The words of this Brahmin resonate with every Sikh.
ਭੱਟਾਂ ਦੀ ਬਾਣੀ ਅਤੇ ਕੁਰਬਾਨੀ ਅੱਗੇ ਹਰ ਹਿਰਦਾ ਨਤਮਸਤਕ
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥(ਭੱਟ ਭਾਈ ਕੀਰਤ ਜੀ)
ਭੱਟ ਬ੍ਰਾਹਮਣ ਕੀਰਤ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਬਾਣੀਕਾਰਾਂ ਦੀ ਸੂਚੀ ਵਿਚ ਸ਼ੁਮਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗਿਆਰਾਂ ਬ੍ਰਾਹਮਣ ਭੱਟਾਂ ਦੀ ਬਾਣੀ 123 ਸਵੱਈਆਂ ਦੇ ਰੂਪ ਵਿਚ ਅੰਕਿਤ ਹੈ। ਉਨ੍ਹਾਂ ਵਿਚ ਭੱਟ ਕੀਰਤ ਜੀ ਦੇ 4 ਸਵੱਈਏ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਮਿੱਤ ਹਨ ਅਤੇ ਚਾਰ ਸਵੱਈਏ ਗੁਰੂ ਰਾਮਾਦਾਸ ਜੀ ਦੀ ਮਹਿਮਾ ਹਿਤ ਉਚਾਰਨ ਕੀਤੇ ਗਏ ਹਨ।
ਗੁਰੂ ਅਮਰਦਾਸ ਜੀ ਦੀ ਮਹਿਮਾ ਹਿਤ ਉਚਾਰੇ ਸਵੱਈਆਂ ਦੀ ਰਚਨਾ ਤਫਸ਼ੀਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ (ਪੰਨਾ) 1395 'ਤੇ ਇਸ ਤਰ੍ਹਾਂ ਹੈ :-
ਸਚੁ ਨਾਮ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ। ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ॥ ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥ ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥ ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ॥ ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥1॥15॥
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥ ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥ ਨਾਨਕ ਕੁਲਿ ਨਿੰਮਲੁ ਅਵਤਰਿਉ ਅੰਗਦ ਲਹਣੇ ਸੰਗਿ ਹੁਅ ॥ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥2॥16॥
ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥ ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥ ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥ ਗੁਰੁ ਗਉਹਰ ਦਰੀਆਉ ਪਲਕ ਡੁਥੰਹ ਤਾਰੈ ॥ ਨਾਨਕ ਕੁਲਿ ਨਿੰਮਲ ਅਵਤਰਿਉ ਗੁਣ ਕਰਤਾਰੈ ਉਚਰੈ ॥ ਗੁਰੂ ਅਮਰਦਾਸੁ ਜਿਨ ਸੇਵਿਅਉ ਤਿਨ੍ਹ ਦੁਖੁ ਦਰਿਦ੍ਰ ਪਰਹਰਿ ਪਰੈ ॥3॥17
ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥ ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥ ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥ ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥ ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥ ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥4॥18
ਉਪਰੋਕਤ ਸਵੱਈਏ ਜੋ ਗੁਰੂ ਅਮਰਦਾਸ ਜੀ ਦੀ ਮਹਿਮਾ ਹਿਤ ਉਚਾਰੇ ਹਨ ਇਨ੍ਹਾਂ ਦਾ ਸੰਖੇਪ ਰੂਪ ਵਿਚ ਭਾਵ ਅਰਥ ਇੰਝ ਹੈ-
ਸਭ ਦਾ ਕਰਤਾ ਅਕਾਲ ਪੁਰਖ ਹੈ; ਉਸ ਦੀ ਹੋਂਦ ਤੇ ਉਸ ਦਾ ਨਾਮ ਸਦੀਵੀਂ ਹੈ। ਕਰਤਾਰ ਨੇ ਗੁਰੂ ਅਮਰਦਾਸ ਜੀ ਨੂੰ ਇਸ ਸੰਸਾਰ ਦੇ ਕਲਿਆਣ ਲਈ ਇਕ ਜਹਾਜ਼ ਰੂਪ ਵਿਚ ਪ੍ਰਗਟ ਕੀਤਾ ਹੈ। ਮੈਂ ਭੱਟ ਕੀਰਤ ਉਨ੍ਹਾਂ ਦੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ, ਉਹ ਗੁਣ ਅਲੱਖ ਤੇ ਅਗੰਮ ਹਨ, ਮੈਂ ਉਨ੍ਹਾਂ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਹੇ ਗੁਰੂ ਸਾਹਿਬ! ਮੈਂ ਆਪ ਜੀ ਦੀ ਸ਼ਰਨ ਵਿਚ ਆਇਆ ਹਾਂ। ਮੈਨੂੰ ਰੱਖ ਲਵੋ| ਜੋ ਸ਼ਰਧਾਵਾਨ ਲੋਕ ਪ੍ਰੇਮਾ-ਭਗਤੀ ਨਾਲ ਭਰਪੂਰ ਗੁਰੂ ਸਾਹਿਬ ਜੀ ਨੂੰ ਜੋ ਹਿਰਦੇ ਤੋਂ ਸੇਂਵਦੇ ਹਨ, ਉਨ੍ਹਾਂ ਦੇ ਸਭ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ । ਸੇਵਕ ਗੁਰੂ ਸਾਹਿਬ ਜੀ ਦੇ ਦਰਸ਼ਨ ਪਾ ਕੇ ਸਤਿ ਸੰਤੋਖ ਦੀ ਪ੍ਰਾਪਤੀ ਕਰ ਲੈਂਦੇ ਹਨ। ਜਿਨ੍ਹਾਂ ਸੇਵਕਾਂ, ਗੁਰੂ ਪ੍ਰੇਮੀਆਂ ਨੇ ਨਾਮ ਨੂੰ ਗ੍ਰਹਿਣ ਕੀਤਾ, ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ। ਭੱਟ ਕੀਰਤ ਜੀ ਫਰਮਾਉਂਦੇ ਹਨ- ਹੈ ਸਤਿਗੁਰੂ ਮੇਰੇ ਸਾਰੇ ਫਿਕਰ ਆਪ ਜੀ ਦੇ ਹਵਾਲੇ ਹਨ, ਤੁਹਾਨੂੰ ਹੀ ਮੇਰੇ ਫਿਕਰਾਂ ਦੀ ਚਿੰਤਾ ਹੈ। ਗੁਰੂ ਜਦ ਮੇਰੇ ਵੱਲ ਮਿਹਰ ਦੀ ਨਿਗ੍ਹਾ ਨਾਲ ਤਕਦਾ ਹੈ ਤਾਂ ਮੈਨੂੰ ਸਭ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਸਾਹਿਬ 'ਕਥਨੀ ਤੇ ਕਰਨੀ' ਵਿਚ ਪੂਰੇ ਹਨ। ਜਿਵੇਂ ਗੁਰੂ ਮੈਨੂੰ ਰੱਖਦਾ ਹੈ ਮੈਂ ਉਵੇਂ ਰਹਿੰਦਾ ਹਾਂ।
ਫਿਰ ਅੱਗੇ ਭੱਟ ਕੀਰਤ ਜੀ ਚੌਥੇ ਪਾਤਸ਼ਾਹ ਗੁਰੂ ਰਾਮਾਦਾਸ ਜੀ ਦੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ (ਪੰਨਾ) 1406'ਤੇ ਇਸ ਤਰ੍ਹਾਂ ਉਚਾਰਦੇ ਹਨ ;-
ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥ ਤਾ ਤੇ ਗਉਹਰੁ ਗ੍ਰਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧਾਰ ਕੋ ਨਾਸੁ ॥
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥ ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥1॥
ਜਿਨਿ ਸਤਿਗੁਰੁ ਸੇਵਿ ਪਦਾਰਥ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥ ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ ॥
ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜੋੁ ਜੁ ਪ੍ਰਗਾਸੁ ॥ ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥2॥
ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥ ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥ ਸੋਢੀ ਸਿਸਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥3॥
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
ਇਕੁ ਉਤਮ ਪੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।
ਉਪਰੋਕਤ ਦਾ ਬਾਣੀ ਰਚਨਾ ਦਾ ਸੰਖੇਪ ਸਾਰਅੰਸ਼ ਇਸ ਤਰ੍ਹਾਂ ਹੈ-
ਗੁਰੁ ਰਾਮਦਾਸ ਜੀ ਨੇ ਸ਼ਬਦ ਦੀ ਕਮਾਈ ਕਰ ਕੇ ਉਚੀ ਪਦਵੀ ਹਾਸਕ ਕੀਤੀ ਹੈ। ਜੋ ਮਾਨਵ ਗੁਰੂ ਜੀ ਦੇ ਚਰਨੀਂ ਲੱਗ ਜਾਂਦਾ ਹੈ, ਉਹ ਸਾਰੇ ਕਾਮ ਕਰੋਧ ਤੇ ਡਰ ਵਗੈਰਾ ਤੋਂ ਮੁਕਤ ਹੋ ਜਾਂਦਾ ਹੈ। ਸੰਗਤ ਦਾ ਫਰਮਾਨ ਹੈ . ਗੁਰੂ ਰਾਮਦਾਸ ਜੀ। ਆਪ ਪ੍ਰਤੱਖ ਤੌਰ 'ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾ ਹੋ। ਆਪ ਜੀ ਸੰਤਾਂ ਦਾ ਆਸਰਾ ਰੂਪ ਹੋ। ਗੁਰੂ ਸਾਹਿਬਾਨ ਤੋਂ ਨਾਮ-ਭਗਤ ਹਾਸਲ ਕਰ ਆਪ ਜੀ ਨੇ ਨਾਮ ਦੀ ਸੰਗਤਾਂ ਵਿਚ ਛਹਿਬਰ ਲਗਾ ਦਿੱਤੇ ਹੈ।ਭੱਟ ਕੀਰਤ ਜੀ ਅੱਗੇ ਉਚਾਰਦੇ ਹਨ- ਨਾਮ ਸਿਮਰਨ ਦੀ ਘਾਲਣਾ ਸਦਰ ਗੁਰੂ ਰਾਮਦਾਸ ਜੀ ਨੂੰ ਜਗਤ ਉਧਾਰਨ ਹਿਤ ਵੱਡੀ ਵਡਿਆਈ ਮਿਲੀ । $ ਜੀ ਅਰਦਾਸ ਕਰਦੇ ਫਰਮਾਉਂਦੇ ਹਨ- ਹੇ ਗੁਰੂ ਜੀ ਅਸੀਂ ਔਗੁਣਾਂ ਨਾਲ ਕੁ ਹਾਂ। ਸਾਡੇ ਵਿਚ ਇਕ ਵੀ ਗੁਣ ਨਹੀਂ ਹੈ। ਅਸੀਂ ਅੰਮ੍ਰਿਤ-ਨਾਮ ਛੱਡ ਮਾਇਆ ਰੂਪੀ ਜ਼ਹਿਰ ਹੀ ਖਾਧੀ ਹੈ। ਇਸ ਮਨਮੋਹਣੀ ਮਾਇਆ : ਭਰਮਜਾਲ ਵਿਚ ਫਸ ਕੇ ਅਸੀਂ ਸਹੀ ਮਾਰਗ ਨੂੰ ਭੁਲਾ ਬੈਠੇ ਹਾਂ। ਅਸੀਂ ਧੀ ਪੁੱਤਰ ਪਤਨੀ ਕੁਟੰਬ ਨਾਲ ਹੀ ਮੋਹ ਪਾਇਆ ਹੋਇਆ ਹੈ। ਭੱਟ ਕੀਰਤ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਦੀ ਉਪਮਾ ਕਰਦੇ ਅੱਗੇ ਲਿਖਦੇ ਹਨ ਕਿ ਗੁਰੂ ਜੋਤਿ ਦਾ ਚੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸੁਗੰਧੀ ਵੰਡਦ ਆ ਰਿਹਾ ਹੈ। ਅਸੀਂ ਸਤਿਗੁਰੂ ਜੀ ਦਾ ਸੰਗਤੀ ਰਾਹ ਸੁਣਿਆ ਤੇ ਉਸ ਵਿ ਮਿਲ ਕੇ ਸਾਰਾ ਜਮ ਦਾ ਡਰ ਦੂਰ ਕਰ ਲਿਆ। ਹੇ ਗੁਰੂ ਜੀ !ਆਪ ਮੈ ਆਪਣੀ ਸ਼ਰਨ ਵਿਚ ਰੱਖੋ ਜੀ।
