ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ.. ਪ੍ਰਚਲਿਤ ਬਨਾਮ ਸਹੀ ਅਰਥ

28 Jan 2026 | 215 Views

ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ.. ਪ੍ਰਚਲਿਤ ਬਨਾਮ ਸਹੀ ਅਰਥ

Jo Magah Thakur apne te soi soi devai.. Popular vs. True Meaning

 

ਗੁਰਬਾਣੀ ਦੀ ਪ੍ਰਚਲਿਤ - ਸਹੀ ਵਰਤੋਂ ਦੀ ਪੜਚੋਲ ਕਰਦਿਆਂ ਅੱਜ ਅਸੀਂ ਜਿਨ੍ਹਾਂ ਪੰਗਤੀਆਂ ਦੀ ਚਰਚਾ ਕਰਾਂਗੇ ਉਹ ਹਨ...

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ॥

(ਧਨਾਸਰੀ ਮਹਲਾ ੫-੬੮੧)

 

ਵਿਚਾਰ :- ਅਜੋਕੇ ਸਮੇਂ ਦੌਰਾਨ ਇਨ੍ਹਾਂ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਖੁਸ਼ੀ ਦੇ ਸਮਾਗਮਾਂ ਸਮੇਂ ਰਾਗੀ ਸਿੰਘਾਂ ਵਲੋਂ ਸਥਾਈ ਬਣਾ ਕੇ ਕੀਰਤਨ ਕਰਦੇ ਹੋਏ ਪ੍ਰਵਾਰ ਦੀਆਂ ਖੁਸ਼ੀਆਂ ਲੈਣ ਹਿਤ ਯਤਨ ਕੀਤਾ ਜਾਂਦਾ ਹੈ। ਇਨ੍ਹਾਂ ਤੁਕਾਂ ਨੂੰ ਇਸ ਰੂਪ ਵਿਚ ਵਰਤਦੇ ਹੋਏ ਅਰਥ ਇਹ ਸਮਝੇ ਜਾਂਦੇ ਹਨ ਕਿ ਅਸੀਂ/ਪ੍ਰਵਾਰ ਵਾਲੇ ਪ੍ਰਮੇਸ਼ਰ ਕੋਲੋਂ ਜੋ ਵੀ ਮੰਗਿਆ/ ਮੰਗਣਗੇ, ਉਹੀ ਮਿਲ ਜਾਵੇਗਾ ਸਾਡੀ ਜ਼ਬਾਨ ਤੋਂ ਮੰਗ ਰੂਪੀ ਸਾਰੇ ਬਚਨ ਸੱਚ ਬਣ ਕੇ ਹਰ ਹਾਲਤ ਵਿਚ ਪੂਰੇ ਹੋ ਜਾਣਗੇ । ਵਿਚਾਰਣ ਵਾਲਾ ਪੱਖ ਹੈ ਕਿ ਅਸੀਂ ਇਨ੍ਹਾਂ ਤੁਕਾਂ ਨੂੰ ਕੇਵਲ ਦੁਨਿਆਵੀ ਖੁਸ਼ੀਆਂ ਪ੍ਰਾਪਤ ਕਰਨ ਦੇ ਅਰਥਾਂ ਤਕ ਹੀ ਸੀਮਤ ਕਰਕੇ ਵੇਖ ਰਹੇ ਹਾਂ। ਜਦੋਂ ਕਿ ਅਸਲੀਅਤ ਵਿਚ ਇਸ ਦਾ ਭਾਵ ਅਰਥ ਸਮਝਣਾ ਜ਼ਰੂਰੀ ਹੈ ਕਿ ਦਰਸਾਈ ਅਵਸਥਾ ਸਾਰਿਆਂ ਦੇ ਹਿੱਸੇ ਵਿਚ ਨਹੀਂ ਆਉਂਦੀ। ਇਸ ਅਵਸਥਾ ਦੀ ਪ੍ਰਾਪਤੀ ਲਈ ਜਗਿਆਸੂ ਨੂੰ ਵੀ ਕੁਝ ਨ ਕੁਝ ਯਤਨ ਕਰਨੇ ਪੈਣੇ ਹਨ। ਉਹ ਯਤਨ ਕੀ ਹਨ ਇਸ ਨੂੰ ਸਮਝਣ ਲਈ ਸਾਨੂੰ ਪੂਰੇ ਸ਼ਬਦ ਨੂੰ ਧਿਆਨ ਵਿਚ ਰੱਖਣਾ ਪਵੇਗਾ-

