Trump government should reconsider the ban on beards in the military: Prof. Sarchand Singh Khiala.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਸਿੱਖ ਸਰੋਕਾਰਾਂ ਲਈ ਤੁਰੰਤ ਦਖ਼ਲ ਦੀ ਅਪੀਲ।
ਅੰਮ੍ਰਿਤਸਰ, 5 ਅਕਤੂਬਰ (ਗੁਰਪ੍ਰੀਤ ਸਿੰਘ ਸੰਧੂ)- :
ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਮਰੀਕੀ ਟਰੰਪ ਸਰਕਾਰ ਵੱਲੋਂ ਸੈਨਾ ਵਿੱਚ ਦਾੜ੍ਹੀ ਰੱਖਣ ’ਤੇ ਰੋਕ ਲਗਾਉਣ ਦੇ ਭੇਦਭਾਵ ਪੂਰਨ ਤੇ ਅਪਮਾਨਜਨਕ ਫ਼ੈਸਲੇ ਨੂੰ ਅਮਰੀਕਾ ਵਰਗੇ ਲੋਕਤੰਤਰਿਕ ਦੇਸ਼ ਵਿੱਚ ਧਾਰਮਿਕ ਸੁਤੰਤਰਤਾ ਅਤੇ ਨਾਗਰਿਕ ਅਧਿਕਾਰਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਹਨਾਂ ਟਰੰਪ ਸਰਕਾਰ ਨੂੰ ਅਪੀਲ ਕੀਤੀ ਕਿ ਦਾੜ੍ਹੀ ਰੱਖਣ ਵਾਲੇ ਭਾਈਚਾਰਿਆਂ, ਖ਼ਾਸ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਦਿਆਂ ਇਸ ਫ਼ੈਸਲੇ ’ਤੇ ਤੁਰੰਤ ਮੁੜ ਵਿਚਾਰ ਕੀਤਾ ਜਾਵੇ।
ਪ੍ਰੋ. ਖਿਆਲਾ ਨੇ ਇਸ ਮਾਮਲੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਸਿੱਖ ਸਰੋਕਾਰਾਂ ਦੀ ਰੱਖਿਆ ਲਈ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਭਾਵੇਂ ਅਮਰੀਕੀ ਸਰਕਾਰ ਨੇ ਇਸ ਆਦੇਸ਼ ਨੂੰ 60 ਦਿਨਾਂ ਵਿੱਚ ਲਾਗੂ ਕਰਨ ਦੀ ਗੱਲ ਕਹੀ ਹੈ ਅਤੇ ਪਰ ਕੁਝ ਸਪੈਸ਼ਲ ਫੋਰਸ ਯੂਨਿਟਾਂ ਨੂੰ ਇਸ ਤੋਂ ਛੋਟ ਦਿੱਤੀ ਹੈ, ਇਸ ਲਈ ਸਿੱਖ ਸੈਨਿਕਾਂ ਲਈ ਵਿਸ਼ੇਸ਼ ਛੋਟ ਦੀ ਵਿਵਸਥਾ ਦਾ ਲਾਭ ਜ਼ਰੂਰ ਲਿਆ ਜਾ ਸਕਦਾ ਹੈ, ਕਿਉਂਕਿ ਦਾੜ੍ਹੀ ਰੱਖਣਾ ਸਿੱਖ ਧਾਰਮਿਕ ਮਰਿਆਦਾ ਅਨੁਸਾਰ ਅਟੁੱਟ ਅੰਗ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ 2010 ਤੋਂ ਹੁਣ ਤੱਕ ਜਾਰੀ ਧਾਰਮਿਕ ਸੁਤੰਤਰਤਾ ਦੇ ਅਧਿਕਾਰਾਂ ਦੇ ਅਧੀਨ ਦਿੱਤੀ ਛੋਟ ਦੇ ਖ਼ਤਮ ਹੋਣ ਨਾਲ ਉਹ ਸਿੱਖ ਸੈਨਿਕ ਬਹੁਤ ਪ੍ਰਭਾਵਿਤ ਹੋਣਗੇ ਜੋ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਦਾੜ੍ਹੀ ਰੱਖਦੇ ਹਨ। ਉਹਨਾਂ ਕਿਹਾ, “ਦਾੜ੍ਹੀ ਅਤੇ ਪਗੜੀ ਸਿੱਖਾਂ ਦੀ ਧਾਰਮਿਕ ਪਹਿਚਾਣ ਹੈ। ਕੇਸਾਂ ਦਾ ਸਤਿਕਾਰ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿੱਚੋਂ ਹੈ। ਇਸ ਨੂੰ ਖੋਹਣਾ ਧਾਰਮਿਕ ਸੁਤੰਤਰਤਾ ਦਾ ਉਲੰਘਣ ਹੈ।”
ਉਹਨਾਂ ਅੱਗੇ ਕਿਹਾ ਕਿ ਇਹ ਫ਼ੈਸਲਾ ਸਿੱਖ ਸੈਨਿਕਾਂ ਨੂੰ ਧਾਰਮਿਕ ਵਿਸ਼ਵਾਸ ਅਤੇ ਦੇਸ਼ ਸੇਵਾ ਵਿਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਕਰੇਗਾ, ਜੋ ਬਹੁਤ ਦੁਖਦਾਈ ਤੇ ਅਨੁਚਿਤ ਹੈ।
ਇਤਿਹਾਸਿਕ ਪੱਖ ਦਾ ਜ਼ਿਕਰ ਕਰਦਿਆਂ ਪ੍ਰੋ. ਖਿਆਲਾ ਨੇ ਕਿਹਾ ਕਿ ਭਾਵੇਂ 2010 ਤੋਂ ਪਹਿਲਾਂ ਸਿੱਖ ਸੈਨਿਕਾਂ ਨੂੰ ਫ਼ੌਜ ਵਿੱਚ ਦਾੜ੍ਹੀ ਅਤੇ ਪਗੜੀ ਦੀ ਇਜਾਜ਼ਤ ਨਹੀਂ ਸੀ, ਪਰ ਇਹ ਅਧਿਕਾਰ ਉਹਨਾਂ ਨੇ ਲੰਬੀ ਕਾਨੂੰਨੀ ਲੜਾਈ ਅਤੇ ਮਾਨਵ ਅਧਿਕਾਰ ਅਭਿਆਨ ਤੋਂ ਬਾਅਦ ਹਾਸਲ ਕੀਤਾ ਸੀ। ਕਈ ਸਿੱਖ ਸੈਨਿਕਾਂ ਨੇ ਅਦਾਲਤਾਂ ਅਤੇ ਕਾਂਗਰਸ ਸਾਹਮਣੇ ਆਪਣੀਆਂ ਦਲੀਲਾਂ ਮਜ਼ਬੂਤੀ ਨਾਲ ਰੱਖੀਆਂ, ਹੌਲੀ ਹੌਲੀ ਅਦਾਲਤਾਂ ਨੇ ਵੀ ਸਿੱਖ ਸੈਨਿਕਾਂ ਨੂੰ ਵਿਅਕਤੀਗਤ ਛੂਟ ਦੇ ਤਹਿਤ ਆਪਣੀ ਪਹਿਚਾਣ ਬਣਾਏ ਰੱਖਦੇ ਹੋਏ ਸੈਨਾ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ, ਜਿਸ ਦੇ ਨਤੀਜੇ ਵਜੋਂ 2017 ਵਿੱਚ ਅਮਰੀਕੀ ਰੱਖਿਆ ਵਿਭਾਗ ਵੱਲੋਂ ਇਸ ਨੂੰ ਅਧਿਕਾਰਕ ਰੂਪ ਵਿੱਚ ਸਵੀਕਾਰ ਕਰਦਿਆਂ ਧਾਰਮਿਕ ਸਮਾਨਤਾ ਵੱਲ ਇਤਿਹਾਸਿਕ ਕਦਮ ਪੁੱਟਿਆ ਗਿਆ ਸੀ। ਉਹਨਾਂ ਕਿਹਾ ਕਿ ਅਜੇ ਤੱਕ ਅਮਰੀਕੀ ਸਰਕਾਰ ਕਿਸੇ ਵੀ ਅਦਾਲਤ ਵਿੱਚ ਇਹ ਸਿੱਧ ਨਹੀਂ ਕਰ ਸਕੀ ਕਿ ਦਾੜ੍ਹੀ ਰੱਖਣ ਨਾਲ ਸੈਨਾ ਦੀ ਸੁਰੱਖਿਆ ਜਾਂ ਕਾਰਗੁਜ਼ਾਰੀ ਨੂੰ ਕੋਈ ਨੁਕਸਾਨ ਹੁੰਦਾ ਹੈ।
