(ਡਾਕਟਰ ਮਹਿੰਦਰ ਸਿੰਘ ਰੰਧਾਵਾ ਸੰਪਾਦਿਤ 720 ਪੰਨਿਆਂ ਦੀ ਵੱਡ ਆਕਾਰੀ ਪੁਸਤਕ "ਪੰਜਾਬ" ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲੀ ਵਾਰ ਬੋਲੀ ਦੇ ਆਧਾਰ ਤੇ ਹਰਿਆਣਾ ਅਤੇ ਪੰਜਾਬ ਵਜੋਂ ਇਸ ਧਰਤ ਦੇ ਹੋਰ ਟੁਕੜੇ ਕੀਤੇ ਜਾਣ ਤੋਂ ਪਹਿਲਾਂ 1960 ਵਿਚ ਪ੍ਰਕਾਸ਼ਿਤ ਦੁਰਲੱਭ ਦੀ ਸ਼੍ਰੇਣੀ ਵਿਚ ਰੱਖੀ ਜਾਣ ਵਾਲੀ ਪੁਸਤਕ ਹੈ।
ਜੋ ਬਾਅਦ ਵਿਚ 2006-2012 ਅਤੇ 2000 ਵਿਚ ਮੁੜ ਛਾਪੀ ਗਈ ਹੈ।
ਇਸਦੇ ਸੰਪਾਦਕੀ ਬੋਰਡ ਵਿਚ ਮੁੱਖ ਸੰਪਾਦਕ ਡਾਕਟਰ ਮਹਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸਰਦਾਰ ਗੁਰਬਖਸ਼ ਸਿੰਘ 'ਪ੍ਰੀਤਲੜੀ', ਡਾਕਟਰ ਗੰਡਾ ਸਿੰਘ, ਪ੍ਰੋ. ਮੋਹਨ ਸਿੰਘ ‘ਮਾਹਰ’, ਸ੍ਰੀਮਤੀ ਅੰਮ੍ਰਿਤਾ ਪ੍ਰੀਤਮ, ਪ੍ਰੋ. ਪ੍ਰੀਤਮ ਸਿੰਘ, ਸ. ਰਣਜੀਤ ਸਿੰਘ ਗਿੱਲ, ਸ. ਲਾਲ ਸਿੰਘ, ਡਾਕਟਰ ਜੀਤ ਸਿੰਘ ਸੀਤਲ ਅਤੇ ਸ. ਪਰਤਾਪ ਸਿੰਘ ਕੈਂਤਲ ਦੀ ਸ਼ਮੂਲੀਅਤ ਹੀ ਇਸਦੀ ਅਹਿਮੀਅਤ ਅਤੇ ਸਾਰਥਿਕਤਾ ਸਿੱਧ ਕਰਨ ਲਈ ਕਾਫ਼ੀ ਜਾਪਦੀ ਹੈ
ਪੰਜਾਬੀਆਂ ਵਿੱਚ ਕਿਤਾਬ ਪੜ੍ਹਨ ਦੇ ਲਗਾਤਾਰ ਰਸਾਤਲ ਵੱਲ ਜਾ ਰਹੇ ਘਾਤਕ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੂਝਵਾਨ ਪਾਠਕਾਂ ਵਾਸਤੇ ਕੇਸਰੀ ਵਿਰਾਸਤ ਮੀਡੀਆ ਹਾਊਸ ਵਲੋਂ ਇਸ ਪੁਸਤਕ ਨੂੰ ਕਿਸ਼ਤਾਂ ਵਿਚ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਪਾਠਕ ਆਸਾਨੀ ਨਾਲ ਥੋੜ੍ਹਾ ਥੋੜ੍ਹਾ ਕਰਕੇ ਆਪਣੀ ਮਹਾਨ ਵਿਰਾਸਤ ਤੋਂ ਜਾਣੂ ਹੁੰਦੇ ਰਹਿਣ।
ਪਾਠਕਾਂ ਦੇ ਹਾਂ ਪੱਖੀ ਹੁੰਗਾਰੇ ਦੀ ਉਡੀਕ ਵਿਚ:- ਗੁਰਪ੍ਰੀਤ ਸਿੰਘ ਸੰਧੂ ਸੰਪਾਦਕ)
Punjab Series-1
ਸਪਤ-ਸਿੰਧੂ -ਪੰਜਾਬ (ਭੂਗੋਲ ਤੇ ਇਤਿਹਾਸ)
ਪੰਜਾਬ ਸੰਸਾਰ ਦੇ ਉਨ੍ਹਾਂ ਕੁਝ ਥੋੜੇ ਜਿਹੇ ਦੇਸਾਂ ਵਿੱਚੋਂ ਹੈ ਜਿਨ੍ਹਾਂ ਨੂੰ ਆਪਣੀ ਇਤਿਹਾਸਕ ਪ੍ਰਾਚੀਨਤਾ ਉਤੇ ਯੋਗ ਮਾਣ ਹੈ। ਕੇਵਲ ਇਹ ਹੀ ਨਹੀਂ ਕਿ ਪ੍ਰਾਚੀਨ ਆਰੀਆ ਦੀ ਸੱਭਿਅਤਾ ਅਤੇ ਉਨ੍ਹਾਂ ਦੇ ਸਾਹਿਤ ਨੇ ਇੱਥੇ ਜਨਮ ਲਿਆ ਅਤੇ ਇੱਥੋਂ ਹੀ ਉਨ੍ਹਾਂ ਦਾ ਬਾਹਰ ਨੂੰ ਪਸਾਰਾ ਹੋਇਆ ਬਲਕਿ ਇਹ ਭੀ ਕਿ ਆਰੀਆ ਸੱਭਿਅਤਾ ਦੇ ਜਨਮ ਤੋਂ ਭੀ ਪਹਿਲਾਂ ਦੀ ਪੰਜਾਬ ਦੀ ਸੱਭਿਅਤਾ ਵੀ ਉੱਚਤਾ ਦੇ ਸਿਖਰ ਉੱਤੇ ਪਹੁੰਚੀ ਹੋਈ ਸੀ, ਜਿਸ ਦਾ ਕੁਝ ਕੁ ਅੰਦਾਜ਼ਾ ਹੜੱਪਾ ਅਤੇ ਰੋਪੜ ਦੀਆਂ ਖੁਦਾਈਆਂ ਚੋਂ ਨਿਕਲੀਆਂ ਵਸਤਾਂ ਤੋਂ ਲਾਇਆ ਜਾ ਸਕਦਾ ਹੈ । ਪੰਜਾਬ ਸਦਾ ਤੋਂ ਹੀ ਹਿੰਦੁਸਤਾਨ ਦੀ ਆਨ, ਸ਼ਾਨ ਅਤੇ ਇੱਜ਼ਤ ਦਾ ਰਾਖਾ ਰਿਹਾ ਹੈ ਅਤੇ ਇਸ ਦੀ ਆਜ਼ਾਦੀ ਨੂੰ ਬਚਾਈ ਰੱਖਣ ਲਈ ਵਿਦੇਸ਼ੀ ਵੈਰੀਆਂ ਦੇ ਪਹਿਲੇ ਖੂਨੀ ਵਾਰਾਂ ਦਾ ਟਾਕਰਾ ਇਸ ਨੂੰ ਹੀ ਕਰਨਾ ਪੈਂਦਾ ਰਿਹਾ। ਇਸ ਨੇ ਪੰਜਾਬੀਆਂ ਨੂੰ ਐਸੇ ਹਠੀਲੇ ਸੂਰਬੀਰ ਬਣਾ ਦਿੱਤਾ ਹੈ ਜੋ ਹਰ ਰਣ-ਤੱਤੇ ਵਿਚ ਖੁਸ਼ੀ ਨਾਲ ਛਾਲਾਂ ਮਾਰਦੇ ਅਤੇ ਮੌਤ ਨੂੰ ਮਖੌਲਾਂ ਕਰਦੇ ਅੱਗੇ ਵੱਧਦੇ ਚਲਦੇ ਹਨ। ਇਹ ਪੰਜਾਬ ਦੇ ਦਰਿਆਵਾਂ ਵਾਂਙੂ ਸ਼ੂਕਦੇ ਅਤੇ ਇਸ ਦੀ ਉਪਜਾਊ ਧਰਤੀ ਦੀ ਤਰ੍ਹਾਂ ਖੁਲ੍ਹ-ਦਿਲੇ ਤੇ ਉਦਾਰ ਹਨ। ਇਹ ਵਲ-ਛਲ ਨਹੀਂ ਜਾਣਦੇ ਹੱਥ ਨਹੀਂ ਅੱਡਦੇ, ਬਾਹਾਂ ਅਤੇ ਹਿੱਕ ਦੇ ਜ਼ੋਰ ਨਾਲ ਜੀਉਂਦੇ-ਜਾਗਦੇ ਹਨ ।
ਪੁਰਾਣੇ ਪੰਜਾਬ ਦਾ ਚੁਹੱਦਾ
ਪ੍ਰਾਚੀਨ ਸਮਿਆਂ ਤੋਂ ਪੰਜਾਬ ਦੀਆਂ ਭੂਗੋਲਿਕ ਹੱਦਾਂ ਦੇ ਇਤਿਹਾਸ-ਪ੍ਰਸਿੱਧ ਦਰਿਆਵਾਂ ਨਾਲ ਬਣੀਆਂ ਚਲੀਆਂ ਆ ਰਹੀਆਂ ਹਨ : ਲਹਿੰਦੇ ਵੱਲ ਸਿੰਧ ਦਰਿਆ ਅਤੇ ਚੜ੍ਹਦੇ ਵੱਲ ਜਮਨਾਂ। ਇਨ੍ਹਾਂ ਦੋਹਾਂ ਦੇ ਵਿਚਕਾਰ ਪੰਜ ਦਰਿਆ ਹੋਰ ਹਨ : ਜਿਹਲਮ, ਝਨਾਂ, ਰਾਵੀ, ਬਿਆਸ ਅਤੇ ਸਤਲੁਜ । ਇਸ ਤਰ੍ਹਾਂ ਸੱਤਾਂ ਦਰਿਆਵਾਂ ਦੀ ਇਹ ਭੂਮੀ ਸਪਤ-ਸਿੰਧੂ ਕਹਾਉਂਦੀ ਸੀ। ਵੈਦਿਕ ਅਤੇ ਕੁਝ ਪਿਛਲੇਰੇ ਸਮਿਆਂ ਵਿਚ ਸਪਤ-ਸਿੰਧੂ ਦੀ ਸਭ ਤੋਂ ਚੜ੍ਹਦੀ ਨਦੀ ਸਰਸ੍ਵਤੀ ਹੁੰਦੀ ਸੀ ਜੋ ਇਸ ਵੇਲੇ ਬਹੁਤੀ ਉਜਾਗਰ ਨਹੀਂ ਰਹੀ ਅਤੇ ਇਕ ਵੱਡੇ ਚੋ ਦੀ ਸ਼ਕਲ ਧਾਰਣ ਕਰਕੇ ਘੱਗਰ ਵਿਚ ਰਲ ਜਾਂਦੀ ਹੈ, ਇਸ ਲਈ ਪੰਜਾਬ ਦੀ ਚੜ੍ਹਦੀ ਹੱਦੇ ਇਸ ਦੀ ਥਾਂ ਹੁਣ ਜਮਨਾ ਨੇ ਮੱਲ ਲਈ ਹੈ।
ਚੜ੍ਹਦੇ ਵਲੋਂ ਸਤਲੁਜ ਤੇ ਬਿਆਸ ਰਲ ਕੇ ਅਤੇ ਉੱਤਰ-ਲਹਿੰਦੇ ਵਲੋਂ ਜਿਹਲਮ, ਝਨਾਂ ਤੇ ਰਾਵੀ ਇਕ ਹੋ ਕੇ, ਸ਼ਹਿਰ ਉੱਚ ਦੇ ਉੱਤਰ ਵਲ ਖੈਰਪੁਰੋਂ ਲਹਿੰਦੇ ਪਾਸੇ ਇਕ ਥਾਂ ਇਕੱਠੇ ਹੋ ਜਾਂਦੇ ਹਨ ਤੇ ਉਥੇ ਇਨ੍ਹਾਂ ਦਾ ਨਾਉਂ ਪੰਜ-ਨਦ ਪੈ ਜਾਂਦਾ ਹੈ। ਇਸੇ ਤੋਂ (ਜਮਨਾ ਤੱਕ ਦੇ) ਸਾਰੇ ਚੜ੍ਹਦੇ ਦੇਸ ਦਾ ਨਾਉ ਪੰਜ-ਨਦ ਹੋ ਗਿਆ ਹੈ, ਜੋ ਮੁਸਲਮਾਨਾਂ ਦੇ ਇਥੇ ਆਉਣ ਪਰ ਬਦਲ ਕੇ ਪੰਜਾਬ (ਪੰਜ-ਆਬ-ਪੰਜ ਦਰਿਆਵਾਂ ਦਾ ਦੇਸ਼) ਬਣ ਗਿਆ।
ਪੰਜਾਬ ਦੇ ਉੱਤਰ ਵਲ ਹਿਮਾਲਾ ਪਰਬਤ ਹੈ ਜੋ ਇਸ ਨੂੰ ਕਸ਼ਮੀਰ ਅਤੇ ਪਠਾਣੀ ਇਲਾਕੇ ਤੋਂ ਵੱਖ ਕਰਦਾ ਹੈ । ਲਹਿੰਦੇ ਵਲ ਮੋਟੀ ਹੱਦ ਸਿੰਧ ਦਰਿਆ ਦੀ ਹੈ ਜਿਸਦੇ ਪਾਰ ਪਠਾਣੀ ਦੇਸ਼ ਹੈ।
ਸਿੰਧੋਂ ਪਾਰ ਲਹਿੰਦੇ ਨੂੰ ਜ਼ਿਲ੍ਹਾ ਮੀਆਂਵਾਲੀ ਦੀ ਈਸੇ ਖਾਨ ਤਹਿਸੀਲ ਪੰਜਾਬ ਵਿਚ ਗਿਣੀ ਜਾਂਦੀ ਸੀ, ਇਸੇ ਤਰ੍ਹਾਂ ਪਾਰ ਲਹਿੰਦੇ-ਦੱਖਣ ਨੂੰ ਡੇਰਾ ਗਾਜ਼ੀਖਾਨ ਦਾ ਜਿਲ੍ਹਾ ਸੀ ਜਿਸ ਨਾਲ ਪੰਜਾਬ ਦੀ ਲਹਿੰਦੀ-ਦੱਖਣੀ ਹੱਦ ਸੁਲੇਮਾਨ ਪਰਬਤ ਨੂੰ ਜਾ ਲੱਗਦੀ ਸੀ ਜੋ ਇਸ ਨੂੰ ਬਲੋਚਿਸਤਾਨ ਤੋਂ ਵੱਖ ਕਰਦੀ ਸੀ।
ਧੁਰ ਦੱਖਣ-ਲਹਿੰਦੇ ਵੱਲ ਸਿੰਧ ਦਾ ਇਲਾਕਾ ਹੈ। ਦੱਖਣ ਨੂੰ ਰਾਜਪੂਤਾਨੇ ਦੀ ਹੱਦ ਹੈ। ਚੜ੍ਹਦੇ ਵੱਲ ਜਮਨਾ ਨਦੀ ਹੈ ਅਤੇ ਉੱਤਰ-ਚੜ੍ਹਦੇ ਵੱਲ ਹਿਮਾਲਾ ਪਰਬਤ ਦੀਆਂ ਸਿਵਾਲਕ ਪਹਾੜੀਆਂ ਹਨ। ਇਸ ਤੋਂ ਪਾਰ ਚੀਨੀ ਤਿੱਬਤ ਦਾ ਇਲਾਕਾ ਹੈ। ਸ਼ਿਵਾਲਕ ਦੇ ਰਿਆਸਤੀ ਇਲਾਕੇ ਨੂੰ ਇਕ ਥਾਂ ਕਰ ਕੇ ਹੁਣ ਹਿਮਾਚਲ ਪ੍ਰਦੇਸ਼ ਦੇ ਨਾਉਂ ਹੇਠ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ ਹੈ।
ਅਜੋਕੇ ਪੰਜਾਬ ਦਾ ਚੁਹੱਦਾ
