The sword of knowledge of the Sikh Panth is the Nirmal sact.
ਭਾਰਤ ਮਤ ਦਰਪਣ ਦੇ ਕਰਤਾ ਸ੍ਰੀਮਾਨ 108 ਮਹੰਤ ਗਣੇਸ਼ਾ ਸਿੰਘ ਜੀ ਅਨੁਸਾਰ ਦੁਨੀਆਂ ਭਰ ਵਿੱਚ 96000 ਮਤ ਮਤਾਂਤਰ ਚੱਲੇ। ਜਿਨ੍ਹਾਂ ਵਿੱਚੋਂ ਭਾਰਤ ਭੂਮੀ ਤੇ ਚੱਲਣ ਵਾਲੇ 200 ਕੁ ਮੱਤਾਂ ਮਤਾਂਤਰਾਂ ਬਾਰੇ ਲੇਖਕ ਨੇ ਬੜ੍ਹੀ ਭਰਪੂਰ ਵਾਕਫੀਅਤ ਦਿੱਤੀ ਹੈ। ਇਨ੍ਹਾਂ ਦੋ ਕੁ ਸੌ ਮੱਤਾਂ ਵਿੱਚ ਗੁਰਮਤਿ ਮੱਤ ਦਾ ਵਿਸ਼ੇਸ਼ ਸਥਾਨ ਹੈ। ਇਹ ਮੱਤ ਆਧੁਨਿਕ ਯੁੱਗ ਦੇ ਅਨੁਕੂਲ ਅਤੇ ਵਧੇਰੇ ਲਾਹੇਵੰਦ ਹੈ। ਗੁਰਮਤਿ ਵਿੱਚ ਵੀ ਵੱਖ ਵੱਖ ਸ਼੍ਰੇਣੀਆਂ ਹਨ। ਜਿਨ੍ਹਾਂ ਨੇ ਗੁਰੂ ਸ਼ਬਦ ਪ੍ਰਚਾਰਣ ਲਈ ਦੇਸ਼ ਪ੍ਰਦੇਸ਼ ਵਿੱਚ ਕੰਮ ਕੀਤਾ। ਮੁੱਖ ਰੂਪ ਵਿੱਚ ਇਸ਼ਟ ਗੁਰੂ ਗ੍ਰੰਥ ਸਾਹਿਬ ਹੀ ਹੈ। ਪਰ ਰੀਤੀ ਰਿਵਾਜਾਂ ਵਿੱਚ ਥੋੜਾ ਥੋੜਾ ਭੇਦ ਜਰੂਰ ਹੈ । ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸਿੱਖ ਪੰਥ ਤੇ ਗੁਰਮਤਿ ਦਾ ਆਰੰਭ ਹੋਇਆ। ਨਿਰਮਲ ਪੰਥ ਦੇ ਆਦਿ ਅਚਾਰਯਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ । ਪਰ ਇੱਕ ਵਿਚਾਰ ਅਨੁਸਾਰ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਗੁਰਮਤਿ ਦੇ ਅਨੁਕੂਲ ਸਿਧਾਤਾਂ ਦਾ ਪ੍ਰਚਾਰ ਜੋਰਾਂ ਤੇ ਸੀ ਤੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤਾਂ ਸੂਫੀ ਮੱਤ ਭਗਤੀ ਮਾਰਗ ਦੇਵਾਂਤ ਮੱਤ ਜੋਰਾਂ ਤੇ ਸੀ । ਸਿਧਾਂਤਕ ਤੌਰ ਤੇ ਜਦੋਂ ਅਸੀਂ ਗੁਰੂ ਮਤ ਨੂੰ ਵਿਚਾਰਦੇ ਹਾਂ ਤਾਂ ਉਪਰੋਕਤ ਮੱਤ ਗੁਰੂ ਮਤਿ ਨਾਲ ਬਹੁਤ ਮੇਲ ਖਾਂਦੇ ਹਨ ।
