The Three Heats (Self-Contemplation-2)
ਤੀਨੇ ਤਾਪ
ਆਤਮਾ ਸਦੀਵ ਕਾਲ ਅਨੰਦ ਸਰੂਪ ਹੈ। ਫਿਰ ਵੀ ਇਹ ਜੀਵ ਆਪਣੇ ਅਨੰਦ ਅਤੇ ਸਰੂਪ ਨੂੰ ਨਹੀਂ ਪਹਿਚਾਣਦਾ, ਤੇ ਦੁੱਖ ਸੁੱਖ ਨੂੰ ਪ੍ਰਾਪਤ ਹੁੰਦਾ ਹੈ। ਨਿਤ ਨਿਵਰਤੀ ਦੀ ਨਵਿਰਤੀ ਵੀ ਬਣਦੀ ਹੈ। ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੋ ਕੇ, ਜੀਵ ਡਰ ਅਨੁਭਵ ਕਰਦਾ ਹੈ। ਰੱਸੀ ਵਿਚ ਸਰਪ ਦੀ ਨਿੱਤ ਨਿਵਰਤੀ ਹੈ ਕਿਉਂਕਿ ਰੱਸੀ ਦੇ ਗਿਆਨ ਨਾਲ ਸਰਪ ਦੀ ਨਿਵਰਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸੰਸਾਰ, ਆਤਮਾ ਵਿੱਚ, ਨਿੱਤ ਨਿਵਰਤੀ ਹੈ। ਆਤਮ ਦੇ ਗਿਆਨ ਨਾਲ ਜਗਤ ਦੀ ਨਿਤ ਨਿਵਰਤੀ ਦੀ ਨਵਿਰਤੀ ਹੋ ਜਾਂਦੀ ਹੈ।ਇਸ ਤਰ੍ਹਾਂ ਸਪੱਸ਼ਟ ਕਿਹਾ ਜਾ ਸਕਦਾ ਹੈ, ਕਿ ਨਿਤ ਨਵਿਰਤੀ ਨਵਿਰਤੀ ਅਤੇ ਨਿਤ ਪ੍ਰਾਪਤੀ ਦੀ ਪ੍ਰਾਪਤੀ, ਸੰਭਵ ਹੈ। ਇਕ ਸ਼ੰਕਾ ਹੈ ਕਿ ਕਾਰਣ ਸਹਿਤ ਜਗਤ ਦੀ ਨਵਿਰਤੀ ਅਤੇ ਪਰਮਾਨੰਦ ਦੀ ਪ੍ਰਾਪਤੀ, ਗ੍ਰੰਥ ਦਾ ਪ੍ਰਯੋਜਨ ਕਿਹਾ ਹੈ। ਇਹ ਠੀਕ ਨਹੀਂ, ਕਿਉਂਕਿ ਨਵਿਰਤੀ ਦਾ ਅਰਥ ਖਤਮ ਹੋ ਜਾਣਾ ਹੈ ਨਾਸ਼ ਹੋਣਾ, ਤੇ ਖਤਮ ਹੋਣਾ, ਇਕੋ ਹੀ ਅਰਥ ਹੈ। ਇਹ ਕਿਹਾ ਜਾ ਸਕਦਾ ਹੈ ਨਾਸ ਅਭਾਵ ਰੂਪ ਹੈ। ਇਸ ਲਈ ਮੁਕਤੀ ਵਿਚ ਭਾਵ ਤੇ ਅਭਾਵ ਰੂਪ ਦੋਨੋ ਅਨੁਭਵ ਹੁੰਦੇ ਹਨ। ਭਾਵ ਰੂਪ, ਤੇ ਅਭਾਵ ਰੂਪ, ਦੋਨੋਂ ਹੀ ਇਕ ਕਾਲ ਵਿਚ ਇਕ ਦੂਸਰੇ ਦੇ ਵਿਰੋਧੀ ਹਨ। ਜਿਹੜਾ ਵਿਰੋਧੀ ਧਰਮ ਹੋਵੇ, ਉਹ ਇਕ ਕਾਲ ਵਿਚ ਇਕ ਵਸਤੂ ਵਿਚ ਨਹੀਂ ਰਹਿ ਸਕਦਾ। ਇਸ ਲਈ ਗ੍ਰੰਥ ਦਾ ਪ੍ਰਯੋਜਨ, ਅਨਾਤਮ ਬੰਧਨਾਂ ਤੋਂ ਮੁਕਤੀ ਤੇ ਪਰਮਾਨੰਦ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਇਸ ਦੇ ਉਤਰ ਵਜੋਂ ਵਿਚਾਰ ਸਾਗਰ ਵਿਚ ਬਹੁਤ ਸੁੰਦਰ ਕਥਨ ਕੀਤਾ ਹੈ।
ਅਧਿਸਠਾਨ ਤੇ ਭਿੰਨ ਨਹਿ, ਜਗਤ ਨਵਿਰਤੀ ਵਖਾਨ॥
ਸਰਪ ਨਵਿਰਤੀ ਰੱਜੂ ਜਿਮੇਂ, ਭਏ ਰੱਜੂ ਕੋ ਗਿਆਨ॥
(ਵਿਚਾਰ ਸਾਗਰ ਪ੍ਰਿਥਮ ਤਰੰਗ ਛੰਦ ਨ:21)
ਕਾਰਣ ਸਹਿਤ ਸਰਪ ਦਾ ਅਧਿਸਠਾਨ ਰੱਸੀ ਹੈ। ਰੱਸੀ ਦੇ ਯਥਾਰਥ ਗਿਆਨ ਤੋਂ ਬਿਨਾਂ, ਰੱਸੀ ਵਿਚ ਸਰਪ ਦਾ ਭਰਮ ਦੂਰ ਨਹੀਂ ਹੁੰਦਾ। ਰੱਸੀ ਵਿਚ ਸਰਪ ਦਾ ਭਰਮ, ਕਲਪਿਤ ਹੈ, ਤੇ ਕਲਪਿਤ ਵਸਤੂ ਦੀ ਨਵਿਰਤੀ, ਅਧਿਸਠਾਨ ਰੂਪ ਹੀ ਹੈ ਉਸ ਤੋਂ ਭਿੰਨ ਨਹੀਂ ਹੈ। ਇਸ ਜਗ੍ਹਾ ਜਗਤ ਅਨਰਥ ਦੀ ਨਵਿਰਤੀ, ਬ੍ਰਹਮ ਹੀ ਹੈ ਕਿਉਂਕਿ ਸਾਰੇ ਹੀ ਅਨਰਥਾਂ ਦਾ ਆਸਰਾ (ਅਧਿਸ਼ਠਾਨ) ਬ੍ਰਹਮ ਹੀ ਹੈ। ਬ੍ਰਹਮ ਭਾਵ ਰੂਪ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ, ਕਿ ਜਗਤ ਅਨਰਥ ਦੀ ਨਵਿਰਤੀ, ਭਾਵ ਰੂਪ ਹੋਣ ਕਰਕੇ ਗ੍ਰੰਥ ਦਾ ਪ੍ਰਯੋਜਨ ਠੀਕ ਹੈ। ਇਸ ਵਿਚ ਕੋਈ ਸ਼ੰਕਾ ਨਹੀਂ ਹੈ।
