Making the spiritual word 'Guru' the intellectual charisma of the Sikh Gurus
ਪ੍ਰੋਫੈਸਰ ਪਿਆਰਾ ਸਿੰਘ ਪਦਮ
(ਪੁਸਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ ਵਿੱਚੋਂ )
ਮਨੁੱਖੀ ਸਭਿਅਤਾ ਤੇ ਭਾਰਤੀ ਜੀਵਨ ਦੇ ਵਿਕਾਸ ਲਈ ਜਿਸ ਤਰ੍ਹਾਂ 10 ਸਿੱਖ ਗੁਰੂ ਸਾਹਿਬਾਨ ਨੇ ਗਿਆਨ ਅਤੇ ਕਰਮਯੋਗ ਦਾ ਸੰਗਮ ਕੀਤਾ, ਉਹ ਬੜੀ ਵਚਿੱਤਰ ਘਟਨਾ ਹੈ। ਆਮ ਤੌਰ 'ਤੇ ਇਹ ਦੋਵੇਂ ਮਾਰਗ ਵੱਖ-ਵੱਖ ਹੀ ਚੱਲਦੇ ਰਹੇ ਹਨ। ਗਿਆਨ ਮਾਰਗੀ ਦਾਰਸ਼ਨਿਕ ਪੁਰਸ਼ ਕਰਮਯੋਗੀ ਘੱਟ ਹੁੰਦੇ ਹਨ ਤੇ ਸੰਸਾਰ ਦੇ ਵਿਕਾਸ ਵਿਚ ਘੱਟ ਹੀ ਹਿੱਸਾ ਲੈਂਦੇ ਹਨ। ਦੂਜੇ ਪਾਸੇ ਦੁਨੀਆਂਦਾਰੀ ਦੇ ਕਰਮ-ਖੇਤਰ ਵਿਚ ਰੁੱਝੇ ਲੋਕਾਂ ਨੂੰ ਉੱਚਾ ਸੁੱਚਾ ਉੱਤਮ ਗਿਆਨ ਵੀ ਘੱਟ ਹੀ ਭਾਉਂਦਾ ਹੈ, ਪ੍ਰੰਤੂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੁੱਢ ਵਿਚ ਹੀ ਇਹ ਅਨੁਭਵ ਕਰ ਲਿਆ ਸੀ ਕਿ ਇਹ ਅਜੋੜ ਮਨੁੱਖਤਾ ਨੂੰ ਬਲਹੀਣ ਕਰਦਾ ਹੈ, ਇਸ ਲਈ ਗਿਆਨ ਸ਼ਕਤੀ ਤੇ ਕਰਮ ਸ਼ਕਤੀ ਦੋਹਾਂ ਦਾ ਸੁਮੇਲ ਜ਼ਰੂਰੀ ਹੈ। ਗਿਆਨ ਬਿਨਾਂ ਕਰਮ ਅੰਨ੍ਹਾ ਤੇ ਕਰਮ ਬਿਨਾਂ ਗਿਆਨ ਪਿੰਗਲਾ ਬਣ ਕੇ ਰਹਿ ਜਾਂਦਾ ਹੈ। ਇਹ ਗੱਲ ਅਧਿਆਤਮਕ ਗਿਆਨ ਦੀ ਹੈ, ਜਿਤਨਾ ਚਿਰ ਕਰਮਯੋਗੀ ਮਹਾਂਪੁਰਸ਼ ਉਸ ਦਾ ਪ੍ਰਚਾਰ ਪ੍ਰਸਾਰ ਨਹੀਂ ਕਰਦੇ, ਉਤਨਾ ਚਿਰ ਉਸ ਦਾ ਪ੍ਰਬਲ ਪ੍ਰਕਾਸ਼ ਵੀ ਸਕਾਰਥਾ ਨਹੀਂ ਹੁੰਦਾ। ਇਸੇ ਲਈ ਸਤਿਗੁਰਾਂ ਨੇ ਲੋਕਾਂ ਦੇ ਕਰਮਯੋਗ ਨੂੰ 'ਸੰਗਤ' ਰੂਪ ਵਿਚ ਤੇ ਗਿਆਨ ਯੋਗ ਨੂੰ 'ਬਾਣੀ' ਰੂਪ ਵਿਚ ਸੰਗਠਿਤ ਕਰ ਕੇ ਮਾਨਵ ਧਰਮ ਦਾ ਆਧਾਰ ਬਣਾਇਆ ।
ਸਿੱਧ ਗੋਸ਼ਟ ਦੌਰਾਨ ਸਿੱਧਾਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਇਨ੍ਹਾਂ ਦੋਹਾਂ ਸ਼ਕਤੀਆਂ ਵੱਲ ਇਸ਼ਾਰਾ ਕੀਤਾ ਸੀ :
ਗੁਰ ਸੰਗਤਿ, ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ।
(ਭਾਈ ਗੁਰਦਾਸ, ਵਾਰ 1, ਪਉੜੀ 42)
ਗੁਰੂ ਨਾਨਕ ਸਾਹਿਬ ਨੇ "ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ" ਕਹਿ ਕੇ ਸਮਾਜ ਦੀ ਅਗਿਆਨੀ ਅਵਸਥਾ ਦੀ ਤਸਵੀਰ ਉਲੀਕੀ ਹੈ ਤੇ ਭਾਈ ਗੁਰਦਾਸ ਨੇ ਵੀ "ਪਰਜਾ ਅੰਧੀ ਗਿਆਨ ਬਿਨੁ" ਆਖ ਕੇ ਇਸੇ ਕਮਜ਼ੋਰੀ ਵੱਲ ਇਸ਼ਾਰਾ ਕੀਤਾ ਹੈ।
ਇਸ ਹਾਲਤ ਵਿਚ ਮਨੁੱਖੀ ਸਮਾਜ ਦੇ ਵਿਕਾਸ ਲਈ ਪਹਿਲੇ ਸੂਝ-ਬੂਝ ਦਾ ਵਿਕਾਸ ਜ਼ਰੂਰੀ ਸੀ, ਇਸ ਤੋਂ ਬਿਨਾਂ ਅੱਗੇ ਨਹੀਂ ਸੀ ਵਧਿਆ ਜਾ ਸਕਦਾ। ਇਸ ਲਈ ਉਨ੍ਹਾਂ ਖ਼ੁਦ ਗਿਆਨ-ਮਈ ਬਾਣੀ ਉਚਾਰਣ ਕੀਤੀ ਤੇ ਥਾਂ-ਥਾਂ ਫਿਰ ਕੇ ਆਪਣੇ ਪ੍ਰਚਾਰ-ਦੌਰਿਆਂ (ਉਦਾਸੀਆਂ) ਸਮੇਂ ਹਿੰਦ ਭਰ ਦੇ ਪਹੁੰਚੇ ਹੋਏ ਅਨੁਭਵੀ ਮਹਾਂਪੁਰਸ਼ਾਂ ਦੇ ਬਚਨ ਸੰਚਿਤ ਕੀਤੇ। ਮੰਤਵ ਸਾਫ਼ ਸੀ ਕਿ ਇਸ ਅਗਿਆਨ ਨੂੰ ਮਿਟਾ ਕੇ ਗਿਆਨ ਦਾ ਚਾਨਣ ਪਸਾਰਿਆ ਜਾਵੇ :
ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ।
(ਭਾਈ ਗੁਰਦਾਸ, ਵਾਰ 1, ਪਉੜੀ 38)
ਸਮੇਂ ਦੇ ਸਾਹਿੱਤਕਾਰ ਵੀ ਆਪਣੇ ਰਸਤੇ ਤੋਂ ਉਖੜੇ ਹੋਏ ਸਨ ਤੇ ਰੂੜ੍ਹੀਵਾਦੀ ਹੋਏ ਪੁਰਾਤਨ ਵੈਦਿਕ ਮਾਨਤਾ ਤੋਂ ਉਤਾਂਹ ਨਹੀਂ ਸੀ ਉੱਠ ਸਕੇ। ਚੇਤਨ ਕਲਾਕਾਰ ਕੀ ਤੇ ਰੂੜੀਵਾਦੀ ਵਿਚਾਰ ਕੀ:
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
(ਮਾਰੂ ਮਹਲਾ १, ਪੰਨੇ 1015-16)
ਇਸ ਹਾਲਤ ਵਿਚ ਕੰਮ ਇਥੇ ਹੀ ਨਹੀਂ ਮੁੱਕਾ, ਸਗੋਂ ਗੁਰੂ ਸਾਹਿਬ ਨੇ ਆਪਣੇ ਗੱਦੀ-ਨਸ਼ੀਨਾਂ ਨੂੰ ਇਹ ਹਦਾਇਤ ਕੀਤੀ ਕਿ ਉਹ ਇਸ ਰੂਹਾਨੀ ਸਾਹਿੱਤ ਅਥਵਾ ਬਾਣੀ ਦਾ ਥਾਂ-ਥਾਂ ਪ੍ਰਚਾਰ ਕਰਨ ਤੇ ਜਿਥੇ ਕਿਤੇ ਹੋਰ ਸੰਤਾਂ ਫ਼ਕੀਰਾਂ ਦੀ ਬਾਣੀ ਮਿਲੇ, ਉਸ ਦੀ ਵੀ ਸੰਭਾਲ ਕਰਨ। ਚੁਨਾਂਚਿ ਗੁਰੂ ਅੰਗਦ ਸਾਹਿਬ ਨੂੰ ਜੋ ਬਾਣੀ ਦੀ ਸੰਚੀ ਮਿਲੀ, ਉਸ ਨੂੰ ਆਪ ਨੇ ਲਿਖ ਲਿਖਾ ਕੇ ਥਾਂ-ਥਾਂ ਸਿੱਖਾਂ ਵਿਚ ਪ੍ਰਚਾਰਿਆ ਤੇ ਗੁਰੂ ਬਾਬੇ ਦੇ ਸਫ਼ਰਾਂ ਦੀ ਸਾਖੀ ਤਿਆਰ ਕਰਵਾ ਕੇ ਉੱਤਮ ਵਾਰਤਕ ਦੀ ਵੀ ਬੁਨਿਆਦ ਰੱਖੀ, ਜਿਸ ਨੂੰ ਗੁਰੂ ਅਰਜਨ ਸਾਹਿਬ ਦੇ ਭਤੀਜੇ ਬਾਬਾ ਮਿਹਰਵਾਨ ਨੇ ਗੋਸਟਿ ਗੁਰੂ ਬਾਬੇ ਨਾਨਕ ਜੀ ਕੀ ਜੇਹਾ ਵਿਸ਼ਾਲ ਗ੍ਰੰਥ ਲਿਖ ਕੇ ਸਿਖਰ 'ਤੇ ਪਹੁੰਚਾਇਆ।
ਗੁਰੂ ਅਮਰਦਾਸ ਜੀ (1509-1574) ਨੇ ਆਪਣਾ ਸਾਰਾ ਪਰਿਵਾਰ ਹੀ ਇਸ ਸਾਹਿੱਤਕ ਕਾਰਜ ਵੱਲ ਲਾ ਦਿੱਤਾ। ਪੁੱਤਰ ਮੋਹਨ ਤੇ ਪੋਤਰੇ ਸਹੰਸ੍ਰ ਰਾਮ ਨੇ ਇਸ ਯੱਗ ਵਿਚ ਢੇਰ ਹਿੱਸਾ ਪਾਇਆ। ਸਤਿਗੁਰੂ ਇਸ ਗੱਲ ਲਈ ਵੀ ਸਾਵਧਾਨ ਸਨ ਕਿ ਸੱਚੇ ਅਧਿਆਤਮਕ ਸਾਹਿੱਤ ਦਾ ਮਾਣ ਆਦਰ ਦੇਖ ਕੇ ਕਾਫ਼ੀ ਲੋਕ 'ਕੱਚੀ' ਜਾਂ ਨਕਲੀ ਰਚਨਾ ਕਰਨ ਲੱਗ ਪਏ ਸਨ। ਇਸ ਕਰਕੇ ਉਨ੍ਹਾਂ ਆਪਣੇ ਸਿੱਖਾਂ ਨੂੰ ਵਰਜਿਆ ਕਿ ਇਸ ਨਕਲੀ ਸੋਨੇ ਤੋਂ ਖ਼ਬਰਦਾਰ ਰਹਿਣ।
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
(ਰਾਮਕਲੀ ਮ: ੩ ਅਨੰਦੁ, ਪੰਨਾ 920)
ਗੁਰੂ ਰਾਮਦਾਸ ਪ੍ਰੇਮ-ਤਰੰਗਾਂ ਦੇ ਕਵੀ ਸਨ ਤੇ ਉਹ ਖ਼ੁਦ ਵੀ ਹੱਥੀਂ ਬਾਣੀ ਲਿਖਦੇ, ਲਿਖਾਂਦੇ ਰਹਿੰਦੇ ਸਨ। ਜਦੋਂ ਪੰਚਮ ਗੁਰੂ ਨੇ 'ਆਦਿ ਗ੍ਰੰਥ' ਦੀ ਬੀੜ ਬੰਨ੍ਹੀ ਤਾਂ 'ਜਪੁ' ਦਾ ਉਤਾਰਾ ਉਸੇ ਖਰੜੇ ਤੋਂ ਕੀਤਾ ਗਿਆ ਸੀ ਜੋ ਪਿਤਾ ਗੁਰੁ ਨੇ ਲਿਖਿਆ ਹੋਇਆ ਸੀ। ਇਹ ਵੀ ਸਤਿਗੁਰਾਂ ਦਾ ਹੀ ਉਚੇਚਾ ਉੱਦਮ ਸੀ ਕਿ ਉਨ੍ਹਾਂ ਆਪਣੇ ਛੋਟੇ ਪੁੱਤਰ ਸ੍ਰੀ ਅਰਜਨ ਨੂੰ ਹਰ ਤਰ੍ਹਾਂ ਸਾਹਿੱਤ ਕਲਾ ਵਿਚ ਨਿਪੁੰਨ ਕੀਤਾ। ਇਸ ਨਿਪੁੰਨਤਾ ਨੂੰ ਵੇਖ ਕੇ ਹੀ ਤਾਂ ਨਾਨਾ ਗੁਰੂ ਅਮਰਦਾਸ ਜੀ ਨੇ ਇਹ ਕਿਹਾ ਸੀ ਕਿ ਮੇਰਾ 'ਦੋਹਤਾ ਬਾਣੀ ਕਾ ਬੋਹਿਥਾ' ਹੋਵੇਗਾ। ਮਹਾਂਪੁਰਸ਼ਾਂ ਦਾ ਅਨੁਮਾਨ ਬਿਲਕੁਲ ਦਰੁਸਤ ਸੀ।
