ਚੌਧਰਾਂ ਮਾਰੇ ਪੰਥ ਦਾ ਇੰਝ ਹੋ ਸਕਦੈ ਬੇੜਾ ਪਾਰ
This is how the Chaudhary Mareh Panth can cross the river
ਅੱਜ ਪੰਜਾਬ ਦੇ ਲਗਭਗ ਹਰ ਪਿੰਡ ਵਿੱਚ ਗੁਰਦੁਆਰਾ ਹੈ। ਕੁਝ ਕੁ ਇਲਾਕਿਆਂ ਨੂੰ ਛੱਡ ਕੇ, ਜਿਥੇ ਸਿੱਖਾਂ ਦੀ ਅਬਾਦੀ ਨਾਂ ਮਾਤਰ ਜਾਂ ਬਿਲਕੁੱਲ ਨਹੀਂ। ਉਂਜ ਜਿੱਥੇ ਵੀ ਪੰਜ ਸੱਤ ਘਰ ਸਿੱਖਾਂ ਦੇ ਹਨ, ਉਥੇ ਉਹਨਾਂ ਨੇ ਹਿੰਮਤ ਕਰਕੇ ਗੁਰੂ-ਘਰ ਉਸਾਰ ਲਿਆ ਹੈ। ਕੁਝ ਪਿੰਡਾਂ ਵਿੱਚ ਤਾਂ ਕਈ-ਕਈ ਗੁਰਦੁਆਰੇ ਹਨ, ਪਰ ਵਧੇਰੇ ਖਾਲ੍ਹੀ ਰਹਿੰਦੇ ਹਨ। ਐਸਾ ਕਿਉਂ ਹੋਇਆ ਹੈ ? ਕਾਰਨ ਲੱਭਣੇ ਪੈਣਗੇ। ਇੱਕ ਗੁਰਦੁਆਰਾ ਰੱਖਣ ਦਾ ਅਰਥ ਇਹ ਸੀ ਕਿ ਅਸੀਂ ਸਾਰੇ ਸਿੱਖ ਇਕ ਸਥਾਨ 'ਤੇ ਇਕੱਠੇ ਹੋਈਏ। ਆਪਸੀ ਪਿਆਰ ਅਤੇ ਭਰਾਤਰੀ ਭਾਵ ਵਧੇ। ਸੰਗਠਨ ਮਜ਼ਬੂਤ ਹੋਵੇ । ਆਪਸੀ ਮਸਲੇ ਮੁਸ਼ਕਲਾਂ ਰਲ ਮਿਲ ਵਿਚਾਰੀਏ ਤੇ ਹੱਲ ਕਰੀਏ। ਏਕਤਾ ਵਧੇ, ਤੇ ਜੋਸ਼ ਦੇ ਨਾਲ-ਨਾਲ ਸਾਡੀ ਹੋਸ਼ ਵੀ ਜਾਗੇ। ਅਸੀਂ ਪੜ੍ਹਦੇ ਹਾਂ 'ਏਕਤਾ ਮੇਂ ਬਲ ਹੈ' ਇਕੱਠ ਲੋਹੇ ਦੀ ਲੱਠ। ਕੀ ਇਹ ਸਿਰਫ਼ ਪੜ੍ਹਨ ਲਈ ਉਕਤੀਆਂ ਹਨ? ਅਮਲ ਜ਼ਰੂਰੀ ਨਹੀਂ ? ਵਧੇਰੇ ਗੁਰਦੁਆਰੇ ਉਸਾਰ ਕੇ ਕੀ ਹੁਣ ਸਾਡੀ ਏਕਤਾ ਵਧ ਗਈ ਹੈ ? ਕੀ ਭਰਾਤਰੀ ਭਾਵ ਜ਼ਿਆਦਾ ਮਜ਼ਬੂਤ ਹੋਇਆ ਹੈ ? ਉੱਤਰ ਹੋਵੇਗਾ, ਨਹੀਂ, ਬਿਲਕੁੱਲ ਨਹੀਂ। ਫਿਰ ਕੀ ਖੱਟਿਆ ਏਨੇ ਗੁਰਦੁਆਰੇ ਉਸਾਰ-ਉਸਾਰ ਕੇ ?
