Book: Darbari Ratna of Sri Guru Gobind Singh Ji Author: Prof. Piara Singh Padma
ਕੁੱਝ ਲੇਖਕ ਬਾਰੇ
ਪ੍ਰੋ ਪਿਆਰਾ ਸਿੰਘ ਪਦਮ (28.12.1921 - 01.05.2001) ਨੇ 1943 ਵਿਚ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਖੇ ਲੈਕਚਰਾਰ ਵਜੋਂ ਕੈਰੀਅਰ ਆਰੰਭ ਕੀਤਾ ਤੇ 1983 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੇਵਾ-ਮੁਕਤ ਹੋਏ । ਪਦਮ ਜੀ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਗੌਰਵ-ਭਰੇ ਵਿਰਸੇ ਨੂੰ ਉਜਾਗਰ ਕਰਨ ਲਈ ਆਪਣੀ ਨਿਰੰਤਰ ਖੋਜ ਸਦਕੇ ਕਈ ਦਰਜਨਾਂ ਮਹੱਤਵਪੂਰਨ ਤੇ ਅਨਮੋਲ ਪੁਸਤਕਾਂ ਪੰਜਾਬੀ ਜਗਤ ਨੂੰ ਭੇਟਾ ਕੀਤੀਆਂ।
ਆਪ ਜੀ ਨੇ ਸਾਰੇ ਦੇਸ਼ ਦਾ ਭ੍ਰਮਣ ਕਰ ਕੇ, ਦਰਜਨਾਂ ਲਾਇਬ੍ਰੇਰੀਆਂ ਵਿੱਚੋਂ ਸੈਂਕੜੇ ਪ੍ਰਾਚੀਨ ਹੱਥ-ਲਿਖਤਾਂ ਦਾ ਅਧਿਐਨ ਕਰ ਕੇ ਪੰਜਾਬੀ ਸਾਹਿਤ ਦੀ ਪੁਰਾਤਨ ਪਰੰਪਰਾ ਨੂੰ ਇਕ ਨਵੀਂ ਸੇਧ ਦਿੱਤੀ ਅਤੇ ਕਈ ਵਡਮੁੱਲੇ ਗ੍ਰੰਥਾਂ ਦਾ ਸੰਪਾਦਨ ਤੇ ਸੰਕਲਨ ਕਰ ਕੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਦੇ ਕਲਾਸੀਕਲ ਕਵੀਆਂ ਦੀਆਂ ਰਚਨਾਵਾਂ (ਹਾਸ਼ਮ ਰਚਨਾਵਲੀ, ਹੁਸੈਨ ਰਚਨਾਵਲੀ, ਸਾਈਂ ਬੁੱਲ੍ਹੇ ਸ਼ਾਹ ਆਦਿ) ਦੀ ਪ੍ਰਮਾਣਿਕ ਟੈਕਸਟ ਪੰਜਾਬੀ ਜਗਤ ਨੂੰ ਪੇਸ਼ ਕਰਨ ਦਾ ਸਿਹਰਾ ਵੀ ਆਪ ਦੇ ਸਿਰ ਹੈ।
ਪ੍ਰੋ. ਪਿਆਰਾ ਸਿੰਘ ਪਦਮ ਉਨ੍ਹਾਂ ਵਿਰਲੇ ਵਿਦਵਾਨਾਂ ਵਿੱਚੋਂ ਸਨ, ਜਿਨ੍ਹਾਂ ਨੇ ਸਿੱਖ ਧਰਮ ਬਾਰੇ ਆਧੁਨਿਕ ਦ੍ਰਿਸ਼ਟੀਕੋਣ ਤੋਂ ਉੱਚ ਪੱਧਰ ਦੀ ਦਾਰਸ਼ਨਿਕ ਖੋਜ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਦਸਮ ਗ੍ਰੰਥ ਦਰਸ਼ਨ ਆਦਿ ਅੱਧੀ ਦਰਜਨ ਕ੍ਰਿਤਾਂ ਵਿਚ ਆਪ ਜੀ ਨੇ ਭਾਰਤ ਦੀ ਸਮੁੱਚੀ ਵਿਚਾਰਧਾਰਾ ਦੇ ਪਿਛੋਕੜ ਵਿਚ ਗੁਰਮਤਿ ਨੂੰ ਸਮਝਣ ਲਈ ਸਰਬੰਗੀ ਅਧਿਐਨ ਪੇਸ਼ ਕੀਤਾ। ਆਪ ਜੀ ਨੇ ਬੜੀ ਮਿਹਨਤ ਤੇ ਖੋਜ ਨਾਲ ਚਾਰ ਵਡਮੁੱਲੇ ਕੋਸ਼ ਵੀ ਤਿਆਰ ਕੀਤੇ। ਡਾਕਟਰ ਰੌਸ਼ਨ ਲਾਲ ਆਹੂਜਾ ਜੀ ਦੇ ਸ਼ਬਦਾਂ ਵਿਚ, ਆਪ ਜੀ ਨੇ ਭਾਈ ਮਨੀ ਸਿੰਘ ਜੀ ਦੀ ਚਲਾਈ ਸਾਹਿਤਕ ਪਰੰਪਰਾ ਨੂੰ ਅੱਗੇ ਤੋਰਿਆ।
ਪਦਮ ਜੀ ਆਪਣੇ ਆਪ ਵਿਚ ਇਕ ਪੂਰਨ ਸੰਸਥਾ ਸਨ, ਜਿਨ੍ਹਾਂ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸੰਸਕ੍ਰਿਤੀ ਦੀਆਂ ਖਿੱਲਰੀਆਂ-ਪੁੱਲਰੀਆਂ ਤੰਦਾਂ ਨੂੰ ਜੋੜਨ ਦਾ ਅਤਿ ਮੁਸ਼ਕਲ ਕੰਮ ਪ੍ਰਬੀਨਤਾ ਸਹਿਤ ਨਿਬਾਹਿਆ।
ਪਦਮ ਜੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਚ ਜੋ ਬੌਧਿਕ ਜੋਤਿ ਜਗਾਈ, ਉਹ ਭਾਰਤੀ ਇਤਿਹਾਸ ਵਿਚ ਬੇਮਿਸਾਲ ਹੈ। ਉਨ੍ਹਾਂ ਖ਼ੁਦ ਧਾਰਮਿਕ ਤੇ ਸੈਨਿਕ ਨੇਤਾ ਹੋਣ ਦੇ ਬਾਵਜੂਦ ਸਾਹਿੱਤਕ ਖੇਤਰ ਵਿਚ ਉਹ ਪੂਰਨੇ ਪਾਏ, ਜੋ ਕਮਾਲ ਦੇ ਹਨ। ਇਸ ਤੋਂ ਇਲਾਵਾ ਜਿਸ ਤਰ੍ਹਾਂ ਉਨ੍ਹਾਂ ਆਪਣੇ ਸਮੇਂ ਦੇ ਸਾਹਿਤਕਾਰਾਂ ਦੀ ਸਰਪ੍ਰਸਤੀ ਕੀਤੀ, ਉਹ ਵੀ ਇਕ ਅਦੁੱਤੀ ਕਾਰਨਾਮਾ ਹੈ। ਸਾਡੇ ਪੁਰਾਣੇ ਇਤਿਹਾਸ ਵਿਚ ਇਤਨਾ ਸੰਕੇਤ ਤਾਂ ਮਿਲਦਾ ਹੈ ਕਿ ਗੁਰੂ ਸਾਹਿਬ ਨੇ 52 ਕਵੀ ਤੇ 36 ਖ਼ੁਸ਼ਨਵੀਸ ਲਿਖਾਰੀ ਰੱਖੇ ਹੋਏ ਸਨ, ਪਰ ਇਨ੍ਹਾਂ ਸੰਬੰਧੀ ਪੂਰੀ ਜਾਣਕਾਰੀ ਨਹੀਂ ਮਿਲਦੀ।
ਇਸ ਪੁਸਤਕ ਵਿਚ ਲੇਖਕ ਨੇ ਸਿੱਖ ਗ੍ਰੰਥਾਂ ਤੇ ਹੋਰ ਗੁਰਮੁਖੀ ਲਿਖਤਾਂ ਵਿੱਚੋਂ ਖਿੰਡੀ-ਪੁੰਡੀ ਸੂਚਨਾ ਇਕੱਤਰ ਕਰ ਕੇ, ਹਿੰਦੀ ਸਾਹਿਤ ਦੇ ਇਤਿਹਾਸਾਂ ਵਿੱਚੋਂ ਹਵਾਲਿਆਂ ਨਾਲ ਪੁਸ਼ਟੀ ਕਰ ਕੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਇਨ੍ਹਾਂ ਸਾਹਿਤਕ ਰਤਨਾਂ ਬਾਰੇ ਬਹੁਮੁੱਲੀ ਜਾਣਕਾਰੀ ਦਿੱਤੀ ਹੈ।
ਏਸੇ ਕਲਮ ਤੋਂ :
ਆਦਿ ਗ੍ਰੰਥ ਦਰਸ਼ਨ, ਦਸਮ ਗ੍ਰੰਥ ਦਰਸ਼ਨ, ਗੁਰਬਾਣੀ ਕੋਸ਼, ਸਾਡੇ ਗੁਰਦੇਵ ਸੰਖੇਪ ਸਿੱਖ ਇਤਿਹਾਸ, ਗੁਰੂ ਨਾਨਕ ਸਾਗਰ, ਗੋਬਿੰਦ ਸਾਗਰ, ਪੰਜਾਬੀ ਮਹਾਰਾਜਾ, ਵਾਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀਆਂ, ਚਾਰ ਸਾਹਿਬਜ਼ਾਦੇ, ਪ੍ਰਾਚੀਨ ਪੰਜਾਬੀ ਗੱਦ, ਨਾਨਕੁ ਸਾਇਰੁ ਏਵ ਕਹਤੁ ਹੈ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਰਬਾਬ, ਮਹਾਂ ਕਵੀ ਸੰਤੋਖ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ, ਪੰਜ ਦਰਿਆ, ਪੰਜਾਬੀ ਬੋਲੀ ਦਾ ਇਤਿਹਾਸ, ਪੰਜਾਬੀ ਸਾਹਿਤ ਦੀ ਰੂਪ ਰੇਖਾ, ਪੰਜਾਬੀ ਵਾਰਾਂ, ਪੰਜਾਬੀ ਬਾਰਾਂਮਾਹੇ, ਪੰਜਾਬੀ ਮਾਝਾਂ, ਪੰਜਾਬੀ ਜੰਵਾਂ, ਪੰਜਾਬੀ ਝਗੜੇ, ਪੰਜਾਬੀ ਕਿੱਸੇ, ਹਾਸ਼ਮ ਰਚਨਾਵਲੀ, ਹੁਸੈਨ ਰਚਨਾਵਲੀ, ਸਾਈਂ ਬੁੱਲੇ ਸ਼ਾਹ, ਪ੍ਰਸਿੱਧ ਪੰਜਾਬੀ, ਪੁਸ਼ਪਾਂਜਲੀ, ਹਿੰਦੁਸਤਾਨੀ ਕਲਾ, ਹਿੰਦੁਸਤਾਨੀ ਕਵਿਤਾ, ਹਿੰਦੁਸਤਾਨੀ ਕਵੀ, ਬਾਬਾ ਸਾਧੂਜਨ, ਕਲਮ ਦੇ ਧਨੀ, ਕਲਮ ਦੇ ਚਮਤਕਾਰ, ਪ੍ਰਾਚੀਨ ਸੌ ਸਾਖੀ, ਖ਼ਲੀਲ ਜਿਬਰਾਨ ਦੇ ਬਚਨ ਬਿਲਾਸ, ਦਰਸ਼ਨ ਭਗਤ, ਜੰਗਨਾਮਾ ਸਿੰਘਾਂ ਤੇ ਫਿਰੰਗੀਆਂ, ਬਚਨ ਸਾਈਂ ਲੋਕਾਂ ਦੇ, ਮਾਲੀ, ਪੰਛੀ, ਆਜ਼ਾਦੀ, ਗੁਰੂ ਕੀਆਂ ਸਾਖੀਆਂ, ਰਹਿਤਨਾਮੇ, ਜ਼ਫ਼ਰਨਾਮਾ, ਪੰਜਾਬ ਰਉਸ਼ਨ, ਸਾਧੂ ਈਸ਼ਰਦਾਸ, ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਕਾ, ਗੁਰੂ ਘਰ, ਪੰਥ ਤੇ ਪੰਥ ਦਾ ਵਾਲੀ, ਬਾਬਾ ਵਜੀਦ, ਕਲਾਮ ਭਾਈ ਨੰਦ ਲਾਲ, ਪਰਚੀ ਪਾਤਸ਼ਾਹੀ ਦਸਵੀਂ ਕੀ, ਗੁਰਮੁਖੀ ਲਿਪੀ ਦਾ ਇਤਿਹਾਸ, ਪੰਜਾਬੀ ਡਾਇਰੈਕਟਰੀ, ਪੰਜਾਬੀ ਸੂਫ਼ੀ ਕਾਵਿਧਾਰਾ, ਬੋਲੈ ਸ਼ੇਖ਼ ਫ਼ਰੀਦ, ਵਾਰਿਸਸ਼ਾਹ, ਮਿਰਜ਼ੇ ਦੀਆਂ ਸੱਦਾਂ, ਗੁਰੂ ਗ੍ਰੰਥ ਵਿਚਾਰ ਕੋਸ਼, ਗੁਰੂ ਗ੍ਰੰਥ ਸੰਕੇਤ ਕੋਸ਼, ਗੁਰੂ ਗ੍ਰੰਥ ਮਹਿਮਾ ਕੋਸ਼, ਸੁਖਮਨੀ ਦਰਸ਼ਨ, ਮਹਾਤਮਾ ਸੰਤਰੇਣ, ਆਦਿਕ।
ਸ੍ਰੀ ਦਸਮੇਸ਼ ਜੀ ਦਾ ਪਹਿਲਾ ਮਹਾਂਵਾਕ
ਨਵਯੁਗ ਦਾ ਐਲਾਨ
ਬਲੁ ਹੂਓ ਬੰਧਨ ਛੁਟੇ ਸਭ ਕੁਛ ਹੋਤ ਉਪਾਇ ॥ ਸਭ ਕਿਛੁ ਤੁਮਰੈ ਹਾਥਿ ਹੈ ਤੁਮਹੀ ਹੋਇ ਸਹਾਇ॥ (ਮਹਲਾ ੧੦)
