Flood-affected people should contact Gurdwaras managed by Shiromani Committee - Advocate Dhami
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਣੀ ਭਰਨ ’ਤੇ ਪ੍ਰਗਟਾਈ ਚਿੰਤਾ
ਅੰਮ੍ਰਿਤਸਰ, 27 ਅਗਸਤ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਅੰਦਰ ਹੜ੍ਹਾਂ ਦੇ ਹਾਲਾਤ ’ਤੇ ਗਹਿਰੀ ਚਿੰਤਰ ਪ੍ਰਗਟ ਕਰਦਿਆਂ ਇਸ ਔਖੀ ਘੜੀ ਸੰਗਤ ਨੂੰ ਅਪੀਲ ਕੀਤੀ ਕਿ ਪਿੰਡਾਂ ਅੰਦਰ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਅਤੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਜਾਣ।
ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਕਟ ’ਚੋਂ ਨਿਕਲਣ ਲਈ ਇਕਜੁੱਟਤਾ ਨਾਲ ਕਾਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਔਖੇ ਸਮੇਂ ਆਪਣੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਹਿਯੋਗ ਲਈ ਨਿਰਦੇਸ਼ ਦਿੱਤੇ ਹਨ। ਸੰਗਤ ਲਈ ਸਰਾਵਾਂ ਤੇ ਲੰਗਰ ਦੇ ਪ੍ਰਬੰਧ ਨਿਰੰਤਰ ਜਾਰੀ ਹਨ। ਇਸ ਤੋਂ ਇਲਾਵਾ ਲੋਕਾਂ ਤੀਕ ਪੁੱਜ ਕੇ ਹਾਲਾਤ ਵੀ ਜਾਣੇ ਜਾ ਰਹੇ ਹਨ ਅਤੇ ਮੱਦਦ ਵਾਸਤੇ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਸੰਪਰਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿਚ ਜਿਥੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੀ ਜ਼ਰੂਰਤ ਹੈ, ਉਥੇ ਹੀ ਗੁਰੂ ਘਰਾਂ ਵਿੱਚੋਂ ਪਾਵਨ ਸਰੂਪਾਂ ਦਾ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਵੀ ਜ਼ਰੂਰੀ ਹੈ। ਇਸ ਸਬੰਧ ਵਿਚ ਸੰਗਤਾਂ ਨੇੜਲੇ ਇਤਿਹਾਸਕ ਗੁਰਦੁਆਰਾ ਸਾਹਬਿਾਨ ਦੀਆਂ ਸੇਵਾਵਾਂ ਪ੍ਰਾਪਤ ਕਰਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਹਰ ਗੁਰਦੁਆਰਾ ਸਾਹਿਬਾਨ ਇਸ ਸਹਾਇਤਾ ਲਈ ਤਿਆਰ ਹਨ। ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪ ਲੈ ਕੇ ਆਉਣ ਦੇ ਵੀ ਪ੍ਰਬੰਧ ਕੀਤੇ ਹੋਏ ਹਨ ਅਤੇ ਸੰਗਤਾਂ ਲੋੜ ਅਨੁਸਾਰ ਨੇੜਲੇ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕਰ ਸਕਦੀਆਂ ਹਨ।
ਐਡਵੋਕੇਟ ਧਾਮੀ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਅੰਦਰ ਭਾਰੀ ਮਾਤਰਾ ਵਿਚ ਪਾਣੀ ਆ ਜਾਣ ’ਤੇ ਵੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅਸਥਾਨ ਦਾ ਪਾਣੀ ਨਾਲ ਭਰਿਆ ਦ੍ਰਿਸ਼ ਵੇਖ ਕੇ ਮਨ ਨੂੰ ਗਹਿਰੀ ਪੀੜਾ ਪੁੱਜੀ ਹੈ। ਐਡਵੋਕੇਟ ਧਾਮੀ ਨੇ ਮੁੜ ਦੁਹਰਾਇਆ ਕਿ ਪ੍ਰਭਾਵਿਤ ਲੋਕਾਂ ਲਈ ਸ਼੍ਰੋਮਣੀ ਕਮੇਟੀ ਹਰ ਸਮੇਂ ਹਾਜ਼ਰ ਹੈ ਅਤੇ ਲੋੜੀਂਦੀਂਆਂ ਸੇਵਾਵਾਂ ਲਈ ਗੁਰਦੁਆਰਾ ਸਾਹਿਬਾਨ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਹਤ ਕਾਰਜਾਂ ਵੱਲ ਉਚੇਚਾ ਧਿਆਨ ਦੇਣ ਤੇ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਲਈ ਵਚਨਬੱਧ ਹੋਣ।