ਫਿਰ ਏਨੇ ਗੁਰਦੁਆਰਿਆਂ ਦੀ ਲੋੜ ਕਿਉਂ ਪਈ? ਇਸ ਦੇ ਕਈ ਕਾਰਨ ਹਨ। ਪਿੰਡਾਂ ਵਿੱਚ ਅਜੇ ਵੀ ਜਾਤਾਂ, ਗੋਤਾਂ, ਪੱਤੀਆਂ, ਧੜਿਆਂ ਤੇ ਅਧਾਰਿਤ ਗੁਰਦੁਆਰੇ ਹਨ। ਕਿਤੇ ਰਾਮਗੜ੍ਹੀਆਂ ਦਾ ਗੁਰਦੁਆਰਾ, ਕਿਤੇ ਰੰਘਰੇਟਿਆਂ (ਮਜ਼ਬੀ ਸਿੰਘਾਂ) ਦਾ ਗੁਰਦੁਆਰਾ, ਕਿਤੇ ਰੰਧਾਵਿਆਂ ਦਾ ਗੁਰਦੁਆਰਾ, ਕਿਤੇ ਰਵੀਦਾਸੀਆਂ ਤੇ ਸਹਿਜਧਾਰੀਆਂ ਦਾ ਅਤੇ ਲਹਿੰਦੀ ਤੇ ਚੜ੍ਹਦੀ ਪੱਤੀ ਦਾ ਗੁਰਦੁਆਰਾ, ਪਰ ਗੁਰੂ ਦਾ ਗੁਰਦੁਆਰਾ ਕਿੱਥੇ ਹੈ ? ਗੁਰੂ ਸਾਹਿਬ ਨੇ ਜਾਤ-ਪਾਤੀ ਪ੍ਰਬੰਧ ਮੁਕਾਇਆ ਸੀ। ਚਹੁੰ ਵਰਨਾਂ ਨੂੰ ਇਕੋ ਸਾਂਝਾ ਉਪਦੇਸ਼ ਦੇ ਕੇ ਇਕ ਪੰਗਤ 'ਚ ਬਿਠਾਇਆ ਸੀ। ਗੁਰੂ ਜੀ ਨੇ ਤਾਂ ਕਿਹਾ ਸੀ:-
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ॥ (ਅੰਗ ੩੬੬)
ਉਹਨਾਂ ਨੇ ਤਾਂ ਨੀਵਿਆਂ-ਲਿਤਾੜਿਆਂ ਨੂੰ ਗਲ ਨਾਲ ਲਾਇਆ ਸੀ। ਮਰਦਾਨੇ ਮਰਾਸੀ ਨੂੰ ਸਭ ਤੋਂ ਸ੍ਰੇਸ਼ਟ ਸਾਥੀ ਸਮਝਕੇ ਸਾਰੇ ਪੈਂਡੇ 'ਚ ਨਾਲ ਰੱਖਿਆ। ਭਾਈ ਜੈਤਾ ਜੀ ਨੂੰ ਸਭ ਤੋਂ ਬਹਾਦਰ ਤੇ ਸੁਘੜ ਸਮਝਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀਓਂ ਲਿਆਉਣ ਦੀ ਸੇਵਾ ਬਖ਼ਸ਼ੀ ਸੀ, ਸ. ਕਪੂਰ ਸਿੰਘ ਨਵਾਬ ਦਾ ਜਾਨਸ਼ੀਨ ਜੱਸਾ ਸਿੰਘ ਆਹਲੂਵਾਲੀਆ ਜਿਹੜਾ ਸਿੱਖ ਕੈਮ ਦਾ ਸਭ ਤੋਂ ਵੱਡਾ ਕਮਾਂਡਰ ਬਣਿਆ, ਬੜੀ ਨੀਵੀਂ ਗਿਣੀ ਜਾਂਦੀ ਜਾਤ 'ਕਲਾਲ' ਵਿੱਚ ਪੈਦਾ ਹੋਇਆ ਸੀ । ਰੂਪ ਚੰਦ (ਤਰਖਾਣ) ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਏਨਾ ਪਿਆਰ ਕੀਤਾ ਕਿ ਉਸ ਲਈ ਵਿਸ਼ੇਸ਼ ਸਿੰਘਾਸਨ ਬਣਾ ਕੇ ਉਸ ਉੱਪਰ ਉਸ ਨੂੰ ਬਿਠਾਇਆ।
ਰੂਪ ਚੰਦ ਮਮ ਅਧਿਕ ਪਿਆਰਾ...
