The concept of a saint soldier was fulfilled with the union of Nirmal and Khalsa.
ਸ੍ਰੀ ਆਨੰਦਪੁਰ ਸਾਹਿਬ ਬੈਕੁੰਠ ਧਾਮ ਬਣਿਆ ਹੋਇਆ ਹੈ । ਸੰਗਤਾਂ ਦੀ ਆਵਾਜਾਈ, ਸਤਿਗੁਰੂ ਜੀ ਦੇ ਦਰਸ਼ਨ, ਉਪਦੇਸ਼, ਕਥਾ-ਕੀਰਤਨ, ਕਵੀਆਂ ਦੀਆਂ ਨਵੀਆਂ-ਨਵੀਆਂ ਕਵਿਤਾਵਾਂ ਅਤੇ ਕਵੀ ਦਰਬਾਰ, ਅੰਮ੍ਰਿਤਧਾਰੀ ਸਿੰਘਾਂ ਦੇ ਜੰਗੀ ਅਭਿਆਸ, ਪਾਉਂਟਾ ਸਾਹਿਬ ਦੀ ਤਰ੍ਹਾਂ ਹੀ ਸ੍ਰੀ ਆਨੰਦਪੁਰ ਸਾਹਿਬ ਵੀ ਵਿਦਿਆ ਦਾ ਮਹਾਸੁਮੇਲ ਬਣਿਆ ਹੋਇਆ ਹੈ। ਇੱਕ ਦੂਸਰੇ ਪ੍ਰਤੀ ਪ੍ਰੇਮ-ਭਾਵ ਅਤੇ ਸ਼ਰਧਾ ਵੇਖਣ ਵਾਲੀ ਹੈ।
ਪਾਉਂਟਾ ਸਾਹਿਬ ਦੀ ਚੋਣ ਤੋਂ 13 ਸਾਲ ਮਗਰੋਂ ਸੰਨ 1699 ਈ: ਵਿਚ ਸ੍ਰੀ ਆਨੰਦਪੁਰ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ਕਰਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਗਈ। ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਕਨਾਂ ਨੂੰ ਸ਼ਾਸਤ੍ਰ ਵਿਦਿਆ ਬਖ਼ਸ਼ੀ ਅਤੇ ਇਕਨਾਂ ਨੂੰ ਸ਼ਸਤ੍ਰ ਵਿਦਿਆ ਬਖ਼ਸ਼ੀ। ਧਰਮ ਦੇ ਉਪਦੇਸ਼ਕਾਂ ਨੂੰ ਸ਼ਾਸਤ ਵਿਚ ਨਿਪੁੰਣ ਕੀਤਾ ਅਤੇ ਧਰਮ ਦੇ ਰੱਖਿਅਕਾਂ ਨੂੰ ਸ਼ਸਤ੍ਰ ਵਿਚ ਪ੍ਰਵੀਨ ਕੀਤਾ। ਕਲਗੀਧਰ ਪਿਤਾ ਦੇ ਅਨੇਕ ਤਰ੍ਹਾਂ ਦੇ ਚਰਿਤ੍ਰ, ਆਨੰਦਪੁਰ ਦੀਆਂ ਰੌਣਕਾਂ, ਵਿਦਵਾਨਾਂ ਦੀਆਂ ਗੋਸ਼ਟੀਆਂ, ਕਵੀ ਦਰਬਾਰਾਂ ਦੇ ਸਮਾਚਾਰ ਸੁਣ ਕੇ ਕਾਸ਼ੀ ਵਿਚ ਸ਼ਾਸਤਰ ਵਿਦਿਆ ਲਈ ਗਏ ਹੋਏ ਨਿਰਮਲ ਸਿੱਖਾਂ ਦੇ ਮਨ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਕਾਹਲੇ ਹੋ ਗਏ। ਵਿਦਿਆ ਵਿਚ ਪੂਰਣਤਾ ਪ੍ਰਾਪਤ ਕਰ ਚੁੱਕੇ ਸਨ, ਇਸ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿਚ ਪੁੱਜਣ ਦਾ ਨਿਰਣੈ ਕਰ ਲਿਆ।
ਇਹਨਾ 5 ਸੰਤਾਂ ਦੇ 13 ਵਰਸ਼ ਦੇ ਨਿਵਾਸ ਨਾਲ 'ਚੇਤਨ ਮੱਠ' ਨਿਰਮਲਿਆਂ ਦਾ ਆਸ਼ਰਮ ਪ੍ਰਸਿੱਧ ਹੋ ਚੁੱਕਾ ਸੀ । ਇਸ ਵਾਸਤੇ ਇਥੋਂ ਦਾ ਪ੍ਰਬੰਧ ਸੰਤ ਕਰਮ ਸਿੰਘ ਜੀ ਦੇ ਸ਼ਿਸ਼ ਸੰਤ ਜੈ ਰਾਮ ਜੀ ਨੂੰ ਸੰਭਾਲ ਕੇ ਵਿਦਿਆ ਦਾਤਾ ਪੰਡਿਤ ਜੀ ਨੂੰ ਨਮਸ਼ਕਾਰ, ਪਰਿਕ੍ਰਮਾ ਕਰਕੇ, ਸਤਿਗੁਰੂ ਅੱਗੇ ਅਰਦਾਸ ਕਰਕੇ, ਪੰਜਾਬ ਨੂੰ ਤੁਰ ਪਏ ਅਤੇ ਕਾਫ਼ੀ ਸਮੇਂ ਵਿਚ ਪੜਾਅ ਦਰ ਪੜਾਅ ਚੱਲ ਕੇ ਅੰਮ੍ਰਿਤ ਵੇਲੇ ਸ੍ਰੀ ਆਨੰਦਪੁਰ ਸਾਹਿਬ ਪੁੱਜੇ ।
ਸਤਿਗੁਰੂ ਜੀ ਦਾ ਸੋਹਣਾ ਦਰਬਾਰ ਸਜਿਆ ਹੋਇਆ ਹੈ। ਸੂਰਬੀਰ ਸ਼ਸਤ੍ਰਧਾਰੀ ਸਿੰਘ, 'ਬੀਰ ਆਸਨ' ਬੈਠੇ ਹਨ। ਪੰਜੇ ਸੰਤ ਭਗਵੀਆਂ ਗਾਤੀਆਂ ਲਾਈ, ਪਊਏ ਪਹਿਨੀ, ਹੱਥ ਵਿਚ ਚਿੱਪੀਆਂ ਅਤੇ ਗ੍ਰੰਥ ਲਈ ਗੁਰੂ ਕਲਗੀਧਰ ਪਿਤਾ ਦੇ ਦਰਬਾਰ ਵਿਚ ਹਾਜ਼ਿਰ ਹੋਏ। ਦਾਤਨਾਂ, ਪੁਸ਼ਪਪੱਤਰ ਭੇਟ ਕਰਕੇ ਚਰਨਾਂ ਵਿਚ ਝੁਕ ਕੇ ਸ਼ਸ਼ਟਾਂਗ ਲੰਮੇ ਪੈ ਗਏ। ਮੁੜ ਉੱਠਕੇ, ਹੱਥ ਜੋੜਕੇ ਇਕ ਸੁਰ ਸੰਸਕ੍ਰਿਤ ਵਿਚ ਉਸਤਤੀ ਕਰਨ ਲੱਗੇ। ਸਤਿਗੁਰ ਜੀ ਨਿਰਮਲੇ ਸੰਤਾਂ ਦੀ ਸਿੱਖਿਆ ਤੋਂ ਨਿਹਾਲ ਹੋ ਗਏ।
