" ਇੱਕ ਵੱਡਾ ਸਵਾਲ ਸਾਹਮਣੇ ਆਉਂਦਾ ਹੈ ਜਦੋਂ ਅਸੀਂ ਪੰਜਾਬੀ ਹਰ ਗੁਰਦੁਆਰਾ ਸਾਹਿਬ ਵਿਚ ਨਾਨਕ ਨਾਮ ਚੜਦੀ ਕਲੀ ਤੇਰੇ ਭਾਣੇ ਸਰਬਤ ਦਾ ਭਲਾ ਰੋਜ਼ਾਨਾ ਦੀ ਅਰਦਾਸ ਵਿਚ ਮੰਗਦੇ ਹਾਂ। ਪਰ, ਹਕੀਕਤ ਵਿਚ ਸਰਬਤ ਤਾਂ ਦੂਰ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਵੀ ਆਪਣੇ ਨੇੜੇ ਲਾਉਣ ਤੋਂ ਇਨਕਾਰੀ ਜਿਹੇ ਜਾਪਦੇ ਹਾਂ। ਕਦੀ ਬੋਲੀ ਦੇ ਨਾਂ ਤੇ, ਕਦੀ ਖੇਤਰ ਦੇ ਨਾਂ ਤੇ, ਭਾਸ਼ਾ ਦੇ ਨਾਂ ਤੇ, ਹੋਰ ਪਤਾ ਨਹੀਂ ਕਿੰਨੇ ਬਹਾਨੇ ਘੜ ਲੈਂਦੇ ਹਾਂ ਇਕ ਹੀ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਲੈ ਕੇ ਚਲਣ ਵਾਲੇ ਆਪਣਿਆਂ ਨੂੰ ਵੀ ਆਪਣੇ ਤੋਂ ਦੂਰ ਰੱਖਣ ਦੇ।
ਪਤਾ ਨਹੀਂ ਕਿੰਨੀਆਂ ਕੁ ਸੰਸਥਾਵਾਂ ਅਤੇ ਸਖ਼ਸ਼ੀਅਤਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਲ ਲੈ ਕੇ ਚਲਣ ਦੀ ਹੋਕਾ ਦਿੰਦੇ ਆਏ ਹਨ ਅਤੇ ਦੇ ਰਹੇ ਹਨ। ਪਰ ਪਤਾ ਨਹੀਂ ਕਿਉਂ, ਅੰਗਰੇਜ਼ ਦੇ ਦੌਰ ਤੋਂ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਹਾਇਕ ਸੰਸਥਾਵਾਂ ਦੀ ਅਗਵਾਈ ਹੇਠਲਾ ਪੰਜਾਬੀ ਭਾਈਚਾਰਾ ਆਪਣੇ ਹੀ ਮੁਲਕ ਦੇ ਹੋਰ ਖੇਤਰਾਂ ਦੀਆਂ ਬੋਲੀਆਂ, ਭਾਸ਼ਾਵਾਂ ਤੋਂ ਕੰਨੀ ਜਿਹੀ ਕਤਰਾਉਣ ਲੱਗ ਪਿਆ ਹੈ। ਜਦ ਕਿ ਸੱਤ ਸਮੁੰਦਰੋਂ ਪਾਰ ਤੋਂ ਆਈ ਅੰਗਰੇਜ਼ੀ ਤੋਂ ਉਸ ਨੂੰ ਕੋਈ ਖ਼ਤਰਾ ਜਾਂ ਸ਼ਿਕਾਇਤ ਨਹੀਂ ਹੁੰਦੀ।
ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਬੇਸ਼ੱਕ ਗੁਰਮੁਖੀ ਵਿਚ ਹੋਈ ਹੈ ਪਰ ਇਸ ਵਿਚ ਬਹੁਤ ਸਾਰੀਆਂ ਬੋਲੀਆਂ ਅਤੇ ਉੱਪ ਬੋਲੀਆਂ ਦਾ ਸੁਮੇਲ ਹੈ। ਪਰ ਗੁਰਮੁਖੀ ਨੂੰ ਪੰਜਾਬੀ ਬੋਲੀ ਦੀ ਭਾਸ਼ਾ ਮੰਨ ਲਏ ਜਾਣ ਤੋਂ ਬਾਅਦ ਸ਼ਾਇਦ ਪੰਜਾਬੀਆਂ ਨੂੰ ਇਹ ਭੁਲੇਖਾ ਲਗ ਗਿਆ ਹੈ ਕਿ ਕਈ ਸੌ ਸਾਲਾਂ ਤੋਂ ਪੰਜ ਆਬ ਦੇ ਖੇਤਰ ਵਿਚ ਬੋਲੀ ਜਾਣ ਵਾਲੀ ਪੰਜਾਬੀ ਨੂੰ ਲਿਖਣ ਲਈ ਸ਼ਾਇਦ ਮੁੱਢ ਕਦੀਮ ਤੋਂ ਹੀ ਗੁਰਮੁਖੀ ਦੀ ਵਰਤੋਂ ਹੁੰਦੀ ਆਈ ਹੈ। ਜਦਕਿ ਇਸਦੇ ਕੋਈ ਪ੍ਰਮਾਣ ਨਹੀਂ ਮਿਲਦੇ। ਹਾਂ ਗੁਰਮੁਖੀ ਲਿੱਪੀ ਵਿਚ ਲਿਖੀ ਗੁਰਬਾਣੀ ਵਿਚ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ ਆਦਿ ਦੀ ਖੁਲ ਕੇ ਵਰਤੋਂ ਕੀਤੀ ਗਈ ਹੈ। ਜਿਸ ਦੇ ਮੱਦੇਨਜ਼ਰ ਪੰਜਾਬੀਆਂ ਵਿਚੋਂ ਦੂਜੀਆਂ ਬੋਲੀਆਂ ਬਾਰੇ ਬੇਗਾਨਗੀ ਦਾ ਅਹਿਸਾਸ ਦੂਰ ਹੋ ਜਾਣਾ ਚਾਹੀਦਾ ਸੀ। ਪਰ ਬਦਕਿਸਮਤੀ ਨੂੰ ਅਜਿਹਾ ਨਾ ਹੋ ਸਕਿਆ।
ਅੱਜ ਪੰਜਾਬੀ ਸਿੱਖ ਖਾਸ ਤੌਰ ਤੇ ਅੰਗਰੇਜ਼ ਦੇ ਦੌਰ ਵਿਚ ਸਾਹਮਣੇ ਆਇਆ ਅੰਗਰੇਜ਼ ਕਾਲੀ ਜੋ ਆਪਣੇ ਆਪ ਨੂੰ ਅਕਾਲੀ ਹੋਣ ਦਾ ਭਰਮ ਸਿਰਜੀ ਬੈਠਾ ਹੈ। ਦੇਸ਼ ਦੇ ਹੋਰ ਖੇਤਰਾਂ ਵਿਚ ਵਸਣ ਵਾਲੇ ਅਤੇ ਦੂਜੀਆਂ ਬੋਲੀਆਂ ਭਾਸ਼ਾਵਾਂ ਦੀ ਵਰਤੋਂ ਕਰਨ ਵਾਲੀ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਿੱਖ ਵਜੋਂ ਤਸਲੀਮ ਕਰਨ ਤੋਂ ਇਨਕਾਰੀ ਜਿਹਾ ਜਾਪਦਾ ਹੈ। ਬਿਨਾ ਸ਼ੱਕ ਪੰਜਾਬੀ ਅਤੇ ਅਕਾਲੀ ਦੇਸ਼ ਵਿਦੇਸ਼ ਵਿਚ ਆਪਣੇ ਮਿਹਨਤੀ ਸੁਭਾਅ ਅਤੇ ਹਾਸਲ ਕੁਦਰਤੀ ਵਸੀਲਿਆਂ ਕਾਰਨ ਆਰਥਿਕ ਤੌਰ ਤੇ ਕਾਫੀ ਖੁਸ਼ਹਾਲ ਸਥਿਤੀ ਵਿਚ ਹਨ। ਪੰਜਾਬ ਦੀ ਕਾਫੀ ਵੱਡੀ ਵਸੋਂ ਵੀ ਸਿੱਖ ਆਬਾਦੀ ਹੋਣ ਕਾਰਨ ਇੱਥੇ ਪੰਜਾਬੀ ਸਿੱਖਾਂ ਦਾ ਹਰ ਖੇਤਰ ਵਿਚ ਦਬਦਬਾ ਹੈ। ਜਦਕਿ ਇਸਦੇ ਮੁਕਾਬਲੇ ਹੋਰ ਸੂਬਿਆਂ ਵਿਚਲੇ ਹੋਰ ਸਥਾਨਕ ਬੋਲੀਆਂ-ਭਾਸ਼ਾਵਾਂ ਦੇ ਧਾਰਨੀ ਸਿੱਖਾਂ ਨੂੰ ਆਪਣੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦੇ ਯੋਗ ਬਣਾਉਣਾ ਪੰਜਾਬੀ ਸਿੱਖਾਂ ਦਾ ਫਰਜ ਬਣ ਜਾਂਦਾ ਹੈ।
ਪਰ ਇਸ ਫਰਜ਼ ਨੂੰ ਨਿਭਾਉਣ ਲਈ ਆਪਣੇ ਖੁਲੇ ਸੁਭਾਅ ਅਨੁਸਾਰ ਕਾਰਵਾਈ ਅਮਲ ਵਿਚ ਲਿਆਉਣ ਦੀ ਸ਼ੁਰੁਆਤ ਕਰਨ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਕੋਲੋਂ ਬਣਦੀ ਕਾਰਵਾਈ ਸ਼ੁਰੂ ਕਰਵਾਉਣ ਤੋਂ ਪਹਿਲਾਂ ਆਉ ਨਜ਼ਰ ਮਾਰਦੇ ਹਾਂ ਕਿ ਸਾਡੇ ਹੀ ਦੇਸ਼ ਅੰਦਰ ਕਿਹੜੇ ਕਿਹੜੇ ਖੇਤਰ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ ਜਿਸ ਨੂੰ ਸਿੱਖ ਪੰਥ ਦੀ ਮੁੱਖਧਾਰਾ ਵਿਚ ਸ਼ਾਮਲ ਕਰਨ ਨਾਲ ਸਿੱਖ ਪੰਥ ਕਿੰਨਾ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਹੋ ਜਾਵੇਗਾ, ਇਸਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।"
ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਸਿੰਘ ਸਾਹਿਬ ਗਿਆਨੀ ਫੌਜਾ ਸਿੰਘ ਵਲੋਂ ਇਕੱਤਰ ਅਤੇ *ਗੁਰਮਤਿ ਪ੍ਰਕਾਸ਼ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਤੰਬਰ 1969 ਵਿਚੋਂ) ਹਵਾਲੇ ਨਾਲ ਸ. ਸੁਖਦੇਵ ਸਿੰਘ ਲਾਜ ਸੰਪਾਦਤ ਅਤੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ ਚੰਡੀਗੜ ਵਲੋਂ ਛਾਪੀ ਗਈ ਪੁਸਤਕ, "ਭੁੱਲੇ ਵਿਸਰੇ ਨਾਨਕ ਪੰਥੀ", ਵਿਚ ਛਪ ਚੁੱਕੀ ਜਾਣਕਾਰੀ ਅਨੁਸਾਰ ਨਾਨਕ ਨਾਮ ਲੇਵਾ ਸੰਗਤ ਜਿਸ ਨੂੰ ਨਾਨਕ ਪੰਥੀ ਵੀ ਆਖਿਆ ਜਾਂਦਾ ਹੈ, ਦਾ ਘੇਰਾ ਬੇਹੱਦ ਮੋਕਲਾ ਨਜ਼ਰ ਆ ਰਿਹਾ ਹੈ। ਭਾਰਤ ਦੇ ਸੂਬੇ ਉਤਰ ਪ੍ਰਦੇਸ਼ ਵਿੱਚ ਅਣਥੱਕ ਮੁਸ਼ੱਕਤ ਅਤੇ ਪਿਆਰ ਨਾਲ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਸਿੰਘ ਸਾਹਿਬ ਗਿਆਨੀ ਫੌਜਾ ਸਿੰਘ ਜੀ ਨੇ ਸਿੱਖੀ ਪ੍ਰਚਾਰ ਦੀ ਜੋ ਸੇਵਾ ਨਿਭਾਈ ਸੀ ਉਸਦੀ ਦੂਜੀ ਮਿਸਾਲ ਕੋਈ ਨਹੀਂ ਹੈ। ਦਲੇਰ ਅਤੇ ਅਣਖੀ ਇਸ ਮਹਾਨ ਸ਼ਖਸ਼ੀਅਤ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਵਿਦਿਆ ਲਈ ਅਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਦੇ ਸ਼ਾਗਿਰਦ ਰਹੇ। ਸਿਆਸੀ ਤੌਰ 'ਤੇ ਮਾਸਟਰ ਤਾਰਾ ਸਿੰਘ ਜੀ ਦੇ ਅਤਿ ਨਿਕਟਵਰਤੀ ਸਨ ਅਤੇ ਯੋਧਿਆਂ ਦੀ ਜੱਥੇਬੰਦੀ ਬੀਰ ਖਾਲਸਾ ਦਲ ਦੇ ਪਹਿਲੇ ਪ੍ਰਮੁੱਖ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਲਈ ਉੱਤਰ ਪ੍ਰਦੇਸ਼ ਅੰਦਰ ਚਲਾਏ ਜਾਂਦੇ ਸਿੱਖ ਮਿਸ਼ਨ ਹਾਪੜ ਤੇ ਅਲੀਗੜ੍ਹ ਦੇ ਪ੍ਰਬੰਧਕੀ ਮੁਖੀ ਦੀ ਸੇਵਾ ਕਰਦੇ ਗਿਆਨੀ ਫੌਜਾ ਸਿੰਘ ਜੀ ਨੇ ਜੋ ਮੱਲਾਂ ਮਾਰੀਆਂ ਉਹ ਪਿਛਲੀ ਸਦੀ ਦੇ ਸਿੱਖ ਇਤਿਹਾਸ ਦੇ ਉਹ ਪੰਨੇ ਹਨ ਜਿਨ੍ਹਾਂ ਨੂੰ ਵਾਚਣ ਦੀ ਜ਼ਰੂਰਤ ਹੈ।
