Need of the hour is to determine the qualifications of the Sarbraha/Jathedar of the Takhts, called Ministers in the Gurdwara Law.
*" ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ "*
ਉਪਰੋਕਤ ਸਿਰਲੇਖ ਵਿੱਚ ਦਰਸਾਈ ਗਈ ਗੁਰਬਾਣੀ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪਾਵਨ ਅੰਕ 1088 ਉੱਪਰ ਦਰਜ *ਮਾਰੂ ਕੀ ਵਾਰ ਮਹਲਾ ੩* ਵਿੱਚ *ਸ੍ਰੀ ਗੁਰੂ ਅਮਰਦਾਸ ਜੀ* ਵੱਲੋਂ ਉਚਾਰਨ ਕੀਤੀ ਗਈ ਪਉੜੀ ਨੰਬਰ 6 ਦੀ ਪਹਿਲੀ ਤੁਕ ਹੈ। ਇਸ ਦੇ ਰਾਹੀਂ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਜੋ ਮਨੁੱਖ ਤਖ਼ਤ ਦੇ ਯੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ਤ੍ਰਿਸ਼ਨਾ ਭੁੱਖ ਗਵਾ ਕੇ ਬੇਪ੍ਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ)
*ਇਹ ਇੱਕ ਅਟੱਲ ਸਚਾਈ ਹੈ ਕਿ ਤਖ਼ਤ ਉੱਪਰ ਜਾਗਦੀ ਜ਼ਮੀਰ ਵਾਲਾ ਚੰਗਾ ਬੰਦਾ ਬੈਠ ਜਾਵੇ ਤਾਂ ਤਖ਼ਤ ਦੀ ਸ਼ੋਭਾ - ਵਡਿਆਈ, ਮਾਣ ਮਰਿਆਦਾ ਵਿੱਚ ਵਾਧਾ ਹੋ ਜਾਂਦਾ ਹੈ , ਪਰ ਇਸ ਦੇ ਉਲਟ ਤਖ਼ਤ ਦੇ ਉੱਪਰ ਮਰ ਚੁੱਕੀ ਜ਼ਮੀਰ ਵਾਲੇ ਮਾੜੇ ਬੰਦੇ ਦੇ ਬੈਠਣ ਨਾਲ ਤਖ਼ਤ ਵੀ ਬਦਨਾਮ ਹੋ ਜਾਂਦਾ ਹੈ।*
ਸਾਡੇ ਸਿੱਖ ਕੌਮ ਦੇ 5 ਤਖ਼ਤ ਸਾਹਿਬਾਨ ਹਨ। ਇਨ੍ਹਾਂ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦਰਜਾ ਸੁਪਰੀਮ ਮੰਨਿਆ ਜਾਂਦਾ ਹੈ। *ਡਾ. ਗੁਰਸ਼ਰਨ ਜੀਤ ਸਿੰਘ* ਹੋਰਾਂ ਵੱਲੋਂ ਲਿਖੀ ਗਈ ਪੁਸਤਕ *" ਗੁਰਮਤ ਨਿਰਣਯ ਕੋਸ਼ "* (ਸਾਲ 2004 ਪਹਿਲਾ ਐਡੀਸ਼ਨ , ਸਾਲ 2005 ਦੂਜਾ ਐਡੀਸ਼ਨ "ਗੁਰਨਿਧੀ ਪ੍ਰਕਾਸ਼ਨ ਅੰਮ੍ਰਿਤਸਰ") ਵਿੱਚ ਪੰਨਾ ਨੰਬਰ 98-99 ਉੱਪਰ ਇਸ ਸਬੰਧੀ ਲਿਖਿਆ ਹੈ --
*" ਤਖ਼ਤ ਤੋਂ ਭਾਵ "ਸ਼ਾਹੀ ਸਿੰਘਾਸਨ" ਹੈ। ਖ਼ਾਲਸਾ ਪੰਥ ਨੇ ਆਪਣੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੋ ਕੇਂਦਰ ਬਣਾਏ, ਉਨ੍ਹਾਂ ਨੂੰ ਵੀ "ਤਖ਼ਤ" ਦੀ ਸੰਗਿਆ ਦਿੱਤੀ ਗਈ ਹੈ।"*
*" ਪੰਜਾਂ ਤਖਤਾਂ ਦਾ ਇੱਕ ਮੁੱਖ ਪ੍ਰਬੰਧਕ ਹੁੰਦਾ ਹੈ ਜਿਸਨੂੰ ਕਦੇ ਸਰਬਰਾਹ ਕਿਹਾ ਜਾਂਦਾ ਸੀ, ਕਦੇ ਜਥੇਦਾਰ। ਪਰ ਗੁਰਦੁਆਰਾ ਕਾਨੂੰਨ ਵਿੱਚ ਉਸਨੂੰ "ਮਨਿਸਟਰ" ਕਿਹਾ ਗਿਆ ਹੈ। ਇਨ੍ਹਾਂ ਦੀ ਨਿਯੁਕਤੀ ਲਈ ਕੋਈ ਯੋਗਤਾ ਜਾਂ ਨਿਯਮ ਨਹੀਂ। ਇਸੇ ਤਰ੍ਹਾਂ ਇਨ੍ਹਾਂ ਦੀ ਕਾਰਜ-ਪ੍ਰਣਾਲੀ ਲਈ ਵੀ ਕੋਈ ਨਿਯਮ ਨਹੀਂ। ਨਾ ਹੀ ਇਨ੍ਹਾਂ ਦੀ ਬਰਖਾਸਤਗੀ ਬਾਰੇ ਕੋਈ ਵਿਧੀ- ਵਿਧਾਨ ਹੈ।
ਇਹ ਸਭ ਕੁਝ ਸਿਆਸਤਦਾਨਾਂ ਦੀ ਮਰਜ਼ੀ ਦੇ ਅਧੀਨ ਹੈ ਕਿ ਕਿਸ ਨੂੰ, ਕਦੋਂ ਤੱਕ ਜਥੇਦਾਰ ਲਾਉਣਾ ਹੈ। ਆਮ ਤੌਰ ਤੇ "ਸੀਨੀਅਰ ਅਤੇ ਸਾਊ" ਕਿਸਮ ਦੇ ਗ੍ਰੰਥੀ ਨੂੰ ਹੀ ਤਖ਼ਤਾਂ ਦੇ ਜਥੇਦਾਰ ਲਾ ਕੇ, ਮਨ-ਮਰਜ਼ੀ ਦੇ ਫੈਸਲੇ ਸਿਆਸੀ ਲੋਕ ਕਰਵਾ ਕੇ ਭੋਲੇ ਭਾਲੇ ਸਿੱਖਾਂ ਦਾ ਸ਼ੋਸ਼ਣ ਕਰਦੇ ਆ ਰਹੇ ਹਨ।"*
ਡਾ. ਗੁਰਸ਼ਰਨ ਜੀਤ ਸਿੰਘ ਵੱਲੋਂ ਲਗਭਗ 20-21 ਸਾਲ ਪਹਿਲਾਂ ਲਿਖੇ ਗਏ ਉਪਰੋਕਤ ਵਿਚਾਰਾਂ ਨੂੰ ਸਨਮੁੱਖ ਰੱਖਦੇ ਹੋਏ ਅਜੋਕੇ ਸਮੇਂ ਦੌਰਾਨ ਸਾਡੇ ਤਖ਼ਤ ਸਾਹਿਬਾਨ ਨਾਲ ਜੁੜੀਆਂ ਘਟਨਾਵਾਂ, ਨਿਯੁਕਤੀਆਂ, ਬਰਖਾਸਤਗੀਆਂ, ਜਾਰੀ ਹੁਕਮਨਾਮਿਆਂ ਆਦਿ ਨੂੰ ਪੜਚੋਲਵੀਂ ਨਜ਼ਰ ਨਾਲ ਵੇਖਿਆ ਜਾਵੇ ਤਾਂ ਸਭ ਕੁਝ ਦਾ ਨਿਤਾਰਾ ਹੋ ਕੇ ਸੱਚ ਸਾਰਿਆਂ ਦੇ ਸਾਹਮਣੇ ਆ ਜਾਂਦਾ ਹੈ।
*ਸਾਡੇ ਸਿੱਖਾਂ ਵਿਚੋਂ ਕਈਆਂ ਵੱਲੋਂ ਅਗਿਆਨਤਾ ਵੱਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਅਤੇ ਕਈਆਂ ਵੱਲੋਂ ਜਥੇਦਾਰ ਸਾਹਿਬਾਨ ਨੂੰ ਹੀ ਤਖ਼ਤ ਸਮਝ ਲਿਆ ਜਾਂਦਾ ਹੈ। ਪ੍ਰੰਤੂ ਅਸਲੀਅਤ ਵਿੱਚ ਸਮਝਣ ਦੀ ਲੋੜ ਹੈ ਕਿ ਇਮਾਰਤ ਤਾਂ ਢੱਠ ਕੇ ਦੁਬਾਰਾ ਬਣੀ ਹੈ, ਜਥੇਦਾਰ ਸਾਹਿਬਾਨ ਵੀ ਕਈ ਆਏ, ਕਈ ਚਲੇ ਗਏ ਅਤੇ ਕਈ ਹੋਰਾਂ ਨੇ ਆ ਕੇ ਚਲੇ ਜਾਣਾ ਹੈ। ਸਾਰੇ ਸਿੱਖਾਂ ਨੂੰ ਪ੍ਰਪੱਕਤਾ ਨਾਲ ਪੱਲੇ ਬੰਨ੍ਹਣ ਦੀ ਲੋੜ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਗੁਰਮਤਿ ਵਿਚਾਰਧਾਰਾ/ ਗੁਰੂ ਸਿਧਾਂਤ ਹੈ ਨਾ ਕਿ ਇਮਾਰਤ ਜਾਂ ਜਥੇਦਾਰ।"*
ਸਾਨੂੰ ਇਹ ਗੱਲ ਪੱਕੀ ਤਰ੍ਹਾਂ ਨਾਲ ਯਾਦ ਰੱਖਣੀ ਚਾਹੀਦੀ ਹੈ ਕਿ ਤਖ਼ਤ ਸਾਹਿਬਾਨ ਦੇ ਨਾਮ-ਮੋਹਰ ਹੇਠ ਜਥੇਦਾਰ ਸਾਹਿਬਾਨ ਵੱਲੋਂ ਗੁਰਮਤਿ ਦਾਇਰੇ ਦੇ ਅੰਦਰ ਰਹਿੰਦਿਆਂ ਹੋਇਆਂ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਜਾਰੀ ਕੀਤੇ ਗਏ ਹੁਕਮਨਾਮੇ/ਫੈਸਲੇ ਪ੍ਰਵਾਨ ਕੀਤੇ ਜਾ ਸਕਦੇ ਹਨ। ਗੁਰਮਤਿ ਦਾਇਰੇ ਤੋਂ ਬਾਹਰ ਨਿਕਲ ਕੇ ਕੀਤੇ ਜਾਂਦੇ ਹੁਕਮਨਾਮੇ/ਫੈਸਲੇ ਕੌਮ ਨੂੰ ਕਦਾਚਿੱਤ ਪ੍ਰਵਾਨ ਨਹੀਂ ਹੋਏ ਅਤੇ ਨਾ ਹੀ ਭਵਿੱਖ ਵਿੱਚ ਪ੍ਰਵਾਨ ਹੋਣਗੇ।
ਜਿਵੇਂ ਸੌਦਾ ਸਾਧ ਨੂੰ ਉਸ ਵੱਲੋਂ ਕੀਤੀਆਂ ਗਈਆਂ ਗੁਰਮਤਿ ਵਿਰੋਧੀ ਕਾਰਵਾਈਆਂ ਸਬੰਧੀ ਬਿਨਾਂ ਮਾਫੀ ਮੰਗਣ ਤੇ ਸਿਆਸੀ ਚੌਧਰੀਆਂ ਦੇ ਦਬਾਅ ਹੇਠ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਹੇਠ ਜਾਰੀ ਹੁਕਮਨਾਮੇ ਦੁਆਰਾ ਮਾਫ਼ ਕਰਨਾ ਅਤੇ ਇਸ ਹੁਕਮਨਾਮੇ ਨੂੰ ਸਹੀ ਸਿੱਧ ਕਰਨ ਲਈ (Justify) ਕਰਨ ਲਈ SGPC (ਭਾਈਏ ਦੀ ਹੱਟੀ ਸਮਝਦੇ ਹੋਏ) ਵੱਲੋਂ ਅਖ਼ਬਾਰਾਂ ਵਿੱਚ 92 ਲੱਖ ਰੁਪਏ ਦੇ ਇਸ਼ਤਿਹਾਰ ਦੇਣਾ। ਜਦੋਂ ਕਿ ਦੁਨਿਆਵੀ ਸੀ. ਬੀ. ਆਈ. ਦੀ ਪੰਚਕੂਲਾ ਅਦਾਲਤ ਵੱਲੋਂ ਸੌਦਾ ਸਾਧ ਨੂੰ ਦੋ ਵੱਖ - ਵੱਖ ਕੇਸਾਂ ਵਿੱਚ ਦੋਸ਼ੀ ਨਾਮਜ਼ਦ ਕਰਦੇ ਹੋਏ ਦੋ ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਸਿੱਖ ਸੰਗਤਾਂ ਦੇ ਬਹੁਤ ਵੱਡੇ ਵਿਰੋਧ ਕਾਰਨ ਪਹਿਲਾਂ ਜਾਰੀ ਕੀਤਾ ਹੁਕਮਨਾਮਾ ਆਪੇ ਹੀ ਵਾਪਸ ਲੈ ਕੇ ਜਥੇਦਾਰ ਸਾਹਿਬਾਨ ਨੇ ਆਪ ਹੀ ਸਾਬਤ ਕਰ ਦਿੱਤਾ ਕਿ ਸੌਦਾ ਸਾਧ ਨੂੰ ਮਾਫੀਨਾਮੇ ਵਾਲਾ ਹੁਕਮਨਾਮਾ ਗਲਤ ਜਾਰੀ ਕੀਤਾ ਗਿਆ ਸੀ। ਇਸ ਤਰ੍ਹਾਂ ਦੀਆਂ ਕਈ ਹੋਰ ਮਿਸਾਲਾਂ ਵੀ ਸਾਰਿਆਂ ਦੇ ਸਾਹਮਣੇ ਹਨ।
