The Udasi sect became indifferent after the formation of the Gurdwara Act.
ਪਰਮਜੀਤ ਸਿੰਘ ਮਾਨਸਾ (ਡਾ)
ਸਿੱਖ ਧਰਮ ਸੰਪ੍ਰਦਾ ਦੇ ਵਿਕਾਸ ਕ੍ਰਮ ਵਿਚ ਸਭ ਤੋਂ ਪਹਿਲਾਂ ਉਦਾਸੀ ਸੰਪ੍ਰਦਾ ਹੋਂਦ ਵਿਚ ਆਉਂਦੀ ਹੈ। ਫੇਰ ਸੇਵਾ ਪੰਥੀ, ਫੇਰੂ ਮੱਲੀਏ, ਸੁਥਰੇ ਸ਼ਾਹੀ, ਨਿਹੰਗ ਸਿੰਘ ਤੇ ਨਿਰਮਲ ਸੰਪ੍ਰਦਾਇ ਕਾਇਮ ਹੁੰਦੀਆਂ ਹਨ।ਸਾਡਾ ਅਧਿਐਨ ਦਾ ਕੇਂਦਰ ਉਦਾਸੀ ਸੰਪ੍ਰਦਾ ਹੈ। ਇਸ ਲਈ ਸਭ ਤੋਂ ਪਹਿਲਾਂ 'ਉਦਾਸੀ' ਸ਼ਬਦ ਦਾ ਅਧਿਐਨ ਵਿਸਤ੍ਰਿਤ ਰੂਪ ਵਿਚ ਕਰਾਂਗੇ। 'ਉਦਾਸੀ' ਸ਼ਬਦ ਸੰਸਕ੍ਰਿਤ ਦੇ ਉਦਾਸੀਨ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਤੋਂ ਭਾਵ ਹੈ ਕਿ ਸੰਸਾਰਕਤਾ ਤੋਂ ਅਪ੍ਰਭਾਵਿਤ ਵਿਅਕਤੀ। ਅਜਿਹੇ ਵਿਅਕਤੀਆਂ ਦੇ ਸਮੁਦਾਇ ਨੂੰ ਉਦਾਸੀ ਸੰਪ੍ਰਦਾਇ ਦਾ ਨਾਂ ਦਿੱਤਾ ਜਾਂਦਾ ਹੈ।
ਪਰ, ਸੁਆਮੀ ਗੰਗੇਸਵਰਾਨੰਦ ਨੇ ਆਪਣੀ ਪੁਸਤਕ ਸ਼ਰੋਤਮੁਨਿ ਚਰਿਤਾਮ੍ਰਿਤ ਵਿਚ 'ਉਦਾਸੀਨ' ਸ਼ਬਦ ਦੀ ਵਿਆਖਿਆ ਵੇਲੇ 'ਉਦ' ਦਾ ਅਰਥ ਸਰਵੋਕ੍ਰਿਸ਼ਟ ਜਾਂ ਸਰਵ-ਪਾਪ ਵਿਨਿਰਮੁਕਤ ਅਤੇ 'ਆਸੀਨ' ਦਾ ਅਰਥ ਸਥਿਤੀ ਕਰਕੇ ਵਿਅਰਥ ਦੀ ਖਿੱਚ ਤਾਣ ਕੀਤੀ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ 'ਉਦਾਸੀ' ਦੇ ਅਰਥ ਉਦਾਸੀਨ ਕਰਦੇ ਹਨ। ਉਦਾਸੀਨ ਤੋਂ ਭਾਵ ਹੈ—ਉਪਰਾਮਤਾ, ਵਿਰੱਕਤਾ, ਨਿਰਾਸਤਾ, ਸੰਗਯਾ (ਸਿੱਖ ਕੌਮ ਦਾ ਇਕ ਅੰਗ)। ਇਹ ਪੰਥ ਬਾਬਾ ਸ੍ਰੀ ਚੰਦ ਤੋਂ ਚੱਲਿਆ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਬਾਬਾ ਗੁਰਦਿੱਤਾ ਜੀ ਇਹਨਾਂ ਦੇ ਪਹਿਲੇ ਚੇਲੇ ਸਨ। ਇਹਨਾਂ ਦੇ ਚਾਰ ਧੂਣੇ ਉਦਾਸੀਆਂ ਦੇ ਪ੍ਰਸਿੱਧ ਸਨ।
ਉਦਾਸੀ (ਉਦਾਸੀਨ) ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ— ਵਿਰੱਕਤ, ਜੋ ਵਿਅਕਤੀ ਸੰਸਾਰਕ ਬੰਧਨਾਂ ਤੋਂ ਮੁਕਤ ਹੋਵੇ। ਪ੍ਰਾਚੀਨ ਕਾਲ ਵਿਚ ਆਸ਼ਰਮ ਵਿਵਸਥਾ ਦੇ ਚਾਰ ਵਿਕਾਸ ਕ੍ਰਮਾਂ ਵਿੱਚੋਂ ਤੀਜਾ ਬਾਨਪ੍ਰਸਥ ਸੀ। ਮਨੁ ਸਿਮ੍ਰਤੀ (6/1-2) ਅਨੁਸਾਰ ਵਿਅਕਤੀ ਨੂੰ ਸੰਸਾਰਕ ਕਾਰਜਾਂ ਤੋਂ ਉਦਾਸੀਨ ਹੋਏ ਤਪ, ਵੇਦ ਅਧਿਐਨ, ਯੱਗ ਦਾਨ ਆਦਿ ਕਰਕੇ ਬਨ ਵਿਚ ਜੀਵਨ ਬਿਤਾਉਣਾ ਚਾਹੀਦਾ ਹੈ। ਬਾਨਪ੍ਰਸਥ ਦੀ ਅਵਧੀ ਸਮਾਪਤ ਹੋਣ ਤੋਂ ਬਾਅਦ ਸੰਨਿਆਸ ਆਸ਼ਰਮ ਵਿਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਜਿਸ ਦਾ ਵੇਰਵਾ ਇਸ ਪ੍ਰਕਾਰ ਹੈ:-
“ਗੁਰੂਕੁਲ ਵਿਚ ਵਿੱਦਿਆ ਪ੍ਰਾਪਤੀ ਤੋਂ ਬਾਅਦ ਗ੍ਰਿਹਸਥ ਆਸ਼ਰਮ ਦਾ ਭੋਗ ਕਰਕੇ ਸਨਾਤਕ ਅੱਗੇ ਦੱਸੇ ਨਿਯਮਾਂ ਅਨੁਸਾਰ ਜਿਤੇਂਦਰੀਆਂ ਹੋ ਕੇ ਜੰਗਲ ਵਿਚ ਵਾਸ ਕਰੇ।
(1) ਜਿਸ ਵੇਲੇ ਗ੍ਰਿਹਸਥੀ ਦੇ ਚਿਹਰੇ 'ਤੇ ਝੂਰੀਆਂ ਪੈ ਜਾਣ, ਚਿੱਟੇ ਵਾਲ ਆ ਜਾਣ ਅਤੇ ਪੋਤੇ ਦਾ ਮੂੰਹ ਵੇਖ ਲਵੇ, ਤਦ ਬਾਨਪ੍ਰਸਥ ਆਸ਼ਰਮ ਵਿਚ ਪ੍ਰਵੇਸ਼ ਕਰ ਲਵੇ
