The central government should implement the recognition given to Vanjara, Lubana and Sikligar Sikhs by the Fadnavis government in Maharashtra in all the states of the country: Prof. Sarchand Singh Khiala
ਦਿੱਲੀ ਦੀ ਸ੍ਰੀਮਤੀ ਰੇਖਾ ਗੁਪਤਾ ਸਰਕਾਰ ਅਤੇ ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਇਤਿਹਾਸਕ ਕਦਮ ਨੂੰ ਵੀ ਸਰਾਹਿਆ।
ਅੰਮ੍ਰਿਤਸਰ, 27 ਅਗਸਤ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) –
ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮੇਂ ਮਹਾਰਾਸ਼ਟਰ ਵਿਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਦੇ ਹੱਕ ਵਿਚ ਲਏ ਗਏ ਇਤਿਹਾਸਕ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਫ਼ੈਸਲੇ ਅਧੀਨ ਸਿੱਖ ਕੌਮ ਦੇ ਅਟੁੱਟ ਹਿੱਸੇ ਰਹੇ ਪਰ ਸਰਕਾਰੀ ਸਹੂਲਤਾਂ ਤੋਂ ਦਹਾਕਿਆਂ ਤੱਕ ਵਾਂਝੇ ਰਹੇ ਵਣਜਾਰਾ, ਲੁਬਾਣਾ ਅਤੇ ਸਿਕਲੀਗਰ ਭਾਈਚਾਰਿਆਂ ਨੂੰ “ਭਟਕੇ ਵਿਮੁਕਤ ਜਾਤੀ” ਸ਼੍ਰੇਣੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੇ ਦਸਤਾਵੇਜ਼ੀਕਰਨ ਅਤੇ ਸਰਕਾਰੀ ਸੁਵਿਧਾਵਾਂ ਦੇ ਦਰਵਾਜ਼ੇ ਖੋਲ੍ਹੇ ਗਏ ਹਨ।
ਪ੍ਰੋ. ਖਿਆਲਾ ਨੇ ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਮਹਾਰਾਸ਼ਟਰ ਸਿੱਖ ਸਮਾਜ ਤਾਲਮੇਲ ਕਮੇਟੀ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਹੀ ਆਗੂਆਂ ਦੇ ਲਗਾਤਾਰ ਯਤਨਾਂ ਦਾ ਨਤੀਜਾ ਹੈ ਕਿ ਮਹਾਰਾਸ਼ਟਰ ਵਿਚ ਸਿੱਖ ਸਮਾਜ ਦੇ ਉਹਨਾਂ ਮਸਲਿਆਂ ਨੂੰ ਪ੍ਰਮੁੱਖਤਾ ਮਿਲੀ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਫੜਨਵੀਸ ਦੀ ਦੂਰਦਰਸ਼ੀ ਸੋਚ ਅਤੇ ਦ੍ਰਿੜ੍ਹ ਕਾਰਵਾਈ ਨਾਲ ਘੱਟ ਪ੍ਰਤੀਨਿਧਤਾ ਵਾਲੇ ਇਹ ਭਾਈਚਾਰੇ ਆਖ਼ਰਕਾਰ ਉਸ ਹੱਕ ਤੱਕ ਪਹੁੰਚੇ ਹਨ ਜੋ ਉਨ੍ਹਾਂ ਨੂੰ ਦਹਾਕਿਆਂ ਪਹਿਲਾਂ ਮਿਲਣਾ ਚਾਹੀਦਾ ਸੀ। ਹੁਣ ਪੰਚਾਇਤ ਪੱਧਰ ’ਤੇ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਦੀ ਸਹੂਲਤ ਨਾਲ ਇਨ੍ਹਾਂ ਭਾਈਚਾਰਿਆਂ ਦੇ ਬੱਚਿਆਂ ਨੂੰ ਸਿੱਖਿਆ, ਰਿਹਾਇਸ਼, ਰੁਜ਼ਗਾਰ ਅਤੇ ਭਲਾਈ ਯੋਜਨਾਵਾਂ ਵਿੱਚ ਬਰਾਬਰ ਦੇ ਮੌਕੇ ਮਿਲਣ ਦਾ ਰਾਹ ਪਧਰਾ ਹੋ ਗਿਆ ਹੈ। ਉਨ੍ਹਾਂ ਨੇ ਸਿੱਖਾਂ ਪ੍ਰਤੀ ਮਹਾਰਾਸ਼ਟਰ ਮਾਡਲ ਨੂੰ ਮੱਧ ਪ੍ਰਦੇਸ਼, ਝਾਰਖੰਡ ਸਮੇਤ ਸਾਰੇ ਰਾਜਾਂ ਵਿੱਚ ਫੈਲਾਉਣ ਤੇ ਲਾਗੂ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ, ਤਾਂ ਜੋ ਇਹਨਾਂ ਨਾਨਕਨਾਮ ਲੇਵਾ ਗ਼ਰੀਬ ਸਿੱਖਾਂ ਨੂੰ ਦੇਸ਼ ਭਰ ਵਿੱਚ ਇਕਸਾਰ ਨਿਆਂ ਅਤੇ ਹੱਕ ਮਿਲ ਸਕਣ।