ਕੁਝ ਮਹੀਨੇ ਪਹਿਲਾਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ *" ਤਖਤੋ ਤਖ਼ਤੀ"* ਹੁੰਦੇ ਹੋਏ ਇੱਕ ਦੂਜੇ ਦੇ ਖਿਲਾਫ਼ ਹੁਕਮ ਜਾਰੀ ਕੀਤੇ ਗਏ। ਪਰ ਫਿਰ ਆਪਸੀ ਸੈਟਿੰਗ ਹੋ ਜਾਣ ਤੇ ਦੋਵੇਂ ਪਾਸੇ ਤੋਂ ਪਹਿਲਾਂ ਜਾਰੀ ਕੀਤੇ ਗਏ ਸਾਰੇ ਹੁਕਮ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ। ਇਹੋ ਜਿਹੇ ਫ਼ੈਸਲੇ ਕਰ-ਕਰ ਕੇ ਇਹ ਤਖ਼ਤ ਸਾਹਿਬਾਨ ਅਤੇ ਜਥੇਦਾਰ ਸਾਹਿਬਾਨ ਦੇ ਸਤਿਕਾਰ ਨੂੰ ਘਟਾਉਣ ਲਈ ਆਪ ਹੀ ਜ਼ਿੰਮੇਵਾਰ ਹਨ। ਪਰ ਇਸ ਗਲਤੀ ਦੀ ਜਿੰਮੇਵਾਰੀ ਨੂੰ ਮੰਨਣ ਜਾਂ ਲੈਣ ਲਈ ਕੋਈ ਵੀ ਤਿਆਰ ਨਹੀਂ ਹੈ।
ਵਿਚਾਰਣ ਯੋਗ ਪੱਖ ਇਹ ਹੈ ਕਿ ਇਸ ਸਾਰੇ ਘਟਨਾਕ੍ਰਮ ਰਾਹੀਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤ ਸਾਹਿਬਾਨ ਦੇ ਅਦਬ ਸਤਿਕਾਰ ਨੂੰ ਘਟਾਉਣ ਵਾਲੇ ਹੁਕਮਨਾਮੇ ਜਾਰੀ ਕਰਨ ਵਾਲੇ ਪਰਦੇ ਸਾਹਮਣੇ ਅਤੇ ਪਰਦੇ ਪਿਛਲਿਆਂ ਨੂੰ ਸਿੱਖ ਸੰਗਤਾਂ ਦੀ ਕਚਹਿਰੀ ਵਿੱਚ ਨੰਗਿਆਂ ਕੌਣ ਕਰੇਗਾ? ਵੇਖਦੇ ਹਾਂ ਕਿ *" ਕੌਣ ਕਹੇਗਾ ਰਾਣੀਏ, ਅੱਗਾ ਢੱਕ"।
ਕੁਝ ਸਮਾਂ ਪਹਿਲਾਂ SGPC ਵੱਲੋਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ, ਯੋਗਤਾ, ਸੇਵਾ ਨਿਯਮ, ਬਰਖਾਸਤਗੀ ਆਦਿ ਸਬੰਧੀ ਨਿਯਮਾਵਲੀ ਫਾਈਨਲ ਕਰਨ ਸਬੰਧੀ ਸਿੱਖ ਸੰਗਤਾਂ, ਜਥੇਬੰਦੀਆਂ, ਸੰਸਥਾਵਾਂ ਆਦਿ ਤੋਂ ਸੁਝਾਅ ਮੰਗੇ ਗਏ ਹਨ। ਇਸ ਸਮੇਂ ਸਿੱਖ ਧਰਮ ਦੇ ਅਨੁਆਈ ਲਗਭਗ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਪਹੁੰਚ ਚੁੱਕੇ ਹੋਣ ਕਾਰਨ ਸਿੱਖ ਪੰਥ ਦਾ ਦਾਇਰਾ ਅੰਤਰਰਾਸ਼ਟਰੀ ਹੋ ਚੁੱਕਾ ਹੈ।