(2) ਆਪਣੀ ਤਪੱਸਿਆ ਸਿਧੀ ਲਈ ਬਾਨਪ੍ਰਸਥੀ ਗਰਮੀ ਦੀ ਰੁੱਤ ਵਿਚ ਪੰਜ ਅਗਨੀਆਂ ਦਾ ਸੇਵਨ ਕਰੇ। ਚਾਰੇ ਦਿਸ਼ਾਵਾਂ ਵਿਚ ਚਾਰ ਧੂਣੀਆਂ ਲਗਾ ਕੇ ਵਿਚਾਲੇ ਬੈਠ ਜਾਣਾ ਅਤੇ ਉਪਰੋਂ ਦੁਪਹਿਰ ਦੇ ਸੂਰਜ ਦੀ ਗਰਮੀ ਨੂੰ ਸਹਿਣ ਕਰਨਾ, ਪੰਚਾਗਨੀਆਂ ਦਾ ਸੇਵਨ ਕੀਤਾ ਮੰਨਿਆ ਜਾਂਦਾ ਹੈ। ਜੇਕਰ ਵਰਖਾ ਰੁੱਤ ਹੋਵੇ ਤਾਂ ਅਜਿਹੀ ਥਾਂ ਬੈਠਣਾ ਚਾਹੀਦਾ ਹੈ, ਜਿਥੇ ਸਾਰਾ ਮੀਂਹ ਉਪਰ ਹੀ ਪਵੇ ਅਤੇ ਸਰਦੀ ਦੇ ਮੌਸਮ ਵਿਚ ਗਿੱਲਾ ਕੱਪੜਾ ਧਾਰਨ ਕਰਨਾ ਚਾਹੀਦਾ ਹੈ।
(3) ਆਪਣੀ ਉਮਰ ਦੇ ਇਸ ਤੀਸਰੇ ਭਾਗ ਨੂੰ ਤਪੱਸਿਆ ਦੁਆਰਾ ਜੰਗਲ ਵਿਚ ਪੂਰਾ ਕਰੇ।
(4) ਚੌਥੇ ਭਾਗ ਵਿਚ ਸਭ ਪ੍ਰਕਾਰ ਦੇ ਵਿਸ਼ਿਆਂ ਨੂੰ ਤਿਆਗ ਕੇ ਸੰਨਿਆਸ ਆਸ਼ਰਮ ਦਾ ਪਾਲਣ ਕਰੇ।
ਸੌ ਸਾਲ ਦੀ ਉਮਰ ਦੇ ਚਾਰ ਭਾਗ-ਬ੍ਰਹਮਚਾਰੀ, ਗ੍ਰਿਹਸਥ, ਬਾਨਪ੍ਰਸਥ ਅਤੇ ਸੰਨਿਆਸ ਆਸ਼ਰਮ ਹਨ। ਹਰ ਆਸ਼ਰਮ ਦਾ ਸਮਾਂ 25-25 ਸਾਲ ਮੰਨਿਆ ਗਿਆ ਹੈ।
ਸਿੱਖ ਪੰਥ ਵਿਸ਼ਵ ਕੋਸ਼ ਵਿਚ ਉਦਾਸੀ ਦੇ ਅਰਥ ਇਸ ਪ੍ਰਕਾਰ ਕੀਤੇ ਗਏ ਹਨ—‘ਉਦਾਸੀ' ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ—ਵਿਰੱਕਤ, ਜੋ ਵਿਅਕਤੀ ਸੰਸਾਰਕ ਬੰਧਨਾਂ ਤੋਂ ਮੁਕਤ ਹੋਵੇ।
ਕਾਨੂੰਨੀ ਵਿਸ਼ਾ ਕੋਸ਼ ਵਿਚ ਉਦਾਸੀ ਦਾ ਅਰਥ ਹੈ-ਸੰਸਾਰਕ ਗੱਲਾਂ ਤੋਂ ਪੂਰੀ ਤਰ੍ਹਾਂ ਉਦਾਸੀਨ ਲੋਕਾਂ ਦਾ ਫ਼ਿਰਕਾ। ਇਸ ਫ਼ਿਰਕੇ ਦਾ ਬਾਨੀ ਗੁਰੂ ਨਾਨਕ ਦੇਵ ਜੀ ਦੇ ਬੇਟੇ ਸ੍ਰੀ ਚੰਦ ਮੰਨਿਆ ਜਾਂਦਾ ਹੈ।
ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ, "ਸਿੱਖਾਂ ਦੀ ਇਕਾਂਤਵਾਸੀ ਤਿਆਗੀ ਸੰਪ੍ਰਦਾਇ, ਜਿਸ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ (1494 ਈ.-1592 ਈ.) ਨੇ ਕੀਤੀ ਸੀ। 'ਉਦਾਸੀ' ਸੰਸਕ੍ਰਿਤ ਦੇ ਸ਼ਬਦ 'ਉਦਾਸੀਨ' ਤੋਂ ਲਿਆ ਗਿਆ ਹੈ। ਜਿਸ ਦਾ ਅਰਥ ਹੈ—ਆਤਮ ਸੰਜਮੀ ਜਾਂ ਸਾਧੂ ਅਰਥਾਤ ਉਹ ਮਨੁੱਖ ਜੋ ਸੰਸਾਰਕ ਮੋਹ ਮਾਇਆ ਤੋਂ ਵਿਰੱਕਤ ਜਾਂ ਬੇਪ੍ਰਵਾਹ ਹੈ।
ਸਿੱਖ ਪਰੰਪਰਾ ਵਿਚ 'ਉਦਾਸੀ' ਸ਼ਬਦ ਦੀ ਵਰਤੋਂ ਗੁਰੂ ਨਾਨਕ ਜੀ ਦੀਆਂ ਧਰਮ ਪ੍ਰਚਾਰ ਲਈ ਕੀਤੀਆਂ ਚਾਰ ਯਾਤਰਾਵਾਂ ਲਈ ਵੀ ਕੀਤੀ ਗਈ ਹੈ। ਇਸ ਦੇ ਅਨੁਸਾਰ ਉਦਾਸੀ ਦਾ ਅਰਥ ਆਪਣੇ ਘਰ ਤੋਂ ਲੰਮੇ ਸਮੇਂ ਲਈ ਦੂਰ ਰਹਿਣਾ ਹੈ। ਉਦਾਸੀ ਸਾਧੂਆਂ ਸਮੇਤ ਕਈ ਵਿਦਵਾਨ ਇਸ ਸੰਪ੍ਰਦਾਇ ਦਾ ਮੁੱਢ ਪੌਰਾਣਿਕ ਕਾਲ ਨਾਲ ਵੀ ਸੰਬੰਧਿਤ ਮੰਨਦੇ ਹਨ। ਪਰੰਤੂ ਇਤਿਹਾਸਕ ਤੌਰ 'ਤੇ ਬਾਬਾ ਸ੍ਰੀ ਚੰਦ ਇਸ ਦੇ ਬਾਨੀ ਸਨ।
ਪੰਜਾਬੀ ਵਿਸ਼ਵ ਕੋਸ਼ ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ ਵਿਚ 'ਉਦਾਸੀ' ਸ਼ਬਦ ਬਾਰੇ ਇਉਂ ਟਿੱਪਣੀ ਕੀਤੀ ਗਈ ਹੈ ਕਿ ਇਹ ਸ਼ਬਦ ਮੂਲ ਰੂਪ ਵਿਚ ਉਦਾਸੀਨ (ਉਦ + ਆਸੀਨ = ਉਪਰ ਬੈਠਾ) ਹੈ। ਇਸ ਦਾ ਅਰਥ ਹੈ: ਮੋਹ ਮਾਇਆ ਤੋਂ ਉਪਰ ਉਠਣ ਵਾਲਾ ਵਿਰੱਕਤ ਸਾਧੂ। ਪਰ ਇਹ ਸ਼ਬਦ ਨਾਨਕਸ਼ਾਹੀ ਸਾਧੂਆਂ ਲਈ ਰੂੜ ਹੋ ਗਿਆ ਹੈ। ਉਦਾਸੀ ਸੰਪ੍ਰਦਾ ਦੇ ਪੈਰੋਕਾਰਾਂ ਦਾ ਵਿਸ਼ਵਾਸ਼ ਹੈ ਕਿ ਇਸ ਮੱਤ ਦਾ ਮੁੱਢ ਓਅੰਕਾਰ ਤੋਂ ਬੱਝਾ ਸੀ। ਫੇਰ ਬਾਬਾ ਸ੍ਰੀ ਚੰਦ ਜੀ (1494 ਈ.