Martyrdom Centenary is a time to awaken religious tolerance and national consciousness: Prof. Sarchand Singh
ਗਿਆਨੀ ਕੁਲਦੀਪ ਸਿੰਘ ਗੜਗੱਜ ਸ਼ਤਾਬਦੀ ’ਤੇ ਸਿੱਖ ਸੰਗਤਾਂ ਨੂੰ ਸਰਕਾਰੀ ਸਮਾਗਮ ਦਾ ਬਹਿਸਕਾਰ ਕਰਨ ਲਈ ਸੰਦੇਸ਼ ਜਾਰੀ ਕਰਨਗੇ?
ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ’ਤੇ ਸ਼੍ਰੋਮਣੀ ਕਮੇਟੀ ਨੂੰ ਦੇਵੇ ਸਹਿਯੋਗ : ਪ੍ਰੋ. ਸਰਚਾਂਦ ਸਿੰਘ ਖਿਆਲਾ।
ਅੰਮ੍ਰਿਤਸਰ, 23 ਜੁਲਾਈ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) –
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਵੱਖਰੇ ਤੌਰ ’ਤੇ ਮਨਾਉਣ ਦੀ ਜਿਦ ਛੱਡ ਕੇ, ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਸਮਾਗਮਾਂ ਵਿੱਚ ਸ਼ਾਮਿਲ ਹੋਵੇ ਅਤੇ ਪੂਰਾ ਸਹਿਯੋਗ ਦੇਵੇ।
ਪ੍ਰੋ. ਸਰਚਾਂਦ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਸਿੱਖ ਪੰਥ ਦਾ ਹਿਰਦਾ ਬਹੁਤ ਵਿਸ਼ਾਲ ਹੈ, ਜੋ ਵੀ ਗੁਰੂ ਪੰਥ ਦੀ ਸੇਵਾ ਕਰਦਾ ਹੈ, ਉਹਨੂੰ ਗੁਰੂ ਪੰਥ ਵਲੋਂ ਅਪਾਰ ਬਖਸ਼ਿਸ਼ਾਂ ਮਿਲਦੀਆਂ ਹਨ। ਉਹਨਾਂ ਯਾਦ ਦਿਵਾਇਆ ਕਿ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ "ਮਸੀਹਾ" ਕਹਿ ਕੇ ਸਨਮਾਨਿਤ ਕੀਤਾ ਗਿਆ ਅਤੇ "ਕੌਮੀ ਸੇਵਾ ਅਵਾਰਡ" ਵੀ ਦਿੱਤਾ ਗਿਆ।
ਪ੍ਰੋ. ਸਰਚਾਂਦ ਸਿੰਘ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਵੀ ਸਵਾਲ ਕੀਤਾ ਕਿ ਜੇਕਰ ਇੱਕ ਪਤਿਤ, ਗੈਰ ਅੰਮ੍ਰਿਤਧਾਰੀ ਅਤੇ ਸਾਬਤ ਸੂਰਤ ਨਾ ਹੋਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਅਨੰਦਪੁਰ ਸਾਹਿਬ ਵਿੱਚ ਸ਼ਤਾਬਦੀ ਮਨਾਉਣ ’ਤੇ ਬਜ਼ਿਦ ਹੈ, ਤਾਂ ਕੀ ਉਹ ਸਿੱਖ ਸੰਗਤਾਂ ਨੂੰ ਸਰਕਾਰੀ ਸਮਾਗਮ ਦਾ ਬਹਿਸਕਾਰ ਕਰਨ ਦੀ ਅਪੀਲ ਕਰਨਗੇ?
ਉਹਨਾਂ ਮੁੱਖ ਮੰਤਰੀ ਮਾਨ ਨੂੰ ਸ੍ਰੋਮਣੀ ਕਮੇਟੀ ਨੂੰ "ਕਾਪੀਰਾਈਟ" ਜਾਂ "ਗੋਲਕ ਪ੍ਰਬੰਧਕ ਕਮੇਟੀ" ਕਹਿਣ ਵਾਲੀ ਸੋਚ ਨੂੰ ਤਿਆਗਣ ਦੀ ਸਲਾਹ ਦਿੰਦਿਆਂ ਕਿਹਾ ਕਿ ਚਾਹੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਕਈ ਖਾਮੀਆਂ ਹੋਣ, ਪਰ ਇਹ ਸੰਸਥਾ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਸਦਕਾ ਬਣੀ ਹੈ।
ਪ੍ਰੋ. ਖਿਆਲਾ ਨੇ ਮੁੱਖ ਮੰਤਰੀ ਨੂੰ ਕ੍ਰੈਡਿਟ ਵਾਰ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਿਰਫ਼ ਆਪਣੀ ਜਿਦ ਕਰਕੇ ਸਿੱਖ ਪੰਥ ਵਿੱਚ ਦੁਵਿਧਾ ਪੈਦਾ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਧਾਰਮਿਕ ਸ਼ਤਾਬਦੀਆਂ ਸਿਰਫ਼ ਧਰਮ ਅਤੇ ਵਿਰਸੇ ਨਾਲ ਨਹੀਂ ਜੋੜਦੀਆਂ, ਸਗੋਂ ਦੁਬਿਧਾ ਵਿੱਚ ਫਸੇ ਹੋਏ ਲੋਕਾਂ ਲਈ ਵੀ ਰਾਹ ਪੈਦਾ ਕਰਦੀਆਂ ਹਨ। ਇਸ ਸਮੇਂ ਨੂੰ ਅਸੀਂ ਧਾਰਮਿਕ ਸਹਿਣਸ਼ੀਲਤਾ ਅਤੇ ਰਾਸ਼ਟਰੀ ਚੇਤਨਾ ਨੂੰ ਜਗਾਈਏ , ਗੁਰੂ ਸਾਹਿਬਾਨ ਦੇ ਜੀਵਨ ਮੁੱਲ, ਉਪਦੇਸ਼, ਮਨੁੱਖਤਾ ਅਤੇ ਬਲਿਦਾਨ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਈਏ।
