Development work going on rapidly in Jalandhar West, crackdown on drug smugglers: Mohinder Bhagat
ਜਲੰਧਰ : (ਸਮੀਰ ਘਈ) ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਅੱਜ ਇੱਕ ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਵੈਸਟ ਖੇਤਰ ਵਿੱਚ ਵਿਕਾਸ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ। ਸੜਕਾਂ, ਸੀਵਰੇਜ, ਸਫ਼ਾਈ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਸ੍ਰੀ ਭਗਤ ਅਨੁਸਾਰ ਜਲੰਧਰ ਵੈਸਟ ਵਿੱਚ ਬਚੇ-ਖੁੱਚੇ ਨਸ਼ਾ ਤਸਕਰ ਜਾਂ ਤਾਂ ਅੰਡਰਗ੍ਰਾਊਂਡ ਹੋ ਗਏ ਹਨ ਜਾਂ ਫਿਰ ਖੇਤਰ ਛੱਡ ਕੇ ਭੱਜ ਚੁੱਕੇ ਹਨ।
ਕੈਬਿਨੇਟ ਮੰਤਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਜਲਦ ਹੀ ਨਸ਼ਾ ਤਸਕਰੀ, ਗੈਰਕਾਨੂੰਨੀ ਕਾਰੋਬਾਰ ਅਤੇ ਸੰਗਠਿਤ ਅਪਰਾਧ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਲੋੜੀਂਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਹੋਰ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਜਲੰਧਰ ਵੈਸਟ ਇੱਕ ਸਾਫ਼-ਸੁਥਰਾ, ਸੁਰੱਖਿਅਤ ਅਤੇ ਅਪਰਾਧ ਮੁਕਤ ਖੇਤਰ ਬਣੇਗਾ। ਇਸ ਲਈ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਮਿਲ ਕੇ ਲਗਾਤਾਰ ਯਤਨਸ਼ੀਲ ਹਨ। ਸ੍ਰੀ ਭਗਤ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਅਤੇ ਅਪਰਾਧ ਦੇ ਖ਼ਿਲਾਫ਼ ਪ੍ਰਸ਼ਾਸਨ ਦਾ ਸਹਿਯੋਗ ਕਰਨ, ਤਾਂ ਜੋ ਸਮਾਜ ਨੂੰ ਹੋਰ ਸੁਰੱਖਿਅਤ ਅਤੇ ਬਿਹਤਰ ਬਣਾਇਆ ਜਾ ਸਕੇ।