-1592 ਈ.) ਨੇ ਉਦਾਸੀ ਮੱਤ ਦਾ ਚੰਗੀ ਤਰਾਂ ਸੰਗਠਨ ਕੀਤਾ । ਬਾਬਾ ਸੀ ਚੰਦ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ ਅਤੇ ਇਨਾਂ ਨੇ ਆਪਣੇ ਵਿਰੱਕਤ ਜੀਵਨ ਦੇ ਲੰਮੇ ਸਮੇਂ ਵਿਚ ਇਸ ਮੱਤ ਦਾ ਪ੍ਰਚਾਰ ਕੀਤਾ।
'ਉਦਾਸੀ' ਸ਼ਬਦ ਦੇ ਲਗਪਗ ਸਾਰੇ ਹੀ ਕੋਸ਼ਾਂ ਨੇ ਮਿਲਦੇ-ਜੁਲਦੇ ਅਰਥ ਕੀਤੇ ਹਨ। ਬਾਲ ਵਿਸ਼ਵ ਕੋਸ਼ ਅਨੁਸਾਰ ਉਦਾਸੀ ਸਿੱਖਾਂ ਦੀ ਇਕ ਪ੍ਰਸਿੱਧ ਸੰਪ੍ਰਦਾਇ ਹੈ, ਜਿਸ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਸਨ। 'ਉਦਾਸੀ' ਸ਼ਬਦ ਦੇ ਕੋਸ਼ਗਤ ਅਰਥ ਹਨ: ਉਦਾਸ, ਬੇਲਾਗ, ਅਪਰਿਚਿਤ, ਸੰਨਿਆਸੀ, ਨਿਰਪੱਖ ਇੱਛਾ ਰਹਿਤ, ਉਪਰਾਮ ਆਦਿ। ਪਰੰਤੂ ਉਦਾਸੀ ਵਿਦਵਾਨਾਂ ਅਨੁਸਾਰ ਇਸ ਸ਼ਬਦ ਦੇ ਅਰਥ ਹਨ: ਉਹ ਵਿਰੱਕਤ ਸਾਧੂ, ਜੋ ਬ੍ਰਹਮ ਵਿਚ ਸਥਿਤ ਹੋ ਗਿਆ ਹੋਵੇ। ਗੁਰਮਤਿ ਵਿਚ ਗ੍ਰਿਹਸਥ ਵਿਚ ਰਹਿੰਦਿਆਂ ਵਿਰੱਕਤ ਰਹਿਣ ਵਾਲੇ ਵਿਅਕਤੀ ਨੂੰ ਉਦਾਸੀ ਆਖਿਆ ਜਾਂਦਾ ਹੈ।
ਗੁਰਮਤਿ ਮਾਰਤੰਡ ਵਿਚ ਭਾਈ ਕਾਨ੍ਹ ਸਿੰਘ ਨਾਭਾ 'ਉਦਾਸੀ' ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦੇ ਹਨ: ਜਗਤ ਤੋਂ ਉਦਾਸੀਨ ਹੋ ਕੇ ਘਰ ਬਾਰ ਤਿਆਗਣ ਵਾਲੇ ਦਾ ਨਾਮ ਉਦਾਸੀ ਨਹੀਂ, ਸਗੋਂ ਸਭ ਕੁਝ ਕਰਦਾ ਹੋਇਆ ਵੀ ਜੋ ਮਨ ਨੂੰ ਮਾਇਆ ਵਿਚ ਖਚਿਤ ਨਹੀਂ ਕਰਦਾ, ਗੁਰਮਤਿ ਵਿਚ ਉਸ ਦੀ ਉਦਾਸੀ ਸੰਗਯਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਸ਼ਾਂਤ ਦੇਣ ਲਈ ਦੇਸਾਂਤਰੀ ਵਿਚਰਣ ਵਾਸਤੇ ਸੰਤ ਬਾਣਾ ਧਾਰਨ ਕੀਤਾ, ਅਰ ਜਿਸ ਲਿਬਾਸ ਨੂੰ ਬਾਬਾ ਸ੍ਰੀ ਚੰਦ ਜੀ ਨੇ ਅੰਗੀਕਾਰ ਕਰ ਕੇ ਪ੍ਰਚਾਰਕਾਂ (ਉਦਾਸੀ) ਦੀ ਜਮਾਤ ਬਣਾਈ, ਉਸ ਦੀ ਵੀ 'ਉਦਾਸੀ' ਸੰਗਯਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ :
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। (ਵਾਰ 1, ਪਉੜੀ 24)
ਇਹ ਭੇਖ ਕਿਸੇ ਸਿੱਖ ਸੰਪ੍ਰਦਾ ਦਾ ਹਮੇਸ਼ਾਂ ਲਈ ਬਾਣਾ ਹੀ ਨਾ ਸਮਝਿਆ ਜਾਵੇ, ਇਹ ਦੱਸਣ ਲਈ ਭਾਈ ਸਾਹਿਬ ਲਿਖਦੇ ਹਨ :
ਫਿਰਿ ਬਾਬਾ ਆਇਆ ਕਰਤਾਰ ਪੁਰਿ, ਭੇਖੁ ਉਦਾਸੀ ਸਗਲ ਉਤਾਰਾ। (ਵਾਰ 1, ਪਉੜੀ 38)
ਉਪਰੋਕਤ ਅੰਕਿਤ ਕੀਤੇ 'ਉਦਾਸੀ' ਸ਼ਬਦ ਦੇ ਸਾਰੇ ਅਰਥਾਂ ਦਾ ਨਿਚੋੜ ਇਹ ਹੈ ਕਿ 'ਉਦਾਸੀ' ਸ਼ਬਦ ਸੰਸਕ੍ਰਿਤ ਦਾ ਨਹੀਂ, ਇਹ ਪੰਜਾਬੀ ਦਾ ਹੈ, ਕਿਉਂਕਿ ਇਸ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਹੋਈ ਹੈ।
ਗੁਰਦੁਆਰਾ ਐਕਟ ਬਣਨ ਤੋਂ ਬਾਅਦ ਉਦਾਸੀ ਸੰਤਾਂ ਨੇ ਸੰਸਕ੍ਰਿਤ ਵਿੱਚੋਂ ਆਏ ਸ਼ਬਦ ਉਦਾਸੀਨ ਨਾਲ ਆਪਣੇ ਨੂੰ ਜੋੜ ਲਿਆ। ਇਸ ਦੇ ਅੱਖਰੀ ਅਰਥ ਅਸੀਂ ਵੱਖ-ਵੱਖ ਕੋਸ਼ਾਂ ਦੇ ਝਰੋਖੇ ਰਾਹੀਂ ਦੇਖ ਆਏ ਹਾਂ। ਲਗਪਗ ਸਭ ਨੇ ਉਦਾਸੀ ਦੇ ਅਰਥ ਉਪਰਾਮਤਾ ਤੇ ਵਿਰੱਕਤਤਾ ਕੀਤੇ ਹਨ। 'ਉਦਾਸੀਨ' ਵਿਸ਼ੇਸ਼ਣ ਹੈ: ਉਸ ਪ੍ਰਾਣੀ ਦਾ ਜੋ ਦੁਨਿਆਵੀ ਐਸ਼ ਤੇ ਟੱਬਰ ਟੀਹਰ ਦੇ ਮੋਹ ਪਿਆਰ ਤੋਂ ਉਪਰਾਮ (ਵਿਰੱਕਤ) ਯਾ ਬੇਮੁਹਤਾਜ਼ ਹੈ।
ਸੋ ਵਿਆਪਕ ਰੂਪ ਵਿਚ ਉਦਾਸੀਨ ਸ਼ਬਦ ਦਾ ਅਰਥ ਇਸ ਤਰ੍ਹਾਂ ਹੈ ਕਿ ਉਹ ਵਿਅਕਤੀ ਜੋ ਦੁੱਖ-ਸੁੱਖ, ਰਾਗ ਦਵੈਸ਼, ਲੋਭ, ਮੋਹ, ਆਪਣੇ ਪਰਾਏ ਆਦਿ ਦੇ ਸਾਰੇ ਦਵੰਦਾਂ ਤੋਂ ਉਤਾਂਹ ਹੋਵੇ। ਏਨਾ ਹੀ ਨਹੀਂ, ਬਲਕਿ ਜਿਹੜਾ ਆਪਣੇ ਦੁਸ਼ਮਣ ਦੇ ਭਲੇ ਦੀ ਵੀ ਚਿੰਤਾ ਕਰਦਾ ਹੋਵੇ। ਅਜਿਹਾ ਵਿਅਕਤੀ ਹੀ ਸਭ ਤੋਂ ਅਲੱਗ ਤੇ ਸਭ ਤੋਂ ਉੱਚਾ ਹੋ ਸਕਦਾ ਹੈ। ਇਸ ਲਈ ਉਦਾਸੀਨਤਾ ਅਸਲ ਵਿਚ ਉਹ ਵਾਸਤਵਿਕ ਬਿਰਤੀ ਹੈ, ਜੋ ਮਨੁੱਖ ਨੂੰ ਸਮਦ੍ਰਿਸ਼ਟੀ ਪ੍ਰਦਾਨ ਕਰ ਕੇ ਉਸ ਨੂੰ ਸਭ ਤੋਂ ਵੱਖਰਾ, ਸਭਤੋਂ ਉੱਚਾ ਪ੍ਰਤਿਸ਼ਠਿਤ ਕਰ ਦੇਂਦੀ ਹੈ।
ਉਦਾਸੀਨ ਦਾ ਅਰਥ-ਅਸਿਆਸਥ ਅਤੇ ਬ੍ਰਹਮ ਸੰਸਥਾ ਵੀ ਕੀਤਾ ਗਿਆ ਹੈ। ਬ੍ਰਹਮ ਸੰਸਥ ਉਹ ਹੁੰਦਾ ਹੈ, ਜੋ ਸਵਾਰਥ ਛੱਡ ਕੇ ਲੋਕ ਕਲਿਆਣ ਦੀ ਭਾਵਨਾ ਨਾਲ ਸਾਰੇ ਰਾਗ ਦਵੇਸ਼ਾਂ ਤੋਂ ਪਰੇ ਹੋ ਕੇ ਸਭ ਨੂੰ ਆਤਮ ਸਰੂਪ, ਪਰਮਾਤਮਾ ਸਰੂਪ ਅਤੇ ਬ੍ਰਹਮਸਯ ਮੰਨਦਾ ਹੋਵੇ, ਭਾਵ ਉਦਾਸੀਨ ਉਹ ਮਹਾਂਪੁਰਖ ਹੁੰਦਾ ਹੈ, ਜੋ ਆਮ ਲੋਕਾਂ ਦੀ ਨਿਸਬਤ ਕਿਤੇ ਵਧੇਰੇ ਪ੍ਰਤੀ ਸੰਚਿਤ ਹੋਵੇ, ਜੋ ਆਪਣੇ ਚਰਿਤ੍ਰ, ਵਿੱਦਿਆ ਅਤੇ ਬੁਧਿ ਨਾਲ ਲੋਕ ਮੰਗਲਕਾਰ ਜਾਂ ਲੋਕ ਸੰਗ੍ਰਹਿ ਦੀ ਭਾਵਨਾ ਅਤੇ ਸਭ ਪ੍ਰਾਣੀਆਂ ਦੇ ਪਰਉਪਕਾਰ ਵਿਚ ਲੱਗਾ ਰਹਿੰਦਾ ਹੈ।