 

ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ॥ ਕ੍ਰਿਪਾ ਕਟਾਖ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ॥ ਹਰਿ ਜਨ ਰਾਖੇ ਗੁਰ ਗੋਵਿੰਦ, ਕੰਠ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥੧॥ ਰਹਾਉ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੇ ਈਹਾ ਊਹਾ ਸਚੁ ਹੋਵੈ ॥੨ ॥੧੪ ॥੧੫॥

(ਧਨਾਸਰੀ ਮਹਲਾ ੫-੬੮੧)

 

ਅਰਥ- ਹੇ ਭਾਈ ! ਜਿਸ ਪ੍ਰਭੂ ਨੇ ਚੌਂਹੀ ਪਾਸੀਂ ਸਾਰੀ ਸ੍ਰਿਸ਼ਟੀ ਵਿਚ ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ ਆਪਣੇ ਦਾਸ ਦੇ ਸਿਰ ਉਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ ਤੇ ਉਸ ਦਾ ਹਰੇਕ ਦੁੱਖ ਦੂਰ ਕਰ ਦਿੰਦਾ ਹੈ। ਹੇ ਭਾਈ ! ਪ੍ਰਮਾਤਮਾ ਆਪਣੇ ਸੇਵਕਾਂ ਦੀ ਸਦਾ ਰਾਖੀ ਕਰਦਾ ਹੈ। ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਦਇਆ ਦਾ ਘਰ ਸਰਬ ਵਿਆਪਕ ਬਖਸ਼ਣਹਾਰ ਪ੍ਰਭੂ ਉਨ੍ਹਾਂ ਦੇ ਸਾਰੇ ਔਗੁਣ ਮਿਟਾ ਦਿੰਦਾ ਹੈ। ਹੇ ਭਾਈ । ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ, ਉਹ ਉਹੀ ਕੁਝ ਉਨ੍ਹਾਂ ਨੂੰ ਦਿੰਦਾ ਹੈ। ਹੇ ਨਾਨਕ । ਪ੍ਰਭੂ ਦਾ ਸੇਵਕ ਜੋ ਕੁਝ ਮੂੰਹ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅੱਟਲ ਹੋ ਜਾਂਦਾ ਹੈ।

 

ਉਪਰੋਕਤ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੂਰੇ ਸ਼ਬਦ ਵਿਚ ਪ੍ਰਮੇਸ਼ਰ ਦੇ ਸੇਵਕ (ਦਾਸ) ਬਨਣ ਵਾਲਿਆਂ ਉਪਰ ਉਸ ਦੀ ਬਖ਼ਸ਼ਿਸ਼ ਦਾ ਜ਼ਿਕਰ ਹੈ, ਹਰੇਕ ਲਈ ਨਹੀਂ। ਸਮਝਣ ਦੀ ਲੋੜ ਹੈ ਕਿ ਅਸੀਂ ਜਦੋਂ ਪ੍ਰਮੇਸ਼ਰ ਦੇ ਸੁੱਚੇ ਸੁੱਚੇ ਸੇਵਕ ਬਣ ਕੇ ਅਰਦਾਸ-ਬੇਨਤੀ ਕਰਾਂਗੇ ਤਾਂ ਹੀ ਇਸ ਸ਼ਬਦ ਰਾਹੀਂ ਦਰਸਾਈ ਬਖਸ਼ਿਸ਼ ਸਾਡੀ ਝੋਲੀ ਵਿਚ ਪਵੇਗੀ।

 

ਇਸ ਲੇਖ ਰਾਹੀਂ ਦਿਤੇ ਗਏ 2 ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿਚ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ' (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

...

ਲੇਖਕ: ਸੁਖਜੀਤ ਸਿੰਘ ਕਪੂਰਥਲਾ 

98720-76876

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 28 Jan 2026

Gurpreet Singh Sandhu
+91 9592669498
📣 Share this post

Latest News

View all