National Gatka Association launches nationwide campaign to standardize the game of Gatka and strengthen referees
ਤਕਨੀਕੀ ਆਫੀਸ਼ੀਅਲਾਂ ਦੀ ਸਰਟੀਫਿਕੇਸ਼ਨ ਤੇ ਗਰੇਡਿੰਗ ਲਈ ਕੌਮੀ ਗੱਤਕਾ ਰਿਫਰੈਸ਼ਰ ਕੋਰਸ 12 ਦਸੰਬਰ ਤੋਂ : ਗਰੇਵਾਲ
ਚੰਡੀਗੜ੍ਹ, 10 ਦਸੰਬਰ, 2025(ਗੁਰਪ੍ਰੀਤ ਸਿੰਘ ਸੰਧੂ): ਗੱਤਕਾ ਖੇਡ ਦੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਢੰਗ ਨਾਲ ਮਜ਼ਬੂਤ ਕਰਨ ਦੇ ਉਦੇਸ਼ ਤਹਿਤ ਦੇਸ਼ ਵਿੱਚ ਗੱਤਕੇ ਦੀ ਸਿਖਰਲੀ ਸੰਸਥਾ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ (ਐਨ.ਜੀ.ਏ.ਆਈ.) ਵੱਲੋਂ ਰੈਫਰੀਆਂ, ਜੱਜਾਂ, ਕੋਚਾਂ ਅਤੇ ਤਕਨੀਕੀ ਅਧਿਕਾਰੀਆਂ ਲਈ ਤੀਜਾ ਕੌਮੀ ਗੱਤਕਾ ਰਿਫਰੈਸ਼ਰ ਕੋਰਸ 12 ਦਸੰਬਰ ਤੋਂ 14 ਦਸੰਬਰ ਤੱਕ ਸੈਕਟਰ 53, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਲਗਭਗ 20 ਘੰਟਿਆਂ ਦੇ ਇਸ ਤਿੰਨ ਰੋਜ਼ਾ ਪ੍ਰੋਗਰਾਮ ਦੌਰਾਨ ਗੱਤਕਾ ਖੇਡ ਨਾਲ ਜੁੜੇ ਮਾਹਿਰਾਂ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਜਾਣਗੇ।
ਇਹ ਖੁਲਾਸਾ ਕਰਦਿਆਂ ਐਨ.ਜੀ.ਏ.ਆਈ. ਦੇ ਕੌਮੀ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਦੱਸਿਆ ਕਿ ਇਸ ਉਚੇਚੀ ਪਹਿਲਕਦਮੀ ਦਾ ਉਦੇਸ਼ ਦੇਸ਼ ਭਰ ਵਿੱਚ ਗੱਤਕਾ ਮੁਕਾਬਲਿਆਂ ਦੌਰਾਨ ਰੈਫਰੀਸ਼ਿੱਪ, ਜੱਜਮੈਂਟ ਤੇ ਸਕੋਰਿੰਗ (ਆਫੀਸ਼ੀਏਟਿੰਗ) ਨਾਲ ਜੁੜੇ ਮਿਆਰਾਂ ਨੂੰ ਉਚਾ ਚੁੱਕਣ, ਖੇਡ ਦੇ ਨਿਯਮਾਂ ਵਿੱਚ ਇਕਸਾਰਤਾ ਯਕੀਨੀ ਬਣਾਉਣ ਅਤੇ ਪ੍ਰਮਾਣਿਤ ਰੈਫਰੀਆਂ, ਜੱਜਾਂ ਅਤੇ ਤਕਨੀਕੀ ਅਧਿਕਾਰੀਆਂ (ਆਫੀਸ਼ੀਅਲਾਂ) ਦੀ ਮਜ਼ਬੂਤ ਟੀਮ ਬਣਾਉਣਾ ਹੈ ਤਾਂ ਜੋ ਹਰ ਪੱਧਰ ਦੇ ਟੂਰਨਾਮੈਂਟ ਤਕਨੀਕੀ ਪੱਖ ਤੋਂ ਪਾਰਦਰਸ਼ਤਾ, ਨਿਰਪੱਖਤਾ ਅਤੇ ਯੋਜਨਾਬੱਧ ਢੰਗ ਨਾਲ ਸਫਲਤਾ ਪੂਰਵਕ ਨੇਪਰੇ ਚਾੜੇ ਜਾ ਸਕਣ।