ਕੁਝ ਦਿਨ ਤੋਂ ਉਪਰੰਤ ਪੰਜੇ ਨਿਰਮਲੇ ਸੰਤਾਂ ਨੇ ਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਕਰਕੇ ਅੰਮ੍ਰਿਤਪਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਗੁਰੂ ਜੀ ਸੁਣਕੇ ਪਰਮ ਪ੍ਰਸੰਨ ਹੋਏ। ਪੰਜ ਪਿਆਰਿਆਂ ਦੁਆਰਾ ਅੰਮ੍ਰਿਤਪਾਨ ਕਰਵਾਇਆ ਗਿਆ। ਇਸ ਸਮੇਂ ਕੁਝ ਸੰਤਾਂ ਨੂੰ ਭਾਈ ਦਇਆ ਸਿੰਘ ਜੀ ਪਿਆਰੇ ਨੇ, ਕੁਝ ਸੰਤਾਂ ਨੂੰ ਭਾਈ ਧਰਮ ਸਿੰਘ ਜੀ ਪਿਆਰੇ ਨੇ, ਰਹਿਤ ਮਰਯਾਦਾ ਦਾ ਉਪਦੇਸ਼ ਅਤੇ ਗੁਰਮੰਤ੍ਰ ਦਿੱਤਾ। ਇਸ ਕਰਕੇ ਨਿਰਮਲ ਪੰਥ ਦੀਆਂ ਸਭ ਵੰਸਾਵਲੀਆਂ ਦੋਨਾਂ ਪਿਆਰਿਆਂ (ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ) ਨਾਲ ਹੀ ਜਾ ਕੇ ਮਿਲਦੀਆਂ ਹਨ।
ਭਾਈ ਰਾਮ ਕੋਇਰ ਜੀ ਵਾਲੀ ਸਾਖੀ ਵਿਚ ਕਥਨ ਕੀਤਾ ਗਿਆ ਹੈ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿਚ ਲਿਖਿਆ ਹੈ : ਇਹ ਵਿਧ ਪਾਂਚੋ ਸਿੰਘ ਕੋ, ਖੰਡੇ ਪੰਚ ਕੋਸ਼ ਉਰ ਗਯਾਨ ਦੇ, ਨਿਰਮਲ ਪਹੁਲ ਦੀਨ। ਪੰਥ ਸੁ ਕੀਨ। (ਗੁ.ਪ੍ਰ.ਸੂ., ਰੁਤ 1, ਅੰਸੂ 19)
ਪੰਡਿਤ ਗੁਲਾਬ ਸਿੰਘ ਜੀ ਨੇ ਗੁਰੂ ਜੀ ਵੱਲੋਂ ਨਿਰਮਲ ਪੰਥ ਨੂੰ ਸ਼ਾਸਤ੍ਰ ਅਤੇ ਖ਼ਾਲਸੇ ਨੂੰ ਸ਼ਸਤ੍ਰ ਧਾਰਨ ਕਰਨ ਦਾ ਇਸ ਤਰ੍ਹਾਂ ਵਰਣਨ ਕੀਤਾ ਹੈ :
"ਸ੍ਰੀ ਗੋਬਿੰਦ ਸੁ ਸਿੰਘ ਹੈਂ, ਪੂਰਣ ਹਰਿ ਅਵਤਾਰ। ਰਚਯੋ ਪੰਥ ਭਵ ਮੇਂ ਪ੍ਰਕਟ, ਦੋ ਵਿਧਿ ਕੋ ਵਿਸ੍ਤਾਰ ॥੮੬॥ ਏਕਨ ਕੇ ਕਰ ਖੜਗ ਦੈ, ਭੁਜ ਬਲ ਬਹੁ ਵਿਸ੍ਤਾਰ। ਪਾਲਨ ਭੂਮੀ ਕੋ ਕਰਯੋ, ਦੁਸ਼੍ਟਨ ਮੂਲ ਉਖਾਰ ॥੮੭॥ ਔਰਨ ਕੀ ਪਿਖ ਵਿਮਲ ਮਤਿ, ਦੀਨੋ ਪਰਮ ਵਿਵੇਕ। ਨਿਰਮਲ ਭਾਖੇ ਜਗਤ ਤਿਨ, ਹੇਰੇ ਬ੍ਰਹਮ ਸੁ ਏਕ ॥੮੮॥ (ਮੋਕਸ਼ ਪੰਥ ਪ੍ਰਕਾਸ਼-ਪੰਚਮ ਨਿਵਾਸ)