ਗੁਰੂ ਅਰਜਨ ਦੇਵ ਜੀ ਨੇ ਲਗਭਗ 10-12 ਵਰ੍ਹੇ ਲਾ ਕੇ ਭਾਰਤ ਭਰ ਦੇ ਸੰਤਾਂ ਫ਼ਕੀਰਾਂ ਦੀ ਬਾਣੀ ਨੂੰ 'ਆਦਿ ਗ੍ਰੰਥ' ਦੇ ਰੂਪ ਵਿਚ ਸੁਚੱਜੀ ਭਾਂਤ ਸੰਪਾਦਿਤ ਕੀਤਾ। ਉਹ ਚਾਹੁੰਦੇ ਤਾਂ ਕੇਵਲ ਗੁਰੂ ਨਾਨਕ ਅਤੇ ਉਸ ਦੇ ਜਾਨਸ਼ੀਨਾਂ ਤਕ ਹੀ ਇਸ ਨੂੰ ਮਹਿਦੂਦ ਰੱਖ ਸਕਦੇ ਸਨ, ਪਰ ਇਰਾਦਾ ਇਹ ਸੀ ਕਿ ਨਵੇਂ ਜ਼ਮਾਨੇ ਦੇ ਨਵੇਂ ਮਨੁੱਖ ਲਈ ਅਜਿਹੀ ਨਵੀਂ ਧਰਮ ਪੋਥੀ ਤਿਆਰ ਕੀਤੀ ਜਾਵੇ ਜੋ ਸਰਬ-ਸਾਂਝੀਵਾਲਤਾ ਤੇ ਸੁਵਿਗਿਆਨਕਤਾ ਜਾਂ ਤਰਕਸ਼ੀਲਤਾ (universal and rational) ਦੋਹਾਂ ਕਸਵੱਟੀਆਂ 'ਤੇ ਪੂਰੀ ਉਤਰ ਸਕੇ।
ਹਿੰਦੁਸਤਾਨ ਵਿਚ ਇਸ ਸਮੇਂ ਦੋ ਧਰਮ-ਗ੍ਰੰਥ ਵਧੇਰੇ ਪ੍ਰਧਾਨ ਸਨ-ਵੈਦ ਤੇ ਕੁਰਾਨ। ਵੇਦ ਯਾ ਹੋਰ ਸਨਾਤਨੀ ਧਰਮ-ਗਿਆਨ ਸੰਸਕ੍ਰਿਤ ਵਿਚ ਸੀ ਜੋ ਆਮ ਲੋਕਾਂ ਦੀ ਸਮਝ ਤੋਂ ਦੂਰ ਦੀ ਗੱਲ ਹੋ ਚੁੱਕੀ ਸੀ। ਇਸੇ ਤਰ੍ਹਾਂ ਅਰਬੀ ਤਾਂ ਸੀ ਹੀ ਬਿਦੇਸ਼ੀ ਜ਼ਬਾਨ, ਇਸ ਦੁਆਰਾ ਹਿੰਦੁਸਤਾਨੀ ਆਤਮਾ ਕਿਵੇਂ ਸੰਤੁਸ਼ਟ ਹੋ ਸਕਦੀ ਸੀ।
ਸੋ ਅਜਿਹੇ ਸਮੇਂ ਨਵੇਂ 'ਵੇਦ' ਤੇ ਨਵੀਂ 'ਕਤੇਬ' ਦੀ ਲੋੜ ਸੀ, ਜੋ ਜਨ-ਸਾਧਾਰਣ ਦੀ ਭਾਸ਼ਾ ਵਿਚ ਹੋਵੇ। ਇਹ ਗਿਆਨ ਦਾ ਸੁਨੇਹਾ ਹਿੰਦ ਭਰ ਦੇ ਸੰਤ ਪੁਰਸ਼ ਸੰਤ-ਭਾਸ਼ਾ ਵਿਚ ਦੇ ਰਹੇ ਸਨ ਜੋ ਕਿ ਭਾਸ਼ਾਈ ਤੇ ਜੀਵਨ-ਲੋੜਾਂ ਦੇ ਨੁਕਤੇ ਤੋਂ ਲੋਕਾਂ ਦੇ ਅਤਿਅੰਤ ਨੇੜੇ ਸੀ।
ਇਸ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਇਨ੍ਹਾਂ ਅਨੁਭਵੀ ਮਹਾਂਪੁਰਸ਼ਾਂ ਦੀ ਬਾਣੀ ਇਕੱਤਰ ਕਰ ਕੇ ਭਾਰਤੀ ਇਤਿਹਾਸ ਵਿਚ ਇਕ ਬੇਮਿਸਾਲ ਕੰਮ ਕੀਤਾ ਜੋ ਕੇਵਲ ਧਾਰਮਿਕ ਜਾਂ ਸਭਿਆਚਾਰਕ ਖੇਤਰ ਵਿਚ ਹੀ ਨਹੀਂ, ਸਾਹਿੱਤਕ ਖੇਤਰ ਵਿਚ ਵੀ ਇਕ ਨਵਾਂ ਕਾਰਨਾਮਾ ਸੀ।
ਗੁਰੂ ਗ੍ਰੰਥ ਸਾਹਿਬ ਵਿਚ ਕੁਲ 5894 ਸ਼ਬਦ ਹਨ, ਜਿਨ੍ਹਾਂ ਵਿਚ 4956 ਗੁਰੂ ਸਾਹਿਬਾਨ ਦੇ ਤੇ 938 ਭਗਤਾਂ, ਭੱਟਾਂ ਆਦਿ ਦੇ ਹਨ। ਫਿਰ ਇਸ ਸੰਚਯ ਕਰਨ ਵਿਚ ਮਜ੍ਹਬ, ਸੰਪਰਦਾ, ਨਸਲ, ਵਰਣ ਜਾਂ ਪ੍ਰਾਂਤਕ ਭੇਦ ਨਹੀਂ ਰੱਖਿਆ ਗਿਆ। ਬ੍ਰਾਹਮਣ ਤੇ ਸ਼ੂਦਰ, ਹਿੰਦੂ ਤੇ ਮੁਸਲਮਾਨ, ਪੰਜਾਬੀ ਤੇ ਗ਼ੈਰ-ਪੰਜਾਬੀ ਸਭੇ ਇਕ ਥਾਂ, ਇਕੇ ਸੁਰ ਵਿਚ ਬੋਲਦੇ ਸੁਣਾਈ ਦਿੰਦੇ ਹਨ।