ਚਾਰ ਸਾਧਨਾਂ ਯੁਕਤ ਅਧਿਕਾਰੀ ਹੈ। ਇਹਨਾ ਚਾਰਾਂ ਵਿੱਚ, ਮੋਖਸ਼ ਦੀ ਵਿਸ਼ੇਸ਼ ਗਿਣਤੀ ਹੈ। (ਬਿਬੇਕੑਵੈਰਾਗੑਖਟੑਸੰਪਤੀੑਮੋਖਸ਼) ਮੋਖਸ਼ ਦਾ ਰੂਪ ਕੀ ਹੈੈ ਕਾਰਣ ਸਹਿਤ ਜਗਤ ਦੀ ਨਵਿਰਤੀ ਅਤੇ ਬ੍ਰਹਮ ਦੀ ਪ੍ਰਾਪਤੀ ਹੀ ਮੋਖਸ਼ ਕਹਾਉਂਦੀ ਹੈ। ਇਸ ਵਿਚ ਇੱਕ ਸ਼ੰਕਾਂ ਹੈ, ਕਿ ਸਾਰਾ ਸੰਸਾਰ ਤਿੰਨ ਤਰ੍ਹਾਂ ਦੇ ਦੁੱਖਾਂ ਦੀ ਨਵਿਰਤੀ ਚਾਹੁੰਦਾ ਹੈ। ਕਾਰਣ ਸਹਿਤ ਜਗਤ ਦੀ ਨਵਿਰਤੀ ਕੋਈ ਨਹੀਂ ਚਾਹੁੰਦਾ, ਤਿੰਨਾਂ ਤਾਪਾਂ ਦਾ ਜ਼ਿਕਰ, ਗੁਰਬਾਣੀ ਵਿਚ ਭੀ ਆਇਆ ਹੈ
(੧) ਤੀਨੇ ਤਾਪ ਨਿਵਾਰਣਹਾਰਾ, ਦੁਖ ਹੰਤਾ ਸੁਖ ਰਾਸਿ॥
ਤਾ ਕਉ ਬਿਘਨੁ ਨ ਕੋਊ ਲਾਗੈ, ਜਾਕੀ ਪ੍ਰਭ ਆਗੈ ਅਰਦਾਸਿ ।। (੭੧੪ੑ ਟੋਡੀ ਮ:੫)
(੨) ਜੋ ਜੋ ਦੀਸੈ ਸੋ ਸੋ ਰੋਗੀ ॥
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥ (੧੧੪੦ ਭੈਰਉ ਮ:੫)
ਤੀਨੇ ਤਾਪ ਸਭ ਨੂੰ ਵਿਆਪਦੇ ਹਨ। ਤਿੰਨਾਂ ਤਾਪਾਂ ਕਰਕੇ ਹਰ ਪ੍ਰਾਣੀ ਮਾਤਰ ਦੁਖੀ ਹੈ। ਨੇਤ੍ਰਾਂ ਨਾਲ ਦਿਸਣ ਵਾਲੇ ਜਗਤ ਵਿਚ, ਹਰ ਕੋਈ ਰੋਗੀ ਹੀ ਹੈ। ਕੇਵਲ ਸਤਿਗੁਰੂ ਹੀ ਰੋਗਾਂ ਤੋਂ ਰਹਿਤ ਹੈ। ਸੰਸਾਰ ਦੇ ਦੁਖੀ, ਲੋਕ, ਦੁਖਾਂ ਦੀ ਨਵਿਰਤੀ ਚਾਹੁੰਦੇ ਹਨ। ਮੂਲ ਸਹਿਤ ਜਗਤ ਦੀ ਨਵਿਰਤੀ, ਕੋਈ ਨਹੀਂ ਚਾਹੁੰਦਾ। ਬਲਕਿ ਬਿਬੇਕੀ ਪੁਰਖ ਵੀ, ਤਿੰਨਾਂ ਤਾਪਾਂ ਦੀ ਨਵਿਰਤੀ ਚਾਹੁੰਦੇ ਹਨ। ਤਾਪ ਕਿਹੜੇ ਹਨੈ
੧. ਅਧਿਆਤਮਕ ਦੁਖ (ਤਾਪ)ੑ ਰੋਗ, ਭੁੱਖ ਪਿਆਸ ਤੋਂ ਜਿਹੜਾ ਦੁੱਖ ਹੋਵੇ, ਉਸ ਨੂੰ ਅਧਿਆਤਮਕ ਦੁੱਖ ਕਹਿੰਦੇ ਹਨ। ਸਰੀਰਕ ਰੋਗ ਕੋਈ ਨਹੀ ਚਾਹੰਦਾ,ਤੇ ਭੁੱਖ ਪਿਆਸ ਵੀ ਕੋਈ ਨਹੀਂ ਚਾਹੁੰਦਾ,ਬਲਕਿ ਕਬੀਰ ਜੀ ਕਹਿੰਦੇ ਹਨ।