ਗਿਆਨੀ ਗਿਆਨ ਸਿੰਘ ਜੀ 'ਪੰਥ ਪ੍ਰਕਾਸ਼' ਵਿਚ ਲਿਖਦੇ ਹਨ :
“ਪਢਿ ਨਿਗਮਾਗਮ ਗੁਰੁ ਢਿਗ ਆਏ । ਗੁਰਹਿ ਸੁਨਾਇ ਅਧਿਕ ਬਰ ਪਾਏ ॥੫੧॥ ਖੁਸ਼ੀ ਹੋਇ ਗੁਰੁ ਐਸ ਉਚਾਰੀ। ਸਾਰ ਬਿੱਦਯਾ ਜਗ ਜੁਗ ਭਾਰੀ॥ ਸ਼ੱਸਤਰ ਏਕ ਸ਼ਾਸਤਰ ਦੂਜੀ। ਉਭੇ ਜਾਤਿ ਜਗ ਮਾਨੀ ਪੂਜੀ ॥੫੨॥ ਦੁਸ਼ਟ ਮੂਢ ਸ਼ਸਤ੍ਰ ਕਰਿ ਦਬ ਹੈਂ । ਸ਼ਾਸਤ੍ਰ ਤੈ ਕੋਵਿਦ ਬਸ ਫਬ ਹੈ॥ ਅੰਬੀਰੀ ਵਜ਼ੀਰੀ ਫਕੀਰੀ । ਦਾਨ ਦਹੀਰੀ ਸਭਿ ਤਦਬੀਰੀ ॥੫੩॥ ਤਰਗਸ-ਗੀਰੀ ਰਾਜ-ਗਹੀਰੀ । ਹਮਰੇ ਪੰਥ ਵੀਚ ਸਭਿ ਥੀਰੀ॥ ਇਤ੍ਯਾਦਿਕ ਬਰ ਸਤਿਗੁਰੂ ਦੀਏ । ਜੋ ਸੁਨਿ ਸਿੱਖ ਸਭੈ ਖੁਸ਼ਿ ਥੀਏ ॥੫੪॥” (ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ ੨੭੮੯)
ਅੱਗੇ ਗਿਆਨੀ ਗਿਆਨ ਸਿੰਘ ਜੀ ਹੋਰ ਵਿਆਖਿਆ ਕਰਦੇ ਹਨ :
"ਸਿਖ ਦੈ ਬਿਧਿ ਸਭਿ ਤਿਨ ਕੇ ਥੀਏ । ਏਕ ਗ੍ਰਿਹਸਥੀ ਤ੍ਯਾਗੀ ਬੀਏ ॥੧੮॥ ਗ੍ਰੇਹੀ ਕੇਵਲ ਸਿੱਖ ਬਿਦਤਾਏ। ਤ੍ਯਾਗੀ ਸਿੱਖ ਨਿਰਮਲੇ ਗਾਏ। ਸਾਧੂ ਨਿਰਮਲੇ ਵਹੀ ਅਪਾਰੇ । ਬਿਦਤੇ ਤਬਿ ਤੇ ਜਗਤ ਮਝਾਰੇ ॥੧੯॥ਦਸੋਂ ਗੁਰੂ ਕੀ ਖਿਜ਼ਮਤ ਮੈਹੈਂ। ਰਹੇ ਸਦਾ ਗੁਰੂ ਪੰਥ ਮਧੋਹੈਂ। ਪੈ ਪ੍ਰਵਿਰਤੀ ਅਧਿਕ ਨ ਧਾਰੀ । ਰਹੈਂ ਨਿਵਰਤੀ ਸੰਤ ਉਦਾਰੀ ॥੨੦॥” (ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ ੨੭੮੫)
ਗੁਰ ਪ੍ਰਤਾਪ ਸੂਰਜ ਵਿਚ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ :
"ਜੋਗ ਭੋਗ ਮੈਂ ਦੋਨਹੁਂ ਰੀਤਿ। ਦਈ ਪੰਥ ਕੋ ਨਿਰਮਲ ਚੀਤ। ਸੱਤਿਨਾਮ ਕੋ ਸਿਮਰਨ ਕਰਨੋ । ਇਹੀ ਜੋਗ ਇਕ ਲਿਵ ਕੋ ਬਰਨੋ ॥੩੭॥ ਲਰਨਿ ਰਿਪੁਨਿ ਸੋਂ, ਕਰਿਬੋ ਰਾਜ। ਇਹੀ ਭੋਗ ਕੇ ਦਿਏ ਸਮਾਜ। ਇੱਤ੍ਯਾਦਿਕ ਕਹਿ ਨਿਰਮਲ ਜਸੁ ਕੋ । ਬੰਦਹਿ ਸਤਿਗੁਰ ਪਾਇ ਪਰਸ ਕੋ ॥੩੮॥ (ਗੁ. ਪ੍ਰ. ਸੂ. ਰੁਤ ३, ਅੰਸ਼ੂ २२)
ਗੁਰ ਮਹਿਮਾ ਸਿਮਰਤਿ ਸਤਿਨਾਮੁ । ਹਉਮੈ ਤ੍ਯਾਗਨਿ ਮਨ ਬਿਸਰਾਮੂ । ਦਯਾ ਖਿਮਾ ਸੁਚ ਸੰਜਮ ਧੀਰਜ । ਧਰਮ ਪਰਾਇਨ ਸਾਚੁ ਸੁ ਬੀਰਜ ॥੩੨॥ ਗੁਰਸਿੱਖੀ ਨਿਰਮਲ ਸੰਤੋਸ਼। ਸਦਾ ਗੁਰੂ ਕੇ ਰਹੈ ਭਰੋਸ।” (ਗੁ.ਪ੍ਰ.ਸੂ.. ਰਾਸ ੮, ਅੰਸੂ ੩੫)
ਅਰਥ ਸਪੱਸ਼ਟ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਰਨ ਅਵਤਾਰ ਸਨ, ਜਿਨ੍ਹਾਂ ਨੇ ਪੰਥ ਰਚ ਕੇ ਦੋ ਰੂਪਾਂ ਵਿਚ ਸੰਗਠਤ ਕੀਤਾ। ਇੱਕ ਜੱਥਾ ਸ਼ਸਤਰਾਂ ਦੁਆਰਾ ਧਰਮ ਦੀ ਰੱਖਿਆ ਕਰਨ ਵਾਸਤੇ ਜ਼ਾਲਮਾਂ ਨਾਲ ਸੰਗ੍ਰਾਮ ਲਈ ਨਿਯਤ ਕੀਤਾ। ਦੂਸਰੇ ਜੱਥੇ ਵਿਚ ਵਿਵੇਕ ਬੁੱਧੀ ਵਾਲੇ ਸ਼ਾਸਤਰਾਂ ਦੇ ਪਠਨ-ਪਾਠਨ ਵਿਚ ਲਾਏ ਜੋ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਨਾਮ-ਬਾਣੀ, ਵਿਦਿਆ ਦਾ ਪ੍ਰਚਾਰ ਕਰਨ ਵਾਸਤੇ ਦੇਸ਼ਾਂ-ਦੇਸ਼ਾਂਤਰਾਂ ਵਿਚ ਚਲੇ ਗਏ ਅਤੇ ਸੰਸਾਰ ਵਿਚ 'ਨਿਰਮਲ ਪੰਥ' ਦੇ ਨਾਮ ਨਾਲ ਪ੍ਰਸਿੱਧ ਹੋਏ।
ਗਿਆਨੀ ਬਲਵੰਤ ਸਿੰਘ ਕੋਠਾ ਗੁਰੂ
(ਪੁਸਤਕ ਨਿਰਮਲ ਪੰਥ ਦਾ ਸੰਖੇਪ ਇਤਿਹਾਸ ਵਿਚੋਂ)