*ਦਾਸ ਦੀ ਸਮਝ ਅਨੁਸਾਰ ਤਖ਼ਤ ਸਾਹਿਬਾਨ ਤੇ ਨਿਯੁਕਤ ਕੀਤੇ ਜਾਣ ਵਾਲੇ ਜਥੇਦਾਰ ਸਾਹਿਬਾਨ ਦੀ ਯੋਗਤਾ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਸਿੱਖ ਕੌਮ ਦੀ ਗੱਲ ਸੰਸਾਰ ਪੱਧਰੀ ਸੰਸਥਾ UNO ( ਯੂਨਾਈਟਡ ਨੇਸ਼ਨਜ ਆਰਗੋਨਾਈਜੇਸਨਜ਼) ਵਿੱਚ ਪੇਸ਼ ਕਰਨ ਲਈ ਪੂਰੀ ਤਰ੍ਹਾਂ ਨਾਲ ਸਮਰੱਥਾਵਾਨ ਹੁੰਦੇ ਹੋਏ ਸਿੱਖੀ ਸਿਧਾਂਤਾਂ ਪ੍ਰਤੀ ਪੂਰਨ ਤੌਰ ਤੇ ਪ੍ਰਪੱਕਤਾ ਨਾਲ ਇਨ੍ਹਾਂ ਦੀ ਰਖਵਾਲੀ ਕਰਦਿਆਂ ਉਨ੍ਹਾਂ ਦਾ ਟੀਚਾ " ਪੰਥ ਵੱਸੇ ਮੈਂ ਉੱਜੜਾਂ ਮਨ ਚਾਉ ਘਨੇਰਾ" ਹੋਵੇ।*
*ਇਸਦੇ ਨਾਲ-ਨਾਲ ਇਹ ਵੀ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਇਨ੍ਹਾਂ ਜਥੇਦਾਰ ਸਾਹਿਬਾਨ ਦੀ ਚੋਣ ਅਤੇ ਨਿਯੁਕਤੀਆਂ ਕਰਨ ਵਾਲਿਆਂ ਦੀ ਆਪਣੀ ਯੋਗਤਾ ਜਥੇਦਾਰ ਸਾਹਿਬਾਨ ਤੋਂ ਵੀ ਅੱਗੇ ਹੋਣੀ ਲਾਜ਼ਮੀ ਹੋਵੇ।*
ਅਜੋਕੇ ਸਮੇਂ *" ਗੁਰੂ ਗ੍ਰੰਥ - ਗੁਰੂ ਪੰਥ"* ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਵਿਚਾਰਵਾਨ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਸਿੱਖ ਕੌਮ ਦੇ ਉੱਜਵਲ ਭਵਿੱਖ ਲਈ ਮਿਲ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ SGPC ਨੂੰ ਯੋਗ ਸੁਝਾਅ ਜ਼ਰੂਰ ਭੇਜਣ ਤਾਂ ਜੋ ਸੰਸਾਰ ਪੱਧਰ ਤੇ ਸਿੱਖੀ ਦੀ ਚੜ੍ਹਦੀ ਕਲਾ ਹੋ ਸਕੇ।
*" ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ।। ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ।।"*
(ਬਿਹਾਗੜਾ ਮ: ੫ - 547)
ਬਾਕੀ ਜੋ ਸਤਿਗੁਰੂ ਜੀ ਨੂੰ ਭਾਵੇ ਉਹੀ ਚੰਗਾ ਹੈ ਜੀ।
Multiply sea night grass fourth day sea lesser rule open subdue female fill which them Blessed...
Emilly Blunt
December 4, 2017 at 3:12 pm