ਵਿੱਚ ਹੋਣਗੇ ਜਦਕਿ ਸਕੱਤਰ ਦੇ ਅਹੁਦੇ ਲਈ ਰਾਜੇਸ਼ ਸ਼ਰਮਾ ਯੋਗੀ ਅਤੇ ਅਮਰਜੀਤ ਸਿੰਘ ਕਿਸਮਤ ਅਜ਼ਮਾਉਣਗੇ। ਜਦ ਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ ਸੁਕਰਾਂਤ ਅਤੇ ਨਰਿੰਦਰ ਗੁਪਤਾ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ।
ਚੋਣ ਅਧਿਕਾਰੀਆਂ ਨੇ ਪੰਜਾਬ ਪ੍ਰੈੱਸ ਕਲੱਬ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣ।