Guru Gobind Singh Ji laid the foundation of Nirmal Panth in Patna Sahib in this way.
ਆਪਣੇ ਪਟਨਾ ਸਾਹਿਬ ਨਿਵਾਸ ਦੌਰਾਨ ਸੰਨ 1686 ਈ: ਨੂੰ ਸਤਿਗੁਰੂ ਜੀ ਨੇ ਵਿਸ਼ੇਸ਼ ਸਮਾਗਮ ਬੁਲਾਇਆ ਜਿਸ ਵਿਚ ਦੂਰ-ਨੇੜੇ ਦੀ ਸਮੂਹ ਸੰਗਤ ਇਕੱਤਰ ਹੋਈ । ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਸਤਿਗੁਰੂ ਜੀ ਨੇ ਸਦ-ਉਪਦੇਸ਼ ਦਿੰਦੇ ਹੋਏ ਵਿਦਿਆ ਦੀ ਮਹਾਨਤਾ ਦੀ ਵਿਆਖਿਆ ਵੀ ਕੀਤੀ ਅਤੇ ਸਰਬੱਤ ਪ੍ਰਾਣੀਆਂ ਨੂੰ ਵਿਦਿਆ ਪ੍ਰਾਪਤ ਕਰਨ ਦਾ ਉਪਦੇਸ਼ ਦਿੱਤਾ। ਨਾਲ ਹੀ ਗੁਰਬਾਣੀ ਅਤੇ ਭਾਸ਼ਾ ਦੇ ਪੰਜ ਪ੍ਰਸਿੱਧ ਵਿਦਵਾਨਾਂ ਨੂੰ ਆਵਾਜ਼ ਦੇ ਕੇ ਖੜ੍ਹੇ ਹੋਣ ਦਾ ਆਦੇਸ਼ ਦਿੱਤਾ। ਇਹ ਪੰਜੇ ਵਿਦਵਾਨ-ਸੰਤ ਕਰਮ ਸਿੰਘ ਜੀ, ਸੰਤ ਰਾਮ ਸਿੰਘ ਜੀ, ਸੰਤ ਗੰਡਾ ਸਿੰਘ ਜੀ, ਸੰਤ ਵੀਰ ਸਿੰਘ ਜੀ, ਸੰਤ ਸੈਣਾ ਸਿੰਘ ਜੀ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਹੱਥ ਜੋੜ ਕੇ ਖੜ੍ਹੇ ਹੋ ਗਏ।
ਆਵਾਜ਼ਾ ਸੁਣ ਕੇ ਚਰਨਾਂ ਵਿਚ ਹਾਜ਼ਿਰ ਹੋ ਕੇ ਨਮਸ਼ਕਾਰ ਕਰਕੇ ਖੜ੍ਹੇ ਹੋ ਗਏ। ਸਤਿਗੁਰੂ ਜੀ ਨੇ ਫ਼ੁਰਮਾਇਆ, “ਤੁਹਾਨੂੰ ਸੰਸਕ੍ਰਿਤ ਪੜ੍ਹਨ ਵਾਸਤੇ ਕਾਸ਼ੀ ਜੀ ਵਿਖੇ ਭੇਜ ਰਹੇ ਹਾਂ। ਕਖਾਏ ਵਸਤਰ ਧਾਰਨ ਕਰਕੇ ਸੰਨਿਆਸੀ ਰੂਪ ਵਿਚ, ਵੇਦ/ਸ਼ਾਸਤਾਂ ਦੀ ਸੰਸਕ੍ਰਿਤ ਵਿਚ ਸਾਰੀ ਵਿਦਿਆ ਪ੍ਰਾਪਤ ਕਰੋ। ਅੱਜ ਹੀ ਸਾਰੀ ਤਿਆਰੀ ਕਰਕੇ ਅੰਮ੍ਰਿਤ ਵੇਲੇ ਯਾਤਰਾ ਆਰੰਭ ਕਰ ਦੇਣੀ, ਡੋਲਣਾ ਨਹੀਂ, ਸਤਿਗੁਰੂ ਅੰਗ-ਸੰਗ ਹਨ । ਜੋ ਵਿਦਿਆ ਜਨ-ਸਾਧਾਰਣ 12 ਵਰਸ਼ਾਂ ਵਿਚ ਪ੍ਰਾਪਤ ਕਰਦੇ ਹਨ, ਉਹ ਵਿਦਿਆ 12 ਮਹੀਨਿਆਂ ਵਿਚ ਪ੍ਰਾਪਤ ਕਰ ਲਵੋਂਗੇ। ਸਾਡੇ ਇਸ ਵਰਦਾਨ ਨਾਲ ਦੇਸ਼ ਦੇ ਧੁਰੰਧਰ ਪੰਡਿਤ ਬਣੋਗੇ। ਅੱਗੇ ਇਸ ਵਿਦਿਆ ਨੂੰ ਪੰਥ ਵਿਚ ਪ੍ਰਚਾਰਨਾ। ਜਿਸ ਤਰ੍ਹਾਂ ਦੀ ਤੁਹਾਡੀ ਨਿਰਮਲ ਬੁੱਧੀ ਹੈ, ਇਸ ਤਰ੍ਹਾਂ ਨਿਰਮਲੇ ਬਣ ਕੇ ਰਹਿਣਾ, ਜਾਓ।" ਪੰਜਾਂ ਦੇ ਸਿਰ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿਚ ਝੁਕ ਗਏ।
ਦੂਸਰੇ ਦਿਨ ਭਗਵੇਂ ਵਸਤਰ ਧਾਰਨ ਕਰਕੇ, ਗਾਤੀਆਂ ਲਾ ਕੇ, ਚਿੱਪੀਆਂ ਲੈ ਕੇ, ਪੰਜੇ ਸੰਤ ਕਾਸ਼ੀ ਜੀ ਜਾਣ ਵਾਸਤੇ ਗੁਰੂ ਜੀ ਦੇ ਚਰਨਾਂ ਵਿਚ ਹਾਜ਼ਿਰ ਹੋਏ। ਸਤਿਗੁਰੂ ਜੀ ਵੇਖ ਕੇ ਪਰਮ ਪ੍ਰਸੰਨ ਹੋਏ ਅਤੇ ਅਨੇਕ ਆਸ਼ੀਰਵਾਦ ਦੇ ਕੇ ਕਾਸ਼ੀ ਜੀ ਨੂੰ ਜਾਣ ਦੀ ਇਸ ਤਰ੍ਹਾਂ ਆਗਿਆ ਕੀਤੀ ਅਤੇ ਫੁਰਮਾਇਆ :
""ਜਾਓ! ਮੇਰੇ ਲਾਲ ਪਾਲ ਕਰ ਹੈ ਅਕਾਲ ਬਾਰੀ, ਸਾਰੀ ਸੁਖ ਸੰਪਦਾ ਮੈਂ ਵਾਰੀ ਸਿਰ ਬਾਰੇ ਪੈ ।
ਕਾਮ ਕ੍ਰੋਧ ਲੋਭ ਤਯਾਗ ਸਾਗ ਪਾਤ ਖਾਇ ਬਹ, ਬਣ ਹੂੰ ਕੀ ਛਾਯਾ ਅਥਾ ਸੁੰਨੇ ਘਰ ਢਾਰੇ ਪੈ।
ਬ੍ਰਹਮਚਾਰੀ ਰੀਤਿ ਜੋਈ ਹੋਈ ਵਿਪ੍ਰੀਤ ਸੋਈ, ਸੋਈ ਅਬ ਪ੍ਰਗਟੀ ਯੋ ਦੇਸ ਇਸ ਸਾਰੇ ਪੈ।
ਵਰਣ ਤੁਮਾਰੇ ਅਬ ਆਸ਼ਮ੍ਰ ਸੰਨਯਾਸ ਭਯੋ, ਲਯੋ ਹੈ ਅਰੂਜ ਪਦ ਊਚ ਚੰਦ ਤਾਰੇ ਪੈ।”
ਇਸ ਤਰ੍ਹਾਂ ਸਤਿਗੁਰੂ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਕੇ ਨਮਸ਼ਕਾਰ ਅਤੇ ਪਰਿਕ੍ਰਮਾ ਕਰਕੇ ਇਹ ਪੰਜੇ ਸਿੱਖ ਸੰਤ ਕਾਸ਼ੀ ਜੀ ਨੂੰ ਚਲੇ ਗਏ। ਕਾਸ਼ੀ ਜੀ ਪਹੁੰਚ ਕੇ ਜਤਨੇ ਬ੍ਰਾਹਮਣ ਦੇ 'ਬਟ' (ਬੋਹੜ) ਹੇਠ ਜਾ ਕੇ ਆਸਨ ਲਾਏ, ਘਾਸ ਦੀ ਛੰਨ (ਛੱਪਰੀ) ਬਣਾ ਕੇ ਰਹਿਣ ਲੱਗੇ। ਇਹ 'ਜਤਨ ਮੱਠ' ਪ੍ਰਸਿੱਧ ਨਾਉਂ 'ਚੇਤਨ ਮੱਠ' ਨਿਰਮਲ ਪੰਥ ਦਾ ਪ੍ਰਸਿੱਧ ਇਤਿਹਾਸਕ ਸਥਾਨ ਹੈ।
ਛੇਤੀ ਹੀ ਪੰਡਿਤ ਸਦਾ ਨੰਦ ਜੀ ਕੋਲ ਪੜ੍ਹਨ ਦਾ ਪ੍ਰਬੰਧ ਹੋ ਗਿਆ। ਪੰਡਿਤ ਸਦਾ ਨੰਦ ਜੀ ਕਾਸ਼ੀ ਦੇ ਮੰਨੇ-ਪ੍ਰਮੰਨੇ ਅਧਿਆਪਕ ਸਨ । ਸਤੋਗੁਣੀ, ਕੋਮਲ, ਨਿਮਰ ਸੁਭਾਅ ਸੀ। ਵਿਦਿਆਰਥੀਆਂ ਨਾਲ ਹਿਤ ਕਰਨ ਵਾਲੇ ਸਨ। ਜਿਸ ਤਰ੍ਹਾਂ ਦੇ ਯੋਗ ਅਧਿਆਪਕ ਸਨ, ਇਸੀ ਤਰ੍ਹਾਂ ਦੇ ਵਿਦਿਆ ਅਨੁਰਾਗੀ ਪੰਜੇ ਵਿਦਿਆਰਥੀ ਸਨ ਜੋ ਅਮੋਲਕ ਸਮੇਂ ਨੂੰ ਵਿਦਿਆ ਅਧਿਐਨ ਵਿਚ ਬਤੀਤ ਕਰਦੇ ਸਨ । ਕਾਸ਼ੀ ਵਿਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਨਵੇਂ ਆਏ ਪੰਜੇ ਪੰਜਾਬੀ ਸੰਤ ਕੋਈ ਚਮਤਕਾਰੀ ਵਿਅਕਤੀ ਹਨ। ਜੋ ਵਿਦਿਆ ਕਈ ਵਰਸ਼ਾਂ ਵਿਚ ਪੜ੍ਹੀ ਜਾ ਸਕਦੀ ਹੈ, ਉਹ ਉਨ੍ਹਾਂ ਨੇ ਥੋੜ੍ਹੇ ਸਮੇਂ ਵਿਚ ਪ੍ਰਾਪਤ ਕਰ ਲਈ ਹੈ। ਇਸ ਦਾ ਕਾਰਣ ਇਹ ਸੀ-ਸਤਿਗੁਰੂ ਦਾ ਵਰਦਾਨ ਹੋਣਾ, ਵਿਦਿਆ ਦੇਣ ਵਾਲੇ ਦੇ ਪੜ੍ਹਾਉਣ ਦਾ ਢੰਗ, ਪੜ੍ਹਨ ਦਾ ਅਣਥੱਕ ਅਭਿਆਸ, ਧਰਮ ਪ੍ਰਚਾਰ ਦੀ ਲਗਨ, ਪੰਥ ਵਿਚ ਸੰਸਕ੍ਰਿਤ ਵਿਦਿਆ ਦੇ ਪਰਿਵਿਤ ਕਰਨ ਦਾ ਉਤਸ਼ਾਹ। ਇਸ ਕਰਕੇ ਇਹ ਪੰਜੇ ਸੰਤ ਵਿਆਕਰਣ, ਵੇਦ, ਵੇਦਾਂਗ, ਨਯਾਯ, ਵੇਦਾਂਤ ਆਦਿਕ ਸਰਵ ਵਿਦਿਆ ਦੇ ਪ੍ਰਕਾਂਡ ਪੰਡਿਤ ਬਣ ਗਏ । ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ :
"ਪਹੁੰਚੇ ਕਾਂਸ਼ੀ ਪੁਰੀ ਉਦਾਰੇ। ਚੇਤਨ-ਮਟ ਮੈਂ ਰਹੇ ਵਿਚਾਰੇ। ਸਾਧ ਨਿਰਮਲੇ ਤਹਿਂ ਬਿਦਤਾਏ । ਬਿਯਾ ਪਢੀ ਅਧਿਕ ਮਨ ਲਾਏ।" (ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ 2789)
ਸ੍ਰੀ ਆਨੰਦਪੁਰ ਸਾਹਿਬ ਬੈਕੁੰਠ ਧਾਮ ਬਣਿਆ ਹੋਇਆ ਹੈ । ਸੰਗਤਾਂ ਦੀ ਆਵਾਜਾਈ, ਸਤਿਗੁਰੂ ਜੀ ਦੇ ਦਰਸ਼ਨ, ਉਪਦੇਸ਼, ਕਥਾ-ਕੀਰਤਨ, ਕਵੀਆਂ ਦੀਆਂ ਨਵੀਆਂ-ਨਵੀਆਂ ਕਵਿਤਾਵਾਂ ਅਤੇ ਕਵੀ ਦਰਬਾਰ, ਅੰਮ੍ਰਿਤਧਾਰੀ ਸਿੰਘਾਂ ਦੇ ਜੰਗੀ ਅਭਿਆਸ, ਪਾਉਂਟਾ ਸਾਹਿਬ ਦੀ ਤਰ੍ਹਾਂ ਸ੍ਰੀ ਆਨੰਦਪੁਰ ਵੀ ਵਿਦਿਆ ਦਾ ਸੁਮੇਲ ਬਣਿਆ ਹੋਇਆ ਹੈ। ਇੱਕ ਦੂਸਰੇ ਪ੍ਰਤੀ ਪ੍ਰੇਮ-ਭਾਵ ਅਤੇ ਸ਼ਰਧਾ ਵੇਖਣ ਵਾਲੀ ਹੈ। ਪਾਉਂਟਾ ਸਾਹਿਬ ਦੀ ਚੋਣ ਤੋਂ 13 ਸਾਲ ਮਗਰੋਂ ਸੰਨ 1699 ਈ: ਵਿਚ ਸ੍ਰੀ ਆਨੰਦਪੁਰ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ਕਰਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਗਈ।
ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਕਨਾਂ ਨੂੰ ਸ਼ਾਸਤ੍ਰ ਵਿਦਿਆ ਬਖ਼ਸ਼ੀ ਅਤੇ ਇਕਨਾਂ ਨੂੰ ਸ਼ਸਤ੍ਰ ਵਿਦਿਆ ਬਖ਼ਸ਼ੀ। ਧਰਮ ਦੇ ਉਪਦੇਸ਼ਕਾਂ ਨੂੰ ਸ਼ਾਸਤ ਵਿਚ ਨਿਪੁੰਣ ਕੀਤਾ ਅਤੇ ਧਰਮ ਦੇ ਰੱਖਿਅਕਾਂ ਨੂੰ ਸ਼ਸਤ੍ਰ ਵਿਚ ਪ੍ਰਵੀਨ ਕੀਤਾ। ਕਲਗੀਧਰ ਪਿਤਾ ਦੇ ਅਨੇਕ ਤਰ੍ਹਾਂ ਦੇ ਚਰਿਤ੍ਰ, ਆਨੰਦਪੁਰ ਦੀਆਂ ਰੌਣਕਾਂ, ਵਿਦਵਾਨਾਂ ਦੀਆਂ ਗੋਸ਼ਟੀਆਂ, ਕਵੀ ਦਰਬਾਰਾਂ ਦੇ ਸਮਾਚਾਰ ਸੁਣ ਕੇ ਪੰਜੇ ਸੰਤਾਂ ਦੇ ਮਨ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਕਾਹਲੇ ਹੋ ਗਏ। ਵਿਦਿਆ ਵਿਚ ਪੂਰਣਤਾ ਪ੍ਰਾਪਤ ਕਰ ਚੁੱਕੇ ਸਨ। ਇਸ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿਚ ਪੁੱਜਣ ਦਾ ਨਿਰਣੈ ਕਰ ਲਿਆ।
ਸੰਤਾਂ ਦੇ 13 ਵਰਸ਼ ਦੇ ਨਿਵਾਸ ਨਾਲ 'ਚੇਤਨ ਮੱਠ' ਨਿਰਮਲਿਆਂ ਦਾ ਆਸ਼ਰਮ ਪ੍ਰਸਿੱਧ ਹੋ ਚੁੱਕਾ ਸੀ । ਇਸ ਵਾਸਤੇ ਇਥੋਂ ਦਾ ਪ੍ਰਬੰਧ ਸੰਤ ਕਰਮ ਸਿੰਘ ਜੀ ਦੇ ਸ਼ਿਸ਼ ਸੰਤ ਜੈ ਰਾਮ ਜੀ ਨੂੰ ਸੰਭਾਲ ਕੇ ਵਿਦਿਆ ਦਾਤਾ ਨੂੰ ਨਮਸ਼ਕਾਰ, ਪਰਿਕ੍ਰਮਾ ਕਰਕੇ ਸਤਿਗੁਰੂ ਅੱਗੇ ਅਰਦਾਸ ਕਰਕੇ ਪੰਜਾਬ ਨੂੰ ਤੁਰ ਪਏ ਅਤੇ ਕਾਫ਼ੀ ਸਮੇਂ ਵਿਚ ਧੀਰੇ-ਧੀਰੇ ਚੱਲ ਕੇ ਅੰਮ੍ਰਿਤ ਵੇਲੇ ਸ੍ਰੀ ਆਨੰਦਪੁਰ ਸਾਹਿਬ ਪੁੱਜ ਗਏ।
ਸਤਿਗੁਰੂ ਜੀ ਦਾ ਦਰਬਾਰ ਸਜਿਆ ਹੋਇਆ ਹੈ। ਸੂਰਬੀਰ ਸ਼ਸਤ੍ਰਧਾਰੀ ਸਿੰਘ, 'ਬੀਰ ਆਸਨ' ਬੈਠੇ ਹਨ। ਪੰਜੇ ਸੰਤ ਭਗਵੀਆਂ ਗਾਤੀਆਂ ਲਾਈ, ਪਊਏ ਪਹਿਨੀ, ਹੱਥ ਵਿਚ ਚਿੱਪੀਆਂ ਅਤੇ ਗ੍ਰੰਥ ਲਈ ਗੁਰੂ ਕਲਗੀਧਰ ਪਿਤਾ ਦੇ ਦਰਬਾਰ ਵਿਚ ਹਾਜ਼ਿਰ ਹੋਏ। ਦਾਤਨਾਂ, ਪੁਸ਼ਪਪੱਤਰ ਭੇਟ ਕਰਕੇ ਚਰਨਾਂ ਵਿਚ ਝੁਕ ਕੇ ਸ਼ਸ਼ਟਾਂਗ ਲੰਮੇ ਪੈ ਗਏ। ਮੁੜ ਉੱਠਕੇ, ਹੱਥ ਜੋੜਕੇ ਇਕ ਸੂਰ ਸੰਸਕ੍ਰਿਤ ਵਿਚ ਉਸਤਤੀ ਕਰਨ ਲੱਗੇ।
ਕੁਝ ਦਿਨ ਤੋਂ ਉਪਰੰਤ ਪੰਜੇ ਨਿਰਮਲੇ ਸੰਤਾਂ ਨੇ ਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਕਰਕੇ ਅੰਮ੍ਰਿਤਪਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਗੁਰੂ ਜੀ ਸੁਣਕੇ ਪਰਮ ਪ੍ਰਸੰਨ ਹੋਏ। ਪੰਜ ਪਿਆਰਿਆਂ ਦੁਆਰਾ ਅੰਮ੍ਰਿਤਪਾਨ ਕਰਵਾਇਆ ਗਿਆ। ਇਸ ਸਮੇਂ ਕੁਝ ਸੰਤਾਂ ਨੂੰ ਭਾਈ ਦਇਆ ਸਿੰਘ ਜੀ ਪਿਆਰੇ ਨੇ, ਕੁਝ ਸੰਤਾਂ ਨੂੰ ਭਾਈ ਧਰਮ ਸਿੰਘ ਜੀ ਪਿਆਰੇ ਨੇ ਰਹਿਤ ਮਰਯਾਦਾ ਦਾ ਉਪਦੇਸ਼ ਅਤੇ ਗੁਰਮੰਤ੍ਰ ਦਿੱਤਾ। ਇਸ ਕਰਕੇ ਨਿਰਮਲ ਪੰਥ ਦੀਆਂ ਸਭ ਵੰਸਾਵਲੀਆਂ ਦੋਨਾਂ ਪਿਆਰਿਆਂ (ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ) ਨਾਲ ਜਾ ਕੇ ਮਿਲਦੀਆਂ ਹਨ।
ਭਾਈ ਰਾਮ ਕੋਇਰ ਜੀ ਵਾਲੀ ਸਾਖੀ ਵਿਚ ਕਥਨ ਕੀਤਾ ਗਿਆ ਹੈ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿਚ ਲਿਖਿਆ ਹੈ :
ਇਹ ਵਿਧ ਪਾਂਚੋ ਸਿੰਘ ਕੋ, ਖੰਡੇ ਪੰਚ ਕੋਸ਼ ਉਰ ਗਯਾਨ ਦੇ, ਨਿਰਮਲ ਪਹੁਲ ਦੀਨ। ਪੰਥ ਸੁ ਕੀਨ।
(ਗੁ.ਪ੍ਰ.ਸੂ., ਰੁਤ 1, ਅੰਸੂ 19)
ਪੰਡਿਤ ਗੁਲਾਬ ਸਿੰਘ ਜੀ ਨੇ ਗੁਰੂ ਜੀ ਵੱਲੋਂ ਨਿਰਮਲ ਪੰਥ ਨੂੰ ਸ਼ਾਸਤ੍ਰ ਅਤੇ ਖ਼ਾਲਸੇ ਨੂੰ ਸ਼ਸਤ੍ਰ ਧਾਰਨ ਕਰਨ ਦਾ ਇਸ ਤਰ੍ਹਾਂ ਵਰਣਨ ਕੀਤਾ ਹੈ :
"ਸ੍ਰੀ ਗੋਬਿੰਦ ਸੁ ਸਿੰਘ ਹੈਂ, ਪੂਰਣ ਹਰਿ ਅਵਤਾਰ। ਰਚਯੋ ਪੰਥ ਭਵ ਮੇਂ ਪ੍ਰਕਟ, ਦੋ ਵਿਧਿ ਕੋ ਵਿਸ੍ਤਾਰ ॥੮੬॥ ਏਕਨ ਕੇ ਕਰ ਖੜਗ ਦੈ, ਭੁਜ ਬਲ ਬਹੁ ਵਿਸ੍ਤਾਰ। ਪਾਲਨ ਭੂਮੀ ਕੋ ਕਰਯੋ, ਦੁਸ਼੍ਟਨ ਮੂਲ ਉਖਾਰ ॥੮੭॥ ਔਰਨ ਕੀ ਪਿਖ ਵਿਮਲ ਮਤਿ, ਦੀਨੋ ਪਰਮ ਵਿਵੇਕ। ਨਿਰਮਲ ਭਾਖੇ ਜਗਤ ਤਿਨ, ਹੇਰੇ ਬ੍ਰਹਮ ਸੁ ਏਕ ॥੮੮॥ (ਮੋਕਸ਼ ਪੰਥ ਪ੍ਰਕਾਸ਼-ਪੰਚਮ ਨਿਵਾਸ)
ਗਿਆਨੀ ਗਿਆਨ ਸਿੰਘ ਜੀ 'ਪੰਥ ਪ੍ਰਕਾਸ਼' ਵਿਚ ਲਿਖਦੇ ਹਨ :
“ਪਢਿ ਨਿਗਮਾਗਮ ਗੁਰੁ ਢਿਗ ਆਏ । ਗੁਰਹਿ ਸੁਨਾਇ ਅਧਿਕ ਬਰ ਪਾਏ ॥੫੧॥ ਖੁਸ਼ੀ ਹੋਇ ਗੁਰੁ ਐਸ ਉਚਾਰੀ। ਸਾਰ ਬਿੱਦਯਾ ਜਗ ਜੁਗ ਭਾਰੀ॥ ਸ਼ੱਸਤਰ ਏਕ ਸ਼ਾਸਤਰ ਦੂਜੀ। ਉਭੇ ਜਾਤਿ ਜਗ ਮਾਨੀ ਪੂਜੀ ॥੫੨॥ ਦੁਸ਼ਟ ਮੂਢ ਸ਼ਸਤ੍ਰ ਕਰਿ ਦਬ ਹੈਂ । ਸ਼ਾਸਤ੍ਰ ਤੈ ਕੋਵਿਦ ਬਸ ਫਬ ਹੈ॥ ਅੰਬੀਰੀ ਵਜ਼ੀਰੀ ਫਕੀਰੀ । ਦਾਨ ਦਹੀਰੀ ਸਭਿ ਤਦਬੀਰੀ ॥੫੩॥ ਤਰਗਸ-ਗੀਰੀ ਰਾਜ-ਗਹੀਰੀ । ਹਮਰੇ ਪੰਥ ਵੀਚ ਸਭਿ ਥੀਰੀ॥ ਇਤ੍ਯਾਦਿਕ ਬਰ ਸਤਿਗੁਰੂ ਦੀਏ । ਜੋ ਸੁਨਿ ਸਿੱਖ ਸਭੈ ਖੁਸ਼ਿ ਥੀਏ ॥੫੪॥” (ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ ੨੭੮੯)
ਅੱਗੇ ਗਿਆਨੀ ਗਿਆਨ ਸਿੰਘ ਜੀ ਹੋਰ ਵਿਆਖਿਆ ਕਰਦੇ ਹਨ :
"ਸਿਖ ਦੈ ਬਿਧਿ ਸਭਿ ਤਿਨ ਕੇ ਥੀਏ । ਏਕ ਗ੍ਰਿਹਸਥੀ ਤ੍ਯਾਗੀ ਬੀਏ ॥੧੮॥ ਗ੍ਰੇਹੀ ਕੇਵਲ ਸਿੱਖ ਬਿਦਤਾਏ। ਤ੍ਯਾਗੀ ਸਿੱਖ ਨਿਰਮਲੇ ਗਾਏ। ਸਾਧੂ ਨਿਰਮਲੇ ਵਹੀ ਅਪਾਰੇ । ਬਿਦਤੇ ਤਬਿ ਤੇ ਜਗਤ ਮਝਾਰੇ ॥੧੯॥ਦਸੋਂ ਗੁਰੂ ਕੀ ਖਿਜ਼ਮਤ ਮੈਹੈਂ। ਰਹੇ ਸਦਾ ਗੁਰੂ ਪੰਥ ਮਧੋਹੈਂ। ਪੈ ਪ੍ਰਵਿਰਤੀ ਅਧਿਕ ਨ ਧਾਰੀ । ਰਹੈਂ ਨਿਵਰਤੀ ਸੰਤ ਉਦਾਰੀ ॥੨੦॥” (ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ ੨੭੮੫)
ਗੁਰ ਪ੍ਰਤਾਪ ਸੂਰਜ ਵਿਚ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ :
"ਜੋਗ ਭੋਗ ਮੈਂ ਦੋਨਹੁਂ ਰੀਤਿ। ਦਈ ਪੰਥ ਕੋ ਨਿਰਮਲ ਚੀਤ। ਸੱਤਿਨਾਮ ਕੋ ਸਿਮਰਨ ਕਰਨੋ । ਇਹੀ ਜੋਗ ਇਕ ਲਿਵ ਕੋ ਬਰਨੋ ॥੩੭॥ ਲਰਨਿ ਰਿਪੁਨਿ ਸੋਂ, ਕਰਿਬੋ ਰਾਜ। ਇਹੀ ਭੋਗ ਕੇ ਦਿਏ ਸਮਾਜ। ਇੱਤ੍ਯਾਦਿਕ ਕਹਿ ਨਿਰਮਲ ਜਸੁ ਕੋ । ਬੰਦਹਿ ਸਤਿਗੁਰ ਪਾਇ ਪਰਸ ਕੋ ॥੩੮॥ (ਗੁ. ਪ੍ਰ. ਸੂ. ਰੁਤ ३, ਅੰਸ਼ੂ २२)
ਗੁਰ ਮਹਿਮਾ ਸਿਮਰਤਿ ਸਤਿਨਾਮੁ । ਹਉਮੈ ਤ੍ਯਾਗਨਿ ਮਨ ਬਿਸਰਾਮੂ । ਦਯਾ ਖਿਮਾ ਸੁਚ ਸੰਜਮ ਧੀਰਜ । ਧਰਮ ਪਰਾਇਨ ਸਾਚੁ ਸੁ ਬੀਰਜ ॥੩੨॥ ਗੁਰਸਿੱਖੀ ਨਿਰਮਲ ਸੰਤੋਸ਼। ਸਦਾ ਗੁਰੂ ਕੇ ਰਹੈ ਭਰੋਸ।” (ਗੁ.ਪ੍ਰ.ਸੂ.. ਰਾਸ ੮, ਅੰਸੂ ੩੫)
ਅਰਥ ਸਪੱਸ਼ਟ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਰਨ ਅਵਤਾਰ ਸਨ, ਜਿਨ੍ਹਾਂ ਨੇ ਪੰਥ ਰਚ ਕੇ ਦੋ ਰੂਪਾਂ ਵਿਚ ਸੰਗਠਤ ਕੀਤਾ। ਇੱਕ ਜੱਥਾ ਸ਼ਸਤਰਾਂ ਦੁਆਰਾ ਧਰਮ ਦੀ ਰੱਖਿਆ ਕਰਨ ਵਾਸਤੇ ਜ਼ਾਲਮਾਂ ਨਾਲ ਸੰਗ੍ਰਾਮ ਲਈ ਨਿਯਤ ਕੀਤਾ। ਦੂਸਰੇ ਜੱਥੇ ਵਿਚ ਵਿਵੇਕ ਬੁੱਧੀ ਵਾਲੇ ਸ਼ਾਸਤਰਾਂ ਦੇ ਪਠਨ-ਪਾਠਨ ਵਿਚ ਲਾਏ ਜੋ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਨਾਮ-ਬਾਣੀ, ਵਿਦਿਆ ਦਾ ਪ੍ਰਚਾਰ ਕਰਨ ਵਾਸਤੇ ਦੇਸ਼ਾਂ-ਦੇਸ਼ਾਂਤਰਾਂ ਵਿਚ ਚਲੇ ਗਏ ਅਤੇ ਸੰਸਾਰ ਵਿਚ 'ਨਿਰਮਲ ਪੰਥ' ਦੇ ਨਾਮ ਨਾਲ ਪ੍ਰਸਿੱਧ ਹੋਏ।