ਪ੍ਰਵੇਸ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਚ ਜੋ ਬੌਧਿਕ ਜੋਤਿ ਜਗਾਈ, ਉਹ ਭਾਰਤੀ ਇਤਿਹਾਸ ਵਿਚ ਬੇਮਿਸਾਲ ਹੈ। ਉਨ੍ਹਾਂ ਖ਼ੁਦ ਧਾਰਮਿਕ ਤੇ ਸੈਨਿਕ ਨੇਤਾ ਹੋਣ ਦੇ ਬਾਵਜੂਦ ਸਾਹਿੱਤਕ ਖੇਤਰ ਵਿਚ ਉਹ ਪੂਰਨੇ ਪਾਏ, ਜੋ ਕਮਾਲ ਦੇ ਹਨ। ਇਸ ਤੋਂ ਇਲਾਵਾ ਜਿਸ ਤਰ੍ਹਾਂ ਉਨ੍ਹਾਂ ਆਪਣੇ ਸਮੇਂ ਦੇ ਸਾਹਿੱਤਕਾਰਾਂ ਦੀ ਸਰਪ੍ਰਸਤੀ ਕੀਤੀ, ਉਹ ਵੀ ਇਕ ਅਦੁੱਤੀ ਕਾਰਨਾਮਾ ਹੈ। ਸਾਡੇ ਪੁਰਾਣੇ ਇਤਿਹਾਸ ਵਿਚ ਇਤਨਾ ਸੰਕੇਤ ਤਾਂ ਮਿਲਦਾ ਹੈ ਕਿ ਗੁਰੂ ਸਾਹਿਬ ਨੇ 52 ਕਵੀ ਤੇ 36 ਖ਼ੁਸ਼ਨਵੀਸ ਲਿਖਾਰੀ ਰੱਖੇ ਹੋਏ ਸਨ, ਪਰ ਇਨ੍ਹਾਂ ਸੰਬੰਧੀ ਪੂਰੀ ਜਾਣਕਾਰੀ ਨਹੀਂ ਮਿਲਦੀ। ਸਿੱਖ ਗ੍ਰੰਥਾਂ ਤੇ ਹੋਰ ਗੁਰਮੁਖੀ ਹੱਥ-ਲਿਖਤਾਂ ਵਿਚ ਜੋ ਖਿੰਡੀ-ਪੁੰਡੀ ਸਮੱਗਰੀ ਮਿਲਦੀ ਹੈ, ਉਸ ਨੂੰ ਇਕੱਤਰ ਕਰਨ ਦੀ ਲੋੜ ਹੈ ਤੇ ਨਾਲ ਹੀ ਹਿੰਦੀ ਸਾਹਿੱਤ ਦੇ ਇਤਿਹਾਸਾਂ ਵਿੱਚੋਂ ਵੀ ਇਸ ਬਾਰੇ ਹਵਾਲੇ ਲੱਭਣੇ ਜ਼ਰੂਰੀ ਹਨ। ਕਿਉਂਕਿ ਹਿੰਦੀ, ਉਸ ਸਮੇਂ ਉੱਤਰੀ ਹਿੰਦ ਦੀ ਸਾਹਿੱਤਕ ਭਾਸ਼ਾ ਸੀ ਤੇ ਗੁਰੂ ਜੀ ਵੀ ਸਾਰੇ ਹਿੰਦ ਨੂੰ ਹਲੂਣਾ ਦੇਣ ਲਈ ਇਸੇ ਵਿਚ ਬਹੁਤੀ ਰਚਨਾ ਕਰ ਕਰਾ ਰਹੇ ਸਨ। ਅਸਾਂ ਜਤਨ ਕੀਤਾ ਹੈ ਕਿ ਉਪਰੋਕਤ ਸਮੱਗਰੀ ਨੂੰ ਪੁਣ-ਛਾਣ ਕੇ ਕੁਝ ਨਾ ਕੁਝ ਮਸਾਲਾ ਲੱਭਿਆ ਜਾਵੇ ਤੇ ਇਸ ਧੁੰਦਲੇ ਚਿੱਤਰ ਨੂੰ ਉਘਾੜਿਆ ਜਾਵੇ । ਇਹ ਵੀ ਅਸੀਂ ਜਾਣਦੇ ਹਾਂ ਕਿ ਗੁਰੂ ਜੀ ਦੇ ਦਰਬਾਰ ਵਿਚ ਸਾਰੇ ਕਵੀ ਹੀ ਨਹੀਂ ਸਨ, ਕਈ ਗੱਦਕਾਰ ਸਨ, ਕਈ ਵਿਆਖਿਆਕਾਰ ਵਕਤਾ ਸਨ ਜਾਂ ਵੈਸੇ ਵਿਚਾਰਵਾਨ ਵਿਦਵਾਨ, ਇਸ ਕਰਕੇ ਸਭ ਨੂੰ 'ਦਰਬਾਰੀ ਰਤਨ' ਕਹਿਣਾ ਵਧੇਰੇ ਉੱਚਿਤ ਸਮਝਿਆ ਗਿਆ ਹੈ, ਭਾਵੇਂ ਪ੍ਰਧਾਨਤਾ ਕਵੀਆਂ ਦੀ ਹੀ ਹੈ।