ਭੂਖੇ ਭਗਤਿ ਨਾ ਕੀਜੈ ॥ ਯਹ ਮਾਲਾ ਅਪਨੀ ਲੀਜੈ ॥
ਹਉ ਮਾਂਗਉ ਸੰਤਨ ਰੇਨਾ ॥ ਮੈਂ ਨਾਹੀ ਕਿਸੀ ਕਾ ਦੇਨਾ ॥
(੬੫੬ ਰਾਗ ਸੋਰਠਿ ਬਾਣੀ ਕਬੀਰ ਜੀ)
ਭੁਖਿਆਂ ਪਰਮੇਸ਼ਰ ਦਾ ਨਾਮ ਲੈਣਾ ਔਖਾ ਹੈ। ਪਿਆਸਾ ਪਹਿਲਾਂ ਆਪਣੀ ਪਿਆਸ ਬੁਝਾਉਣੀ ਚਾਹੁੰਦਾ ਹੈ। ਦੁਨੀਆਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮੇਹਨਤੀ ਭੁੱਖਾ, ਪਿਆਸਾ ਮੇਹਨਤ ਕਰਨ ਲਈ ਤਿਆਰ ਨਹੀਂ। ਕਬੀਰ ਜੀ ਕਹਿੰਦੇ ਹਨ ਭਗਵਾਨ ਜੀ ਆਪਣੀ ਮਾਲਾ ਲੈ ਲਵੋ, ਭੁੱਖਿਆਂ ਤੋਂ ਤੇਰਾ ਨਾਮ ਜਪਣਾ ਔਖਾ ਹੈ। ਦੋ ਸੇਰ ਆਟਾ, ਪਾ ਪੱਕਾ ਘਿਓ ਤੇ ਲੂਣ, ਅੱਧ ਸੇਰ ਦਾਲ। ਫਿਰ ਮੋਕਓ, ਦੋਨੋਂ ਵੱਖਤ ਜਿਵਾਲਣਾ ਵੀ, ਤੂੰ ਹੀ ਹੈ । ਮੰਜਾ ਤਲਾਈ ਸਿਰਹਾਨਾ, ਉਪਰ ਲਈ ਖਿੰਧ (ਰਜਾਈ) ਚਾਹੀਦੀ ਹੈ। ਮੇਰੀਆਂ ਨਿਤ ਦੀਆਂ ਲੋੜਾਂ ਪੂਰੀਆਂ ਹੋਈ। ਚਾਹੀਦੀਆਂ ਹਨ।
ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ॥
ਤਿੰਨੇ ਕੇ ਕਾਜ ਸਵਾਰਤਾ॥ ਦਾਲਿ ਸੀਧਾ ਮਾਂਗਉ ਘੀਉ॥
ਹਮਰਾ ਖੁਸੀ ਕਰੈ ਨਿਤ ਜੀਉ ॥
(੬੯੫ ਰਾਗ ਸੋਰਠਿ ਧੰਨਾ)
ਦਾਲ, ਸੀਧਾ, ਮਾਂਗਉ ਘੀਓ ਆਦਿ ਸਾਰਾ ਕੁਝ ਲੋੜ ਅਨੁਸਾਰ ਚਾਹੀਦਾ ਹੈ ਪਰ ਨਾਲ, ਜੇਕਰ ਦੁਨੀਆਂ ਦੇ ਪਦਾਰਥ ਹੋਣ, ਪਰੰਤੂ ਸਰੀਰ ਸਵਸਥ ਨਾ ਹੋਵੇ, ਤਾਂ ਪਦਾਰਥ ਕਿਸ ਕੰਮ ਦੇ ਹਨ। ਇਸ ਲਈ ਮੇਰਾ ਸਰੀਰ ਭੀ ਠੀਕ ਹੋਵੇ, ਇਸ ਨੁੰ ਕੋਈ ਰੋਗ ਨਹੀਂ ਹੋਣਾ ਚਾਹੀਦਾ।