ਉਸ ਜ਼ਮਾਨੇ ਜਦੋਂ ਇਤਨੀ ਸਾਂਝੀਵਾਲਤਾ ਤੇ ਸਾਹਿੱਤਕਾਰੀ ਦੀ ਚੇਤਨਾ ਨਹੀਂ ਸੀ, ਇਸ ਤਰ੍ਹਾਂ ਦੇ ਅਧਿਆਤਮਕ ਸਾਹਿੱਤ ਦਾ ਵੰਨ-ਸੁਵੰਨਾ ਗੁਲਦਸਤਾ ਸਜਾਉਣਾ ਸੱਚਮੁੱਚ ਹੀ ਇਕ ਕ੍ਰਾਂਤੀ ਵਾਲੀ ਗੱਲ ਸੀ । ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬਾਨ ਤੋਂ ਇਲਾਵਾ ਸੇਖ ਫਰੀਦ, ਨਾਮਦੇਵ, ਜੈਦੇਵ, ਤ੍ਰਿਲੋਚਨ, ਬੈਣੀ, ਰਾਮਾਨੰਦ, ਕਬੀਰ, ਰਵਿਦਾਸ, ਧੰਨਾ, ਭੀਖਨ, ਸੈਣ, ਪੀਪਾ, ਸਧਨਾ, ਪਰਮਾਨੰਦ, ਸੂਰਦਾਸ, ਸੁੰਦਰ, ਮਰਦਾਨਾ, ਸਤਾ, ਰਾਇ ਬਲਵੰਡਿ, ਕਲ, ਜਾਲਪ, ਕੀਰਤ, ਸਲ੍ਹ, ਭਲ, ਨਲ੍ਹ, ਭਿਖਾ, ਪਰਮਾਨੰਦ, ਬਲ, ਹਰਿਬੰਸ ਤੇ ਮਥਰਾ ਆਦਿ ਦਰਜਨਾਂ ਸੰਤਾਂ ਭਗਤਾਂ ਦੇ ਅਮੋਲਕ ਖਿੰਡੇ-ਪੁੰਡੇ ਸਾਹਿੱਤ ਨੂੰ ਥਾਂ ਥਾਂ ਤੋਂ ਚੁਣ ਕੇ ਸੰਚਿਤ ਕੀਤਾ ਗਿਆ ਤੇ ਫਿਰ ਬੜੀ ਹੀ ਸੰਪਾਦਕੀ ਸੂਝ ਨਾਲ ਇਸ ਨੂੰ ਰਾਗ-ਕ੍ਰਮ ਅਨੁਸਾਰ ਤਰਤੀਬਿਆ ਗਿਆ ਤਾਂ ਗੁਰੂਆਂ ਦੇ ਇਹ ਜਤਨ ਸਾਹਿੱਤਕ ਖੇਤਰ ਵਿਚ ਇਕ ਨਵੇਂ ਮਾਰਗ ਉਲੀਕਦੇ ਦਿਸਦੇ ਹਨ। ਸ਼ਾਇਦ ਅੱਜ ਅਸੀਂ ਪ੍ਰੈੱਸ ਯੁਗ ਵਿਚ ਰਹਿੰਦੇ ਹੋਏ ਗੁਰੂਆਂ ਦੀ ਸਾਹਿੱਤਕ ਘਾਲ ਦਾ ਸਹੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉਨ੍ਹਾਂ ਕਿਵੇਂ ਤੇ ਕਿਹੜੇ ਕਿਹੜੇ ਸਾਧਨਾਂ ਰਾਹੀਂ ਇਨ੍ਹਾਂ ਬਚਨਾਂ ਜਾਂ ਰਚਨਾਵਾਂ ਦੇ ਹੱਥ-ਲਿਖਤ ਖਰੜੇ ਪ੍ਰਾਪਤ ਕੀਤੇ ਹੋਣਗੇ ਤੇ ਫਿਰ ਇਨ੍ਹਾਂ ਦੀ ਸੋਧ ਸੁਧਾਈ ਉਤੇ ਚੋਖਾ ਸਮਾਂ ਖ਼ਰਚਿਆ ਹੋਵੇਗਾ।
ਇਸ ਸਮੇਂ ਇਸ ਸੁੱਚੇ ਸਾਹਿੱਤ ਦੀ ਲਿਖਾਈ ਵੀ ਇਕ ਉੱਤਮ ਕਲਾ ਤੇ ਮਨੋਹਰ ਸੇਵਾ ਸੀ, ਜਿਸ ਨੂੰ ਸਿੱਖ ਧੰਨ ਭਾਗ ਜਾਣ ਕੇ ਕਰਦੇ ਸਨ।ਭਾਈ ਗੁਰਦਾਸ ਜੀ ਨੇ ਕਲਮੀ ਸੇਵਾ ਦੀ ਤਾਰੀਫ਼ ਕਰਦਿਆਂ ਕਿਹਾ ਹੈ:
ਗੁਰਮੁਖਿ ਹਥਿ ਸਕਥ ਹਨਿ, ਸਾਧ ਸੰਗਤਿ ਗੁਰ ਕਾਰ ਕਮਾਵੈ। ਪਾਣੀ ਪਖਾ ਪੀਹਣਾ, ਪੈਰ ਧੋਇ ਚਰਣਾਂਮਤੁ ਪਾਵੈ । ਗੁਰਬਾਣੀ ਲਿਖਿ ਪੋਥੀਆ ਤਾਲ ਮ੍ਰਿਦੰਗ ਰਬਾਬ ਵਜਾਵੈ।
(ਭਾਈ ਗੁਰਦਾਸ, ਵਾਰ 6, ਪਉੜੀ 12)
ਇਸ ਇਤਨੀ ਘਾਲ ਤੋਂ ਇਹ ਗੱਲ ਤਾਂ ਬਿਲਕੁਲ ਹੀ ਪ੍ਰਗਟ ਹੈ ਕਿ ਸਤਿਗੁਰੂ ਜ਼ਿੰਦਗੀ ਦੇ ਵਿਕਾਸ ਲਈ ਅਧਿਆਤਮਕ ਸਾਹਿੱਤ ਦਾ ਕਿਤਨਾ ਮਹੱਤਵ ਅਨੁਭਵ ਕਰਦੇ ਸਨ। ਉਨ੍ਹਾਂ ਦਾ ਨਿਸਚਾ ਸੀ ਕਿ ਇਸ ਗਿਆਨ ਤੋਂ ਬਿਨਾਂ ਮਨੁੱਖ ਦਾ ਪਾਰ-ਉਤਾਰਾ ਨਹੀਂ ਹੋ ਸਕਦਾ। ਇਸੇ ਲਈ ਉਨ੍ਹਾਂ ਇਸ ਨੂੰ ਕੇਵਲ ਦਿਲ-ਪਰਚਾਵੇ ਦੀ ਚੀਜ਼ ਨਾ ਜਾਣ ਕੇ ਇਸ ਦੀ ਪਦਵੀ 'ਗੁਰੂ' ਕਹਿ ਕੇ ਵਡਿਆਈ। ਇਹ ਗੁਰੂਆਂ ਦੀ ਬੁੱਧੀਮਾਨੀ ਤੇ ਮਿਹਰਬਾਨੀ ਸੀ ਕਿ ਉਨ੍ਹਾਂ ਗਿਆਨ ਦੇ ਮੱਥੇ ਗੁਰਿਆਈ ਦਾ ਤਿਲਕ ਦੇ ਕੇ ਬਾਣੀ ਨੂੰ ਇਸ ਸਿੰਘਾਸਨ 'ਤੇ ਸੁਸ਼ੋਭਿਤ ਕੀਤਾ ਤਾਂ ਕਿ ਮਨੁੱਖ ਸਦਾ ਲਈ ਹਰ ਤਰ੍ਹਾਂ ਦੀ ਸ਼ਖ਼ਸੀ ਗ਼ੁਲਾਮੀ ਤੋਂ ਛੁਟਕਾਰਾ ਪਾ ਸਕੇ ।