ਪੰਜ ਸਾਲ ਦੀ ਮਿਹਨਤ ਬਾਅਦ ਮੈਂ ਇਹ ਖੋਜ-ਗ੍ਰੰਥ 1966 ਈ: ਵਿਚ ਦਸਮ ਗੁਰੂ ਦੀ ਤ੍ਰੈ ਸੌ-ਸਾਲਾ ਜਯੰਤੀ ਸਮੇਂ ਤਿਆਰ ਕੀਤਾ ਤਾਂ ਕਿ ਇਸ ਨੂੰ ਕੋਈ ਸੰਸਥਾ ਛਾਪ ਸਕੇ। ਲੇਕਿਨ ਸਾਹਿੱਤ-ਸ਼ਤਰੂ ਤੇ ਭਾਸ਼ਾ-ਭਸਮੀ ਭੱਦਰ ਪੁਰਸ਼ ਇਸ ਦੇ ਗੌਰਵ ਨੂੰ ਅਨੁਭਵ ਨਾ ਕਰ ਸਕੇ, ਹਾਲਾਂਕਿ ਇਹ ਅਗਿਆਨੀ, ਸਾਹਿੱਤਕ ਸੰਸਥਾਵਾਂ ਤੇ ਭਾਸ਼ਾ ਵਿਭਾਗਾਂ ਦੇ ਭਾਗ-ਵਿਧਾਤਾ ਵੀ ਬਣੇ ਬੈਠੇ ਸਨ। ਦਸ ਸਾਲ ਇਹ ਖਰੜਾ ਮੇਰੇ ਪਾਸ ਪਏ ਰਹਿਣ ਦਾ ਲਾਭ ਇਹ ਹੋਇਆ ਕਿ ਇਸ ਦੀ ਨੁਹਾਰ ਹੋਰ ਸੰਵਰਦੀ ਗਈ। ਅਜੇ ਵੀ ਇਹ ਮਸਾਲਾ ਸ਼ਾਇਦ ਪਾਠਕਾਂ ਤਕ ਨਾ ਪਹੁੰਚ ਸਕਦਾ, ਜੇ ਮੇਰੇ ਪੁਰਾਣੇ ਮਿੱਤਰ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ, ਹਾਮੀ ਨਾ ਭਰਦੇ ਤੇ ਮੇਰੀ ਸਪੁੱਤਰੀ ਡਾ. ਹਰਿੰਦਰ ਕੌਰ ਤੇ ਪ੍ਰੋ. ਰਵਿੰਦਰ ਕੌਰ ਇਸ ਕੰਮ ਲਈ ਮੈਨੂੰ ਨਿਸਚਿੰਤ ਨਾ ਕਰਦੇ। ਅੰਤ ਵਿਚ ਮੈਂ ਸਮੂਹ ਲਾਇਬ੍ਰੇਰੀਅਨ ਸਾਹਿਬਾਨ ਦਾ ਧੰਨਵਾਦੀ ਹਾਂ, ਜਿਨ੍ਹਾਂ ਦੀ ਮਿਲਵਰਤਣ ਨਾਲ ਹੱਥ-ਲਿਖਤਾਂ ਦੇਖਣ ਦਾ ਮੌਕਾ ਮਿਲਦਾ ਰਿਹਾ ਤੇ ਇਹੋ ਖਰੜੇ ਹੀ ਇਸ ਖੋਜ-ਗ੍ਰੰਥ ਦਾ ਮੂਲ ਆਧਾਰ ਹਨ। ਮੈਂ ਆਸ ਕਰਦਾ ਹਾਂ ਕਿ ਤੇਗ਼ ਦੇ ਧਨੀ ਖ਼ਾਲਸੇ, ਆਪਣੀ ਰਵਾਇਤ ਅਨੁਸਾਰ ਕਲਮ ਦੇ ਧਨੀਆਂ ਨੂੰ ਵੀ ਸਤਿਕਾਰ ਦੀ ਦ੍ਰਿਸ਼ਟੀ ਨਾਲ ਤੱਕਣਗੇ।
ਕਲਮ ਮੰਦਿਰ,
ਪਟਿਆਲਾ, 1976
ਪਿਆਰਾ ਸਿੰਘ ਪਦਮ