ਉਦਾਸੀਨ ਦੀ ਇਹ ਬਿਰਤੀ ਹੁੰਦੀ ਹੈ ਕਿ ਉਸ ਦਾ ਅੰਤਸ਼ਕਰਣ ਪੂਰੀ ਤਰ੍ਹਾਂ ਸ਼ੁੱਧ ਰਹਿੰਦਾ ਹੈ। ਉਸ ਦੀਆਂ ਸਾਰੀਆਂ ਇੰਦਰੀਆਂ ਉਸ ਦੇ ਵੱਸ ਵਿਚ ਰਹਿੰਦੀਆਂ ਹਨ ਅਤੇ ਉਹ ਲੋਕ ਭਲਾਈ ਦਾ ਕੰਮ ਕਰਦਾ ਹੋਇਆ ਵੀ ਕਿਸੇ ਤਰ੍ਹਾਂ ਉਸ ਵਿਚ ਲਿਪਤ ਨਹੀਂ ਹੁੰਦਾ। ਉਹ ਸੰਸਾਰ ਵਿਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ। ਇਥੇ ਇਹ ਨਹੀਂ ਸਮਝਣਾ ਚਾਹੀਦਾ ਕਿ ਉਦਾਸੀ ਉਹ ਹੁੰਦਾ ਹੈ, ਜੋ ਸਾਰੇ ਸੰਸਾਰ ਤੋਂ ਵਿਰੱਕਤ ਹੋ ਕੇ ਏਕਾਂਤਵਾਸ ਹੋ ਕੇ ਕਿਸੇ ਜੰਗਲ ਵਿਚ, ਪਹਾੜਾਂ ਦੀਆਂ ਕੰਦਰਾਂ ਵਿਚ ਤਪ ਕਰਦਾ ਹੈ। ਉਦਾਸੀ ਉਹ ਮਨੋਵਿਰਤੀ ਹੈ, ਜਿਸ ਵਿਚ ਪਹੁੰਚਿਆ ਵਿਅਕਤੀ ਸੰਸਾਰ ਦੇ ਕਿਸੇ ਵੀ ਵਿਅਕਤੀ ਜਾਂ ਮਾਇਕ ਪਦਾਰਥ ਨਾਲ ਨਾ ਕਿਸੇ ਤਰ੍ਹਾਂ ਦਾ ਰਾਗ ਰੱਖਦਾ ਹੈ, ਨਾ ਦਵੇਸ਼। ਉਹ ਸਵਾਰਥ ਦਾ ਤਿਆਗ ਕਰ ਕੇ ਸਭ ਦੇ ਕਲਿਆਣ ਵਿਚ ਲੱਗਿਆ ਰਹਿੰਦਾ ਹੈ।
ਉਦਾਸੀਨ ਦਾ ਅਰਥ ਅਧਿਆਤਮਕ ਦ੍ਰਿਸ਼ਟੀ ਤੋਂ ਉੱਚਾ ਉਠਿਆ ਹੋਇਆ ਵਿਅਕਤੀ ਹੈ। ਉਸ ਦੇ ਸੰਚਾਲਕ ਬ੍ਰਹਮਾ ਦੇ ਮਾਨਸ ਪੁੱਤਰ ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ ਹਨ। ਇਹ ਵੇਦਾਂਤ ਸ਼ਾਸਤਰ ਵਿਚ ਨਿਪੁੰਨ ਅਤੇ ਪ੍ਰਿਥੂ ਜਿਹੇ ਸਮਰਾਟਾਂ ਨੂੰ ਬ੍ਰਹਤ ਤੱਤ ਦਾ ਉਪਦੇਸ਼ ਦਿਆ ਕਰਦੇ ਸਨ। ਸ਼ਿਵ ਸਰੂਪ ਭਗਵਾਨ ਸ੍ਰੀ ਸ਼ੰਕਰਾਚਾਰੀਆ ਇਕ ਪਰੰਪਰਾ ਦੇ ਪੁਨਰ ਸਥਾਪਕ ਹਨ। ਇਹ ਨਿਰਗੁਣ ਅਤੇ ਸਰਗੁਣ ਦੇ ਸਿਧਾਂਤ ਦੀ ਸਥਾਪਨਾ ਕਰਨ ਵਾਲੇ ਅਚਾਰਯ ਹਨ। ਉਨ੍ਹਾਂ ਦੀ ਮਨੌਤ ਹੈ ਕਿ ਭਗਤੀ ਗਿਆਨ ਦੇ ਸੁਮੇਲ ਤੋਂ ਹੀ ਮਨੁੱਖ ਨੂੰ ਮੋਖ ਦੀ ਪ੍ਰਾਪਤੀ ਹੋ ਸਕਦੀ ਹੈ।