ਭੱਟਾਂ ਦਾ ਕਹਿਣਾ" ਨਾਨਕ ਨਿੰਮਲ ਕੁਲਿ ਅਵਤਰਿਓ" ਗੁਰੂ ਨਾਨਕ ਦੇਵ ਜੀ ਨੇ ਨਿਰਮਲ ਕੁੱਲ ਵਿਚ ਅਵਤਾਰ ਲਿਆ ਵਾ ਪ੍ਰਵੇਸ਼ ਕੀਤਾ। ਜਿਹੜੇ ਸ਼ੁੱਧ ਸਿਧਾਂਤਾਂ ਵਾਲਾ ਨਿਰਮਲ ਪੰਥ ਸੀ ਉਸਦਾ ਹੀ ਪ੍ਰਚਾਰ ਕੀਤਾ। ਉਤਮ ਸਿਧਾਤਾਂ ਨੂੰ ਗੁਰੂ ਜੀ ਨੇ ਧਾਰਣ ਕੀਤਾ ਵਾ ਉਨ੍ਹਾਂ ਦਾ ਪ੍ਰਚਾਰ ਕੀਤਾ। ਵੇਈਂ ਪ੍ਰਵੇਸ਼ ਪਿੱਛੋਂ ਜਦੋਂ ਬਾਹਰ ਆਏ ਤਾਂ ਭਾਈ ਭਗੀਰਥ ਦੀ ਲਿਖਤ ਅਨੁਸਾਰ ਗੁਰੂ ਬਾਬੇ ਦਾ ਪਹਿਰਾਵਾ ਨਿਰਮਲੇ ਮਹਾਂਪੁਰਖਾਂ ਵਾਲਾ ਹੀ ਸੀ। ਉਹੀ ਪਹਿਰਾਵਾ ਨਿਰਮਲ ਸੰਪਰਦਾਇ ਦੇ ਮਹਾਂਪੁਰਖਾਂ ਨੇ ਧਾਰਣ ਕੀਤਾ ਅਤੇ ਗੁਰੂ ਮਤਿ ਨੂੰ ਦੇਸ਼ਾ ਵਿਦੇਸ਼ਾ ਵਿਚ ਪ੍ਰਚਾਰਿਆ । ਮੱਕੇ ਦੀ ਗੋਸ਼ਟ ਵਿਚ ਕਾਜੀ ਰੁਕਨਦੀਨ ਨੂੰ ਆਪਣਾ ਮੱਤ ਗੁਰੂ ਜੀ ਨੇ ਨਿਰਮਲ ਪੰਥ ਹੀ ਦੱਸਿਆ ਸੀ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰੂ ਜੀ ਦਾ ਜਿਹੜਾ ਪਹਿਰਾਵਾ ਵਰਨਣ ਕੀਤਾ ਹੈ ਉਹ ਨਿਰਮਲ ਪੰਥ ਦਾ ਹੀ ਹੈ:
ਸਿਰਪਰ ਨੁਕਲ ਯੁਗਲ ਗਜ ਗਲ ਖਫਨੀ ਵਰਚੀਰ ॥ ਸੰਬਿਆਨਾ ਭਗਵਾ ਸਜੋ, ਧਾਰਿਉ ਭੇਖ ਸਰੀਰ॥
ਅਤੇ ਭਾਈ ਲਹਿਣਾਂ ਜੀ ਨੂੰ ਅਨੇਕ ਕਸਵੱਟੀਆਂ ਤੇ ਪਰਖ ਕੇ ਬਾਰਾ ਬੰਨੀ ਤੇ ਸੋਨੇ ਦੀ ਤਰ੍ਹਾਂ ਸ਼ੁੱਧ ਕਰਕੇ ਅਤੇ ਜਾਣ ਕਰਕੇ ਆਪਣੀ ਗੱਦੀ ਦੇ ਕੇ ਨਿਰਮਲ ਭੇਖ ਦਾ ਸਿੱਕਾ ਪ੍ਰਸਿੱਧ ਕੀਤਾ ਭਾਈ ਗੁਰਦਾਸ ਜੀ ਦਾ ਕਥਨ ਹੈ:
ਥਾਪਿਓ ਲਹਿਣਾ ਜੀਵਦੈ ਗੁਰਆਈ ਸਿਰ ਛਤ੍ਰ ਫਿਰਾਇਆ॥ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ॥
ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਨੇ ਗੁਰੂ ਜੀ ਦਾ ਮੱਤ ਨਿਰਮਲ ਪੰਥ ਸਾਖਯਾਤ ਖਾਸ ਦਸ਼ੋ ਗੁਰੂ ਸਾਹਿਬੋ ਕਾ ਮੰਨਿਆ ਹੈ। ਸਿੱਖ ਮੱਤ ਵਿਚ ਨਿਰਮਲ ਭੇਖ ਦੇ ਆਰੰਭ ਬਾਰੇ ਦੋ ਵਿਚਾਰਾਂ ਹਨ।