ਰੋਗ ਘਟੈ ਕਛੁ ਅਉਖਧ ਖਾਏ ॥
(ਇਹ ਵੈਦਕ ਗ੍ਰੰਥ ਦਾ ਪ੍ਰਮਾਣ ਹੈ।)
੨. ਅਧਿਭੂਤਕ ਦੁੱਖ,ਚੋਰ, ਸਰਪ, ਵਿਆਗਰ, ਭੂਚਾਲ, ਮੀਂਹ, ਅੱਗ ਹਨੇਰੀ ਆਦਿ ਤੋਂ ਜਿਹੜਾ ਦੁੱਖ ਹੋਵੇ, ਉਸਨੂੰ ਅਧਿਭੁਤਕ ਦੁੱਖ ਕਹਿੰਦੇ ਹਨ। ਚੋਰ ਦਾ ਭੈਅ ਹਰ ਇਕ ਨੂੰ ਹੈ ਸਰਪ ਦੇਖਣ ਮਾਤਰ ਨਾਲ ਹੀ ਦੁੱਖ ਦਿੰਦਾ ਹੈ। ਕੁਦਰਤੀ ਕਰੋਪੀਆਂ ਵੀ ਜੀਵ ਨੂੰ ਹਰ ਸਮੇਂ ਭੈਅ ਭੀਤ ਕਰਦੀਆਂ ਹਨ। ਸੰਸਾਰ ਵਿਚ ਇਸ ਅਧਿਭੂਤਕ ਦੁੱਖ ਤੋਂ ਰਹਿਤ ਕੋਈ ਜੀਵ ਨਹੀਂ ਹੈ। ਆਪਣੇ ਤੋਂ ਤਗੜੇ ਤੋਂ ਡਰ, ਗੁਆਂਢੀ ਦੁਸ਼ਮਨ ਤੋਂ ਡਰ ਆਦਿ ਸਭ ਨੂੰ ਦੁੱਖ ਹਨ।
੩. ਅਧਿਦੈਵ ਦੁੱਖ ,ਜਖੂ, ਰਾਖਸ਼ਸ਼, ਭੂਤ, ਪ੍ਰੇਤ, ਗ੍ਰਹਿ ਆਦਿਕਾਂ ਤੋਂ ਜਿਹੜਾ ਦੁੱਖ ਹੁੰਦਾ ਹੈ। ਉਸਨੂੰ ਅਧਿਦੈਵ ਦੁੱਖ ਕਹਿੰਦੇ ਹਨ। ਇਹ ਦੁੱਖ ਭੀ ਲੱਗਭੱਗ ਹਰ ਪ੍ਰਾਣੀ ਮਾਤਰ ਨੂੰ ਹੈ। ਇਸ ਦੀ ਨਵਿਰਤੀ ਯੰਤਰੑਮੰਤਰੑਤੰਤਰ ਤੇ ਗੁਰੂ ਸਰਣ ਪ੍ਰਭੂ ਭਗਤਿ ਆਦਿ ਨਾਲ ਬਣਦੀ ਹੈ। ਇਸ ਲਈ ਗੁਰਬਾਣੀ ਵਿਚ ਅਟੱਲ ਸਚਾਈ ਦਾ ਬਿਆਨ ਹੈ
ਜੋ ਜੋ ਦੀਸੈ ਸੋ ਸੋ ਰੋਗੀ ॥
(੧੧੪੦- ਭੈਰਉ, ਮ। ੫)
ਕਹਿਕੇ ਕੀਤਾ ਹੈ, ਜੀਵ ਦੁਖੀ ਹੈ, ਪਰ ਈਸ਼ਵਰ ਸਤਿ, ਚਿੱਤ, ਅਨੰਦ ਸਰੂਪ ਹੈ।
੧। ਸ਼ਾਸਤ੍ਰ ਕਹਿੰਦਾ ਹੈ ਕਿ-“ਸਤਿਅੰ ਗਿਆਨ ਮਨੰਤੀਅੰ ਬ੍ਰਹਮ ॥“
ਜਾਂ ੨। ਸਤਿਅਮ-ਸ਼ਿਵਮ-ਸੁੰਦਰਮ॥
