Various colors in the relationship of daughter- in -law and mother- in- law
ਆਮ ਤੌਰ ਤੇ ਵੇਖਣ ਨੂੰ ਇਹੀ ਮਿਲਦਾ ਹੈ ਕਿ ਸਾਡੇ ਸਮਾਜ ਵਿਚ ਬਹੁਗਿਣਤੀ ਵੱਲੋਂ ਸੱਸ ਤੇ ਨੂੰਹ ਦੇ ਆਪਸੀ ਰਿਸ਼ਤੇ ਨੂੰ ਤ੍ਰਿਸਕਾਰਤ ਨਜ਼ਰ ਨਾਲ ਹੀ ਵੇਖਿਆ-ਸਮਝਿਆ-ਪੇਸ਼ ਕੀਤਾ ਜਾਂਦਾ ਹੈ। ਲੜਕੀ ਅਜੇ ਛੋਟੀ ਜਿਹੀ ਉਮਰ ਵਿੱਚ ਹੀ ਹੁੰਦੀ ਹੈ ਤਾਂ ਮਾਤਾ ਪਿਤਾ, ਪਰਿਵਾਰ ਵੱਲੋਂ ਗੱਲਾਂ-ਗੱਲਾਂ ਵਿੱਚ ਸੱਸ ਦੇ ਡਰਾਉਣੇ ਕਿਰਦਾਰ ਨੂੰ ਲੜਕੀ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਕੋਈ ਵਿਰਲੇ ਪਰਿਵਾਰ ਹੀ ਮਿਲਦੇ ਹਨ ਜਿਨ੍ਹਾਂ ਵਿੱਚ ਲੜਕੀਆਂ ਦੇ ਵਿਵਾਹਕ ਜੀਵਨ ਅੰਦਰ ਆਉਣ ਵਾਲੇ ਸੱਸ-ਨੂੰਹ ਦੇ ਰਿਸ਼ਤੇ ਨੂੰ ਸਤਿਕਾਰਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੋਵੇ। ਇਸ ਰਿਸ਼ਤੇ ਸਬੰਧੀ ਆਮ ਤੌਰ ਤੇ ਨਾਂਹ ਪੱਖੀ ਗੱਲਾਂ ਹੀ ਪ੍ਰਚਲਿਤ ਕੀਤੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਹੋਰ ਕੜਵਾਹਟ ਪੈਦਾ ਕਰਦਾ ਹੈ। ਜਿਵੇਂ ਕਹਿਣ- ਸੁਨਣ- ਲਿਖਣ-ਪੜਣ ਵਿੱਚ ਆਉਂਦਾ ਹੈ -
"ਸੱਸ ਹੋਵੇ ਤਾਂ ਚੰਗੀ ਹੋਵੇ,
ਨਹੀਂ ਤਾਂ ਹਾਰ ਪਾ ਕੇ ਫੋਟੋ,
ਕੰਧ ਤੇ ਟੰਗੀ ਹੋਵੇ।"
"ਪੁੱਤਾਂ ਘਰ ਸੰਭਾਲੇ ਰਾਮ, ਨੂੰਹਾਂ ਜਿੰਦਰੇ ਮਾਰੇ ਰਾਮ।
ਧੰਨ ਬੁੱਢੜੀ ਦਾ ਜਿਗਰਾ,
ਬੁੱਢੜੀ ਅਜੇ ਵੀ ਨਾ ਜਪਦੀ ਹਰਿ ਕਾ ਨਾਮ।"
ਘਰ ਪਰਿਵਾਰਾਂ ਦੇ ਮਾਹੌਲ ਨੂੰ ਸੁਖਾਵਾਂ ਰੱਖਣ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਆਪੋ ਆਪਣੀ ਜਗ੍ਹਾ ਤੇ ਬਣਦੀ ਜ਼ਿੰਮੇਵਾਰੀ ਨੂੰ ਪੂਰੀ ਤਨ ਦੇਹੀ ਅਤੇ ਸੁਚੱਜਤਾ ਨਾਲ ਨਿਭਾਉਣਾ ਚਾਹੀਦਾ ਹੈ।
ਸਾਡੇ ਅਜੋਕੇ ਸਮਾਜ ਵਿੱਚ ਇੱਕ ਹੋਰ ਪੱਖ ਵੇਖਣ ਨੂੰ ਮਿਲਦਾ ਹੈ ਕਿ ਮਰਦਾਂ ਦੇ ਮੁਕਾਬਲੇ ਜ਼ਿਆਦਾਤਰ ਬੀਬੀਆਂ ਘਰ ਪਰਿਵਾਰ ਦੇ ਕਲੇਸ਼ ਦੀਆਂ ਸਤਾਈਆਂ ਹੋਈਆਂ ਕਈ ਵਾਰ ਸਿਆਣਿਆਂ ਕੋਲੋਂ ਪੁੱਛਣਾ ਪਵਾਉਣ ਲਈ ਜਾਂਦੀਆਂ ਹਨ। ਪਹਿਲਾਂ ਹੀ ਦੁਖੀ ਔਰਤਾਂ ਤੋਂ ਮੂੰਹ ਮੰਗੀਆਂ ਫੀਸਾਂ ਲੈ ਕੇ ਅਖੌਤੀ ਸਿਆਣਿਆਂ ਵੱਲੋਂ ਅਕਸਰ ਹੀ ਸਾਡੇ ਘਰ ਪਰਿਵਾਰਾਂ ਵਿੱਚ ਪਹਿਲਾਂ ਹੀ ਤ੍ਰਿਸਕਾਰੇ ਰਿਸ਼ਤਿਆਂ 'ਸੱਸ-ਨੂੰਹ-ਨਨਾਣ-ਜੇਠਾਣੀ- ਦਰਾਣੀ-ਭੂਆ-ਸ਼ਰੀਕਾ ਆਦਿ' ਵਿਚੋਂ ਹੀ ਕਿਸੇ ਦਾ ਨਾਮ ਲੈ ਕੇ ਉਸ ਵੱਲੋਂ ਕੀਤੇ ਕਰਾਏ ਦਾ ਇਲਜ਼ਾਮ ਲਾਉਂਦੇ ਹੋਏ ਹੋਰ ਕੁੜੱਤਣ ਵਧਾਉਣ ਦਾ ਕਾਰਨ ਬਣਦਾ ਹੈ।
ਇਸ ਦੇ ਨਾਲ-ਨਾਲ ਸਾਨੂੰ ਇਹ ਸਚਾਈ ਵੀ ਯਾਦ ਰੱਖਣ ਦੀ ਲੋੜ ਹੈ ਕਿ ਜ਼ਰੂਰੀ ਨਹੀਂ ਕਿ ਇਹੋ ਜਿਹੇ ਸਾਰੇ ਕੇਸਾਂ ਵਿੱਚ ਕੇਵਲ ਸੱਸ ਹੀ ਜ਼ਿੰਮੇਵਾਰ ਹੋਵੇ, ਕਈ ਪਰਿਵਾਰਾਂ ਵਿੱਚ ਨੂੰਹ ਵੀ ਜ਼ਿੰਮੇਵਾਰ ਹੋ ਸਕਦੀ ਹੈ। ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਆਮ ਤੌਰ ਤੇ ਕਿਸੇ ਵੀ ਤਰ੍ਹਾਂ ਦੇ ਘਰੇਲੂ ਕਲੇਸ਼ ਲਈ ਦੋਵੇਂ ਧਿਰਾਂ ਹੀ ਜ਼ਿੰਮੇਵਾਰ ਹੁੰਦੀਆਂ ਹਨ, ਬੱਸ ਦੋਵੇਂ ਧਿਰਾਂ ਦੀ % ਦਾ ਫ਼ਰਕ ਹੋ ਸਕਦਾ ਹੈ। ਆਮ ਕਹਾਵਤ ਹੈ ਕਿ -
- " ਤਾੜੀ ਕਦੇ ਵੀ ਕੇਵਲ ਇੱਕ ਹੱਥ ਨਾਲ ਨਹੀਂ ਵੱਜਦੀ, ਇਸ ਲਈ ਦੋਵੇਂ ਹੱਥਾਂ ਦਾ ਸਹੀ ਸੇਧ ਵਿੱਚ ਕ੍ਰਿਆਸ਼ੀਲ ਹੋਣਾ ਜ਼ਰੂਰੀ ਹੈ।"
ਜਿਹੜੀ ਨੂੰਹ ਨੂੰ ਆਪਣੇ ਸਹੁਰੇ ਘਰ ਪਰਿਵਾਰ ਵਿੱਚ ਸੱਸ ਬੁਰੀ ਲੱਗਦੀ ਹੈ, ਉਸ ਨੂੰ ਆਪਣੇ ਪੇਕੇ ਪਰਿਵਾਰ ਵਿੱਚ ਨੂੰਹ (ਭਰਜਾਈ) ਬੁਰੀ ਲੱਗਦੀ ਹੈ। ਇਸ ਤਰ੍ਹਾਂ ਦੇ ਦੋਗਲੇ ਕਿਰਦਾਰ ਸਾਡੇ ਪਰਿਵਾਰਕ ਮੈਂਬਰਾਂ ਵਿੱਚ ਆਪਸੀ ਦੂਰੀਆਂ ਹੋਰ ਵਧਾਉਣ ਲਈ ਖਾਦ ਦਾ ਕੰਮ ਕਰਦੇ ਹਨ।
ਹਰੇਕ ਸੱਸ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਹ ਵੀ ਇੱਕ ਦਿਨ ਇਸ ਘਰ ਪਰਿਵਾਰ ਵਿੱਚ ਨੂੰਹ ਬਣਕੇ ਆਈ ਸੀ ਅਤੇ ਹਰੇਕ ਨੂੰਹ ਨੂੰ ਵੀ ਯਾਦ ਰੱਖਣ ਦੀ ਲੋੜ ਹੈ ਕਿ ਇੱਕ ਨਾ ਇੱਕ ਦਿਨ ਉਸ ਨੇ ਵੀ ਸੱਸ ਬਣ ਜਾਣਾ ਹੈ। ਸਾਡਾ ਸਮਾਜਿਕ-ਪਰਿਵਾਰਕ ਸਿਸਟਮ ਇਸੇ ਤਰ੍ਹਾਂ ਚਲਦਾ ਆ ਰਿਹਾ ਹੈ ਅਤੇ ਇਸ ਨੇ ਅੱਗੇ ਵੀ ਇਸੇ ਤਰ੍ਹਾਂ ਚੱਲਦੇ ਰਹਿਣਾ ਹੈ।
ਇਹ ਸਾਡੀ ਸਮਾਜਿਕ ਤ੍ਰਾਸਦੀ ਹੈ ਕਿ ਨੂੰਹ- ਸੱਸ ਦੇ ਪਰਿਵਾਰਕ ਰਿਸ਼ਤੇ ਦੇ ਨਾਂਹ ਪੱਖੀ ਪਰਿਵਾਰਾਂ ਦੀਆਂ ਉਦਾਹਰਣਾਂ ਹੀ ਸਮਾਜ ਦੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਹਨ। ਪਰ ਅਫਸੋਸ ਕਿ ਜਿਹੜੇ ਪਰਿਵਾਰਾਂ ਵਿੱਚ ਸੱਸ - ਨੂੰਹ ਦੇ ਆਪਸੀ ਰਿਸ਼ਤੇ ਅੰਦਰ ਸਹੀ ਅਰਥਾਂ ਵਿੱਚ ਮਾਂ -ਧੀ ਵਾਲਾ ਪਿਆਰ - ਦੁਲਾਰ -ਸਤਿਕਾਰ ਮੌਜੂਦ ਹੈ, ਉਸ ਨੂੰ ਸਮਾਜ ਦੇ ਸਨਮੁੱਖ ਰੋਲ ਮਾਡਲ ਬਣਾ ਕੇ ਪੇਸ਼ ਹੀ ਨਹੀਂ ਕੀਤਾ ਜਾਂਦਾ ਹੈ।
ਆਉ ! ਆਪਾਂ ਅੱਜ ਦੇ ਸਮੇਂ ਵਿੱਚ ਲਗਭਗ ਸਾਰੇ ਪੜੇ - ਲਿਖੇ ਹਾਂ, ਸੱਸ-ਨੂੰਹ ਦੇ ਪਰਿਵਾਰਕ ਰਿਸ਼ਤੇ ਨੂੰ ਤ੍ਰਿਸਕਾਰਤ ਦੀ ਬਜਾਏ ਸਤਿਕਾਰਤ ਰੂਪ ਵਿੱਚ ਕਾਇਮ ਰੱਖਣ ਲਈ ਯਤਨਸ਼ੀਲ ਹੋਈਏ।
ਪਰਿਵਾਰ ਦੇ ਹਰੇਕ ਮੈਂਬਰ ਵੱਲੋਂ ਸੁਚੱਜੇ ਢੰਗ ਨਾਲ ਵਿਚਰਣ ਤੋਂ ਚੰਗੇ ਪਰਿਵਾਰ ਬਣਨਗੇ, ਪਰਿਵਾਰਾਂ ਦੇ ਸੁਚੇਤ ਮੈਂਬਰਾਂ ਦੇ ਆਪਸੀ ਸਹਿਯੋਗ ਨਾਲ ਚੰਗੇ ਪਰਿਵਾਰ ਬਣਨਗੇ ਅਤੇ ਚੰਗੇ ਪਰਿਵਾਰਾਂ ਰਾਹੀਂ ਗੁਰੂ ਸਾਹਿਬਾਨ ਵੱਲੋਂ ਦਰਸਾਈ ਗਈ ਜੀਵਨ ਜੁਗਤਿ ਅਨੁਸਾਰ ਚੱਲਣ ਨਾਲ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ। ਇਹੀ ਸਤਿਗੁਰੂ ਜੀ ਚਾਹੁੰਦੇ ਹਨ।
ਇਸੇ ਵਿੱਚ ਹੀ ਸਾਡਾ ਆਪਣਾ ਅਤੇ ਸਾਰੇ ਸਮਾਜ ਦਾ ਭਲਾ ਹੈ ਜੀ।
ਸੁਖਜੀਤ ਸਿੰਘ ਕਪੂਰਥਲਾ
*98720-76876*