ਭੱਟ ਕੀਰਤ ਜੀ ਦੇ ਜੀਵਨ ਬਾਰੇ :-
ਆਪ ਜੀ ਦੇ ਪਿਤਾ ਦਾ ਨਾਮ ਭੱਟ ਭਿੱਖਾ ਸੀ। ਭੱਟ ਮਥਰਾ ਜੀ ਆਪਦੇ ਸਕੇ ਭਰਾ ਸਨ। ਆਪ ਜੀ ਦਾ ‘ਭਗੀਰਥ' ਵੰਸ਼ ਵਿਚੋਂ ਗੌੜ ਬ੍ਰਾਹਮਣ ਗੋਤਰ ਕੈਸ਼ਿਸ ਹੈ।
ਸਿੱਖ ਸਰੋਤਾਂ ਤੋਂ ਪਤਾ ਚਲਦਾ ਹੈ ਕਿ ਭੱਟ ਕੀਰਤ ਜੀ ਆਪਣੇ ਬਜ਼ੁਰਗਾਂ ਦੇ ਸੰਗ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਆਏ ਸਨ ਤੇ ਉਨ੍ਹਾਂ ਨੇ ਗੁਰੂ ਸਾਹਿਬ ਜੀ ਪਾਸੋਂ ਸਿੱਖੀ ਦੀ ਦਾਤ ਹਾਸਲ ਕੀਤੀ। ਇਕ ਅਨੁਮਾਨ ਅਨੁਸਾਰ ਕੁਝ ਭੱਟ ਬ੍ਰਾਹਮਣ ਸੰਨ 1581 ਨੂੰ ਆਪਣੇ ਮੁਖੀ ਭੱਟ ਕਲ੍ਹਸਾਰ ਦੀ ਅਗਵਾਈ ਵਿਚ ਗੁਰੂ ਅਰਜਨ ਦੇਵ ਜੀ ਪਾਸ ਗੋਇੰਦਵਾਲ ਸਾਹਿਬ ਆਏ ਸਨ। ਉਸ ਵੇਲੇ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਦਸਤਾਰਬੰਦੀ ਦੀ ਰਸਮ ਹੋਣ ਦਾ ਸਮਾਂ ਸੀ। ਉਸ ਮੌਕੇ ਬਹੁਤ ਦੂਰ ਦੂਰ ਥਾਵਾਂ ਤੋਂ ਸਿੱਖ ਸੰਗਤਾਂ ਗੋਇੰਦਵਾਲ ਇਕੱਤਰ ਹੋਈਆਂ ਸਨ। ਗੁਰਤਾ ਗੱਦੀ 'ਤੇ ਗੁਰੂ ਸਾਹਿਬ ਜੀ ਦੇ ਬਿਰਾਜਮਾਨ ਹੋਣ ਦਾ ਉਦੋਂ ਜਦ ਭੱਟ ਬ੍ਰਾਹਮਣਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਫੌਰਨ ਗੋਇੰਦਵਾਲ ਇਸ ਰਸਮ ਵਿਚ ਸ਼ਾਮਿਲ ਹੋਣ ਲਈ ਆ ਪੁੱਜੇ। ਉਥੇ ਉਨ੍ਹਾਂ ਨੇ ਗੁਰੂ ਸਾਹਿਬ ਪ੍ਰਤੀ ਸੰਗਤਾਂ ਦੀ ਸ਼ਰਧਾ ਤੇ ਉਤਸ਼ਾਹ ਦਾ ਮੰਜ਼ਰ ਤੱਕਿਆ ਤਾਂ ਉਨ੍ਹਾਂ ਦੇ ਮਨਾਂ ਵਿਚ ਵੀ ਗੁਰੂ ਘਰ ਦੀ ਮਹਾਨ ਸਿਫਤ-ਸਲਾਹ ਤਾਰੀ ਹੋ ਗਈ।
ਭੱਟਾਂ ਦੇ ਉਥੇ ਤੁਰੰਤ ਪੁੱਜਣ ਦੀ ਗੱਲ ਦੀ ਪੁਸ਼ਟੀ ਉਨ੍ਹਾਂ ਦੁਆਰਾ ਹੀ ਰਚੇ ਸਵੱਈਆਂ ਤੋਂ ਸਪਸ਼ਟ ਹੁੰਦੀ ਜਾਪਦੀ ਹੈ। ਇਤਿਹਾਸਕ ਤੱਥ ਵੀ ਇਹ ਹੀ ਦੱਸਦੇ ਹਨ ਕਿ ਗੁਰੂ ਘਰ ਦੀ ਮਹਿਮਾ ਸੁਣ ਕੇ ਭੱਟ ਪੰਜਾਬ ਦੀ ਇਸ ਨਗਰੀ ਗੋਇੰਦਵਾਲ ਆਏ ਸਨ। ਇਸ ਗੱਲ ਦਾ ਹਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਭੱਟ ਬਾਣੀ ਤੋਂ ਵੀ ਮਿਲਦਾ ਹੈ। ਸਿੱਖ ਸਰੋਤ ਵੀ ਦਾਅਵੇ ਨਾਲ ਪਰਗਟ ਕਰਦੇ ਹਨ ਕਿ ਭੱਟਾਂ ਦੁਆਰਾ ਜੋ ਸਵੱਈਆਂ ਦੀ ਰਚਨਾ ਕੀਤੀ ਗਈ,ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਉਹ ਸਾਰੀ ਰਚਨਾ ਉਨ੍ਹਾਂ ਦੁਆਰਾ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਕੀਤੀ ਗਈ॥
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ। ਗਯਉ ਦੁਖ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗੁਰੂ ਸੁਖ ਪਾਯਉ॥ਗੁ.ਗ੍ਰੰ. ਸਾਹਿਬ ਪੰਨਾ 1400॥
ਭਾਈ ਸੰਤੋਖ ਸਿੰਘ ਜੋ ਮਹਾਂ ਕਾਵਿ ‘ਗੁਰੂ ਪ੍ਰਤਾਪ ਸੂਰਜ ਗ੍ਰੰਥ' ਦੇ ਰਚੈਤਾ ਹਨ, ਉਹ ਲਿਖਦੇ ਹਨ ਕਿ ਜਦ ਭੱਟ ਗੁਰੂ ਦਰਬਾਰ ਗੁਰੂ ਸਾਹਿਬ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਗੁਰੂ ਜੀ ਅੱਗੇ ਅਰਦਾਸ ਬੇਨਤੀ ਪ੍ਰਗਟ ਕੀਤੀ। ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਭੱਟਾਂ ਦੇ ਬੋਲ ਸੁਣ ਕੇ ਫਰਮਾਇਆ- ਹੇ ਸੋਝੀਵਾਨ ਪਰਸ਼ੋ! ਦੱਸੋ ਤੁਸੀਂ ਕਿਸ ਕਾਰਜ ਹਿਤ ਆਏ ਹੋ ? ਤੁਸੀਂ ਆਪਣੇ ਹਿਰਦੇ ਵਿਚ ਬਖਸ਼ਸ਼ ਪ੍ਰਾਪਤੀ ਦੀ ਕੀ ਇੱਛਾ ਧਾਰੀ ਹੋਈ ਹੈ? ਤੁਸੀਂ ਕਿ ਰਹਿੰਦੇ ਹੋ ਅਤੇ ਕਿੱਥੇ ਜਾਣਾ ਹੈ? ਸਾਡੇ ਕੋਲ ਤੁਸੀਂ ਕਿਸ ਆਸ਼ੇ ਸਹਿਤ ਮਨ ਵਿਚ ਕੀ ਧਾਰ ਕੇ ਆਏ ਹੋ ?