ਉਨਾਂ ਦੱਸਿਆ ਕਿ ਗੱਤਕਾ ਖੇਡ ਦੀ ਦੇਸ਼ ਵਿਆਪੀ ਪ੍ਰਫੁੱਲਤਾ ਜਾਰੀ ਰੱਖਣ ਵਿੱਚ ਅਜਿਹੇ ਕੋਰਸਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਨਾਂ ਦੱਸਿਆ ਕਿ ਇਹ ਰਿਫਰੈਸ਼ਰ ਕੋਰਸ ਗੱਤਕਾ ਖੇਡ ਵਿੱਚ ‘ਅੰਪਾਇਰਿੰਗ ਤੇ ਸਕੋਰਿੰਗ’ ਨੂੰ ਪੇਸ਼ੇਵਰ ਬਣਾਉਣ ਸਬੰਧੀ ਤਿਆਰ ਕੀਤੇ ਮਿਸ਼ਨ ਤਹਿਤ ਲਾਗੂ ਕੀਤੇ ਜਾ ਰਹੇ ਰੋਡਮੈਪ ਦਾ ਇੱਕ ਅਹਿਮ ਹਿੱਸਾ ਹੈ। ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਐਨ.ਜੀ.ਏ.ਆਈ. ਤਕਨੀਕੀ ਉੱਤਮਤਾ ਦੇ ਮਿਆਰੀਕਰਨ ਲਈ ਅੱਗੇ ਵਧ ਰਹੀ ਹੈ ਜਿਸਨੂੰ ਇਹ ਸਿੱਖਿਅਤ ਗੱਤਕਾ ਆਫੀਸ਼ੀਅਲ ਵਿਸ਼ਵ ਪੱਧਰ 'ਤੇ ਅੱਗੇ ਵਧਾਉਣਗੇ।
ਇਸ ਕੋਰਸ ਦੇ ਮੁੱਖ ਇੰਚਾਰਜ ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਵਾਈਸ ਚੇਅਰਮੈਨ ਸੁਖਚੈਨ ਸਿੰਘ ਕਲਸਾਨੀ ਅਤੇ ਐਨ.ਜੀ.ਏ.ਆਈ. ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਕੌਮਾਂਤਰੀ ਗੱਤਕਾ ਨਿਯਮਾਵਲੀ ਦੀ ਰੌਸ਼ਨੀ ਵਿੱਚ ਤਿਆਰ ਕੀਤੇ ਤਿੰਨ ਦਿਨਾਂ ਦੌਰਾਨ ਰੋਜ਼ਾਨਾ 6 ਤੋਂ 8 ਘੰਟਿਆਂ ਦੇ ਪ੍ਰੋਗਰਾਮਾਂ ਦੌਰਾਨ ਸਿਧਾਂਤਿਕ (ਥਿਊਰੀ) ਅਤੇ ਵਿਹਾਰਕ (ਪ੍ਰੈਕਟੀਕਲ) ਸੈਸ਼ਨ ਹੋਣਗੇ ਜੋ ਆਫੀਸ਼ੀਅਲਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਮੈਦਾਨ ਵਿੱਚ ਫੈਸਲੇ ਲੈਣ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਤਿਆਰ ਕੀਤੇ ਗਏ ਹਨ। ਇਸ ਦੌਰਾਨ ਆਫੀਸ਼ੀਅਲਾਂ ਦੀ ਅਧਿਕਾਰਤ ਗਰੇਡਿੰਗ ਕਰਨ ਅਤੇ ਪ੍ਰਮਾਣੀਕਰਣ (ਸਰਟੀਫਿਕੇਸ਼ਨ) ਲਈ ਲਿਖਤੀ ਪ੍ਰੀਖਿਆ ਵੀ ਲਈ ਜਾਵੇਗੀ ਜਿਸ ਵਿੱਚੋਂ ਸਫਲ ਹੋਣ ਵਾਲੇ ਤਕਨੀਕੀ ਆਫੀਸ਼ੀਅਲਾਂ ਨੂੰ ਸਮਾਪਤੀ ਸਮਾਰੋਹ ਮੌਕੇ ਪ੍ਰਮਾਣ ਪੱਤਰ ਵੰਡੇ ਜਾਣਗੇ ਅਤੇ ਸਮਾਰਟ ਪਛਾਣ ਪੱਤਰ ਜਾਰੀ ਕੀਤੇ ਜਾਣਗੇ।