ਆਮ ਤੌਰ 'ਤੇ ਅਸੀਂ ਰਾਜਸੀ ਗ਼ੁਲਾਮੀ ਤੋਂ ਤਾਂ ਛੁਟਕਾਰਾ ਪਾ ਲੈਂਦੇ ਹਾਂ, ਪਰ ਧਾਰਮਿਕ ਦੁਨੀਆਂ ਵਿਚ ਕਿਸੇ ਦੀ ਦਾਸਤਾ ਪ੍ਰਵਾਨ ਕਰਨੀ ਜਾਇਜ਼ ਹੀ ਸਮਝਦੇ ਹਾਂ, ਮਗਰ "ਸਬਦੁ ਗੁਰ ਪੀਰਾ ਗਹਿਰ ਗੰਭੀਰਾ" ਦਾ ਹੋਕਾ ਦੇਣ ਵਾਲੇ ਗੁਰੂਆਂ ਦਾ ਪੱਕਾ ਇਰਾਦਾ ਸੀ ਕਿ ਆਦਮੀ ਸਿਵਾਇ ਪਰਮੇਸ਼ਰ ਦੇ ਕਿਸੇ ਦਾ ਆਦੀ ਨਾ ਹੋਵੇ, ਇਸੇ ਲਈ ਸਿੱਖਾਂ ਨੂੰ 'ਸ਼ਬਦ' ਜਾਂ ‘ਬਾਣੀ’ ਦਾ ਪੱਲਾ ਫੜਾਇਆ ਗਿਆ। ਸਪੱਸ਼ਟ ਹੈ ਕਿ 'ਆਦਿ ਗ੍ਰੰਥ' ਨੂੰ 'ਗੁਰੂ' ਸਥਾਪਤ ਕਰ ਕੇ ਸਿੱਖ ਗੁਰੂਆਂ ਨੇ ਮਨੁੱਖੀ ਸੁਤੰਤਰਤਾ ਲਈ ਇਕ ਨਵਾਂ ਉਪਕਾਰ ਕੀਤਾ।
ਭਾਰਤੀ ਦਰਸ਼ਨ ਸ਼ਾਸਤਰੀਆਂ, ਸ਼ਬਦ ਨੂੰ 'ਨਿੱਤ' ਕਿਹਾ ਹੈ ਤੇ ਕਿਸੇ ਥਾਂ 'ਸ਼ਬਦ ਬ੍ਰਹਮ' ਦੀ ਵੀ ਕਲਪਨਾ ਕੀਤੀ ਗਈ ਹੈ ਪਰ ਇਸ ਅਧਿਆਤਮਕ ਸ਼ਬਦ ਨੂੰ 'ਗੁਰੂ' ਬਣਾਉਣਾ ਸਿੱਖ ਗੁਰੂਆਂ ਦਾ ਬੌਧਿਕ ਕ੍ਰਿਸ਼ਮਾ ਸੀ। ਦੂਜੇ ਸ਼ਬਦਾਂ ਵਿਚ ਰੂਹਾਨੀ ਸਾਹਿੱਤ ਨੂੰ 'ਸਤਿਗੁਰੂ' ਮੰਨ ਕੇ ਤੁਰਨਾ ਮਨੁੱਖੀ ਸੰਸਕ੍ਰਿਤੀ ਦੀ ਇਕ ਨਵੀਂ ਮੰਜ਼ਲ ਸੀ ਪਰ ਇਸ ਦਾ ਗੌਰਵ ਅਜੇ ਪੂਰੀ ਤਰ੍ਹਾਂ ਅਨੁਭਵ ਨਹੀਂ ਕੀਤਾ ਗਿਆ। ਬਾਰ-ਬਾਰ ਦ੍ਰਿੜ੍ਹ ਕਰਾਇਆ ਗਿਆ ਹੈ :
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
(ਸੋਰਠਿ ਮ: ੧, ਪੰਨਾ 635)
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
(ਸਿਰੀਰਾਗੁ ਮਹਲਾ ੩, ਪੰਨਾ 67)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
(ਨਟ ਮਹਲਾ ੪, ਪੰਨਾ 982)
ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥
(ਕਾਨੜਾ ਮਹਲਾ ੪, ਪੰਨਾ 1309)
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
(ਵਾਰ ਸੋਰਠਿ, ਮ: ੩, ਪੰਨਾ 646)
ਇਸ ਤਰ੍ਹਾਂ ਪਹਿਲੇ ਪੰਜ ਗੁਰੂਆਂ ਨੇ ਸਿਧਾਂਤਕ ਰੂਪ ਵਿਚ ਇਹ ਬੁਨਿਆਦ ਪੱਕੀ ਕਰ ਦਿੱਤੀ ਕਿ ਬਾਣੀ ਹੀ ਗੁਰੂ ਹੈ, ਹੋਰ ਕਿਸੇ ਧਾਰਮਿਕ ਪੀਰ ਅਵਤਾਰ ਦੀ ਮੁਰੀਦੀ ਮੁਥਾਜੀ ਲੋੜੀਂਦੀ ਨਹੀਂ।
ਪਰ ਸਮਾਜ ਤੇ ਰਾਜ ਦੇ ਵਿਰੋਧ ਨਾਲ ਵੀ ਨਿਪਟਣਾ ਜ਼ਰੂਰੀ ਸੀ, ਇਸ ਤੋਂ ਬਿਨਾਂ ਇਹ ਸਿਧਾਂਤ ਕੇਵਲ ਸਿਧਾਂਤ ਹੀ ਰਹਿ ਜਾਂਦੇ ਤੇ ਇਸ ਰਾਹੀਂ ਮਨੁੱਖੀ ਸਮਾਜ ਦਾ ਵਿਕਾਸ ਸੰਭਵ ਨਹੀਂ ਸੀ। ਗੁਰੂ ਹਰਿਗੋਬਿੰਦ ਜੀ, ਗੁਰੂ ਹਰਿਰਾਇ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਇਸੇ ਲਈ ਘਾਲ ਘਾਲਦੇ ਰਹੇ। ਫਿਰ ਗੁਰੂ ਤੇਗ਼ ਬਹਾਦਰ ਜੀ ਨੇ ਯੁਗ ਦੀਆਂ ਲੋੜਾਂ ਅਨੁਸਾਰ ਸੰਤ ਭਾਸ਼ਾ ਦੀ ਥਾਂ ਸਰਲ ਹਿੰਦੁਸਤਾਨੀ ਵਿਚ ਵੈਰਾਗਮਈ ਬਾਣੀ ਕਹਿ ਕੇ ਇਸ ਲਹਿਰ ਨੂੰ ਵਿਆਪਕ ਬਣਾਉਣ ਦਾ ਯਤਨ ਕੀਤਾ ਤੇ ਨਾਲ ਹੀ ਲੋਕਾਂ ਨੂੰ ਸੰਸਾਰ ਦੀ ਨਾਸ਼ਮਾਨਤਾ ਤੇ ਨਿਰਭੈਤਾ ਦੀ ਸੰਥਾ ਦੇ ਕੇ ਕੁਰਬਾਨੀ ਲਈ ਤਿਆਰ-ਬਰ-ਤਿਆਰ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਲਹਿਰ ਮੰਜ਼ਲ 'ਤੇ ਪੁੱਜ ਚੁੱਕੀ ਸੀ, ਜਿਸ ਦਾ ਅਕਾਲੀ ਵਿਸ਼ਵਾਸ ਮਰਦ ਅਗੰਮੜੇ ਦੇ ਸ਼ਬਦਾਂ ਵਿਚ ਇਉਂ ਗੂੰਜ ਰਿਹਾ ਸੀ:
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥
(ਸਲੋਕ ਮਹਲਾ ੯, ਪੰਨਾ 1429)
ਸੋ, ਇਕ ਤਰ੍ਹਾਂ ਅਧਿਆਤਮਕ ਗਿਆਨਯੋਗ ਸੰਪੂਰਣ ਕਰ ਦਿੱਤਾ ਗਿਆ ਸੀ। ਤੇ ਹੁਣ ਇਸ ਗਿਆਨ ਗ੍ਰੰਥ ਦੇ ਖ਼ਜ਼ਾਨੇ ਦੀ ਸੰਭਾਲ ਲਈ ਕਰਮਯੋਗ ਨੂੰ ਵਧੇਰੇ ਬਲਵਾਨ ਕਰਨ ਦੀ ਲੋੜ ਸੀ ਤੇ ਇਹ ਕੰਮ 'ਸਿੱਖ ਸੰਗਤ' ਨੂੰ 'ਸ਼ਸਤ੍ਰਧਾਰੀ ਪੰਥ' ਬਣਾ ਕੇ ਕੀਤਾ ਗਿਆ। ਹੁਣ ਸਿੱਖ ਲਹਿਰ ਜਿਸ ਨਵੇਂ ਪੜਾਅ 'ਤੇ ਸੀ, ਉਥੇ ਕਰਮਯੋਗ ਨੂੰ ਬਲਵਾਨ ਬਣਾਉਣ ਵਾਸਤੇ ਪਰੰਪਰਾ ਤੇ ਇਤਿਹਾਸ ਦੀ ਸ਼ਕਤੀ ਨੂੰ ਵਰਤਣਾ ਜ਼ਰੂਰੀ ਸੀ। ਗੁਰੂ ਸਾਹਿਬ ਨੇ ਗੁਰੂ-ਸਿਧਾਂਤ ਤਾਂ ਇਹੋ ਦ੍ਰਿੜਾਇਆ :
ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥
(ਰਾਮਕਲੀ, ਪਾ: ੧੦)
ਪੂਜਾ ਅਕਾਲ ਕੀ, ਪਰਚਾ ਸਬਦ ਕਾ, ਦੀਦਾਰ ਖ਼ਾਲਸੇ ਕਾ।
(ਰਹਿਤਨਾਮਾ ਭਾਈ ਚੌਪਾ ਸਿੰਘ)
ਪ੍ਰੰਤੂ ਇਸ ਦੇ ਨਾਲ ਹੀ ਭਾਰਤੀ ਪਰੰਪਰਾ ਦੀ ਸ਼ਕਤੀ ਤੋਂ ਕੰਮ ਲੈਣ ਲਈ ਉਨ੍ਹਾਂ ਨਵਾਂ ਬਲਵੰਤ ਸਾਹਿੱਤ ਰਚਿਆ, ਜਿਸ ਨਾਲ ਜ਼ਿੰਦਗੀ ਗੌਰਵ ਅਨੁਭਵ ਕਰ ਕੇ ਉਮਾਹ ਵਿਚ ਆਵੇ।
ਆਖ਼ਰ ਉਨ੍ਹਾਂ ਲਈ ਜੀਵਨ ਦਾ ਮੰਤਵ "ਧਰਮ ਚਲਾਵਨ ਸੰਤ ਉਬਾਰਨ" ਮਾਤਰ ਹੀ ਨਹੀਂ ਸੀ, ਨਾਲ "ਦੁਸਟ ਸਭਨ ਕੋ ਮੂਲ ਉਪਾਰਨ” ਵੀ ਬਹੁਤ ਜ਼ਰੂਰੀ ਸੀ। ਫਿਰ ਮੁਗ਼ਲ ਸਾਮਰਾਜ ਦੇ ਦਬੇਲ ਗ਼ੁਲਾਮਾਂ ਨੂੰ ਜਗਾਉਣਾ ਵੀ ਸੌਖਾ ਕੰਮ ਨਹੀਂ ਸੀ, ਇਸ ਕਰਕੇ ਉਨ੍ਹਾਂ ਆਪਣੇ ਰੂਹਾਨੀ ਸਾਹਿੱਤ ਨੂੰ ਵੀ ਬੀਰ-ਰਸੀ ਪਾਹ ਦੇ ਕੇ ਨਵੇਂ ਰੰਗ ਵਿਚ ਪ੍ਰਗਟਾਇਆ। ਇਸ ਭੇਦ ਦੀ ਪੂਰੀ ਪਛਾਣ ਲਈ 'ਜਪੁ' ਤੇ 'ਜਾਪੁ' ਦਾ ਤੁਲਨਾਤਮਿਕ ਅਧਿਐਨ ਕਰਨਾ ਲਾਭਵੰਦਾ ਹੈ। ਇਹੋ ਵਿਸ਼ੇਸ਼ਤਾ 'ਅਕਾਲ ਉਸਤਤ, 33 ਸਵੱਈਏ ਤੇ ਗਿਆਨ ਪ੍ਰਬੋਧ' ਆਦਿ ਵਿਚ ਵੀ ਵੇਖੀ ਜਾ ਸਕਦੀ ਹੈ।
ਫਿਰ ਉਨ੍ਹਾਂ ਨਾਲ ਹੀ ਅਜਿਹਾ ਪ੍ਰਾਪੇਗੰਡਾ (ਨੈਰੇਟਿਵ)ਸਾਹਿਤ ਵੀ ਰਚਿਆ ਜੋ ਭਾਰਤੀ ਪਰੰਪਰਾ ਦਾ ਗੌਰਵ ਦੱਸ ਕੇ ਲੋਕਾਂ ਨੂੰ ਟੁੰਬ ਸਕੇ। ਆਖ਼ਰ ਧਰਮ-ਯੁੱਧ ਦਾ ਚਾਉ ਪੈਦਾ ਕਰਨ ਲਈ ਹੀ ਉਨ੍ਹਾਂ 'ਅਵਤਾਰ ਲੀਲ੍ਹਾ' ਨੂੰ 'ਬਚਿੱਤ੍ਰ ਨਾਟਕ' ਬਣਾ ਕੇ ਪੇਸ਼ ਕੀਤਾ ਸੀ, ਇਸ ਵਿਚ ਗੁਰੂ ਕਵੀ ਨੇ ਆਪਣਾ ਮੰਤਵ ਵੀ ਸਾਫ਼ ਦੱਸਿਆ ਹੈ:
ਦਸਮ ਕਥਾ ਭਾਗਉਤ ਕੀ, ਭਾਖਾ ਕਰੀ ਬਨਾਇ ॥
ਅਵਰ ਬਾਛਨਾ ਨਾਹਿ ਪ੍ਰਭ, ਧਰਮ ਜੁਧ ਕੇ ਚਾਇ ॥੨੪੯੧॥