ਪਹਿਲੀ ਵਿਚਾਰ ਅਨੁਸਾਰ ਤਾਂ ਨਿਰਮਲ ਭੇਖ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋਂ ਹੋਇਆ । ਦੂਜੀ ਵਿਚਾਰ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੋਇਆ।
ਪਹਿਲੇ ਵਿਚਾਰ ਦੀ ਪੁਸ਼ਟੀ ਆਦਿ ਗ੍ਰੰਥ ਦੀ ਬਾਣੀ ਦੇ ਹਵਾਲੇ, ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਭਗੀਰਥ ਦੀ ਵਾਰ, ਮੱਕੇ ਦੀ ਗੋਸ਼ਟ, ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਦੇ ਹਵਾਲਿਆਂ ਤੋਂ ਹੁੰਦੀ ਹੈ ।
ਦੂਜੇ ਵਿਚਾਰ ਦੀ ਪੁਸ਼ਟੀ ਇਤਿਹਾਸਕ ਤੌਰ ਤੇ 1743 ਬਿਕਰਮੀ ਅਨੁਸਾਰ 1786 ਈਸਵੀ ਵਿੱਚ ਪੰਜਾਂ ਸਿੱਖਾਂ ਨੂੰ ਸ੍ਰੀ ਪਾਉਂਟਾ ਸਾਹਿਬ ਦੇ ਸਥਾਨ ਤੋਂ ਨਿਰਮਲ ਭੇਖ, ਗੇਰਵੇ ਬਸਤਰ, ਗਾਤੀਆਂ ਪਹਿਨਾ ਕੇ ਸਿਰ ਤੇ ਛੋਟੀ ਦਸਤਾਰ ਹੱਥ ਵਿੱਚ ਚਿੱਪੀਆਂ ਦੇ ਕੇ ਬਨਾਰਸ ਪੜ੍ਹਨ ਵਾਸਤੇ ਭੇਜਿਆ । ਗੁਰੂ ਜੀ ਨੇ ਵਚਨ ਕੀਤਾ:
ਜਾਉ ਮੇਰੇ ਲਾਲ ਪਾਲ ਕਰ ਹੈ ਅਕਾਲ ਥਾਰੀ॥
ਸਾਰੀ ਸੁੱਖ ਸੰਪਦਾ ਮੈਂ ਵਾਰੀ ਸਿਰ ਥਾਰੇ ਪੈ॥
ਕਾਮ ਕ੍ਰੋਧ ਲੋਭ ਤਯਾਗ ਸਾਗ ਪਾਤ ਖਾਇ ਬਹੁ ॥
ਬੜ ਹੂਂ ਕੀ ਛਾਯਾ ਅਥਵਾ ਸੁੰਨੇ ਘਰ ਢਾਰੇ ਪੈ॥
ਬ੍ਰਮਚਾਰੀ ਰੀਤਿ ਜੋਈ ਹੋਈ ਬਿਪ੍ਰੀਤ ਸੋਈ॥
ਸੋਈ ਅਬ ਪ੍ਰਗਟੀਯੋ ਦੇਸ਼ ਇਸ ਸਾਰੇ ਪੈ॥
ਵਿੱਦਿਆ ਪੜ੍ਹ ਕੇ ਸੰਤ ਗੰਡਾ ਸਿੰਘ ਜੀ ਸੰਤ ਸਹਿਣਾ ਸਿੰਘ ਜੀ, ਸੰਤ ਕਰਮ ਸਿੰਘ ਜੀ, ਸੰਤ ਵੀਰ ਸਿੰਘ, ਸੰਤ ਸੋਭਾ ਸਿੰਘ ਜੀ ਵਾਪਸ ਗੁਰੂ ਜੀ ਦੀ ਸ਼ਰਣ ਵਿੱਚ ਆਏ। ਪੰਚ ਮਹਾਂਪੁਰਖਾਂ ਨੂੰ ਗੁਰੂ ਜੀ ਨੇ ਦੇਸ਼ ਵਿਦੇਸ਼ ਵਿੱਚ ਵਿੱਦਿਆ ਪੜ੍ਹਾਉਣ ਤੇ ਗੁਰਮਤਿ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ। ਇਸ ਪ੍ਰਕਾਰ ਗੁਰ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਨਿਰਮਲ ਸੰਪਰਦਾਇ ਵੇਦ ਕਤੇਬੋਂ ਬਾਹਰੀ, ਸਬਰ, ਸੰਤੋਖ, ਤਿਆਗੀ, ਵਿਰਕਤ, ਵਿਦਵਾਨ ਮਹਾਂਪੁਰਖਾਂ ਦੀ ਚਲਦੀ ਫਿਰਦੀ ਯੂਨੀਵਰਸਿਟੀ ਕਾਇਮ ਕੀਤੀ। ਜਿਸ ਵਿੱਚ ਵੱਖ-ਵੱਖ-ਵਿਸ਼ੇ ਸਨ ਜਿਵੇਂ ਅਧਿਆਤਮਕ ਖੋਜ, ਨਾਮ ਸਿਮਰਨ, ਵਿੱਦਿਆ ਪੜ੍ਹਾਉਣਾ, ਰਾਗ ਵਿੱਦਿਆ, ਸਾਹਿਤ ਰਚਨਾ, ਕਥਾ ਵਿਖਿਆਨ, ਅਯੁਰਵੈਦਿਕ ਦੁਆਰਾ ਲੋਕ ਭਲਾਈ ਆਦਿ ਵਿਸ਼ਿਆਂ ਦਾ ਪ੍ਰਚਾਰ ਤੇ ਪਸਾਰ ਲੱਗਭੱਗ 15ਵੀਂ ਸਦੀ ਤੋਂ ਹੁਣ ਤੱਕ ਚਲਦਾ ਆ ਰਿਹਾ ਹੈ।
ਦੂਜੀ ਵਾਰ 1756 ਬਿਕਰਮੀ ਸੰਮਤ ਅਨੁਸਾਰ 1699 ਈ: ਨੂੰ ਕੇਸਗੜ੍ਹ ਦੇ ਮੈਦਾਨ ਵਿੱਚ ਸਿੰਘ ਸਜਾਉਣ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ 203 ਸਾਲਾਂ ਪਿੱਛੋਂ ਅਤੇ ਨਿਰਮਲੇ ਸੰਤਾਂ ਦੀ ਨਾਦੀ ਪੁੱਤਰ ਦੀ ਚੋਣ ਪਿੱਛੋਂ ਠੀਕ 13 ਸਾਲ ਬਾਅਦ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਨਿਰਮਲੇ ਸੰਤ ਹੀ ਮੈਦਾਨ ਵਿੱਚ ਨਿਤਰੇ ਤੇ ਸ਼ੀਸ਼ ਭੇਟ ਕਰਨ ਲਈ ਲੱਖਾਂ ਦੀ ਗਿਣਤੀ ਵਿੱਚੋਂ ਅੱਗੇ ਆਏ। ਸਿਰ ਦੇ ਕੇ ਅੰਮ੍ਰਿਤਪਾਨ ਕੀਤਾ। ਇਸ ਬਾਰੇ ਸੂਰਜ ਪ੍ਰਕਾਸ਼ ਵਿਚ ਇਵੇਂ ਲਿਖਿਆ ਹੈ:
ਇਹ ਬਿਧ ਪਾਂਚੋਂ ਸਿੰਘ ਕੋ ਖੰਡੇ ਪਾਹੁਲ ਦੀਨ॥ ਪੰਚ ਕੋਸ਼ ਉਹ ਗਯਾਨ ਦੇ ਨਿਰਮਲ ਪੰਥ ਸੁ ਕੀਨ ॥