ਪ੍ਰੋ. ਖਿਆਲਾ ਨੇ ਇਸ ਫ਼ੈਸਲੇ ਦੀ ਇਤਿਹਾਸਕ ਅਹਿਮੀਅਤ ਬਿਆਨ ਕਰਦਿਆਂ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਇਹੀ ਵਣਜਾਰਾ, ਲੁਬਾਣਾ ਅਤੇ ਸਿਕਲੀਗਰ ਸਿੱਖ ਮੁਗ਼ਲ ਹਕੂਮਤ ਵੱਲੋਂ ਬੇਘਰ–ਬੇਆਸਰਾ ਕਰ ਦਿੱਤੇ ਗਏ ਸਨ। ਵਣਜਾਰੇ ਅਤੇ ਲੁਬਾਣੇ ਕਦੇ ਵੱਡੇ ਵਪਾਰੀ ਸਨ, ਪਰ ਸਿੱਖੀ ਨੂੰ ਨਾ ਤਿਆਗਣ ਦੀ ਕੀਮਤ ਉਨ੍ਹਾਂ ਨੇ ਆਪਣਾ ਰਾਜ, ਦੌਲਤ ਅਤੇ ਜੀਵਨ ਸੁਖ ਗਵਾ ਕੇ ਚੁਕਾਈ। ਉਸ ਤੋਂ ਬਾਅਦ ਇਹ ਲੋਕ ਜੰਗਲਾਂ ਅਤੇ ਬੇਲਿਆਂ ਵਿਚ ਭਟਕਦੇ ਰਹੇ। ਅੱਜ ਵੀ ਇਹ ਨਾਨਕਪੰਥੀ ਭਾਈਚਾਰੇ ਝੁੱਗੀਆਂ–ਝੌਂਪੜੀਆਂ ਵਿਚ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰਨ ਲਈ ਮਜਬੂਰ ਹਨ। ਨਾ ਉਨ੍ਹਾਂ ਨੂੰ ਰਹਿਣ ਵਾਸਤੇ ਜ਼ਮੀਨ ਮਿਲੀ, ਨਾ ਘਰ ਅਲਾਟ ਹੋਏ ਅਤੇ ਸਰਕਾਰੀ ਸਹੂਲਤਾਂ। ਫਿਰ ਵੀ, ਸਿੱਖੀ ਦੇ ਸਿਧਾਂਤਾਂ ਨਾਲ ਉਨ੍ਹਾਂ ਦੀ ਲਗਨ ਅਤੇ ਪ੍ਰਣ ਅਟੁੱਟ ਹਨ, ਅਤੇ ਸਿੱਖੀ ਦੀ ਆਤਮਿਕ ਤਾਕਤ ਅੱਜ ਵੀ ਉਨ੍ਹਾਂ ਵਿਚ ਜੀਵਤ ਹੈ। ਇਸ ਭੁੱਲੇ-ਬਿਸਰੇ ਸਿੱਖ ਭਾਈਚਾਰੇ ਦੀ ਬਾਂਹ ਫੜਨ ਦੀ ਪਹਿਲਕਦਮੀ ਮਹਾਰਾਸ਼ਟਰ ਦੇ ਭਾਜਪਾ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਨੇ ਕੀਤੀ ਹੈ, ਜੋ ਸਿੱਖ ਇਤਿਹਾਸ ਵਿਚ ਇਕ ਸੁਨਹਿਰੇ ਅੱਖਰਾਂ ਨਾਲ ਲਿਖੀ ਜਾਵੇਗੀ। ਇਸੇ ਨਾਲ ਪ੍ਰੋ. ਖਿਆਲਾ ਨੇ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਮੁੰਬਈ ਤੋਂ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਤਕ ਵੰਦੇ ਭਾਰਤ ਰੇਲ ਗੱਡੀ ਦੀ ਸ਼ੁਰੂਆਤ ’ਤੇ ਵੀ ਪੂਰੇ ਸਿੱਖ ਸਮਾਜ ਨੂੰ ਵਧਾਈ ਦਿੱਤੀ।
ਇਸ ਤੋਂ ਇਲਾਵਾ, ਉਨ੍ਹਾਂ ਦਿੱਲੀ ਵਿੱਚ ਸ੍ਰੀਮਤੀ ਰੇਖਾ ਗੁਪਤਾ ਦੀ ਭਾਜਪਾ ਸਰਕਾਰ ਅਤੇ ਹਰਿਆਣਾ ਵਿੱਚ ਨਾਇਬ ਸਿੰਘ ਸੈਣੀ ਦੀ ਸਰਕਾਰ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਪੀੜਤ ਕ੍ਰਮਵਾਰ 250 ਅਤੇ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਇਤਿਹਾਸਕ ਕਦਮ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਦੇਰ ਨਾਲ ਹੀ ਸਹੀ, ਪਰ ਭਾਜਪਾ ਸਰਕਾਰਾਂ ਵੱਲੋਂ ਉਠਾਇਆ ਗਿਆ ਇਹ ਕਦਮ ਨਿਆਂ, ਪੁਨਰਵਾਸ ਅਤੇ ਮਨੁੱਖੀ ਸੰਵੇਦਨਸ਼ੀਲਤਾ ਦਾ ਜੀਵਤ ਪ੍ਰਤੀਕ ਹੈ।
ਦੂਜੇ ਪਾਸੇ, ਪ੍ਰੋ. ਖਿਆਲਾ ਨੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਵੱਡੇ–ਵੱਡੇ ਦਾਅਵਿਆਂ ਅਤੇ ਭਾਸ਼ਣਾਂ ਦੇ ਬਾਵਜੂਦ, ਪੰਜਾਬ ਦੀ ਸਰਕਾਰ ਅਜੇ ਤੱਕ ਸਿੱਖ ਭਾਈਚਾਰੇ ਦੇ ਇਹੋ ਜਿਹੇ ਸੰਵੇਦਨਸ਼ੀਲ ਮਸਲਿਆਂ ‘ਤੇ ਕੋਈ ਸਾਰਥਕ ਕਦਮ ਚੁੱਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚੀ ਲੀਡਰਸ਼ਿਪ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਅਮਲੀ ਕਾਰਵਾਈ ਨਾਲ ਦਿਖਾਈ ਦਿੰਦੀ ਹੈ।