ਤਾ ਤੇ ਦੇਹੁ ਸਿੰਘਾਸਨ ਭਾਰੀ। ਕਰੈ ਪੂਜ ਸਭ ਜਗ ਨਰ ਨਾਰੀ।
ਸਿੰਘਾਸਨ ਊਚ ਬਨਾਇ ਕੈ ਸ੍ਰੀ ਮੁੱਖ ਬਚਨ ਬਖਾਨ...
ਇਹ ਗੱਦੀ ਪਰ ਚਰਨ ਟਿਕਾਵੋ।...
ਰੂਪ ਚੰਦ ਤਬ ਬਚਨ ਬਖਾਨਾ।
ਹੇ ਪ੍ਰਭ, ਜਾਤ ਤਖਾਨ ਮਮ ਨੀਚਨ ਵਾਦੀ ਜਾਨਾ ।...
ਨੀਚਹੁੰ ਊਚ ਕਰੈ ਗੋਬਿੰਦਾ।
ਤੀਨ ਬਾਰ ਗੁਰ ਕਹਾ ਸੁਨਾਇ। ਪੁਨਾ ਭੁਜਾ ਗਹਿ ਦੀਯੋ ਬਹਾਇ ।
(ਗੁਰ ਬਿਲਾਸ ਪਾਤਸ਼ਾਹੀ ਛੇਵੀਂ)
ਇਹ ਜਾਤ-ਪਾਤ ਤੇ ਵੰਡ-ਵਖਰੇਵਿਆਂ ਦਾ ਕੋਹੜ ਅਜੇ ਸਾਡੇ ਗਲੋਂ ਨਹੀਂ ਲੱਥਾ। ਢਿੱਡਾਂ ਵਿੱਚ ਪਾੜੇ ਅਜੇ ਉਵੇਂ ਹੀ ਹਨ। ਸਿਧਾਂਤ ਤਾਂ ਇਹ ਸੀ ਕਿ ਸਭ ਦਾ ਗੁਰੂ ਇੱਕ, ਬਾਕੀ ਸਭ ਭਾਈ ਭਾਈ। ਭਾਵੇਂ ਕਿਸੇ ਜ਼ਾਤ ਜਾਂ ਵਰਣ ਦਾ ਸੀ । ਸਾਰੇ ਬਰਾਬਰ । ਭਾਈ ਗੁਰਦਾਸ ਜੀ, ਭਾਈ ਮਰਦਾਨਾ, ਭਾਈ ਬਾਲਾ, ਭਾਈ ਬਿਧੀ ਚੰਦ, ਭਾਈ ਪਾਰੋ, ਭਾਈ ਜੋਗਾ ਸਿੰਘ, ਭਾਈ ਦਇਆ ਸਿੰਘ ਤੇ ਬਾਕੀ ਪਿਆਰੇ। ਗੁਰੂ ਸਭ ਦਾ ਇੱਕ। ਇੰਜ ਸਾਡੀ ਤਾਕਤ ਵਧਣੀ ਸੀ। ਅੱਜ ਵੀ ਇਕੱਠੇ ਹੋਣ ਦਾ ਇਕੋ ਇਕ ਨੁਕਤਾ ਹੈ, ਗੁਰੂ ਸਭ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਕੀ ਸਾਰੇ ਭਾਈ ਭਾਈ। ਕੋਈ ਵਿਸ਼ੇਸ਼ ਨਹੀਂ। ਹਾਂ, ਗੁਰਸਿੱਖਾਂ, ਗੁਰਮੁਖਾਂ ਤੇ ਬੰਦਗੀ ਦੀ ਘਾਲ ਕਮਾਈ ਕਰਨ ਵਾਲਿਆਂ ਲਈ ਸਤਿਕਾਰ ਅਤੇ ਮਾਣ। ਪਰ ਗੁਰੂ ਸਭ ਦਾ ਇੱਕ। ਅੱਜ ਜਿਸ ਤਰ੍ਹਾਂ ਸਿੱਖ ਪੰਥ ਪਾਟੋਧਾੜ ਹੋਇਆ ਪਿਆ ਹੈ, ਉਸਨੂੰ ਇਕ ਕਰਨ ਦਾ ਇਕੋ ਇੱਕ ਢੰਗ ਹੈ. 'ਸਭ ਧੜੇ, ਆਪਣੀ ਆਪਣੀ ਵੱਖਰੀ ਹੋਂਦ ਮਿਟਾ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਮੰਨ ਲੈਣ।"
