We will demand from the UNO to declare the martyrdom day of the ninth Guru as Human Rights Day - Advocate Dhami

 

*ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਇਕੱਤਰਤਾ*

 

ਅੰਮ੍ਰਿਤਸਰ, 26 ਜੁਲਾਈ (ਗੁਰਪ੍ਰੀਤ ਸਿੰਘ ਸੰਧੂ):-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਇਕੱਤਰਤਾ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਡਿਜ਼ੀਟਲ ਮਾਧਿਅਮ ਰਾਹੀਂ ਹੋਈ ਇਸ ਮੀਟਿੰਗ ਵਿਚ ਸ. ਗੁਰਮੀਤ ਸਿੰਘ ਰੰਧਾਵਾ ਯੂਕੇ, ਡਾ. ਕਵਲਜੀਤ ਕੌਰ ਯੂਕੇ, ਸ. ਰਾਜਬੀਰ ਸਿੰਘ ਕੈਨੇਡਾ, ਮਾਸਟਰ ਮਹਿੰਦਰ ਸਿੰਘ, ਸ. ਗੁਰਚਰਨ ਸਿੰਘ ਲਾਂਬਾ ਅਮਰੀਕਾ, ਸ. ਬਲਵੰਤ ਸਿੰਘ ਧਾਮੀ, ਭਾਈ ਗੁਰਬਖ਼ਸ਼ ਸਿੰਘ ਗੁਲਸ਼ਨ ਯੂਕੇ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਦੌਰਾਨ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਅੰਤਰਰਾਸ਼ਟਰੀ ਪ੍ਰਸੰਗ ਵਿਚ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੇ ਯਤਨਾਂ ਨੂੰ ਸਮਰਥਨ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ।

ਇਕੱਤਰਤਾ ਮਗਰੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦੇ ਮੈਂਬਰਾਂ ਨੇ ਬਹੁਤ ਕੀਮਤੀ ਸੁਝਾਅ ਦਿੱਤੇ ਹਨ, ਜੋ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਮਿਲੇ ਸੁਝਾਵਾਂ ਤਹਿਤ ਯੂਐਨਓ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਦਿਹਾੜੇ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਐਲਾਨਣ ਲਈ ਪੱਤਰ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ 25 ਨਵੰਬਰ ਨੂੰ ਪੂਰੇ ਦੇਸ਼ ਵਿਚ ਛੁੱਟੀ ਕਰਨ ਲਈ ਆਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੌਵੇਂ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਬਾਣੀ ਦਾ ਗਾਇਨ ਕਰਵਾ ਕੇ ਸ਼ਤਾਬਦੀ ਨੂੰ ਸਮਰਪਿਤ ਕਰੇਗੀ ਅਤੇ ਇਸ ਦੇ ਨਾਲ ਹੀ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਨੌਵੇਂ ਪਾਤਸ਼ਾਹ ਜੀ ਦੇ ਜੀਵਨ, ਦੇਣ ਤੇ ਸ਼ਹਾਦਤ ਬਾਰੇ ਸੰਖੇਪ ਇਤਿਹਾਸ ਨੂੰ ਦਰਸਾਉਂਦੇ ਬੋਰਡ ਲਗਾਏ ਜਾਣਗੇ, ਤਾਂ ਜੋ ਗੁਰੂ ਸਾਹਿਬ ਜੀ ਦੀ ਲਾਸਾਨੀ ਦੇਣ ਬਾਰੇ ਸੰਗਤਾਂ ਨੂੰ ਚਿਰ-ਸਦੀਵ ਜਾਣਕਾਰੀ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਸਮੇਂ ਵੱਖ-ਵੱਖ ਧਰਮਾਂ ਦੇ ਆਗੂਆਂ ਨੂੰ ਇਸ ਦਾ ਹਿੱਸਾ ਬਨਾਉਣ ਲਈ ਵੀ ਯਤਨ ਕੀਤੇ ਜਾਣਗੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਤੇ ਸਲਾਹਕਾਰ ਬੋਰਡ ਦੇ ਕੋਆਰਡੀਨੇਟਰ ਸ. ਜਸਵਿੰਦਰ ਸਿੰਘ ਜੱਸੀ, ਸ. ਹਰਭਜਨ ਸਿੰਘ ਵਕਤਾ, ਸ. ਕਰਮਜੀਤ ਸਿੰਘ ਇੰਚਾਰਜ ਇੰਟਰਨੈੱਟ ਤੇ ਹੋਰ ਮੌਜੂਦ ਸਨ।