ਸੰਨ 1947 ਈਸਵੀ ਵਿਚ ਹਿੰਦੁਸਤਾਨ ਦੀ ਵੰਡ ਨਾਲ ਪੰਜਾਬ ਦੀ ਵੀ ਵੰਡ ਹੋ ਗਈ ਅਤੇ ਇਸ ਦੇ ਦੋ ਹਿੱਸੇ ਹੋ ਗਏ । ਲਹਿੰਦਾ ਤੇ ਚੜ੍ਹਦਾ। ਲਹਿੰਦਾ ਪੰਜਾਬ ਨਵੇਂ ਬਣੇ ਮੁਸਲਮਾਨੀ ਰਾਜ ਪਾਕਿਸਤਾਨ ਦੇ ਹਿੱਸੇ ਆਇਆ ਅਤੇ ਚੜ੍ਹਦਾ ਪੰਜਾਬ ਹਿੰਦੁਸਤਾਨ ਦੇ। ਇਸ ਨਾਲ ਹਿੰਦੁਸਤਾਨ ਦੇ ਹਿੱਸੇ ਆਏ ਪੰਜਾਬ ਦੀਆਂ ਹੱਦਾਂ ਇਸ ਤਰ੍ਹਾਂ ਬਦਲ ਗਈਆਂ ਕਿ ਇਸ ਦੇ ਲਹਿੰਦੇ ਵੱਲ ਲਹਿੰਦਾ ਪਾਕਿਸਤਾਨ ਹੋ ਗਿਆ, ਜਿਸ ਨਾਲ ਸਿਆਲਕੋਟ, ਲਾਹੌਰ ਤੇ ਮਿੰਟਗੁਮਰੀ ਦੇ ਜ਼ਿਲ੍ਹੇ ਅਤੇ ਬਹਾਵਲਪੁਰ ਦੀ ਰਿਆਸਤ ਪਾਕਿਸਤਾਨ ਨੂੰ ਚਲੇ ਗਏ ।
ਗੁਰਦਾਸਪੁਰ ਦੇ ਜ਼ਿਲ੍ਹਾ ਦਾ ਕੁਝ ਹਿੱਸਾ ਕੱਟ ਹੋ ਕੇ ਪਾਕਿਸਤਾਨ (ਜ਼ਿਲ੍ਹਾ ਅੰਮ੍ਰਿਤਸਰ) ਨਾਲ ਰਲ ਗਿਆ। ਇਸ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ (ਹਿੰਦੁਸਤਾਨ) ਅਤੇ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਅਤੇ ਜ਼ਿਲ੍ਹਾ ਅੰਮ੍ਰਿਤਸਰ (ਹਿੰਦੁਸਤਾਨ) ਦੇ ਉੱਤਰ ਤੇ ਉੱਤਰ-ਲਹਿੰਦੇ ਦੇ ਕੁਝ ਹਿੱਸੇ ਅਤੇ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਦੇ ਉੱਤਰ-ਚੜ੍ਹਦੇ ਦੇ ਕੁਝ ਹਿੱਸੇ ਦੇ ਵਿਚਕਾਰ ਹੱਦ ਰਾਵੀ ਦਰਿਆ ਦੀ ਹੋ ਗਈ। ਜ਼ਿਲ੍ਹਾ ਲਾਹੌਰ (ਪਾਕਿਸਤਾਨ) ਦੀ ਉੱਤਰ-ਚੜ੍ਹਦੀ ਨੁੱਕਰ ਤੋਂ, ਜੋ ਰਾਵੀ ਨਾਲ ਲਗਦੀ ਹੈ, ਸਰਹੱਦ ਦੀ ਲਕੀਰ ਨਵੇਂ ਬਣੇ ਜ਼ਿਲ੍ਹਾ ਅੰਮ੍ਰਿਤਸਰ ਦੇ ਲਹਿੰਦੇ ਲਹਿੰਦੇ ਹੁੰਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਉੱਤਰ ਨੂੰ ਸਤਲੁਜ ਦਰਿਆ ਨਾਲ ਆ ਮਿਲੀ ਹੈ। ਇੱਥੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਥੋੜੀ ਜਿਹੀ ਉੱਤਰ-ਲਹਿੰਦੀ ਹੱਦ ਸਤਲੁਜ ਦੇ ਦੱਖਣ ਨੂੰ ਬਹਾਵਲਪੁਰ (ਪਾਕਿਸਤਾਨ) ਦੀ ਉੱਤਰ-ਚੜ੍ਹਦੇ ਦੀ ਚੁੰਝ ਨਾਲ ਜਾ ਲਗੱਦੀ ਹੈ। ਪੰਜਾਬ ਦੇ ਦੱਖਣ-ਲਹਿੰਦੇ ਨੂੰ ਰਾਜਸਥਾਨ (ਰਾਜਪੂਤਾਨਾ), ਚੜ੍ਹਦੇ ਨੂੰ ਜਮਨਾ ਨਦੀ ਅਤੇ ਉੱਤਰ ਪ੍ਰਦੇਸ਼ ਅਤੇ ਉੱਤਰ-ਚੜ੍ਹਦੇ ਨੂੰ ਹਿਮਾਚਲ ਪ੍ਰਦੇਸ਼ ਹੈ। ਉੱਤਰ ਵਿਚ ਗੁਰਦਾਸਪੁਰ ਦੇ ਜਿਲ੍ਹੇ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ (ਚੰਬਾ) ਲੱਗਦਾ ਹੈ।
ਪੰਜਾਬ ਦੇ ਦੁਆਬੇ
ਪੰਜਾਬ ਪੰਜ ਕੁਦਰਤੀ ਦੁਆਬਿਆਂ ਵਿਚ ਵੰਡਿਆ ਹੋਇਆ ਹੈ। ਦੁਆਬੇ ਦੇ ਅੱਖਰੀ ਅਰਥ ਹਨ ਦੋ ਦਰਿਆਵਾਂ (ਦੋ+ਆਬ-ਦੋ ਨਦੀਆਂ) ਦੇ ਵਿਚਕਾਰਲਾ ਇਲਾਕਾ । ਪੰਜਾਬ ਦੇ ਦੁਆਬਿਆਂ ਦੇ ਨਾਉਂ ਵੀ ਸਬੰਧਤ ਦਰਿਆਵਾਂ ਦੇ ਨਾਂਵਾਂ ਦੇ ਪਹਿਲੇ ਅੱਖਰਾਂ ਤੋਂ ਹੀ ਪਏ ਹਨ। ਇਹ ਦੁਆਬੇ ਹਨ :
1. ਬਿਸਤ ਜਲੰਧਰ ਦੁਆਬ-ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲਾ ਇਲਾਕਾ । ਇਸ ਨੂੰ ਸੀਰੋਵਾਲ ਵੀ ਕਹਿੰਦੇ ਹਨ, ਇਸ ਕਰਕੇ ਕਿ ਇਸ ਇਲਾਕੇ (ਦੋ ਚੋਆਂ) ਵਿਚ ਪਾਣੀ ਦੀਆਂ ਸੀਰਾਂ ਆਮ ਫੁੱਟਦੀਆਂ ਤੇ ਵਗਦੀਆਂ ਹਨ।
2. ਬਾਰੀ ਦੁਆਬ - ਬਿਆਸ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ ।
3. ਰਚਨਾ (ਰਚਿਨ-ਆਬ, ਰਚਿਨ-ਅਉ) ਦੁਆਬ ਇਲਾਕਾ- ਰਾਵੀ ਅਤੇ ਚਿਨਾਬ (ਝਨਾਂ) ਦੇ ਵਿਚਕਾਰਲਾ
4. ਚੱਜ ਦੁਆਬ - ਚਨਾਬ ਅਤੇ ਜਿਹਲਮ ਦੇ ਵਿਚਕਾਰਲਾ ਇਲਾਕਾ । ਇਸ ਦੁਆਬੇ ਨੂੰ ਚਿਨਹਤ -ਚਨਾਬ ਅਤੇ ਬਿਹਤ (ਜੋ ਜਿਹਲਮ ਦਾ ਦੂਸਰਾ ਨਾਉਂ ਹੈ) ਦੇ ਵਿਚਕਾਰਲਾ ਇਲਾਕਾ ਵੀ ਆਖਦੇ ਹਨ। ਸਿੰਧ ਸਾਗਰ ਦੁਆਬ - ਸਿੰਧ ਅਤੇ ਜਿਹਲਮ (ਬਿਹਤ) ਦੇ ਵਿਚਕਾਰਲਾ ਇਲਾਕਾ।
ਉਪਰੋਕਤ ਦੁਆਬਿਆਂ ਵਿੱਚੋਂ ਕੇਵਲ ਡੇਢ ਦੁਆਬਾ ਹੀ ਇਸ ਵੇਲੇ ਹਿੰਦੁਸਤਾਨ ਪੰਜਾਬ ਵਿਚ ਹੈ ।
- ਬਾਰੀ ਦੁਆਬ - ਲਾਹੌਰ, ਮਿੰਟਗੁਮਰੀ ਅਤੇ ਮੁਲਤਾਨ ਦੇ ਜ਼ਿਲ੍ਹੇ ਲਹਿੰਦੇ ਪਾਕਿਸਤਾਨ ਵਿਚ ਚਲੇ ਜਾਣ ਕਰਕੇ ਹਿੰਦੁਸਤਾਨ ਦੇ ਹਿੱਸੇ ਆਏ ਬਾਰੀ ਦੁਆਬ ਵਿਚ ਕਾਂਗੜਾ (ਕੁਝ ਹਿੱਸਾ), ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹੇ ਹੀ ਰਹਿ ਗਏ ਹਨ। ਇਸ ਕਰਕੇ ਬਾਰੀ ਦੁਆਬ ਨੂੰ ਅੱਧਾ ਦੁਆਬਾ ਹੀ ਗਿਣਿਆ ਜਾ ਸਕਦਾ ਹੈ।
2. ਬਿਸਤ ਜਲੰਧਰ ਦੁਆਬ - ਇਸ ਵਿਚ ਕਾਂਗੜਾ (ਕੁਝ ਹਿੱਸਾ) ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲੇ ਦੇ ਜ਼ਿਲ੍ਹੇ ਹਨ।
ਇਸ ਤੋਂ ਇਲਾਵਾ ਪੰਜਾਬ ਵਿਚ ਸਤਲੁਜ ਦੇ ਦੱਖਣ, ਜਮਨਾ ਦੇ ਲਹਿੰਦੇ ਅਤੇ ਰਾਜਸਥਾਨ ਦੀ ਉੱਤਰ-ਚੜ੍ਹਦੀ ਹੱਦ ਤੱਕ ਦਾ ਉਹ ਸਾਰਾ ਇਲਾਕਾ ਹੈ ਜਿਸ ਵਿਚ ਕਿ ਫ਼ਿਰੋਜ਼ਪੁਰ, ਲੁਧਿਆਣਾ, ਅੰਬਾਲਾ, ਕਰਨਾਲ, ਰੋਹਤਕ, ਗੁੜਗਾਉਂ ਅਤੇ ਹਿਸਾਰ ਦੇ ਜ਼ਿਲ੍ਹੇ ਅਤੇ ਪਟਿਆਲਾ, ਨਾਭਾ,ਜੀਂਦ, ਫ਼ਰੀਦਕੋਟ, ਮਲੇਰ-ਕੋਟਲਾ, ਕਲਸੀਆਂ, ਨਾਲਾਗੜ੍ਹ, ਪਟੌਦੀ, ਦੁਜਾਨਾ ਅਤੇ ਲੋਹਾਰੂ ਦੀਆਂ ਪੁਰਾਣੀਆਂ ਰਿਆਸਤਾਂ ਸ਼ਾਮਲ ਹਨ।
ਸਤਲੁਜ ਤੋਂ ਦੱਖਣ ਦੇ ਇਲਾਕੇ ਨੂੰ ਚਾਰ ਮੋਟਿਆਂ ਮੋਟਿਆਂ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ : ਮਾਲਵਾ, ਕੁਰਖੇਤਰ, ਭਟਿਆਣਾ ਅਤੇ ਹਰਿਆਣਾ ।
ਮਾਲਵਾ - ਸਤਲੁਜ ਦੇ ਦੱਖਣ ਨੂੰ ਪੰਜਾਬ ਦਾ ਉਹ ਇਲਾਕਾ, ਜੋ 29 ਅਤੇ 31 ਉੱਤਰੀ ਵਿਧਕਾਰਾਂ ਅਤੇ 78-30 ਤੇ 77 ਚੜ੍ਹਦੀਆਂ ਲਮਕਾਰਾਂ ਦੇ ਵਿਚਕਾਰ ਹੈ। ਇਸ ਵਿਚ ਫ਼ਿਰੋਜ਼ਪੁਰ, ਲੁਧਿਆਣੇ ਦੇ ਜ਼ਿਲ੍ਹੇ ਅਤੇ ਪਟਿਆਲਾ, ਨਾਭਾ ਜੀਂਦ, ਫ਼ਰੀਦਕੋਟ ਤੇ ਮਲੇਰ-ਕੋਟਲੇ ਦੀਆਂ ਪੁਰਾਣੀਆਂ ਦੇਸੀ ਰਿਆਸਤਾਂ ਸ਼ਾਮਲ ਹਨ।
ਕੁਰਖੇਤਰ - ਹਿੰਦੂਆਂ ਦੀ ਇਹ ਪਵਿੱਤਰ ਭੂਮੀ 28-30 ਤੇ 30 ਉੱਤਰੀ ਵਿਥਕਾਰ ਅਤੇ 76-30 ਤੇ 77 ਚੜ੍ਹਦੀਆਂ ਲਮਕਾਰਾਂ ਦੇ ਵਿਚਕਾਰ ਜ਼ਿਲ੍ਹਾ ਕਰਨਾਲ ਅਤੇ ਜੀਂਦ ਦੀ ਪੁਰਾਣੀ ਰਿਆਸਤ ਵਿਚ ਹੈ। ਮਹਾਭਾਰਤ ਅਨੁਸਾਰ, ਜਿਸ ਵਿਚ ਇਸ ਇਲਾਕੇ ਦਾ ਸਭ ਤੋਂ ਪੁਰਾਣਾ ਹਾਲ ਮਿਲਦਾ ਹੈ, ਇਹ ਸਰਸ੍ਵਤੀ ਅਤੇ ਦਰਿਸ਼ਦ੍ਰਤੀ (ਹੁਣ ਰਕਸ਼ੀ) ਨਦੀਆਂ ਦੇ ਵਿਚਕਾਰ ਹੈ। ਇਸ ਇਲਾਕੇ ਵਿਚ ਸੱਤ ਜਾਂ ਇਨ੍ਹਾਂ ਦੋਹਾਂ ਨਦੀਆਂ ਸਮੇਤ ਨੌਂ ਨਦੀਆਂ ਸਨ ਅਤੇ ਇਨ੍ਹਾਂ ਦੇ ਦੋਹੀਂ ਪਾਸੀਂ ਸੱਤ ਜਾਂ ਨੌਂ ਬਣ ਜਾਂ ਜੰਗਲ ਸਨ ਜਿੱਥੇ ਕਿ ਪ੍ਰਾਚੀਨ ਆਰੀਆ ਰਿਖੀਆਂ ਦੇ ਆਸ਼ਰਮ ਸਨ। ਇਹ ਆਸ਼ਰਮ ਬ੍ਰਹਮਚਾਰੀਆਂ ਦੇ ਮੁੱਖ ਵਿਦਿਆ-ਅਸਥਾਨ ਸਨ, ਜਿੱਥੇ ਕਿ ਰਿਖੀ ਲੋਕ ਉਨ੍ਹਾਂ ਨੂੰ ਧਾਰਮਕ ਅਤੇ ਸਾਹਿਤਕ ਗਿਆਨ ਦੇ ਨਾਲੋ ਨਾਲ ਹਰ ਪ੍ਰਕਾਰ ਦੀ ਹੋਰ ਸਿਖਿਆ ਭੀ ਦਿੰਦੇ ਸਨ।