ਪਹਿਲਾਂ ਸਮਾਜ ਵਿੱਚ ਸਰਵੁੱਚਤਾ ਬ੍ਰਾਹਮਣਾਂ ਤੇ ਖੱਤਰੀਆਂ ਕੋਲ ਸੀ, ਬਾਕੀ ਸਭ ਥੱਲੇ ਸਨ। ਉਸੇ ਹਉਂਮੈ ਰੋਗ ਨੇ ਕਿਸੇ ਹੋਰ ਧਿਰ ਨੂੰ ਹੁਣ ਗ੍ਰਸ ਲਿਆ ਹੈ। ਕੌੜੀ ਪਰ ਜ਼ਮੀਨੀ ਹਕੀਕਤ ਇਹੋ ਹੈ ਕਿ ਜੋ ਸਥਾਨ ਹਿੰਦੂਆਂ ਵਿੱਚ ਬ੍ਰਾਹਮਣਾਂ ਕੋਲ ਸੀ, ਖੇਤੀਬਾੜੀ ਦੇ ਲਾਹੇਵੰਦ ਹੋਣ ਕਰਕੇ ਉਹ ਸਿੱਖਾਂ ਵਿਚ ਜੱਟਾਂ ਕੋਲ ਆ ਗਿਆ ਹੈ। ਬਾਕੀ ਸਾਰੇ ਨੀਚ ਨੀਚਾਣ ਤੇ ਕੰਮੀ ਕੰਮੀਣ । ਗੁਰਦੁਆਰਿਆਂ ਅਤੇ ਸਿਆਸਤ ਉੱਤੇ ਉਹਨਾਂ ਦਾ ਪੂਰਾ ਕਬਜ਼ਾ ਹੈ। ਵਿਦੇਸ਼ਾਂ ਵਿੱਚ ਇਹ ਰੁਝਾਨ ਪੰਜਾਬ ਤੋਂ ਵੀ ਵਧੇਰੇ ਹੈ।
ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਵੀ ਨਵੇਂ ਗੁਰਦੁਆਰੇ ਬਣਦੇ ਹਨ। ਗੁਰੂ ਘਰ ਤਾਂ ਸੇਵਾ ਕਰਨ ਗਏ ਸਾਂ। ਸੇਵਾਦਾਰ ਤੇ ਝਾੜੂ ਬਰਦਾਰ ਬਣਨਾ ਸੀ, ਬਣ ਗਏ ਜਥੇਦਾਰ, ਚੌਧਰੀ, ਵੱਡਾ ਪ੍ਰਧਾਨ, ਨਿੱਕਾ ਪ੍ਰਧਾਨ ਤੇ ਹੋਰ ਕਈ ਕੁਝ। ਗੁਰਦੁਆਰੇ ਤਾਂ ਗਏ ਸਾਂ ਹੁਕਮ ਮੰਨਣ ਦੀ ਜਾਚ ਸਿੱਖਣ ਲਈ, ਉੱਥੇ ਜਾ ਕੇ ਹੁਕਮ ਕਰਨ ਦੀ ਆਦਤ ਪੈ ਗਈ। ਗਏ ਸਾਂ ਹਉਮੈ ਗਵਾਉਣ, ਸਗੋਂ ਹੋਰ ਪੱਕੀ ਕਰ ਲਈ। ਗਏ ਸਾਂ ਸਧਾਰਨ ਤੋਂ ਸਧਾਰਨ ਬਣਨ ਲਈ, ਸਗੋਂ ਵਿਸ਼ੇਸ਼ (ਵੀਆਈਪੀ) ਬਣ ਗਏ । ਗੁਰਦੁਆਰੇ ਤਾਂ ਗਏ ਸਾਂ, ਜੋੜਿਆਂ 'ਚ ਬਹਿ ਕੇ ਗੁਰੂ ਦਾ ਜੱਸ ਸੁਣਨ, ਉਥੇ ਜਾ ਕੇ ਸਟੇਜ ਉੱਤੇ ਚੜ੍ਹ ਕੇ ਬਹਿਣ ਦੀ ਆਦਤ ਪੈ ਗਈ । ਗੋਲਕਾਂ ਦਾ ਚੜ੍ਹਾਵਾ ਵੀ ਬਹੁਤ ਆਉਂਦਾ ਹੈ। ਮਨ ਲੋਭੀ ਹੈ। 'ਮਨ ਖੁਟਹਰ ਤੇਰਾ ਨਹੀ ਬਿਸਾਸੁ।' ਜਦੋਂ ਮਾਇਆ ਆਈ ਤਾਂ ਕਲੇਸ਼ ਵੀ ਆਏਗਾ। ਅਮਰੀਕਾ ਕੈਨੇਡਾ 'ਚ ਬੜੇ ਘੱਟ ਗੁਰਦੁਆਰੇ ਹਨ ਜਿਥੇ ਗੁਰਦੁਆਰੇ ਅੰਦਰ ਹੁੰਦੇ ਝਗੜੇ ਨਿਪਟਾਉਣ ਲਈ ਪੁਲਿਸ ਦਖ਼ਲ ਨਹੀਂ ਦੇਂਦੀ। ਇਸ ਤਰ੍ਹਾਂ ਹੋਰ ਗੁਰਦੁਆਰੇ ਬਣ ਗਏ ।
ਕੁਝ ਲੋਕ ਕਹਿੰਦੇ ਹਨ ਕਿ ਗੁਰਦੁਆਰਾ ਘਰ ਤੋਂ ਦੂਰ ਹੈ, ਨਵਾਂ ਗੁਰਦੁਆਰਾ ਘਰ ਦੇ ਲਾਗੇ ਬਣਾ ਲਉ । ਕਿੰਨਾ ਦੂਰ ਹੈ, 100 ਗਜ਼, 200 ਗਜ਼ । ਜੇ ਖੇਤੀਬਾੜੀ ਦੇ ਕੰਮ ਲਈ ਮੀਲ ਅੱਧੇ ਮੀਲ ਤੇ ਖੇਤਾਂ ਵਿੱਚ ਜਾਇਆ ਜਾ ਸਕਦਾ ਹੈ, ਜਾਂ ਕਿਰਤ ਲਈ ਏਧਰ ਓਧਰ ਜਾਇਆ ਜਾ ਸਕਦਾ ਹੈ, ਤਾਂ ਗੁਰਦੁਆਰਾ ਦੂਰ ਕਿਉਂ ਲੱਗਦਾ ਹੈ ? ਮਨੋਂ ਦੂਰ ਹੋ ਗਏ ਹਾਂ।
ਹੈ ਹਜੂਰਿ ਕਤ ਦੂਰਿ ਬਤਾਵਹੁ ॥ ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥ (ਅੰਗ ૧૧૯૦)
ਕੈਨੇਡਾ, ਅਮਰੀਕਾ, ਜਾਂ ਹੋਰ ਦੇਸ਼ਾਂ ਵਿੱਚ 100-150 ਮੀਲ 'ਤੇ ਗੁਰਦੁਆਰੇ ਜਾਣਾਂ ਇਕ ਆਮ ਗੱਲ ਹੈ। ਸਾਡੇ ਮਨਾਂ 'ਚ ਤਰੇੜ ਪੈ ਗਈ ਹੈ। ਇਕ ਗੁਰਦੁਆਰੇ ਜਾਣ ਵਾਲਾ ਦੂਜੇ ਗੁਰਦੁਆਰੇ ਜਾਣ ਤੋਂ ਕਤਰਾਉਂਦਾ ਹੈ। ਇੰਜ ਵੀ ਕਈ ਨਵੇਂ ਗੁਰਦੁਆਰੇ ਬਣ ਗਏ ਹਨ।
ਕੁਝ ਗੁਰਦੁਆਰੇ ਕਾਰ ਸੇਵਾ ਵਾਲਿਆਂ ਨੇ ਵੀ ਨਵੇਂ ਬਣਾਏ ਹਨ। ਪਹਿਲੇ ਗੁਰਦੁਆਰੇ ਤਾਂ ਸੰਭਾਲੇ ਨਹੀਂ ਜਾ ਰਹੇ ਹੋਰ ਕਿਉਂ ਬਣਾਉਂਦੇ ਹੋ ? ਲੋਕ-ਭਲਾਈ ਦੇ ਕੰਮ ਕਰੋ । ਏਧਰ ਧਿਆਨ ਦਿਉ।
ਭਾਈ ਸਾਹਿਬ ਡਾ. ਸ਼ਿਵ ਸਿੰਘ
ਨਿਸ਼ਕਾਮ ਕੀਰਤਨ ਜੱਥਾ ਗੁਰਦਾਸਪੁਰ।
(ਪੁਸਤਕ ਗੁਰਮੁਖਿ ਬੈਸਹੁ ਸਫਾ ਵਿਛਾਇ ਵਿਚੋਂ)