(ਕ੍ਰਿਸ਼ਨਾਵਤਾਰ)
ਸੋ, ਇਹ ਦੋਵੇਂ ਤਰ੍ਹਾਂ ਦਾ ਸਾਹਿੱਤ, ਹਿੰਦੀ, ਪੰਜਾਬੀ, ਫ਼ਾਰਸੀ ਆਦਿ ਵਿਚ ਜੋ ਗੁਰੂ ਗੋਬਿੰਦ ਸਿੰਘ ਨੇ ਰਚਿਆ, ਉਹ ਅੱਜ 'ਦਸਮ ਗ੍ਰੰਥ' ਦੇ ਰੂਪ ਵਿਚ ਸੁਰੱਖਿਅਤ ਹੈ। ਇਹ ਸਿਧਾਂਤਕ ਪਕਿਆਈ ਦੇ ਨਾਲ ਨਾਲ ਲੋਕ-ਹਿਰਦਿਆਂ ਨੂੰ ਵੀ ਪਕਿਆਈ ਬਖ਼ਸ਼ਣ ਵਾਲਾ ਹੈ।
ਸੰਤ-ਸਿਪਾਹੀ ਬਣਾਉਣ ਲਈ ਅਜਿਹੀ ਬਲਵਾਨ ਰਚਨਾ ਦੀ ਡਾਢੀ ਲੋੜ ਸੀ, ਸੋ 'ਆਦਿ ਗ੍ਰੰਥ' ਨੇ ਜਿਸ ਰੱਬੀ ਏਕਤਾ ਤੇ ਮਨੁੱਖੀ ਏਕਤਾ ਦਾ ਸਿਧਾਂਤ ਦ੍ਰਿੜਾਇਆ ਸੀ, 'ਦਸਮ ਗ੍ਰੰਥ' ਨੇ ਓਜਮਈ ਸ਼ੈਲੀ ਵਿਚ ਉਸ ਦੀ ਜ਼ੋਰਦਾਰ ਪੁਸ਼ਟੀ ਕੀਤੀ। ਦੇਖੋ, ਇਸ ਛੰਦ-ਚਾਲ ਵਿਚ ਨਿਸਚੇ ਦਾ ਕਦਮ ਵੀ ਬਰਾਬਰ ਤੁਰਦਾ ਦਿਸਦਾ ਹੈ :
ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ॥
ਨ ਘਾਟਿ ਹੈ ਨ ਬਾਢਿ ਹੈ, ਨ ਘਾਟਿ ਬਾਢਿ ਹੋਤ ਹੈ ॥...੬॥੧੬੬॥ (ਅਕਾਲ ਉਸਤਤ)
ਇਸ ਤਰ੍ਹਾਂ ਦਸਮ ਗੁਰਾਂ ਨੇ ਅਧਿਆਤਮਕ ਸੁਰਾਂ ਵਿਚ ਬੀਰਤਾ ਦੀ ਜੈ ਜੈਕਾਰ ਗੁੰਜਾਈ। ਇਸ ਤੋਂ ਇਲਾਵਾ ਅਵਤਾਰਾਂ ਦੀਆਂ ਤੇ ਚੰਡੀ ਦੀਆਂ ਪੁਰਾਣਿਕ ਕਹਾਣੀਆਂ ਲੋਕਾਂ ਵਿਚ ਆਮ ਪ੍ਰਚੱਲਤ ਸਨ, ਉਨ੍ਹਾਂ ਦੀ ਬਹਾਦਰੀ ਤੇ ਵਡਿਆਈ ਦਾ ਵੀ ਪ੍ਰਭਾਵ ਸੀ। ਗੁਰੂ ਸਾਹਿਬ ਨੇ ਇਸ ਬਲਵਾਨ ਪਰੰਪਰਾ ਨੂੰ ਚਮਕਾ ਕੇ ਯੁਗ ਦੀ ਲੋੜ ਨੂੰ ਪੂਰਿਆਂ ਕੀਤਾ। ਉਨ੍ਹਾਂ ਭਾਰਤੀ ਪਰੰਪਰਾ ਨੂੰ ਅਜਿਹਾ ਬਲਵਾਨ ਤੇ ਸ਼ਕਤੀਵਾਨ ਬਣਾ ਕੇ ਪੇਸ਼ ਕੀਤਾ ਕਿ ਨਿਹੱਥੇ ਤੇ ਨਿਤਾਣੇ ਲੋਕ ਮੁਗ਼ਲ ਸਾਮਰਾਜ ਨਾਲ ਟਕਰਾਉਣ ਲਈ ਤਿਆਰ-ਬਰ-ਤਿਆਰ ਹੋ ਗਏ। ਇਸੇ ਤਰ੍ਹਾਂ 'ਚਰਿਤ੍ਰੋ ਪਾਖਯਾਨ' ਦੀ ਰਚਨਾ ਆਚਰਣਕ ਉੱਚਤਾ ਨੂੰ ਕਾਇਮ ਰੱਖਣ ਲਈ ਕੀਤੀ ਗਈ ਤਾਂ ਕਿ ਇਹ ਸੰਤ-ਸਿਪਾਹੀ ਕਿਸੇ ਕਾਮਕ ਫ਼ਰੇਬੀ ਜਾਲ ਦਾ ਸ਼ਿਕਾਰ ਨਾ ਹੋ ਜਾਣ।
ਸੋ 'ਦਸਮ ਗ੍ਰੰਥ' ਭਾਵੇਂ ਇਕ ਪੁਸਤਕ ਨਹੀਂ, ਸਗੋਂ ਗੁਰੂ ਗੋਬਿੰਦ ਸਿੰਘ ਜੇਹੇ ਬੀਰ ਪੁਰਸ਼ ਦੀ ਗ੍ਰੰਥਾਵਲੀ ਹੈ, ਪਰ ਇਸ ਸਾਰੀ ਰਚਨਾਵਲੀ ਦਾ ਮੰਤਵ ਜੀਵਨ ਆਦਰਸ਼ ਨੂੰ ਹਰ ਪਹਿਲੂ ਤੋਂ ਮਜ਼ਬੂਤ ਕਰਨਾ ਸੀ। ਸਿਧਾਂਤਕ ਦ੍ਰਿੜ੍ਹਤਾ ਵੀ ਲਿਆਂਦੀ ਗਈ ਤੇ ਨਾਲ ਨਾਲ ਨਿਤਾਣੇ ਕਮਜ਼ੋਰ ਹਿਰਦਿਆਂ ਨੂੰ ‘ਬਾਬਾਣੀਆਂ ਕਹਾਣੀਆਂ ਸੁਣਾ ਕੇ ਬੀਰ ਬਹਾਦਰ ਵੀ ਬਣਾਇਆ ਗਿਆ। 'ਦਸਮ ਗ੍ਰੰਥ' ਦੀ ਸਾਰੀ ਰਚਨਾ ਵਿਚ, ਚਾਹੇ ਉਹ ਅਧਿਆਤਮਕ ਹੈ ਚਾਹੇ ਪਰਚਾਰਾਤਮਕ, ਦੋ ਹੀ ਅਵਾਜ਼ਾਂ ਸੁਣਾਈ ਦਿੰਦੀਆਂ ਹਨ, ਇਕ ਸ਼ਸਤਰਾਂ ਦੀ ਛਣਕਾਰ ਜਾਂ ਫਿਰ ਮਹਾਂ ਸ਼ਕਤੀ ਅਕਾਲ ਅਕਾਲ ਦੀ ਧੁਨਕਾਰ।
ਇਸ ਭੇਦ ਨੂੰ ਜਾਣੇ ਬਿਨਾਂ ਕਈ ਸੱਜਣ ਦਸਮ ਗ੍ਰੰਥ ਦੇ ਗੌਰਵ ਨੂੰ ਸਮਝ ਨਹੀਂ ਸਕੇ। ਆਖ਼ਰ ਅਜਿਹੀ ਮਹਾਨ ਰਚਨਾ ਦਾ ਨਤੀਜਾ ਸੀ ਕਿ ਪੰਜਾਬ ਦੇ ਸਾਧਾਰਣ ਕਿਰਤੀ ਲੋਕਾਂ ਨੇ ਮੁਗ਼ਲ ਰਾਜ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਹ ਬਹੁਤ ਵੱਡੀ ਗੱਲ ਸੀ ਜੋ ਗੁਰੂ ਸਾਹਿਬ ਨੇ ਸਾਹਿੱਤ ਦੁਆਰਾ ਕੀਤੀ। ਆਖ਼ਰ ਅੰਮ੍ਰਿਤ ਵੀ ਤਾਂ ਇਸੇ ਰੂਹਾਨੀ ਬਾਣੀ ਨਾਲ ਹੀ ਤਿਆਰ ਕੀਤਾ ਗਿਆ ਸੀ।
ਸਾਡੇ ਦੇਸ ਵਿਚ ਵਰਣਾਂ ਦੇ ਅਧਿਕਾਰ ਤੇ ਕਰਤੱਵ ਵੱਖ-ਵੱਖ ਮੰਨੇ ਗਏ ਸਨ, ਬ੍ਰਾਹਮਣ ਛੱਤਰੀ ਧਰਮ ਨਹੀਂ ਕਰ ਸਕਦਾ ਤੇ ਛੱਤਰੀ ਬ੍ਰਾਹਮਣੀ ਧਰਮ ਨਹੀਂ ਨਿਭਾ ਸਕਦਾ ਤੇ ਸ਼ੁਦਰ ਤਾਂ ਦੋਹਾਂ ਕਰਤੱਵਾਂ ਤੋਂ ਵੰਚਿਤ ਸੀ। ਇਤਿਹਾਸ ਵਿਚ ਇਸ ਗੱਲ ਦੀ ਗਵਾਹੀ ਪ੍ਰਤੱਖ ਹੈ ਕਿ ਜਦ ਸ਼ਿਵਾ ਜੀ ਮਰਾਠਾ ਗੱਦੀ ਬੈਠਣ ਲੱਗੇ ਤਾਂ ਬ੍ਰਾਹਮਣਾਂ ਛੋਟੀ ਜਾਤੀ ਕਾਰਨ ਇਸ ਨੂੰ ਅੰਗੀਕਾਰ ਨਹੀਂ ਸੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਭਾਰੀ ਯੱਗ ਕਰੋ ਤਾਂ ਹੀ ਤੁਸੀਂ 'ਛੱਤਰੀ ਕਰਮ' ਦੇ ਅਧਿਕਾਰੀ ਹੋ ਸਕਦੇ ਹੋ। ਚੁਨਾਂਚਿ ਲਗਭਗ 50 ਲੱਖ ਰੁਪਈਆ ਖ਼ਰਚ ਕਰ ਕੇ ਸ਼ਿਵਾ ਜੀ ਨੇ 3-4 ਮਹੀਨੇ ਯੱਗ ਕੀਤੇ, 11 ਹਜ਼ਾਰ ਬ੍ਰਾਹਮਣ ਪਰਿਵਾਰਾਂ ਨੂੰ ਦਾਨ ਦਿੱਤੇ ਤਾਂ ਉਹ ਰਾਜ ਦੇ ਅਧਿਕਾਰੀ ਸਮਝੇ ਗਏ।
ਕਈ ਮਰਾਠੀ ਇਤਿਹਾਸਕਾਰਾਂ ਅਨੁਸਾਰ ਇਹ ਖ਼ਰਚ ਸੱਤ ਕਰੋੜ ਤਕ ਵੀ ਅਨੁਮਾਨਿਆ ਗਿਆ ਹੈ ਜੋ ਸ਼ਿਵਾ ਜੀ ਨੂੰ ਛੱਤਰੀ ਬਣਨ ਲਈ ਖ਼ਰਚ ਕਰਨਾ ਪਿਆ।
ਸਤਿਗੁਰਾਂ ਇਹ ਕੰਮ ਮਿਹਨਤਕਸ਼ ਗ਼ਰੀਬ ਲੋਕਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਤੇ ਬੀਰ ਸਾਹਿੱਤ ਦਾ ਮੰਤਰ ਫੂਕ ਕੇ ਦਿਨਾਂ ਵਿਚ ਕਰ ਦਿਖਾਇਆ ਤੇ 'ਭੂਰਿਆਂ ਵਾਲਿਆਂ' ਨੂੰ ਰਾਜੇ ਬਣਾ ਕੇ ਇਤਿਹਾਸ ਦਾ ਰੁਖ਼ ਮੋੜ ਦਿੱਤਾ। ਇਸ ਇਤਿਹਾਸਕ ਪਰਿਵਰਤਣ ਵਿਚ ਤਲਵਾਰ ਦਾ ਜਿਤਨਾ ਭਾਗ ਸੀ, ਉਤਨਾ ਹੀ 'ਦਸਮ ਗ੍ਰੰਥ' ਦੇ ਬੀਰ ਸਾਹਿੱਤ ਦਾ ਵੀ ਸੀ। ਇਹ ਠੀਕ ਹੈ ਕਿ ਸਿੱਖ ਸਿਧਾਂਤ 'ਆਦਿ ਗ੍ਰੰਥ' ਤੇ 'ਦਸਮ ਗ੍ਰੰਥ' ਦਾ ਬਰਾਬਰ ਦਰਜਾ ਨਹੀਂ ਮੰਨਦੇ ਪਰ ਇਸ ਦਾ ਇਹ ਭਾਵ ਵੀ ਨਹੀਂ ਕਿ ਜੋ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਦੁਆਰਾ ਸਾਹਿੱਤ ਰਚ ਕੇ ਕੀਤਾ, ਉਹ ਕੋਈ ਛੋਟੀ ਗੱਲ ਸੀ। ਜੇ 'ਆਦਿ ਗ੍ਰੰਥ' ਨੇ ਗੁਰੂ ਹੁੰਦਿਆਂ ਲੋਕਾਂ ਨੂੰ 'ਸਿੱਖ' ਬਣਾਇਆ ਹੈ ਤਾਂ 'ਦਸਮ ਗ੍ਰੰਥ' ਨੇ ਇਸ 'ਸਿੱਖ' ਨੂੰ 'ਸਿੰਘ' ਸਜਾਉਣ ਵਿਚ ਭਾਰਾ ਹਿੱਸਾ ਪਾਇਆ। ਫਿਰ ਗੁਰੂ ਸਾਹਿਬ ਨੇ ਅਜਿਹਾ ਬੀਰ-ਰਸ ਰਚਣ ਲਈ ਆਪ ਹੀ ਕਲਮ ਨਹੀਂ ਵਾਹੀ, ਸਗੋਂ ਕਿਤਨੇ ਹੀ ਹੋਰ ਲੇਖਕਾਂ ਕਵੀਆਂ ਨੂੰ ਇਸ ਸਭਿਆਚਾਰਕ ਉਸਾਰੀ ਵਿਚ ਆਪਣੇ ਸਰਗਰਮ ਸਹਿਯੋਗੀ ਬਣਾ ਕੇ ਇਕ ਨਵੀਂ ਸਾਹਿੱਤਧਾਰਾ ਦੀ ਸਥਾਪਨਾ ਕੀਤੀ।