ਕੁਰਖੇਤਰ ਦੀ ਚੁਪਾਸੀ ਭੂਮੀ ਦਾ ਘੇਰਾ 160 ਮੀਲ ਤੋਂ ਵੱਧ ਨਹੀਂ ਸੀ। ਇਸ ਦਾ ਉੱਤਰ ਬੇਰ ਤੋਂ ਲੈ ਕੇ (ਜਿੱਥੇ ਕਿ ਸਰਸ੍ਵਤੀ ਤੇ ਘੱਗਰ ਮਿਲਦੇ ਹਨ) ਥਾਨੇਸਰ ਤਕ ਹੈ ਅਤੇ ਇਸ ਦਾ ਦੱਖਣ ਸਵੀਦੋਂ ਦੇ ਦੱਖਣ ਨੂੰ ਸਿੰਧ ਤੋਂ ਜੀਂਦ ਦੇ ਦੱਖਣ ਤੇ ਲਹਿੰਦੇ ਨੂੰ ਰਾਮਰਾਏ ਤਕ ਹੈ।
ਇਸ ਭੂਮੀ ਦਾ ਨਾਉਂ ਕੁਰਖੇਤਰ (ਕੁਰੂ ਦਾ ਮੈਦਾਨ) ਕੋਰਵਾਂ ਅਤੇ ਪਾਂਡਵਾਂ ਦੇ ਬਜੁਰਗ ਕੁਰੂ ਤੋਂ ਪਿਆ ਹੈ ਅਤੇ ਇੱਥੇ ਹੀ ਦੋਹਾਂ ਵਿਚਕਾਰ ਮਹਾਭਾਰਤ ਦਾ ਯੁੱਧ ਹੋਇਆ ਸੀ। ਇਹ ਭੂਮੀ ਕੋਰਵਾਂ ਦੇ ਸਮੇਂ ਤੋਂ ਪਹਿਲਾਂ ਭੀ ਚੋਖੀ ਪ੍ਰਸਿੱਧ ਸੀ ਅਤੇ ਧਰਮ-ਖੇਤਰ ਜਾਂ ਬ੍ਰਹਮਵਰਤ ਕਰਕੇ ਭੀ ਸੱਦੀ ਜਾਂਦੀ ਸੀ ।
ਥਾਨੇਸਰ ਦੇ ਮੁਕਾਮ ਤੇ ਹੀ ਕਿਹਾ ਜਾਂਦਾ ਹੈ ਕਿ ਪਰਸੁਰਾਮ ਨੇ ਖੱਤਰੀਆਂ ਦਾ ਨਾਸ ਕੀਤਾ ਸੀ । ਕੁਰਖੇਤਰ ਦੇ ਬਾਹਰਵਾਰ ਦੇ ਸਰਵਣਾਪਤ ਸਰੋਵਰ ਦਾ ਸਬੰਧ ਰਿਗਵੇਦ ਵਿਚ ਆਈ ਘੋੜ-ਸਿਰੇ ਦਧਿਅਚ (ਦਧੀਚ) ਦੀ ਕਥਾ ਨਾਲ ਦੱਸਿਆ ਜਾਂਦਾ ਹੈ। ਇਸ ਭੂਮੀ ਦਾ ਨਾਉਂ ਨਰਦਕ ਕਰਕੇ ਭੀ ਆਉਂਦਾ ਹੈ ਜੋ 'ਨਿਰਦੁਖ' (ਦੁਖਾਂ ਤੋਂ ਰਹਿਤ ਧਰਮ-ਭੂਮੀ) ਦਾ ਵਿਗਾੜਿਆ ਹੋਇਆ ਰੂਪ ਪ੍ਰਤੀਤ ਹੁੰਦਾ ਹੈ। ਸੱਤਵੀਂ ਈਸਵੀ ਸਦੀ ਦਾ ਚੀਨੀ ਯਾਤਰੀ ਹਿਉਨ-ਸਾਂਗ ਇਸ ਨੂੰ ਸੁੱਖ-ਭੂਮੀ ਕਰਕੇ ਸੱਦਦਾ ਹੈ। ਸੂਰਜ ਦੇ ਵਤਾ, ਸ਼ਿਵਜੀ ਮਹਾਂਦੇਵ, ਮਹਾਭਾਰਤ ਆਦਿ ਦੇ ਇੱਥੇ 360 ਤੀਰਥ-ਅਸਥਾਨ ਦੱਸੇ ਜਾਂਦੇ ਹਨ । ਥਾਨੇਸਰ, ਅਮੀਨ, ਪਹੋਆ, ਜੀਂਦ, ਸਫੀਦੋਂ ਅਤੇ ਕੈਂਥਲ ਕੁਰਖੇਤਰ ਭੂਮੀ ਦੇ ਖ਼ਾਸ ਉੱਘੇ ਅਸਥਾਨ ਹਨ।
ਭਟਿਆਣਾ- ਪੰਜਾਬ ਦੇ ਦੱਖਣ-ਲਹਿੰਦੇ ਦਾ ਉਹ ਹਿੱਸਾ, ਜੋ 29-15 ਤੇ 30-15 ਉੱਤਰੀ ਵਿਥਕਾਰਾਂ ਅਤੇ 74 ਤੇ 75-45 ਚੜ੍ਹਦੀਆਂ ਲਮਕਾਰਾਂ ਦੇ ਵਿਚਕਾਰ ਹੈ, ਭਟਿਆਣਾ ਨਾਉਂ ਨਾਲ ਪ੍ਰਸਿੱਧ ਹੈ। ਇਹ ਨਾਉਂ ਇਸ ਦਾ ਇਸ ਕਰਕੇ ਪਿਆ ਹੈ ਕਿ ਇਥੇ ਭੱਟੀ ਰਾਜਪੂਤ (ਜੇ ਬਹੁਤ ਕਰਕੇ ਮੁਸਲਮਾਨ ਹੋ ਗਏ ਹੋਏ ਹਨ) ਵਸਦੇ ਹਨ। ਇਸ ਵਿਚ ਜ਼ਿਲ੍ਹਾ ਹਿਸਾਰ ਦੇ ਫਤਿਹ-ਆਬਾਦ ਤੋਂ ਲੈ ਕੇ ਭਟਨੇਰ (ਬੀਕਾਨੇਰ) ਤਕ ਘੱਗਰ ਦੀ ਵਾਦੀ ਦਾ ਹਿੱਸਾ ਆਉਂਦਾ ਹੈ ਅਤੇ ਇਸ ਦੇ ਨਾਲ ਹੀ ਘੱਗਰ ਦੇ ਉੱਤਰ-ਲਹਿੰਦੇ ਵੱਲ ਦਾ ਖੁਸ਼ਕ ਇਲਾਕਾ ਜੋ ਸਤਲੁਜ ਦੇ ਪੁਰਾਣੇ ਵਹਿਣ ਤੱਕ ਚਲਾ ਜਾਂਦਾ ਹੈ । ਭਟਿਆਣੇ ਦਾ ਚੁਹੱਦਾ ਇਸ ਤਰ੍ਹਾਂ ਹੈ ਕਿ ਇਸ ਦੇ ਚੜ੍ਹਦੇ ਪਾਸੇ ਹਰਿਆਣੇ ਦਾ ਇਲਾਕਾ ਹੈ, ਲਹਿੰਦੇ ਅਤੇ ਦੱਖਣ ਵੱਲ ਬੀਕਾਨੇਰ ਅਤੇ ਉੱਤਰ ਵੱਲ ਬਠਿੰਡੇ ਦਾ ਇਲਾਕਾ ।
ਇਸ ਇਲਾਕੇ ਦਾ ਇਤਿਹਾਸ ਭੱਟੀ ਰਾਜਪੂਤਾਂ ਦੀਆਂ ਮੁਸਲਮਾਨ ਬਾਦਸ਼ਾਹਾਂ ਨਾਲ ਹੁੰਦੀਆਂ ਰਹੀਆਂ ਜੰਗਾਂ ਨਾਲ ਭਰਿਆ ਪਿਆ ਹੈ। 1750 ਈਸਵੀ ਤੋਂ ਬਾਅਦ ਇਨ੍ਹਾਂ ਦੇ ਟਾਕਰੇ ਸਿੰਘਾਂ ਨਾਲ ਸ਼ੁਰੂ ਹੋ ਗਏ ਤੇ ਕੁਝ ਚਿਰ ਲਈ ਇਹ ਇਲਾਕਾ ਪਟਿਆਲਾ ਰਾਜ ਵਿਚ ਆ ਗਿਆ। ਅਠਾਰ੍ਹਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਜਰਜ ਟੌਮਸ ਨੇ ਇਸ ਇਲਾਕੇ ਵਿਚ ਆਪਣਾ ਰਾਜ ਖੜਾ ਕਰ ਲਿਆ। 1801 ਵਿਚ ਇੱਥੇ ਮਰਾਠੇ ਆ ਗਏ ਜਿਨ੍ਹਾਂ ਪਾਸੋਂ 1803 ਵਿਚ ਇਹ ਇਲਾਕਾ ਅੰਗਰੇਜ਼ਾਂ ਨੇ ਖੋਹ ਲਿਆ। ਇਸ ਸਬੰਧੀ ਕੁਝ ਚਿਰ ਪਟਿਆਲਾ ਰਾਜ ਨਾਲ ਝਗੜਾ ਹੁੰਦਾ ਰਿਹਾ ਪਰ ਅੰਤ ਅੰਗਰੇਜ਼ਾਂ ਨੇ ਭਟਿਆਣੇ ਦਾ ਵਖਰਾ ਜ਼ਿਲ੍ਹਾ ਬਣਾ ਦਿੱਤਾ ਜੋ 1857 ਤੋਂ ਬਾਅਦ ਸਰਸਾ ਜ਼ਿਲ੍ਹਾ ਦੇ ਨਾਉਂ ਹੇਠਾਂ ਉੱਤਰ-ਲਹਿੰਦੇ ਸੂਬੇ ਤੋਂ ਪੰਜਾਬ ਨੂੰ ਬਦਲ ਦਿੱਤਾ ਗਿਆ। 1884 ਵਿਚ ਸਰਸੇ ਦਾ ਜਿਲ੍ਹਾ ਭੀ ਤੋੜ ਦਿੱਤਾ ਗਿਆ। ਅਤੇ ਇਸ ਦੇ ਕੁਝ ਹਿੱਸੇ ਜ਼ਿਲ੍ਹਾ ਹਿਸਾਰ ਨਾਲ ਰਲਾ ਦਿੱਤੇ ਗਏ ਤੇ ਕੁਝ ਫਿਰੋਜ਼ਪੁਰ ਨਾਲ।
(ਚਲਦਾ.......)