੩. ਸਤਿ ਸੁਹਾਣੁ ਸਦਾ ਮਨਿ ਚਾਉ ॥
(ਜਪੁਜੀ ਸਾਹਿਬ ਪਉੜੀ 21)
ਪਰਮੇਸ਼ਰ ਤੋਂ ਬਿਨਾਂ, ਸਾਰਾ ਪ੍ਰਾਣੀ ਮਾਤਰ, ਦੁੱਖਾਂ ਵਿਚ ਹੀ ਹੈ। ਇਸ ਤਰ੍ਹਾਂ ਸਾਰੇ ਮਨੁੱਖ ਤਿੰਨਾਂ ਤਰ੍ਹਾਂ ਦੇ ਦੁੱਖਾਂ ਦੀ ਨਵਿਰਤੀ ਤੇ ਬਿਬੇਕੀ ਪੁਰਖ ਵੀ ਦੁੱਖਾਂ ਦੀ ਨਵਿਰਤੀ ਚਾਹੁੰਦਾ ਹੈ। ਦੁੱਖਾਂ ਦੀ ਨਵਿਰਤੀ ਤੋਂ ਭਿੰਨ, ਕਿਸੇ ਪਦਾਰਥ ਦੀ ਇੱਛਾ ਨਹੀਂ ਕਰਦਾ। ਇਵੇਂ ਕਿਹਾ ਜਾ ਸਕਦਾ ਹੈ ਭਾਵੇਂ ਸਾਰੇ ਮਨੁੱਖਾਂ ਨੂੰ ਦੁੱਖਾਂ ਦੀ ਨਵਿਰਤੀ ਦੀ ਇੱਛਾ ਹੀ ਹੁੰਦੀ ਹੈ ਤਾਂ ਭੀ ਅਗਿਆਨ ਸਹਿਤ ਜਗਤ ਤੋਂ ਬਿਨਾਂ ਦੁੱਖਾਂ ਦੀ ਨਵਿਰਤੀ ਨਹੀਂ ਹੁੰਦੀ। ਇਸ ਵਾਸਤੇ ਅਗਰ ਦੁੱਖਾਂ ਦੀ ਨਵਿਰਤੀ ਜੀਵ ਚਾਹੁੰਦਾ ਹੈ ਤਾਂ ਅਗਿਆਨ ਸਹਿਤ ਜਗਤ ਦੀ ਨਵਿਰਤੀ ਹੋਣੀ ਜਰੂਰੀ ਹੈ ।
ਸ਼ੰਕਾਵਾਦੀ ਇਹ ਕਹਿ ਸਕਦਾ ਹੈ, ਵੱਖੑਵੱਖ ਤਰ੍ਹਾਂ ਦੇ ਦੁੱਖਾਂ ਦੀ ਨਵਿਰਤੀ ਵੱਖੑਵੱਖ ਤਰੀਕਿਆਂ ਨਾਲ ਹੋ ਸਕਦੀ ਹੈ। ਜਿਵੇਂੑਭੁੱਖ ਦੇ ਦੁੱਖ ਦੀ ਨਵਿਰਤੀ (ਭੋਜਨ) ਰੋਟੀ ਖਾਣ ਨਾਲ ਹੋ ਜਾਂਦੀ ਹੈ। ਪਿਆਸ ਦੇ ਦੁੱਖ ਦੀ ਨਵਿਰਤੀ ਪਾਣੀ ਪੀਣ ਨਾਲ ਹੋ ਜਾਂਦੀ ਹੈ, ਤੇ ਸਰੀਰਕ ਰੋਗ ਦੀ ਨਵਿਰਤੀ ਅਯੁਰਵੈਦਿਕ, ਐਲੋਪੈਥਿਕ ਆਦਿ ਦਵਾਈਆਂ ਵਰਤਣ ਨਾਲ ਹੋ ਜਾਂਦੀ ਹੈ। ਇਸ ਲਈ ਇਹ ਠੀਕ ਹੈ, ਅਧਿਆਤਮਕ ਦੁੱਖਾਂ ਦੀ ਨਵਿਰਤੀ ਵੱਖੑਵੱਖ ਤਰੀਕਿਆਂ ਨਾਲ ਹੋ ਜਾਂਦੀ ਹੈ। ਅਧਿਦੇਵ ਤਾਪਾਂ ਦੀ ਨਵਿਰਤੀ ਵੀ ਆਪਣੇ ਆਪਣੇ ਉਪਾਵਾਂ ਤੋਂ ਬਣਦੀ ਹੈ। ਪਰ ਮੋਖਸ਼ ਦੀ ਪ੍ਰਾਪਤੀ ਤਾਂ, ਕਾਰਣ ਸਹਿਤ ਜਗਤ ਦੀ ਨਵਿਰਤੀ ਤੋ ਅਨਾਤਮ ਬੰਧਨਾਂ ਤੋਂ ਛੁਟਕਾਰਾਂ ਤੇ ਬ੍ਰਹਮ ਦੀ ਪ੍ਰਾਪਤੀ ਕਰ ਲੈਣ ਨਾਲ ਹੀ ਹੋ ਸਕਦੀ ਹੈ। ਇਸ ਲਈ ਕਾਰਣ ਸਹਿਤ ਜਗਤ ਦੀ ਨਵਿਰਤੀ, ਤੇ ਬ੍ਰਹਮ ਦੀ ਪ੍ਰਾਪਤੀ, ਸਾਰੇ ਜੀਵ ਚਾਹੁੰਦੇ ਹਨ। ਖਾਸ ਕਰਕੇ ਬਿਬੇਕੀ ਪੁਰਸ ਦੀ ਚਾਹਨਾ, ਮੋਖਸ਼ ਹੈ। ਵਿਚਾਰ ਸਾਗਰ ਦੀ ਦੁਤੀਯ ਤਰੰਗ ਵਿਚ ਸ਼ੰਕਾ ਕੀਤੀ ਹੈ ਕਿ ਜਿਹੜੀ ਵਸਤੂ ਦੇਖੀ ਹੁੰਦੀ ਹੈ, ਉਸ ਵਿਚ ਇੱਛਾ ਪੈਦਾ ਹੁੰਦੀ ਹੈ। ਜਿਹੜੀ ਵਸਤੂ ਅਨੁਭਵ ਵਿਚ ਨਹੀਂ, ਵੇਖੀ ਨਹੀਂ ਹੈ, ਉਸ ਵਿਚ ਜੀਵ ਮਾਤਰ ਦੀ ਇੱਛਾ ਪੈਦਾ ਨਹੀਂ ਹੁੰਦੀ।
ਕੀਏ ਅਨੁਭਵ ਜਾਂ ਵਸਤੂ ਕੋ, ਤਾਂਕੀ ਇੱਛਾ ਹੋਏ॥
ਬ੍ਰਹਮ ਨਹੀਂ ਅਨੁਭੂਤ ਇਮ ਚਾਹ ਨਾ ਤਾਂਕੂ ਕੋਇ ॥
(ਵਿਚਾਰ ਸਾਗਰ ਦੁਤੀਆ ਤਰੰਗ ਛੰਦ ਨੰ।3)
ਬ੍ਰਹਮ ਦੇ ਅਨੁਭਵ ਦੀ ਅਨੁਭੂਤੀ ਜੀਵ ਨੂੰ ਨਹੀਂ ਹੋਈ। ਇਸ ਲਈ ਬ੍ਰਹਮ ਪ੍ਰਾਪਤੀ ਦੀ ਇੱਛਾ ਜੀਵ ਨੂੰ ਪੈਦਾ ਨਹੀਂ ਹੋ ਸਕਦੀ। ਇਕ ਵਸਤੂ ਨੇਤ੍ਰ ਨਾਲ ਨਹੀਂ ਵੇਖੀ, ਭਾਵੇਂ ਪਾਸ ਹੀ ਪਈ ਹੋਵੇ। ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਨਹੀਂ ਹੁੰਦੀ। ਦੂਰ ਥਾਂ ਕਿਸੇ ਦੇ ਪਾਸ ਅਨੰਤ ਪਦਾਰਥ ਪਏ ਹੋਣ ਪਰ ਵੇਖਣ ਤੋਂ ਬਿਨਾਂ ਉਹਨਾਂ ਦੀ ਪ੍ਰਾਪਤੀ ਦੀ ਇੱਛਾ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਅਧਿਕਾਰੀ (ਜਗਿਆਸੂ) ਨੂੰ ਬ੍ਰਹਮ ਦਾ ਗਿਆਨ ਹੈ ਨਹੀਂ, ਇਸ ਲਈ ਦੁਖੀ ਜੀਵ ਨੂੰ,ਬ੍ਰਹਮ ਪ੍ਰਾਪਤੀ ਦੀ ਇੱਛਾ ਪੈਦਾ ਨਹੀਂ ਹੁੰਦੀ। ਜੇਕਰ ਕਿਸੇ ਨੂੰ ਬ੍ਰਹਮ ਦਾ ਗਿਆਨ ਹੈ। ਉਸਨੂੰ ਦੁੱਖਾਂ ਦੀ ਨਵਿਰਤੀ ਲਈ, ਬ੍ਰਹਮ ਗਿਆਨ ਦੀ ਇੱਛਾ ਨਹੀਂ। ਤੇ ਇਸੇ ਲਈ ਕਾਰਣ ਸਹਿਤ ਜਗਤ ਦੀ ਨਵਿਰਤੀ ਤੇ ਬ੍ਰਹਮ ਪ੍ਰਾਪਤੀ ਨਿਸਫਲ ਹੈ। ਮੋਖਸ਼ ਦੀ ਪ੍ਰਾਪਤੀ ਵਿਅਰਥ ਹੈ, ਕਿਉਂਕਿ ਕੋਈ ਅਧਿਕਾਰੀ ਹੀ ਨਹੀਂ ਹੈ। ਅਧਿਕਾਰੀ ਤੋਂ ਬਿਨਾਂ, ਬਿਬੇਕ, ਵੈਰਾਗ ਨਿਸਫਲ ਹੈ।
ਗਾਇਤ੍ਰੀ ਮੰਤ੍ਰਯ
ਓਮ ਭੂਰਭਵਯ ਸਵਾਹਯੑਤਤ ਸਵਿਤਰ ਵਰੇਣੀਯਮੑਭਰਗੋ
ਦੇਵਸਯ ਧੀ ਮਹਿ ਧਿਓ ਯੋ ਨ ਪ੍ਰਚੋਦਯਾਤ।
ਅਰਥ ਯ ਹੇ ਪ੍ਰਾਣ ਸਰੂਪ, ਦੁੱਖ ਹਰਤਾ ਵਿਆਪਕ ਅਨੰਦ ਦੇ ਦੇਣ ਵਾਲੇ ਪਰਮਾਤਮਾ। ਆਪ ਸਰਵੱਗ ਅਤੇ ਸੰਪੂਰਣ ਜਗਤ ਦੇ ਉਤਪਾਦਕ ਹੋ। ਅਸੀਂ ਆਪ ਦੇ ਉਸ ਪੂਜਨੀਯਤਮ ਪਾਪਨਾਸ਼ਕ ਸਰੂਪ ਤੇਜ ਦਾ ਧਿਆਨ ਕਰਦੇ ਹਾਂ । ਜਿਹੜਾ ਸਾਡੀ ਬੁੱਧੀ ਨੂੰ ਪ੍ਰਕਾਸ਼ਿਤ ਕਰਦਾ ਹੈ। ਸਾਡੀ ਬੁੱਧੀ ਆਪ ਤੋਂ ਕਦੇ ਵੀ ਬੇਮੁੱਖ ਨਾ ਹੋਵੇ। ਆਪ ਸਦੀਵ ਸਾਡੀ ਬੁੱਧੀ ਆਪ ਤੋਂ ਕਦੇ ਵੀ ਬੇਮੁਖ ਨਾ ਹੋਵੇ। ਆਪ ਸਦੀਵ ਸਾਡੀ ਬੁੱਧੀ ਵਿਚ ਪ੍ਰਕਾਸ਼ਿਤ ਰਹੋ ਅਤੇ ਸਾਡੀਆਂ ਬੁੱਧੀਆਂ ਨੂੰ ਸਦਮਾਰਗ ਤੇ ਲਾਵੇ। ਪਰਮਾਤਮਾ * ਸਾਡੀ ਆਪ ਪਾਸ ਇਹੀ ਪ੍ਰਾਰਥਨਾ ਹੈ। ਓਮ.ਓਮ.ਓਮ.
ਸੰਤ ਤੇਜਾ ਸਿੰਘ ਐਮ ਏ
ਨਿਰਮਲ ਭੇਖ ਰਤਨ
ਮੋਬਾਈਲ:98152-31911