ਗੱਤਕਾ ਪ੍ਰਮੋਟਰ ਗਰੇਵਾਲ ਨੇ ਇਸ ਕੋਰਸ ਦੇ ਮੁੱਖ ਉਦੇਸ਼ਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਕੋਰਸ ਸਦਕਾ ਭਾਰਤ ਭਰ ਵਿੱਚ ਗੱਤਕਾ ਮੁਕਾਬਲਿਆਂ ਲਈ ਆਫੀਸ਼ੀਏਟਿੰਗ ਦੇ ਹੁਨਰ ਨੂੰ ਨਿਖਾਰਨ, ਖੇਡ ਨਿਯਮਾਂ ਵਿੱਚ ਇਕਸਾਰਤਾ ਲਿਆਉਣ ਅਤੇ ਅੰਪਾਇਰਿੰਗ ਦੇ ਮਿਆਰੀਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੱਤਕਾ ਆਫੀਸ਼ੀਅਲਾਂ ਲਈ ਇਹ ਪ੍ਰਮਾਣੀਕਰਣ ਪ੍ਰੋਗਰਾਮ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੱਤਕਾ ਚੈਂਪੀਅਨਸ਼ਿਪਾਂ ਵਿੱਚ ਅੰਪਾਇਰਿੰਗ ਤੇ ਜੱਜਮੈਂਟ ਕਰਨ ਲਈ ਇੱਕ ਲਾਇਸੈਂਸ ਹੈ ਜਦਕਿ ਕੋਚਿੰਗ ਅਤੇ ਖੇਡ ਸਿਖਲਾਈ ਵਿੱਚ ਭਵਿੱਖ ਬਣਾਉਣ ਵਾਲਿਆਂ ਲਈ ਇੱਕ ਮਹੱਤਵਪੂਰਨ ਸੰਪਤੀ ਹੈ।
ਉਨਾਂ ਦੱਸਿਆ ਕਿ ਇਹ ਰਿਫਰੈਸ਼ਰ ਕੋਰਸ ਗੱਤਕਾ ਖੇਡ ਦੀ ਇੱਕ ਮਹੱਤਵਪੂਰਨ ਬੁਨਿਆਦ ਉਸਾਰਨ ਲਈ ਤਿਆਰ ਕੀਤਾ ਗਿਆ ਹੈ। ਇਹ ਕੋਰਸ ਸਿਰਫ਼ ਇੱਕ ਸਿਖਲਾਈ ਪ੍ਰੋਗਰਾਮ ਹੀ ਨਹੀਂ ਹੈ ਸਗੋਂ ਇਹ ਗੱਤਕਾ ਖੇਡ ਦੀ ਭਵਿੱਖ ਵਿੱਚ ਵਿਧੀਵਤ ਤਰੱਕੀ ਲਈ ਇੱਕ ਨਿਵੇਸ਼ ਹੈ। ਅਸੀਂ ਆਫੀਸ਼ੀਅਲਾਂ ਦੀ ਇੱਕ ਅਨੁਸ਼ਾਸਿਤ, ਸਮਰੱਥ, ਤਜਰਬੇਕਾਰ ਅਤੇ ਤਕਨੀਕੀ ਤੌਰ 'ਤੇ ਨਿਪੁੰਨ ਟੀਮ ਬਣਾ ਰਹੇ ਹਾਂ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਖੇਡ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ।
ਇਸ ਕੋਰਸ ਦੇ ਪ੍ਰਬੰਧਕ ਤੇ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਵਿੱਚ ਗੱਤਕਾ ਖੇਡ ਦੀ ਪ੍ਰਮੁੱਖ ਪ੍ਰਬੰਧਕੀ ਸੰਸਥਾ ਵਜੋਂ ਕਾਰਜਸ਼ੀਲ ਐਨ.ਜੀ.ਏ.ਆਈ. ਇਸ ਰਵਾਇਤੀ ਕਲਾ ਨੂੰ ਸੁਰੱਖਿਅਤ ਰੱਖਣ, ਪ੍ਰਫੁੱਲਤ ਕਰਨ ਅਤੇ ਮਿਆਰੀਕਰਨ ਕਰਦੇ ਹੋਏ ਇਸ ਕਲਾ ਨੂੰ ਇੱਕ ਮੁਕਾਬਲੇ ਦੀ ਖੇਡ ਵਜੋਂ ਵਿਕਸਤ ਕਰਨ ਵਿੱਚ ਸਫਲ ਹੋਈ ਹੈ। ਉਨਾਂ ਕਿਹਾ ਕਿ ਐਨ.ਜੀ.ਏ.ਆਈ. ਰਾਸ਼ਟਰ ਪੱਧਰੀ ਚੈਂਪੀਅਨਸ਼ਿਪਾਂ ਅਤੇ ਸਿਖਲਾਈ ਕੋਰਸ ਕਰਵਾਉਣ, ਟੂਰਨਾਮੈਂਟਾਂ ਵਿੱਚ ਤਕਨੀਕੀ ਅਧਿਕਾਰੀਆਂ ਨੂੰ ਤਾਇਨਾਤ ਕਰਨ ਤੋਂ ਇਲਾਵਾ ਦੇਸ਼ ਭਰ ਵਿੱਚ ਗੱਤਕੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ।