ਪ੍ਰਗਟ ਗੁਰਾਂ ਕੀ ਦੇਹ: ਵਿਚਾਰਨਯੋਗ ਨੁਕਤਾ -6

24 Jan 2026 | 179 Views

ਪ੍ਰਗਟ ਗੁਰਾਂ ਕੀ ਦੇਹ: ਵਿਚਾਰਨਯੋਗ ਨੁਕਤਾ -6

*"What is the body of the manifest Guru: Points to consider -6

 

*ਨੋਟ --* ਇਸ ਲੇਖ ਲੜੀ ਨੂੰ ਜੋੜਣ ਲਈ ਪਹਿਲਾਂ ਭਾਗ 1, 2, 3, 4, 5 ਜ਼ਰੂਰ ਪੜ੍ਹੋ ਜੀ। 

 

ਇਸ ਵਿਸ਼ੇ ਅਧੀਨ ਚੱਲ ਰਹੀਆਂ ਵਿਚਾਰਾਂ ਤੋਂ ਜਾਣੂ ਹੁੰਦਿਆਂ ਸਾਡੇ ਸਾਹਮਣੇ ਸਪੱਸ਼ਟ ਹੋਇਆ ਹੈ ਕਿ ਅਰਦਾਸ ਤੋਂ ਬਾਅਦ ਸਿੱਖਾਂ ਵੱਲੋਂ ਗਾਏ ਜਾਂਦੇ ਪਹਿਲੇ ਦੋ ਦੋਹਰਿਆਂ ਵਿਚਲੀ ਸਹੀ ਸ਼ਬਦਾਵਲੀ ਦਾ ਮੌਲਿਕ ਸਰੂਪ ਭਾਈ ਪ੍ਰਹਿਲਾਦ ਸਿੰਘ ਜੀ ਵੱਲੋਂ ਰਚਿਤ "ਰਹਿਤਨਾਮੇ" ਵਿਚੋਂ ਲਿਆ ਗਿਆ ਹੈ, ਜਿਨ੍ਹਾਂ ਦੀ ਸ਼ਬਦਾਵਲੀ ਵਿੱਚ ਕਾਫੀ ਲੰਮੇ ਸਮੇਂ ਤੋਂ ਬਾਅਦ ਗਿਆਨੀ ਗਿਆਨ ਸਿੰਘ ਵੱਲੋਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ।

 

ਹੋ ਸਕਦਾ ਹੈ ਕਿ ਇਨ੍ਹਾਂ ਤਬਦੀਲੀਆਂ ਨੂੰ ਕਰਨ ਪਿੱਛੇ ਗਿਆਨੀ ਗਿਆਨ ਸਿੰਘ ਦੇ ਮਨ ਅੰਦਰਲੀ ਭਾਵਨਾ ਵਿੱਚ ਕੋਈ ਖੋਟ ਨਾ ਹੀ ਹੋਵੇ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਸਮਾਜ ਅੰਦਰ ਅੰਗਰੇਜ਼ੀ ਰਾਜ ਦੀ ਪੁਸ਼ਤ ਪਨਾਹੀ ਹੇਠ ਵਧਦੇ ਹੋਏ ਦੇਹਧਾਰੀ ਗੁਰੂ ਡੰਮ ਨੂੰ ਠੱਲ੍ਹ ਪਾਉਣ ਲਈ ਹੀ ਇੱਕ ਯਤਨ ਹੋਵੇ।

 

ਪ੍ਰੰਤੂ ਇਸਦੇ ਨਾਲ-ਨਾਲ ਸਿੱਖਾਂ ਵੱਲੋਂ ਇਹ ਪੱਖ ਵਿਚਾਰ ਵਿੱਚ ਰੱਖਣਾ ਵੀ ਬੇਹੱਦ ਜ਼ਰੂਰੀ ਸੀ ਕਿ ਜਿਵੇਂ ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮਰੀਜ਼ ਨੂੰ ਡਾਕਟਰ ਸਮੇਂ ਦੀ ਲੋੜ ਅਨੁਸਾਰ ਦਵਾਈਆਂ ਅਤੇ ਪ੍ਰਹੇਜ਼ ਦੱਸਦਾ ਹੈ, ਪਰ ਹਮੇਸ਼ਾਂ ਲਈ ਨਹੀਂ। ਸਗੋਂ ਕੁਝ ਸਮੇਂ ਬਾਅਦ ਦਵਾਈਆਂ ਅਤੇ ਪ੍ਰਹੇਜ਼ ਨੂੰ ਬੰਦ ਕਰਨਾ ਵੀ ਜ਼ਰੂਰੀ ਹੁੰਦਾ ਹੈ।

 

*ਲੱਗਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ "ਪ੍ਰਗਟ ਗੁਰਾਂ ਕੀ ਦੇਹ...." ਆਖਣਾ ਉਸ ਸਮੇਂ ਦੀ ਲੋੜ ਰਹੀ ਹੋਵੇਗੀ, ਸ਼ਾਇਦ ਅਸੀਂ ਬੰਦ ਕਰਨਾ ਭੁੱਲ ਗਏ ਹਾਂ।*

 

ਸਿੱਖ ਇਤਿਹਾਸ ਅੰਦਰ 'ਮਸੰਦ' ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਆਰੰਭੀ ਗਈ ਦਸਵੰਧ ਵਾਲੀ ਕਾਰ ਭੇਟਾ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਤੋਂ ਇਕੱਤਰ ਕਰਕੇ ਗੁਰੂ ਘਰ ਤੱਕ ਪਹੁੰਚਾਉਣ ਵਾਸਤੇ ਚਲਾਈ ਗਈ ਪ੍ਰਥਾ ਨੂੰ ਨੇਪੜੇ ਚਾੜ੍ਹਣ ਵਿੱਚ ਸਹਿਯੋਗੀ ਗੁਰਸਿੱਖ ਪਦਵੀ ਸੀ। ਪ੍ਰੰਤੂ ਕੁਝ ਸਮਾਂ ਪਾ ਕੇ ਇਨ੍ਹਾਂ ਪਦਵੀਆਂ ਵਾਲੇ ਜੇ ਸਿੱਖੀ ਕਿਰਦਾਰ ਤੋਂ ਨੀਵੇਂ ਹੋ ਗਏ ਤਾਂ ਇਨ੍ਹਾਂ ਮਸੰਦਾਂ ਦੀਆਂ ਕਰਤੂਤਾਂ ਨੂੰ ਵੇਖ ਕੇ ਸਮੇਂ ਦੀਆਂ ਲੋੜਾਂ ਅਨੁਸਾਰ ਚੌਥੇ ਪਾਤਸ਼ਾਹ ਜੀ ਤੋਂ ਚੱਲੀ ਆ ਰਹੀ ਇਸ ਪ੍ਰਥਾ ਨੂੰ ਦਸਵੇਂ ਜਾਮੇ ਅੰਦਰ ਤੁਰੰਤ ਬੰਦ ਕਰ ਦਿੱਤਾ ਗਿਆ ਸੀ। ਸ਼ਾਇਦ ਅਸੀਂ ਇਸ ਇਤਿਹਾਸਕ ਪੱਖ ਤੋਂ ਕੋਈ ਸੇਧ ਲੈਣ ਦੀ ਵੀ ਜ਼ਰੂਰਤ ਨਹੀਂ ਸਮਝੀ।

 

ਗਿਆਨੀ ਗਿਆਨ ਸਿੰਘ ਵੱਲੋਂ ਰਚਿਤ ਦੋਹਿਰੇ ਵਿੱਚ ਆਏ ਸ਼ਬਦ *ਗੁਰੂ ਗ੍ਰੰਥ ਜੀ ਮਾਨਯੋ, ਪ੍ਰਗਟ ਗੁਰਾਂ ਕੀ ਦੇਹ...* ਦੀ ਆੜ ਹੇਠ ਆਪਣੇ ਸਰੀਰਾਂ ਦੀ ਪੂਜਾ ਕਰਵਾਉਣ ਦੀ ਇੱਛਾ ਪੂਰਤੀ ਹਿੱਤ ਸਿਧਾਂਤਕ ਉਲੰਘਣਾ ਕਰਦੇ ਹੋਏ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਸਰੂਪ ਵਿੱਚ ਪ੍ਰਚਾਰਣ ਲਈ ਸਭ ਤੋਂ ਵੱਧ ਜ਼ਿੰਮੇਵਾਰ - ਗੁਰਮਤਿ ਪੱਖ ਤੋਂ ਗਿਆਨਹੀਨ/ਬਾਹਰੋਂ ਚਿੱਟ ਕੱਪੜੀਏ ਪਾਖੰਡੀ ਸਾਧ/ਧਰਮ ਦੀ ਆੜ ਵਿੱਚ ਅਖੌਤੀ ਡੇਰੇਦਾਰ, (ਜਿਹੜੇ ਚਿੱਟੀ ਸਿਉਂਕ ਵਾਂਗ ਸਿੱਖੀ ਨੂੰ ਅੰਦਰੋਂ ਘੁਣ ਲਗਾ ਕੇ ਸਿਧਾਂਤਕ ਪੱਖ ਤੋਂ ਖੋਖਲਾ ਕਰੀ ਜਾ ਰਹੇ ਹਨ, ਇਹੋ ਜਿਹਿਆਂ ਨੂੰ ਪਾਵਨ ਗੁਰਬਾਣੀ ਵਿੱਚ *ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ* {476} ਕਿਹਾ ਗਿਆ ਹੈ) ਉਨ੍ਹਾਂ ਨਾਲ ਜੁੜੀਆਂ ਵੱਖ-ਵੱਖ ਸੰਪਰਦਾਵਾਂ ਅਤੇ ਉਨ੍ਹਾਂ ਦੇ ਅੰਧਵਿਸ਼ਵਾਸੀ ਚੇਲੇ-ਚਾਟੜੇ ਹਨ। 

 

ਇਹੋ ਜਿਹਿਆਂ ਦੀਆਂ ਡੇਰਿਆਂ ਰੂਪੀ ਚੱਲ ਰਹੀਆਂ ਪਾਖੰਡ ਦੀਆਂ ਵੱਖ-ਵੱਖ ਦੁਕਾਨਾਂ ਵੱਲ ਆਕਰਸ਼ਿਤ ਹੋ ਕੇ ਇਨ੍ਹਾਂ ਦੀ ਵੇਖਾ-ਵੇਖੀ, ਅੰਧ ਵਿਸ਼ਵਾਸ਼, ਅਗਿਆਨਤਾ ਵੱਸ ਕੋਈ ਦਰਗਾਹੀ ਨਕਸ਼ੇ ਦੇ ਨਾਮ ਹੇਠ *ਮਨੁੱਖੀ ਨਿਰਮਿਤ ਸਚਖੰਡ* ਉਸਾਰ ਕੇ ਬੈਠ ਗਿਆ ਹੈ, ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਲਗਭਗ ਹੂ-ਬਹੂ ਨਕਲ ਕਰਦੇ ਹੋਏ *ਮਾਲਵੇ ਦਾ ਦਰਬਾਰ ਸਾਹਿਬ* ਵਾਲੇ ਨਾਮ ਹੇਠ ਉਸਾਰ ਬੈਠੇ ਹਨ, ਕੋਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖੀ ਸਰੀਰ ਦੇ ਤਲ ਤੇ ਗਰਮੀ-ਸਰਦੀ ਦੇ ਪ੍ਰਭਾਵ ਅਧੀਨ ਮੰਨ ਕੇ ਏਅਰ ਕੰਡੀਸ਼ਨ, ਕੂਲਰ,ਪੱਖੇ,ਹੀਟਰ, ਗਰਮ-ਸਰਦ ਰੁਮਾਲੇ ਆਦਿ ਦੇ ਪ੍ਰਬੰਧ ਆਮ ਵੇਖੇ ਜਾ ਸਕਦੇ ਹਨ। ਕਈ ਸ਼ਬਦ ਗੁਰੂ ਨੂੰ ਦੇਹ ਰੂਪ ਮੰਨਦੇ ਹੋਏ ਕਿਵਾੜ ਬੰਦ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾ ਰਹੇ ਹਨ। ਕੋਈ ਬਾਬਾ-- ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੀਸ ਤੇ ਚੁੱਕ ਕੇ ਪੈਦਲ/ਕੋਈ ਹੈਲੀਕਾਪਟਰ ਵਿੱਚ ਸੈਰ ਕਰਵਾਉਣ ਵਾਲੇ ਅਡੰਬਰ ਕਰ ਰਿਹਾ ਹੈ। ਕੋਈ ਮਨੁੱਖੀ ਬਸਤਰਾਂ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਸਤਰ ਪਾਉਣ/ਬਦਲਣ ਦੇ ਪ੍ਰਪੰਚ ਕਰ ਰਿਹਾ ਹੈ। ਅੱਜ ਕੱਲ੍ਹ ਇਸੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਗੁਰਬਾਣੀ ਸਬੰਧੀ ਸਿੱਖਾਂ ਵੱਲੋਂ ਬੋਲਣ-ਲਿਖਣ ਸਮੇਂ "ਅੰਕ-ਪੰਨਾ-ਅੰਗ" ਦਾ ਵਿਵਾਦ ਅਕਸਰ ਹੀ ਵੇਖਿਆ ਜਾ ਸਕਦਾ ਹੈ। 

 

ਸਾਡੀ ਕੌਮੀ ਤ੍ਰਾਸਦੀ ਹੈ ਕਿ ਅਜੋਕੇ ਸਮੇਂ ਸਾਡੇ ਸਿੱਖ ਸਮਾਜ ਵਿੱਚ ਜਿੱਥੇ-ਜਿੱਥੇ ਕੋਈ ਜੁੜਿਆ ਹੋਇਆ ਹੈ, ਉਸੇ ਅਸਥਾਨ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਨਾਲ ਠੀਕ ਮੰਨਦਾ ਹੋਇਆ ਦੂਸਰਿਆਂ ਨੂੰ ਵੀ ਮਨਾਉਣ ਦੇ ਯਤਨ ਕਰਦਾ ਹੈ।

 

ਪਰ ਸਿੱਖੀ ਭੇਖ ਦੇ ਧਾਰਨੀ ਕਈ ਪਾਖੰਡੀਆਂ ਵੱਲੋਂ ਇਸ ਤਰ੍ਹਾਂ ਦੀਆਂ ਮਨਮੱਤਾਂ ਦੀ ਝੁੱਲ ਰਹੀ ਹਨੇਰੀ ਦੇ ਬਾਵਜੂਦ ਵੀ ਕਈ ਵਿਰਲੇ ਗੁਰਸਿੱਖ *"ਕੋਈ ਹਰਿਆ ਬੂਟੁ ਰਹਿਓ ਰੀ"* (384) ਬਣ ਕੇ ਜਿਹੜੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਹਨ, ਉਹ ਸਤਿਕਾਰਯੋਗ ਹਨ।

              ‌‌ (ਚਲਦਾ - 7)

 

*ਜ਼ਰੂਰੀ ਬੇਨਤੀ* -- ਸਨਿਮਰ ਬੇਨਤੀ ਹੈ ਕਿ "ਪ੍ਰਗਟ ਗੁਰਾਂ ਕੀ ਦੇਹ...." ਦੇ ਸਿਰਲੇਖ ਹੇਠ ਇਸ ਲੇਖ ਲੜੀ ਦੇ ਲਿਖੇ ਜਾਣ ਵਾਲੇ ਸਾਰੇ ਭਾਗ ਜ਼ਰੂਰ ਪੜ੍ਹਣ ਦੀ ਕ੍ਰਿਪਾਲਤਾ ਕਰਨੀ, ਕਿਉਂ ਕਿ ਉਸ ਉਪਰੰਤ ਹੀ ਅਸੀਂ ਗੁਰਮਤਿ ਅਨੁਸਾਰ ਸਹੀ ਨਿਰਣੇ ਤੇ ਪਹੁੰਚਣ ਦੇ ਸਮਰੱਥ ਬਣ ਸਕਾਂਗੇ ਜੀ।

 

*ਸੁਖਜੀਤ ਸਿੰਘ ਕਪੂਰਥਲਾ*

 98720-76876

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 24 Jan 2026

Gurpreet Singh Sandhu
+91 9592669498
📣 Share this post

Latest News

View all