13 ਸਾਲ ਬਾਅਦ ਆਪਣੇ ਦੂਜੇ ਪੁੱਤਰ ਖਾਲਸੇ ਦਾ ਪੰਥ ਵੀ ਨਿਰਮਲ ਹੀ ਬਿਆਨ ਕੀਤਾ ਹੈ । ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਵਿੱਦਿਆ ਤੇ ਵਰ ਪ੍ਰਾਪਤ ਕਰਕੇ ਨਿਰਮਲ ਸੰਪਰਦਾਇ ਦੇ ਮਹਾਂਪੁਰਖ ਚੜ੍ਹਦੀਆਂ ਕਲਾਂ ਵਿੱਚ ਸਮਾਜ ਵਿਚ ਵਿਚਰਨ ਲੱਗੇ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਠੀਕ 2 ਸਾਲ ਪਿੱਛੋਂ 1710 ਈ: ਵਿੱਚ ਸੰਤ ਬਾਬਾ ਦਰਗਾਹਾ ਜੀ ਨੇ ਕਨਖਲ ਹਰੀਦੁਆਰ ਨਿਵਾਸ ਕੀਤਾ ਤੇ 1726 ਵਿੱਚ ਰਾਇ ਅਹਿਮਦ ਨੇ ਬਹੁਤ ਸਾਰੀ ਜਮੀਨ ਦਾ ਪਟਾ ਬਾਬਾ ਦਰਗਾਹਾ ਸਿੰਘ ਦੇ ਡੇਰੇ ਦੇ ਨਾਮ ਲਿਖ ਦਿੱਤਾ।
1743 ਈ: ਵਿੱਚ ਪੰਡਿਤ ਮਾਨ ਸਿੰਘ ਜੀ ਨੇ ਕੁਰੂਕਸ਼ੇਤਰ ਵਿੱਚ ਧਰਮ ਅਰਥ ਜਮੀਨ ਲਈ। 1752 ਵਿੱਚ ਮਹਾਰਾਜਾ ਆਲਾ ਸਿੰਘ ਦੀ ਪੁੱਤਰੀ ਬੀਬੀ ਪ੍ਰਧਾਨ ਕੌਰ ਨੇ ਪੰਡਤ ਨਿੱਕਾ ਸਿੰਘ ਜੀ ਨੂੰ 30 ਪਿੰਡਾਂ ਦਾ ਪਟਾ ਲਿੱਖ ਦਿੱਤਾ । ਪੰਜਾਬ ਵਿੱਚ ਗੁਰੂ ਜੀ ਤੋਂ 40 ਕੁ ਸਾਲ ਬਾਅਦ ਅੰਮ੍ਰਿਤਸਰ ਵਿੱਚ ਸੰਤ ਕੋਇਰ ਸਿੰਘ ਨੇ ਬੂੰਗਾ ਨਿਰਮਲਿਆਂ ਕਾਇਮ ਕੀਤਾ । ਡੇਰਿਆਂ, ਮਕਾਨਾਂ, ਜਗੀਰਾਂ ਤੇ ਪਟਿਆਂ ਤੋਂ ਨਿਰਮਲ ਪੰਥ ਦਾ ਅਰੰਭ ਮੰਨਣਾ ਵੀ ਯੁਗਤੀ ਪੂਰਵਕ ਨਹੀਂ ਹੈ। ਪ੍ਰਤੀਤ ਹੁੰਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੀ ਨਿਰਮਲ ਭੇਖ ਪ੍ਰਚਲਿਤ ਸੀ । ਸ਼੍ਰੀ ਗਰੂ ਜੀ ਦੇ ਇਹ ਮਤ ਧਾਰਨ ਕਰਨ ਨਾਲ ਇਸ ਦੀ ਪ੍ਰਸਿੱਧੀ ਦੂਰ ਤੱਕ ਹੋ ਗਈ। ਨਿਰਮਲ ਪੰਥ ਨੂੰ ਫੈਲਣ ਦਾ ਮੌਕਾ ਮਿਲਿਆ।
ਈ: 1699 ਵਿਸਾਖੀ ਨੂੰ ਸ੍ਰੀ ਅਨੰਦ ਪੁਰ ਸਾਹਿਬ ਕੇਸਗੜ੍ਹ ਦੇ ਖੁੱਲੇ ਮੈਦਾਨ ਵਿੱਚ ਜਦੋਂ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਤਾਂ ਸਭ ਤੋਂ ਪਹਿਲਾਂ ਨਿਰਮਲੇ ਸੰਤ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਅੰਮ੍ਰਿਤ ਪਾਨ ਕੀਤਾ । ਪੰਡਿਤ ਗੁਲਾਬ ਸਿੰਘ ਜੀ ਦਾ ਕਥਨ ਹੈ:
ਸ੍ਰੀ ਗੁਰੂ ਗੋਬਿੰਦ ਸਿੰਘ ਜੂ ਪੂਰਨ ਹਰਿ ਅਵਤਾਰ ॥ ਗਹਯੋ ਪੰਥ ਭਵ ਮੈਂ ਪ੍ਰਗਟ ਦੋ ਬਿਧ ਕੋ ਅਵਤਾਰ॥
ਏਕਨ ਕੇ ਕਰ ਖੜਗ ਦੈ ਭੁੱਜਵਲ ਬਹੁ ਬਿਸਤਾਰ॥ ਪਾਲਨ ਭੂਮੀ ਕੋ ਕਰਯੋ, ਦੁਸ਼ਟਨ ਮੂਲ ਉਖਾਰ॥
ਔਰਨ ਕੀ ਪਿੱਖ ਬਿਮਲ ਮਤਿ ਦੀਨ ਪਰਮ ਵਿਵੇਕ॥ ਨਿਰਮਲ ਭਾਖੇ ਜਗਤ ਤਿਹ ਹੇਰੇ ਬ੍ਰਹਮ ਸੋ ਏਕ ॥
ਵਿਰੱਕਤ, ਵਿਵੇਕੀ ਉਤਮ ਮਤ ਵਾਲਾ ਨਿਰਮਲਾ ਤੇ ਬਹਾਦੁਰ, ਸੂਰਵੀਰ, ਧਰਮ ਦੀ ਰੱਖਿਆ ਕਰਨ ਵਾਲਾ ਦੋਨੋਂ ਤਰ੍ਹਾਂ ਦੇ ਨਿਰਮਲੇ ਸੰਤ ਤੇ ਖਾਲਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰ ਕਹਾਏ ਤੇ ਜਗਤ ਪ੍ਰਸਿੱਧ ਹਨ।
ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਜੀ ਨੇ ਆਪ ਗੁਰੂ ਜੀ ਤੋਂ ਅੰਮਿਤ ਪਾਨ ਕਰ ਕੇ ਅਗਾਂਹ ਸਿੱਖਾਂ ਨੂੰ ਅੰਮ੍ਰਿਤਪਾਨ ਕਰਾ ਕੇ ਸਿੰਘ ਸਜਾਉਣੇ ਸ਼ੁਰੂ ਕੀਤੇ। ਕਟਈ ਸੰਪ੍ਰਦਾਇ ਦੇ ਮੋਢੀ ਬਾਬਾ ਨੱਥਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਣ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਵਿਖੇ ਰਹੇ। ਅੰਮ੍ਰਿਤਪਾਨ ਕਰਾਉਣ ਦੀ ਸੇਵਾ ਕਰਦੇ ਰਹੇ। ਇਨ੍ਹਾਂ ਦੇ ਸ਼ਿਸ਼ ਸੰਤ ਸੰਪੂਰਨ ਸਿੰਘ ਜੀ ਸੋਢੀ ਜਿਨ੍ਹਾਂ ਦਾ ਜਨਮ ਗੁਰੂ ਕਾ ਕੋਠਾ ਸੀ, ਸ਼ਿਸ਼ ਬਣੇ ਤੇ ਪਿੱਛੋ ਸੇਵਾ ਸਿਮਰਨ ਦੀ ਕਮਾਈ ਕਰਕੇ ਸਤਿਗੁਰੂ ਤੋਂ ਆਗਿਆ ਲੈ ਕੇ ਕੁਰੂਕਸ਼ੇਤਰ ਦੀ ਧਰਤੀ ਤੇ ਰਹੇ।
(ਲੜੀ ਜਾਰੀ ਹੈ...)
ਲੇਖਕ ਸੰਤ ਤੇਜਾ ਸਿੰਘ ਐਮ ਏ
ਮੁਖੀ ਡੇਰਾ ਗੁਰੂ ਸਰ ਖੁੱਡਾ