(ਗੁਰੂ ਸਾਹਿਬ) ਬੂਝਤਿ ਭਏ ‘ਕੌਨ ਤੁਮ ਕਾਰਜ ਉਰ ਬਾਂਛਤਿ ਲਿਹੁ ਜਾਇ ਭੁਪੀਤ। ਕਹਾਂ ਬਸਤਿ, ਗਮਨੇ ਅਬ ਕਿਤ ਕੋ,ਹਮ ਢਿਗ ਆਏ ਕਯਾ ਚਿਤ ਚੀਨਿ ॥ਰਾਸਤ/ਅਧਿ48/ਅੰਕ28/
ਇਹ ਸੁਣ ਕੇ ਭੱਟ ਬ੍ਰਾਹਮਣਾਂ ਦਾ ਮੁਖੀ ਭੱਟ ਭਿੱਖਾ ਬੋਲਿਆ -ਹੋ ਗੁਰੂ ਸਾਹਿਬ ਗੁਰੂ ਜੀ! ਆਪ ਸਾਡੇ ਗੁਰੂ ਰੂਪ ਬਣ ਕੇ ਸਾਨੂੰ ਉਪਦੇਸ਼ ਦੇਵੇ ਤੇ ਸਾਨੂੰ ਆਪਣਾ ਸਿੱਖ ਬਣਾ ਲਵੋ | ਸਾਡੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਦੀ ਕਿਰਪਾਲਤਾ ਕਰੋ। ਅਸੀਂ ਸੱਚੇ ਗੁਰੂ ਦੀ ਤਲਾਸ਼ ਵਿਚ ਫਿਰ ਹੈ। ਹਾਂ। ਅਸੀਂ ਕਾਸ਼ੀ ਨਗਰ ਦੇ ਵਾਸੀ ਹਾਂ-।
ਖੋਜਤਿ ਫਿਰੇ ਜਗਤ ਮਹਿਂ ਕਿਤ ਕਿਤ ਲੇਨਿ ਸ਼ਾਤਿ ਹਿਤ ਪੰਥ ਵਿਸੇਸ। ਸ਼੍ਰਮਤ ਭਏ ਨਹਿਂ ਪ੍ਰਾਪਤਿ ਹੋਵਾ, ਬਾਸੀ ਹਮ ਕਾਸ਼ੀ ਪੁਰਿ ਦੇਸ॥29॥
ਭੱਟ ਕੀਰਤ ਜੀ ਦਾ ਇਕ ਰਚਿਆ ਹੋਇਆ ਸਵੱਈਆ ਇਸ ਗੱਲ ਦੀ ਗਵਾਹੀ ਭਰਦਾ ਹੈ ਜਿਸ ਵਿਚ ਭੱਟ ਜੀ ਲਿਖਦੇ ਹਨ ਕਿ ਅਸੀਂ ਗੁਰੂ ਦੀ ਸੰਗਤ ਵਾਲਾ ਉੱਚਾ ਰਾਹ ਸੁਣਿਆ ਹੈ ਇਸ ਕਰਕੇ ਅਸੀਂ ਆਪ ਜੀ ਦੇ ਗੁਰੂ ਦਰਬਾਰ ਵਿਚ ਆਏ ਹਾਂ। ਗੁਰੂ ਸਾਹਿਬ ਤੇ ਗੁਰੂ ਸੰਗਤ ਦੇ ਦੀਦਾਰ ਕਰ ਕੇ ਅਸੀਂ ਸਾਰਾ ਡਰ ਭੈਅ ਮਿਟਾ ਲਿਆ ਹੈ, ਆਪ ਜੀ ਦੇ ਦਰਸ਼ਨ ਪਾ ਕੇ ਸਾਡੇ ਦਿਲ-ਦਿਮਾਗ ਤੋਂ ਆਪਣੀ ਵਿਦਵਤਾ ਦਾ ਸਾਰਾ ਅਭਿਮਾਨ ਉਤਰ ਗਿਆ ਹੈ।
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ - ॥4॥58॥ ਗੁ. ਗ੍ਰੰ. ਸਾ. ਪੰਨਾ 1406 ॥
ਭੱਟ ਬ੍ਰਾਹਮਣ ਕੀਰਤ ਦੀ ਸ਼ਹਾਦਤ ਦਾ ਪ੍ਰਸੰਗ :-
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਵਿਖੇ ਹੋਈ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਗੁਰਤਾਗੱਦੀ 'ਤੇ ਬਿਰਾਜਮਾਨ ਹੋਏ ਤਾਂ ਸਿੱਖ ਧਰਮ ਵਿਚ ਨਵੀਂ ਤਬਦੀਲੀ ਦਾ ਆਵੇਸ਼ ਹੋਇਆ। ਉਨ੍ਹਾਂ ਪੀਰੀ ਦੀ ਵਿਚਾਰਧਾਰਾ ਦੇ ਨਾਲ ਨਾਲ ਮੀਰੀ ਦੀ ਕਿਰਪਾਨ ਸਜਾ ਲਈ। ਛੇਵੇਂ ਪਾਤਸ਼ਾਹ ਦੁਆਰਾ ਤਦ ਐਲਾਨਨਾਮਾ ਨਸ਼ਰ ਹੋਇਆ--ਹੁਣ ਅੱਗੇ ਤੋਂ ਸੰਗਤਾਂ ਗੁਰੂ ਭੇਟਾ ਵਿਚ ਸ਼ਸਤਰ ਘੋੜੇ ਤੇ ਜੰਗੀ ਸਾਮਾਨ ਵੀ ਅਰਪਣ ਕਰਨਗੇ:
ਜੋ ਸਿਖ ਆਨਹਿ ਸ਼ਸਤ੍ਰ ਤੁਰੰਗਾ। ਹੋਏ ਖੁਸ਼ੀ ਗੁਰ ਕੀ ਸੁਖ ਸੰਗਾ ॥18॥ਰਾਸ 4.ਅਧਿ 42॥
ਛੇਵੇਂ ਪਾਤਸ਼ਾਹ ਵੇਲੇ ਸ਼ਸਤਰਬੱਧ ਫੌਜ ਦੀ ਤਿਆਰੀ ਹੋਣ ਲੱਗੀ। ਜੰਗ ਦੇ ਮੈਦਾਨ ਲਈ ਜੰਗਜੂ ਸੂਰਮੇ ਤਿਆਰ ਕੀਤੇ ਜਾਣ ਲੱਗੇ। ਸੂਰਮੇ ਸ਼ਿਕਾਰ 'ਤੇ ਜਾਣ ਲੱਗੇ : ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਘੋੜ ਸਵਾਰ ਘੁੰਮਣ ਫਿਰਨ ਲੱਗੇ। ਛਿੱਬਰ ਘਰਾਣੇ ਦੇ ਗੁਰੂ ਸਾਹਿਬ ਜੀ ਦੇ ਅਨਿਨ ਸਿੱਖ ਭਾਈ ਪਿਰਾਗਾ ਜੀ ਭਾਈ ਪੈੜਾ ਜੀ ਵਗੈਰਾ ਤੇ ਹੋਰ ਬਹੁਤ ਸਾਰੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੇ ਸੰਗ ਸ਼ਸਤਰਧਾਰੀ ਘੋੜਸਵਾਰ ਹੋ ਕੇ ਸਿਰਕੱਢ ਯੋਧੇ ਬਣ ਗਏ।
ਅਜੇ ਬਹੁਤ ਸਮਾਂ ਨਹੀਂ ਸੀ ਬੀਤਿਆ ਕਿ ਮੁਗਲ ਪ੍ਰਸ਼ਾਸਨ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਦੇ ਸੂਰਮਿਆਂ ਦੁਆਰਾ ਹੋ ਰਹੇ ਜੰਗੀ -ਅਭਿਆਸਾਂ ਦੀ ਪ੍ਰਕਿਰਿਆ ਚੰਗੀ ਨਾ ਲੱਗੀ। ਉਨ੍ਹਾਂ ਨੂੰ ਆਪਣੀ ਹੋਂਦ ਲਈ ਨਵੇਂ ਉਪਜਦੇ ਖਤਰੇ ਦਾ ਅਭਾਸ ਜਾਪਿਆ। ਸ਼ਾਹੀ ਸਰਕਾਰ ਨੇ ਤਦ ਉਪਰੰਤ ਖਾਸ ਸਾਜ਼ਿਸ਼ ਤਹਿਤ ਗੁਰੂਘਰ 'ਤੇ ਅੰਮ੍ਰਿਤਸਰ ਹਮਲਾ ਕਰਨ ਦੀ ਯੋਜਨਾ ਤਿਆਰ ਕਰ ਲਈ।
ਸਿੱਖ ਇਤਿਹਾਸ ਵਿਚ ਇਸ ਅੰਮ੍ਰਿਤਸਰ ਦੀ ਜੰਗ ਦੇ ਮੂਲ ਕਾਰਨ ਦੋ ਦੱਸੇ ਗਏ ਹਨ । ਡਾ. ਕਿਰਪਾਲ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਲਦ 11ਵੀਂ, ਪੰਨਾ 42 (ਦੀ ਪ੍ਰਸਤਾਵਨਾ) ਵਿਚ ਲਿਖਦੇ ਹਨ ਕਿ ਉਸ ਸਮੇਂ ਦੌਰਾਨ ਬਾਦਸ਼ਾਹ ਸ਼ਾਹਜਹਾਂ ਨੇ ਇਸਲਾਮ ਵਿਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਇਸਲਾਮ ਦੇ ਫੈਲਾਅ ਲਈ ਕਈ ਤਾਜ਼ੇ ਤਾਜ਼ੇ ਹੁਕਮ ਜਾਰੀ ਕੀਤੇ। ਬਾਦਸ਼ਾਹ ਸ਼ਾਹਜਹਾਂ ਦੀ ਧਾਰਮਿਕ ਨੀਤੀ ਅਕਬਰ ਤੇ ਜਹਾਂਗੀਰ ਬਾਦਸ਼ਾਹ ਵਲੋਂ ਵਧੇਰੇ ਇਸਲਾਮ ਵੱਲ ਉਲਾਰ ਸੀ। ਉਸ ਦਾ ਇਕ ਖਾਸ ਹੁਕਮ ਜਾਰੀ ਇਹ ਹੋਇਆ ਕਿ ਜਿਨ੍ਹਾਂ ਮੁਸਲਮਾਨ ਔਰਤਾਂ ਨੇ ਹਿੰਦੂਆਂ ਜਾਂ ਗੈਰ ਮੁਸਲਮਾਨਾਂ ਨਾਲ ਵਿਆਹ ਕੀਤੇ ਹਨ ਉਨ੍ਹਾਂ ਔਰਤਾਂ ਦੇ ਪਤੀਆਂ ਨੂੰ ਮੁਸਲਮਾਨ ਬਣਾਇਆ ਜਾਵੇ ਨਹੀਂ ਤਾਂ ਉਹ ਔਰਤਾਂ ਗ੍ਰਿਫਤਾਰ ਕੀਤੀਆਂ ਜਾਣ । ਜੇ ਕੋਈ ਮੁਸਲਮਾਨ ਕੜੀ ਹਿੰਦੂ ਨਾਲ ਵਿਆਹ ਕਰੇਗੀ ਤਾਂ ਉਹ ਮੌਤ ਦੀ ਸਜ਼ਾ ਪਾਏਗੀ।
ਉਸ ਸਮੇਂ ਸਾਈ ਮੀਆਂ ਮੀਰ ਜੀ ਲਾਹੌਰ ਦੇ ਮੰਨੇ ਹੋਏ ਸੂਫੀ ਦਰਵੇਸ਼ ਸਨ। ਉਨਾਂ ਦੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਗੁਰੂਘਰ ਨਾਲ ਗਹਿਰੇ ਸੰਬੰਧ ਸਨ । ਉਸ ਸਮੇਂ ਲਾਹੌਰ ਦਾ ਕਪਟੀ ਕਾਜ਼ੀ ਆਪਣੀ ਅਖਾਉਤੀ ਲੜਕੀ ਬੀਬੀ ਕੌਲਾਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ। ਲਾਹੌਰ ਵਿਖੇ ਰਹਿਣ ਵਾਲੀ ਉਹ ਬੀਬੀ ਕੌਲਾਂ ਗੁਰੂਘਰ ਵਿਚ ਅਥਾਹ ਸ਼ਰਧਾ ਰੱਖਦੀ ਸੀ ਅਤੇ ਸਾਈਂ ਜੀ ਦੇ ਦਰਬਾਰ ਦੀ ਸ਼ਰਧਾਲੂ ਸੇਵਕਾ ਸੀ। ਸਾਈ ਮੀਆਂ ਮੀਰ ਜੀ ਨੂੰ ਜਦ ਯਕੀਨ ਹੋ ਗਿਆ ਕਿ ਨਿਰਦਈ ਕਾਜ਼ੀ ਬੀਬੀ ਕੌਲਾਂ 'ਤੇ ਇਸਲਾਮੀ ਸ਼ਰ੍ਹਾ ਦਾ ਫਤਵਾ ਲੁਆ ਕੇ ਮਰਵਾ ਸਕਦਾ ਹੈ ਤਾਂ ਉਨ੍ਹਾਂ ਨੇ ਬੀਬੀ ਕੌਲਾਂ ਨੂੰ ਗੁਰੂ ਸਾਹਿਬ ਦਾ ਅੰਮ੍ਰਿਤਸਰ ਸਥਾਨ ਸੁਰੱਖਿਅਤ ਜਾਣ ਕੇ ਗੁਰੂ ਸਾਹਿਬ ਕੋਲ ਅੰਮ੍ਰਿਤਸਰ ਭਿਜਵਾ ਦਿੱਤਾ। ਬੀਬੀ ਕੌਲਾਂ ਦੇ ਗੁਰੂ ਜੀ ਕੋਲ ਅੰਮ੍ਰਿਤਸਰ ਜਾਣ ਵਾਲੀ ਇਸ ਗੱਲ ਦਾ ਇਸਲਾਮੀ ਕੱਟੜਪੰਥੀਆਂ ਨੂੰ ਮੌਕਾ ਮਿਲ ਗਿਆ ਤੇ ਉਨ੍ਹਾਂ ਨੇ ਗੁਰੂ ਸਾਹਿਬ ਤੇ ਬੀਬੀ ਕੌਲਾਂ ਦੇ ਸਬੰਧਾਂ ਨੂੰ ਗਲਤ ਰੰਗਤ ਦੇ ਕੇ ਬਾਦਸ਼ਾਹ ਅੱਗੇ ਪੇਸ਼ ਕਰ ਦਿੱਤਾ। ਜਦ ਕਿ ਬੀਬੀ ਕੌਲਾਂ ਅਤੇ ਗੁਰੂ ਸਾਹਿਬ ਵਿਚਕਾਰ ਗ੍ਰਹਿਸਤੀ ਜੀਵਨ ਵਾਲੀ ਜਾਂ ਦੁਨਿਆਵੀ /ਪਤੀ-ਪਤਨੀ ਦੇ ਰਿਸ਼ਤੇ ਵਾਲੀ ਕੋਈ ਗੱਲ ਨਹੀਂ ਸੀ। ਦੋਹਾਂ ਦਾ ਰਿਸ਼ਤਾ ਗੁਰੂ ਅਤੇ ਸ਼ਰਧਾਲੂ ਸਿੱਖ ਵਰਗਾ ਸੀ।
ਫਲਸਰੂਪ ਇਸਲਾਮੀ ਕੱਟੜਪੰਥੀ ਲੋਕ ਧਰਮ ਦੀ ਓਟ ਲੈ ਕੇ ਨਵੇਂ ਇਸਲਾਮੀ ਕਾਨੂੰਨ ਦੀ ਟੇਕ ਹੇਠ ਅੰਮ੍ਰਿਤਸਰ, ਗੁਰੂ ਸਾਹਿਬ 'ਤੇ ਹਮਲਾ ਕਰਾਉਣ ਲਈ ਬਾਦਸ਼ਾਹ ਨੂੰ ਮਨਾਉਣ ਵਿਚ ਸਫਲ ਹੋ ਗਏ ਅਤੇ ਜੰਗ ਦੀ ਤਿਆਰੀ ਅਰੰਭ ਕਰਵਾ ਦਿੱਤੀ। ਕੁਝ ਇਤਿਹਾਸਕਾਰਾਂ ਨੇ ਲੋਹਗੜ੍ਹ/ਅੰਮ੍ਰਿਤਸਰ ਦੀ ਜੰਗ ਦਾ ਇਕ ਹੋਰ ਕਾਰਨ ਵੀ ਦੱਸਿਆ ਹੈ ਕਿ ਗੁਰੂ ਸਾਹਿਬ ਨੇ ਮੁਗਲ ਬਾਦਸ਼ਾਹ ਦੇ ਕੀਮਤੀ ਬਾਜ ਨੂੰ ਵਾਪਸ ਕਰਨ ਤੋਂ ਜਵਾਬ ਦੇ ਦਿੱਤਾ ਸੀ।
ਲੋਹਗੜ (ਅੰਮ੍ਰਿਤਸਰ) ਦੀ ਲੜਾਈ ਦਾ ਬਿਰਤਾਂਤ
ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੁਗਲ ਸੈਨਾਪਤੀ ਮੁਖਲਸ ਖਾਂ ਲਾਹੌਰ ਤੋਂ ਭਾਰੀ ਸੈਨਾ ਲੈ ਕੇ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨਾਲ ਲੜਨ ਲਈ ਲੋਹਗੜ੍ਹ ਚੜ੍ਹਾਈ ਕਰ ਕੇ ਆਇਆ। ਇਸ ਲੋਹਗੜ੍ਹ ਦੀ ਲੜਾਈ ਨੂੰ ਅੰਮ੍ਰਿਤਸਰ ਦੀ ਲੜਾਈ ਵੀ ਕਿਹਾ ਜਾਂਦਾ ਹੈ। ਉਸ ਵੇਲੇ ਜਿਨ੍ਹਾਂ ਚੋਟੀ ਦੇ ਸਿੱਖ ਸੂਰਮਿਆਂ ਨੇ ਗੁਰੂ ਸਾਹਿਬ ਦੀ ਸੈਨਾ ਵਿਚ ਹਿੱਸਾ ਲਿਆ ਉਨ੍ਹਾਂ ਵਿਚ ਪੈਂਦੇਖਾਨ ਪਠਾਣ, ਭਾਈ ਪਿਰਾਗਾ, ਭਾਈ ਜਾਤੀ ਮਲਕ, ਭਾਈ ਬਿਧੀਚੰਦ ਅਤੇ ਹੋਰ ਬਹੁਤ ਸਾਰੇ ਯੋਧਿਆਂ ਤੋਂ ਇਲਾਵਾ ਭਾਈ ਤਖਤੂ, ਭਾਈ ਦਿਆਲ, ਭਾਈ ਤਿਲੋਕਾ, ਭਾਈ ਪੈੜਾ ਅਤੇ ਭੱਟ ਕੀਰਤ ਵਰਗੇ ਜੰਗਜੂ ਸੂਰਬੀਰ ਸ਼ਾਮਲ ਸਨ।
ਇਤਿਹਾਸਕ ਸਰੋਤ ਦੱਸਦੇ ਹਨ ਕਿ ਇਹ ਲੋਹਗੜ੍ਹ ਦੀ ਲੜਾਈ 17 ਵਿਸਾਖ ਸੰਮਤ 1691 (ਅਪਰੈਲ ਸੰਨ 1634) ਨੂੰ ਬਾਦਸ਼ਾਹ ਦੇ ਬਾਜ ਦੇ ਝਗੜੇ ਪਿੱਛੇ ਹੋਈ। ਉਸ ਵੇਲੇ ਲਾਹੌਰ ਦਾ ਗਵਰਨਰ ਕੁਲੀਜ਼ ਖਾਨ ਸੀ। ਉਸ -ਨੇ ਫੌਜਦਾਰ ਮੁਖਲਿਸ ਖਾਨ ਨੂੰ ਸੱਤ ਹਜ਼ਾਰ ਫੌਜ ਦੇ ਕੇ ਸ੍ਰੀ ਗੁਰੂ ਹਰਿਗੋਬਿੰਦ ਜੀ ਉਤੇ ਸ੍ਰੀ ਅੰਮ੍ਰਿਤਸਰ ਉਤੇ ਹਮਲਾ ਕਰਨ ਲਈ ਤੋਰ ਦਿੱਤਾ। ਕੁਝ ਲਿਖਾਰੀਆਂ ਦਾ ਮੱਤ ਹੈ ਇਹ ਲੜਾਈ ਮਈ 1629 ਈ. ਨੂੰ ਹੋਈ।
ਜ਼ਿਆਦਾਤਰ ਇਤਿਹਾਸਕਾਰਾਂ ਦਾ ਮੱਤ ਹੈ ਕਿ ਅੰਮ੍ਰਿਤਸਰ ਦੀ ਜੰਗ ਸਿੱਖਾਂ ਦੀ ਪਹਿਲੀ ਜੰਗ ਸੀ। ਜਦ ਇਹ ਜੰਗ ਹੋਈ ਤਾਂ ਉਨ੍ਹਾਂ ਦਿਨਾਂ ਵਿਚ ਗੁਰੂ ਜੀ ਦੀ ਬੇਟੀ ਬੀਬੀ ਵੀਰੋ ਦਾ ਵਿਆਹ ਸੀ। ਮੁਗਲ ਸੈਨਾ ਦੇ ਚੜ੍ਹਾਈ ਕਰ ਕੇ ਆਉਣ ਦੀ ਖਬਰ ਹੋਈ ਤਾਂ ਗੁਰੂ ਸਾਹਿਬ ਨੇ ਸਮੁਚੇ ਪਰਿਵਾਰ ਨੂੰ ਅੰਮ੍ਰਿਤਸਰ ਤੋਂ ਝਬਾਲ ਭੇਜਣ ਦਾ ਫੈਸਲਾ ਕਰ ਲਿਆ। ਮੱਲ੍ਹੇ ਪਿੰਡ ਤੋਂ ਬੀਬੀ ਵੀਰੋ ਨੂੰ ਵਿਆਹੁਣ ਲਈ ਜੋ ਬਰਾਤ ਆ ਰਹੀ ਉਸ ਨੂੰ ਵੀ ਅੰਮ੍ਰਿਤਸਰ ਪਹੁੰਚਣ ਦੀ ਬਜਾਏ ਸਿੱਧਾ ਝਬਾਲ ਚਲੇ ਜਾਣ ਦਾ ਸੁਨੇਹਾ ਭੇਜ ਦਿੱਤਾ।
ਪੁਸਤਕ 'ਸਿੱਖ ਇਤਿਹਾਸ ਵਿਚ ਬ੍ਰਾਹਮਣ ਸਮਾਜ ਦਾ ਯੋਗਦਾਨ' ਦੇ ਰਚੈਤਾ ਸੁਰਿੰਦਰ ਸਿੰਘ ਰਾਜਪੂਤ ਲਿਖਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਧਰਮ ਯੁੱਧ ਲਈ ਸਵੈ ਰੱਖਿਆ ਹਿਤ ਸੈਨਾ ਤਿਆਰ ਕਰਨੀ ਆਰੰਭੀ ਤਾਂ ਉਸ ਵੇਲੇ ਉੱਚੇ ਲੰਮੇ ਬਲਵਾਨ ਯੋਧੇ ਭਰਤੀ ਕੀਤੇ ਗਏ । ਜਦ ਮੁਖਲਸ ਖਾਂ ਸੈਨਾ ਲੈ ਕੇ ਚੜ੍ਹਿਆ ਤੇ ਜ਼ਬਰਦਸਤ ਜੰਗ ਮਚੀ ਤਾਂ ਹਮਲੇ ਨੂੰ ਰੋਕਣ ਲਈ ਪੈਂਦੇ ਖਾਨ ਪਠਾਣ, ਭਾਈ ਪੈੜਾ ਭਾਈ ਜਤੀਮੱਲ, ਭਾਈ ਭੀਖਨ, ਭਾਈ ਭੀਮਾ, ਮਹਿਤਾ, ਤਖਤੂ, ਭਾਈ ਕੀਰਤ ਭੱਟ, ਭਾਈ ਨਿਹਾਲਾ, ਭਾਈ ਅਨੰਤਾ ਅਤੇ ਭਾਈ ਤਿਲੋਕਾ ਅਤੇ ਹੋਰ ਸਿੱਖ ਸੂਰਮਿਆਂ ਨੇ ਦੁਸ਼ਮਣ ਦੇ ਛੱਕੇ ਛੁਡਾ ਦਿੱਤੇ।
ਮੁਖਲਸ ਖਾਨ ਦੇ ਚੋਣਵੇਂ ਜਰਨੈਲ ਅਲੀਬੇਗ, ਬਹਾਦਰ ਖਾਨ, ਮੁਰਤਜ਼ਾ ਖਾਨ ਵਗੈਰਾ ਸਾਰੇ ਹੀ ਮੌਤ ਦੀ ਭੇਟ ਹੋ ਗਏ। ਜੋ ਮੁਰਤਜ਼ਾ ਖਾਨ ਸੀ, ਉਸ ਨੂੰ ਭੱਟ ਕੀਰਤ ਦੇ ਜਜਮਾਨ ਭਾਈ ਬਲੂ ਪਵਾਰ ਗਿਆ । ਬਾਅਦ ਵਿਚ ਭੱਟ ਬ੍ਰਾਹਮਣ ਭਾਈ ਕੀਰਤ ਜਿਸ ਦੇ ਸਵੱਈਏ ਗੁਰੂ ਲਲਕਾਰ ਕੇ ਮਾਰਿਆ। ਮੁਖਲਸ ਖਾਨ ਗੁਰੂ ਸਾਹਿਬ ਜੀ ਦੇ ਹੱਥੋਂ ਮਾਰਿਆ ਗ੍ਰੰਥ ਸਾਹਿਬ ਵਿਚ ਦਰਜ ਹਨ ਉਹ ਜੰਗ ਵਿਚ ਆਪਣੀ ਬੀਰਤਾ ਦੇ ਜੌਹਤ ਦਿਖਾਉਂਦਾ ਹੋਇਆ ਲੋਹਗੜ ਦੀ ਧਰਤੀ 'ਤੇ ਸ਼ਹੀਦੀ ਪਾ ਗਿਆ।
ਇਸ ਜੰਗ ਵਿਚ ਸ਼ਹੀਦ ਹੋਏ ਸਿੱਖਾਂ ਦੇ ਨਾਮ ਇਸ ਤਰਾਂ ਦੱਸੇ ਗਏ ਹਨ;- ਭਾਈ ਪੈੜਾ ਜੀ ਛਿੱਬਰ ਬ੍ਰਾਹਮਣ, ਭਾਈ ਕੀਰਤ ਭੱਟ ਕੈਸ਼ਿਸ਼ ਬ੍ਰਾਹਮਣ, ਭਾਈ ਬੱਲੂ ਜੀ ਪੰਵਾਰ ਰਾਜਪੂਤ, ਭਾਈ ਜੱਟੂ ਜੀ, ਭਾਈ ਨੰਦ ਜੀ, ਭਾਈ ਜੈਤਾ ਜੀ, ਭਾਈ ਪਿਰਾਗਾ ਜੀ, ਭਾਈ ਤੋਤਾ ਜੀ, ਭਾਈ ਤਿਲੋਕਾ ਜੀ. ਭਾਈ ਸਾਈਂਦਾਸ ਜੀ, ਭਾਈ ਭਗਤੂ ਜੀ, ਭਾਈ ਅਨੰਤਾ ਜੀ, ਭਾਈ ਨਿਹਾਲ ਜੀ, ਭਾਈ ਤਖਤੂ ਜੀ, ਭਾਈ ਮੋਹਨ ਜੀ, ਭਾਈ ਗੋਪਾਲ ਜੀ। ਜੰਗ ਖਤਮ ਹੋਣ ਉਪਰੰਤ ਗੁਰੂ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਸਭ ਸ਼ਹੀਦਾਂ ਦਾ ਸਸਕਾਰ ਕੀਤਾ।
ਭੱਟ ਕੀਰਤ ਜੀ ਦੀ ਸ਼ਹੀਦੀ ਦਾ ਵਰਣਨ ਭੱਟ ਵਹੀਆਂ ਵਿਚ ਇੰਡ ਅੰਕਿਤ ਕੀਤਾ ਗਿਆ ਮਿਲਦਾ ਹੈ:-
ਬੱਲੂ ਬੇਟਾ ਮੂਲੇ ਕਾ ਪੋਤਾ ਰਾਉ ਕਾ, ਪੜਪੋਤਾ ਚਾਹੜ ਕਾ, ਚੰਦ੍ਰਬੰਸੀ ਭਾਰਦੁਵਾਜ਼ੀ ਗੋਤਰਾ ਪੁਆਰ (ਪੰਵਾਰ) ਬੰਸ, ਬੀਂਝੇ ਕਾ ਬੰਝਰਾਉਤ ਰਦਉਤ ਜਲ੍ਹਾਨਾ। ਸਾਲ ਸੋਲਾਂ ਸੈ ਇਕਾਨਮੇ (1634 ਈ.) ਬੈਸਾਖ ਪ੍ਰਵਿਸ਼ਟੈ ਸਤਾਰ ਸੋਮਵਾਰ ਕੇ ਦਿਹੁੰ ਗੁਰੂ ਚੱਕ (ਅੰਮ੍ਰਿਤਸਰ)ਕੇ ਮਲ੍ਹਾਨ ਪਰਗਨਾ ਨਿਝਰਆਲ (ਅਜਨਾਲਾ) ਗੁਰੂ ਕੇ ਬਚਨ ਪਾਇ ਸਾਮੇ ਮਾਥੇ ਰਨ ਮੇ ਮੁਰਤਜ਼ਾ ਖਹਾਨ ਕੋ ਕੋ ਮਾਰ ਕੇ ਮਰਾ। ਗੈਲੋਂ ਕੀਰਤ, ਬੇਟਾ ਭਿਖੇ ਭੱਟ ਕਾ, ਪੋਤਾ ਰਈਏ ਕਾ, ਪਰਪੋਤਾ ਨਰਸੀ ਕਾ, ਬੰਸ ਭਗੀਰਥ ਕੀ, ਕੌਸ਼ਿਸ ਗੋਤਰਾ ਗਉੜ ਬ੍ਰਾਹਮਣ ਮਾਰਾ ਗਿਆ। (ਭੱਟ ਵਹੀ ਕਰਸਿੰਧੂ ਪਰਗਨਾ ਸਫੈਦੋਂ)
ਭੱਟ ਕੀਰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਵਿਚੋਂ ਇਕ ਸਨ। ਅੱਗੇ ਜਾ ਕੇ ਉਨ੍ਹਾਂ ਦੇ ਵੰਸ਼ ਚੋਂ ਗੁਰੂਘਰ ਦੀ ਸੇਵਾ-ਸ਼ਰਧਾ ਨੂੰ ਅਰਪਤ ਹੁੰਦੇ ਹੋਏ ਸੱਤ ਭੱਟ ਬ੍ਰਾਹਮਣਾਂ ਨੇ ਦਸੰਬਰ 1711 ਈ. ਨੂੰ ਆਲੋਵਾਲ ਦੇ ਮਕਾਮ (ਲਾਹੌਰ) 'ਤੇ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ।
ਕੇਸੋ ਸਿੰਘ, ਹਰੀ ਸਿੰਘ ਅਤੇ ਦੇਸਾ ਸਿੰਘ ਇਹ ਤਿੰਨੋਂ ਸ਼ਹੀਦ ਭੱਟ ਕੀਰਤ ਜੀ ਦੇ ਪੋਤਰੇ ਸਨ। ਭੱਟ ਨਰਬਦ ਸਿੰਘ ਸ਼ਹੀਦ, ਇਹ ਭੱਟ ਕੇਸੋ ਸਿੰਘ ਦਾ ਪੁੱਤਰ ਭਾਵ ਭਾਈ ਕੀਰਤ ਭੱਟ ਦਾ ਪਰੋਤੜਾ ਸੀ।
ਤਾਰਾ ਸਿੰਘ, ਸੇਵਾ ਸਿੰਘ ਤੇ ਦੇਵਾ ਸਿੰਘ ਇਹ ਤਿੰਨੋਂ ਸ਼ਹੀਦ, ਭੱਟ ਹਰੀ ਸਿੰਘ ਦੇ ਪੁੱਤਰ ਤੇ ਭੱਟ ਕੀਰਤ ਦੇ ਪਰੋਤੜੇ ਸਨ । ਇਸ ਤਰ੍ਹਾਂ ਭੱਟ ਬਰਾਦਰੀ 'ਚੋਂ ਭੱਟ ਕੀਰਤ ਜੀ ਅਤੇ ਉਨ੍ਹਾਂ ਦੇ ਭਾਈ ਵੋਟ ਮਥੁਰਾ ਜੀ ਸਮੇਤ ਕੁੱਲ ਨੌਂ ਭੱਟ ਬ੍ਰਾਹਮਣਾਂ ਨੇ ਗੁਰੂਘਰ ਦੀ ਪ੍ਰਭੁਤਾ ਨੂੰ ਅਰਪਤ ਹੁੰਦਿਆਂ ਸਮੇਂ ਸਮੇਂ ਸ਼ਹੀਦੀਆਂ ਪਾਈਆਂ।
ਗੱਜਣਵਾਲਾ ਸੁਖਮਿੰਦਰ ਸਿੰਘ
ਸਹਾਇਕ ਪੁਸਤਕਾਂ
ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਕਵੀ ਚੂੜਾਮਨੀ ਭਾਈ ਸੰਤੋਖ ਸਿੰਘ, ਗੁਰੂ ਕੀਆਂ ਸਾਖੀਆਂ, ਕ੍ਰਿਤ ਸਰੂਪ ਸਿੰਘ ਕੌਸ਼ਿਸ, ਸੰਪਾ. ਪਿਆਰਾ ਸਿੰਘ ਪਦਮ। ਭੱਟ ਤੇ ਉਨਾਂ ਦੀ ਰਚਨਾ, ਗਿਆਨੀ ਗੁਰਦਿੱਤ ਸਿੰਘ। ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ-ਸੰਪਾ. ਗੁਰਮੁਖ ਸਿੰਘ। ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਦਾ, ਕ੍ਰਿਤ ਭਾਈ ਕੇਸਰ ਸਿੰਘ ਛਿੱਬਰ, ਸੰਪਾ.ਪਿਆਰਾ ਸਿੰਘ ਪਦਮ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਕ੍ਰਿਤ ਭਾਈ ਸੰਤੋਖ ਸਿੰਘ, ਸੰਪਾ. ਡਾ. ਕਿਰਪਾਲ ਸਿੰਘ। ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ। ਸਿੱਖ ਇਤਿਹਾਸ ਵਿਚ ਬ੍ਰਾਹਮਣ ਸਮਾਜ ਦਾ ਯੋਗਦਾਨ, ਲੇਖਕ ਸੁਰਿੰਦਰ ਸਿੰਘ ਰਾਜਪੂਤ, ਸੰਪਾ. ਪਵਨ ਹਰਚੰਦ ਪੂਰੀ। ਸ਼ਹੀਦ ਬਿਲਾਸ (ਭਾਈ ਮਨੀ ਸਿੰਘ), ਕ੍ਰਿਤ ਕਵੀ ਸੇਵਾ ਸਿੰਘ,
ਸੰਪਾ.ਗਿਆਨੀ ਗਰਜਾ ਸਿੰਘ। ਗੋਬਿੰਦ ਸਾਗਰ, ਪ੍ਰੋ.ਪਿਆਰਾ ਸਿੰਘ ਪਦਮ। ਭੱਟ ਵਹੀ ਕਰਸਿੰਧੂ ਪਰਗਣਾ ਸਫੈਦੋਂ। ਭੱਟ ਬਾਣੀ, ਮੁੱਖ ਸੰਪਾਦਕ ਭਾਗ ਸਿੰਘ ਅਣਖੀ, ਜੋਗਿੰਦਰ ਸਿੰਘ ਕੋਹਲੀ।