ਉਹਨਾਂ ਟਕਰਾਅ ਤੋਂ ਬਚਣ ਦੀ ਗੱਲ ਕਰਦਿਆਂ ਕਿਹਾ ਕਿ ਅਤੀਤ ਵਿੱਚ ਧਾਰਮਿਕ ਸ਼ਤਾਬਦੀਆਂ ਹਮੇਸ਼ਾ ਸ਼੍ਰੋਮਣੀ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਮਨਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਰਾਹੀਂ ਸਹਿਯੋਗ ਦਿੱਤਾ ਗਿਆ ਹੈ। ਉਹਨਾਂ ਉਦਾਹਰਣਾਂ ਦੇ ਰੂਪ ਵਿੱਚ ਦੱਸਿਆ ਕਿ 2022 ਵਿੱਚ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜੋਤੀ ਜੋਤ ਸ਼ਤਾਬਦੀ ਮੌਕੇ ਲਾਲ ਕਿਲ੍ਹੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਸਮਾਗਮ ਕੀਤਾ ਗਿਆ ਸੀ, ਜਿਸ ਵਿੱਚ ਕੇਂਦਰ ਸਰਕਾਰ ਨੇ ਪੂਰਾ ਸਹਿਯੋਗ ਦਿੱਤਾ। 2017 ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੇ ਮਹੱਤਵਪੂਰਨ ਸਹਿਯੋਗ ਨੂੰ ਸੰਗਤਾਂ ਯਾਦ ਕਰਦੀਆਂ ਹਨ। ਇਸੇ ਤਰਾਂ 1999 ਵਿੱਚ, ਅਕਾਲੀ-ਭਾਜਪਾ ਸਰਕਾਰ ਸਮੇਂ ਅਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ 300ਸਾਲਾ ਸਾਜਨਾ ਦਿਵਸ ਮਨਾਈ ਗਈ ਅਤੇ ਸਰਕਾਰ ਵਲੋਂ ਵਿਰਾਸਤ-ਏ-ਖ਼ਾਲਸਾ ਦੀ ਸਥਾਪਨਾ ਕੀਤੀ ਗਈ।
ਪ੍ਰੋ. ਖਿਆਲਾ ਨੇ ਇਹ ਵੀ ਕਿਹਾ ਕਿ ਜੂਨ 2024 ਵਿੱਚ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ 450ਵੀਂ ਜੋਤੀ ਜੋਤ ਸਮਾਗਮ ਦੌਰਾਨ ਮਾਨ ਸਰਕਾਰ ਵੱਲੋਂ ਦਿਖਾਈ ਗਈ ਉਦੇਸੀਨਤਾ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਹੈ, ਅਤੇ ਹੁਣ ਅਨੰਦਪੁਰ ਸਾਹਿਬ ਵਿੱਚ ਸ਼ਹੀਦੀ ਸ਼ਤਾਬਦੀ ਮਨਾਉਣ ਦੀ ਜਿਦ ਉਸੇ ਨਾਰਾਜ਼ਗੀ ਦਾ ਨਤੀਜਾ ਹੈ।
ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਟਕਾਰ ਲਾਉਂਦਿਆਂ ਕਿਹਾ ਕਿ ਸਾਢੇ ਤਿੰਨ ਸਾਲਾਂ ਵਿੱਚ ਕਈ ਧਾਰਮਿਕ ਸ਼ਤਾਬਦੀਆਂ ਆਈਆਂ, ਪਰ ਸਰਕਾਰ ਵੱਲੋਂ ਕੋਈ ਯੋਗਦਾਨ ਨਹੀਂ ਦਿੱਤਾ ਗਿਆ।
ਉਹਨਾਂ ਸਰਕਾਰ ਵੱਲੋਂ ਦਿੱਤੇ ਜਾ ਰਹੇ ਇਸ ਤਰਕ ਨੂੰ ਵੀ ਗਲਤ ਦੱਸਿਆ ਕਿ “ਜਿਵੇਂ ਬਾਬਾ ਬਕਾਲਾ ਵਿੱਚ ਰੱਖੜ ਪੁੰਨੀਆ, ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਅਤੇ ਮੁਕਤਸਰ ਵਿੱਚ ਮਾਘੀ ਮੌਕੇ ਸਿਆਸੀ ਪਾਰਟੀਆਂ ਸਟੇਜ ਲਗਾਦੀਆਂ ਹਨ, ਤਿਵੇਂ ਅਸੀਂ ਵੀ ਸ਼ਤਾਬਦੀ ਸਮਾਗਮ ਕਰਾਂਗੇ।”
ਪ੍ਰੋ. ਸਰਚਾਂਦ ਸਿੰਘ ਨੇ ਸਵਾਲ ਕੀਤਾ , “ਕੀ ਅਨੰਦਪੁਰ ਸਾਹਿਬ ਵਿੱਚ ਸਰਕਾਰ ਅਤੇ ਆਮ ਆਦਮੀ ਪਾਰਟੀ ਸ਼ਹੀਦੀ ਸ਼ਤਾਬਦੀ ਦੇ ਨਾਂ ’ਤੇ ਸਿਆਸੀ ਸਟੇਜ ਲਗਾਉਣ ਜਾ ਰਹੀ ਹੈ?”