ਇਸ ਮੌਕੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਸਰਗਰਮ ਅਖੌਤੀ “ਸਿੱਖ ਫ਼ਾਰ ਜਸਟਿਸ” ਦੇ ਗੁਰ ਪਤਵੰਤ ਪੰਨੂ ਅਤੇ ਹੋਰ ਖ਼ਾਲਿਸਤਾਨੀ ਧਿਰਾਂ ਨੂੰ ਵੀ ਕਟਹਿਰੇ ’ਚ ਖੜ੍ਹਾ ਕੀਤਾ। ਉਹਨਾਂ ਕਿਹਾ ਕਿ ਇਹ ਲੋਕ ਭਾਰਤ ਵਿਰੁੱਧ ਜ਼ਹਿਰ ਉਗਲ ਕੇ ਸਿਆਸੀ ਰੋਟੀਆਂ ਸੇਕਣ ਵਾਲੇ ਧੋਖੇਬਾਜ਼ ਹਨ, ਜਿਨ੍ਹਾਂ ਦਾ ਪੰਜਾਬ ਜਾਂ ਸਿੱਖਾਂ ਨਾਲ ਕੋਈ ਅਸਲੀ ਸਰੋਕਾਰ ਨਹੀਂ। ਉਹਨਾਂ ਸਵਾਲ ਕੀਤਾ ਕਿ, “ਜਦੋਂ ਇਹਨਾਂ ਦੀ ਚਹੇਤੀ ਟਰੰਪ ਸਰਕਾਰ ਸਿੱਖ ਸੈਨਿਕਾਂ ਤੋਂ ਦਾੜ੍ਹੀ ਅਤੇ ਪਗੜੀ ਦਾ ਹੱਕ ਖੋਹ ਰਹੀ ਹੈ, ਤਾਂ ਇਹ ਲੋਕ ਖ਼ਾਮੋਸ਼ ਕਿਉਂ ਹਨ?”
ਉਹਨਾਂ ਯਾਦ ਦਿਵਾਇਆ ਕਿ ਜਦੋਂ ਅਮਰੀਕਾ ਤੋਂ ਸਾਡੇ ਬੱਚਿਆਂ ਦੀਆਂ ਪੱਗਾਂ ਲਾਹ ਕੇ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਹੱਥਕੜੀਆਂ ਤੇ ਬੇੜੀਆਂ ਪਾ ਕੇ ਅਪਮਾਨਜਨਕ ਤਰੀਕੇ ਨਾਲ ਪੰਜਾਬ ਭੇਜਿਆ ਜਾ ਰਿਹਾ ਸੀ, ਤਦ ਵੀ ਇਹ ਧਿਰਾਂ ਚੁੱਪ ਰਹੀਆਂ। ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਸਿੱਖ ਔਰਤ ਨੂੰ ਹੱਥਕੜੀਆਂ ਪਾ ਕੇ ਦੇਸ਼ ਨਿਕਾਲਾ ਦਿੱਤਾ ਗਿਆ, ਪਰ ਉਹਨਾਂ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ।
ਪ੍ਰੋ. ਖਿਆਲਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਹੁਣ ਇਹਨਾਂ ਦੇ ਅਸਲੀ ਚਿਹਰੇ ਪਛਾਣਨੇ ਤੇ ਸਮਝਣੇ ਚਾਹੀਦੇ ਹਨ, ਕਿਉਂਕਿ ਇਹ ਲੋਕ ਸਿੱਖਾਂ ਦੀ ਧਾਰਮਿਕ ਪਹਿਚਾਣ ਦੇ ਸੱਚੇ ਹਾਮੀ ਨਹੀਂ, ਸਿਰਫ਼ ਆਪਣੇ ਸਿਆਸੀ ਫ਼ਾਇਦਿਆਂ ਲਈ ਸਿੱਖ ਨਾਂ ਦਾ ਦੁਰਉਪਯੋਗ ਕਰ ਰਹੇ ਹਨ।