ਇੱਥੇ ਇਹ ਵੀ ਵਿਚਾਰ ਗੋਚਰੇ ਹੈ ਕਿ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਗੁਰਮਤਿ ਪ੍ਰਕਾਸ਼ ਦੇ ਸਤੰਬਰ 1969 ਦੇ ਅੰਕ ਵਿਚ ਹੀ ਇਹ ਜਾਣਕਾਰੀ ਛਪ ਗਈ ਸੀ ਪਰ 55-56 ਸਾਲ ਬੀਤ ਜਾਣ ਦੇ ਬਾਅਦ ਵੀ ਸ਼੍ਰੋਮਣੀ ਕਮੇਟੀ ਜਾਂ ਪੰਜਾਬੀ ਸਿੱਖਾਂ ਵਲੋਂ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਸਕਿਆ। ਚਲੋ ਖੈਰ ਜਾਣਦੇ ਹਾਂ ਨਾਨਕ ਪੰਥੀਆਂ ਬਾਰੇ ਵਿਸਥਾਰਤ ਜਾਣਕਾਰੀ।"
ਨਾਨਕ ਪੰਥੀ ਸ਼ਬਦ ਦੀ ਹੋਂਦ
ਭਾਰਤ ਅਨੇਕਾਂ ਮਤ ਮਤਾਂਤਰਾਂ ਦਾ ਦੇਸ਼ ਹੈ। ਵੱਖ- ਵੱਖ ਸੰਪਰਦਾਵਾਂ ਦੇ ਅਨੁਆਈਆਂ ਦੇ ਲੋਕ ਸਭ ਤੋਂ ਵੱਡੇ ਅਚਰਜ ਦੇ ਨਾਮ ਨਾਲ ਆਪਣੇ ਆਪ ਨੂੰ ਸੰਬੰਧਤ ਕਰਦੇ ਹਨ, ਜਿਹਾ ਕਿ ਗੋਰਖ ਨੂੰ ਮੰਨਣ ਵਾਲੇ ਗੋਰਖ ਪੰਥੀ ਸਦਵਾਂਦੇ ਹਨ, ਕਬੀਰ ਨੂੰ ਮੰਨਣ ਵਾਲੇ ਕਬੀਰ ਪੰਥੀ, ਕੂੰਡਾ ਪੰਥੀ, ਸੰਨਿਆਸ ਪੰਥੀ ਆਦਿ। ਇਸ ਤਰ੍ਹਾਂ ਉਦਾਸੀ ਮਹਾਂਪੁਰਸ਼ਾਂ ਦੇ ਗੁਰੂ ਮਤ ਨੂੰ ਸਾਰੇ ਭਾਰਤ ਵਿਚ ਪਰਚਾਰਿਆ ਹੈ ਤੇ ਜੋ ਉਸ ਦੇ ਪੈਰੋਕਾਰ ਬਣੇ ਉਹ ਨਾਨਕ ਪੰਥੀ ਅਖਵਾਏ।
ਜ਼ਿਲਾ ਕਾਂਗੜਾ ਦੇ ਨਾਨਕ ਪੰਥੀ
ਜ਼ਿਲ੍ਹਾ ਕਾਂਗੜਾ ਜੋ ਪੰਜਾਬ ਦਾ ਹੀ ਇਕ ਵੱਡਾ ਹਿੱਸਾ ਸੀ ਤੇ ਹੁਣ ਹਿਮਾਚਲ ਵਿਚ ਚਲਾ ਗਿਆ ਹੈ, ਨੂਰਪੁਰ ਤੋਂ ਲੈ ਕੇ ਬੈਜਨਾਥ ਤੇ ਚੰਬਾ ਰਿਆਸਤ ਤਕ ਇਕ ਬਹੁਤ ਵੱਡੀ ਬਰਾਦਰੀ ਵਸਦੀ ਹੈ ਜਿਨ੍ਹਾਂ ਦੀ ਗਿਣਤੀ 5 ਲੱਖ ਤੋਂ ਵਧੀਕ ਹੈ। ਇਹ ਹੈ ਚਾਂਗ ਬਰਾਦਰੀ। ਇਨ੍ਹਾਂ ਨੂੰ ਘਿਣਤ ਤੇ ਬਾਹਤੀ ਵੀ ਸੱਦਿਆ ਜਾਂਦਾ ਹੈ । ਜ਼ਿਲਾ ਹੁਸ਼ਿਆਰਪੁਰ ਵਿਚ ਥਾਣਾ ਹਾਜ਼ੀਪੁਰ ਤੇ ਮੁਕੇਰੀਆਂ ਵਿਚ ਵੀ ਇਹ ਭਾਰੀ ਗਿਣਤੀ ਵਿੱਚ ਵੱਸਦੇ ਹਨ, ਜੋ ਸਾਰੇ ਨਾਨਕ ਪੰਥੀ ਹਨ। ਇਨ੍ਹਾਂ ਵਿਚ 1 ਫੀਸਦੀ ਲੋਕ ਕੇਸਾਂ ਧਾਰੀ ਵੀ ਹਨ। ਇਨ੍ਹਾਂ ਦੇ ਪਿੰਡਾਂ ਵਿਚ ਗੁਰਦੁਆਰੇ ਵੀ ਹਨ, ਪਰੰਤੂ ਇਹ ਕਾਂਗੜਾ ਨਿਵਾਸੀ ਸਾਰੇ ਡੇਰਾ ਵਡਭਾਗ ਸਿੰਘ ਦੀ ਗੱਦੀ ਨੂੰ ਮੰਨਦੇ ਹਨ ਤੇ, ਇਨ੍ਹਾਂ ਵਿਚ ਮਸੰਦ ਪਰਣਾਲੀ ਵੀ ਕਾਇਮ ਹੈ।
ਸਿੰਧੀ ਨਾਨਕ ਪੰਥੀ
ਸਿੰਧ ਸੂਬਾ ਦੀ ਸਭ ਤੋਂ ਵੱਡੀ ਗੱਦੀ ਉਦਾਸੀ ਸੰਤਾਂ ਦੀ ਸਿੰਧਬੇਲਾ ਸਿਖਰ ਸੀ । ਜੋ ਲਖਨਊ ਵਾਲੀ ਗੱਦੀ ਮੀਆਂ ਸ਼ਾਹੀ ਉਦਾਸੀ ਸੰਤਾਂ ਵਿਚੋਂ ਸੀ ਜਿਸ ਨੇ ਲੱਖਾਂ ਲੋਕਾਂ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ ਤੇ ਸਾਰੇ ਸਿੰਧ ਨੂੰ ਨਾਨਕ ਪੰਥੀ ਬਣਾਇਆ। ਇਸ ਗੱਦੀ ਦੇ ਉਦਾਸੀ ਸੰਤ ਸਾਧ ਨਾਮ ਨੇ ਕਾਬਲ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਜਿਸ ਦਾ ਜ਼ਿਕਰ ਮੁਹਸਨ ਫ਼ਾਨੀ ਨੇ 'ਦਬਿਸਤਾਨ ਮੁਜ਼ਾਹਿਬ' ਵਿੱਚ ਕੀਤਾ ਹੈ। ਪਾਕਿਸਤਾਨ ਬਣਨ ਵੇਲੇ ਇਹ ਲੋਕ ਉਥੋਂ ਉਜੜ ਕੇ ਰਾਜਸਥਾਨ, ਮਹਾਂਰਾਸ਼ਟਰ ਤੇ ਗੁਜਰਾਤ ਸੂਬੇ ਵਿਚ ਜਾ ਵਸੇ ਹਨ। ਇਹ ਲੋਕ ਜਿਥੇ ਵੀ ਵਸੇ ਹਨ, ਇਨ੍ਹਾਂ ਨੇ ਵੱਡੇ ਵੱਡੇ ਗੁਰਦੁਆਰੇ ਬਣਾਏ ਹਨ।
ਇਹ ਸਾਰੇ ਸਹਿਜਧਾਰੀ ਹਨ। ਸਵਾਏ ਮਲੇਰਕੋਟਲਾ ਦੇ ਜੋ ਇਕੋ ਗੱਦੀ ਕੇਸਾਧਾਰੀ ਸਿੱਖਾਂ ਦੀ ਸਿੰਧੀਆਂ ਵਿਚੋਂ ਹੈ, ਉਨ੍ਹਾਂ ਦੇ ਪੈਰੋਕਾਰ ਜਿਥੇ ਵੀ ਹਨ, ਕੇਸਾਧਾਰੀ ਤੇ ਆਪਣੀ ਸੰਤਾਨ ਨੂੰ ਕੇਸਾਧਾਰੀ ਸਿੱਖ ਬਣਾਉਂਦੇ ਹਨ। ਮੱਧ ਪ੍ਰਦੇਸ਼ ਵਿਚ ਇੰਦੌਰ ਬੜਾ ਭਾਰੀ ਸਿੰਧੀਆਂ ਦਾ ਸੈਂਟਰ ਹੈ। ਬੰਬੇ ਤੋਂ ਉਰੇ ਕਲਿਆਣ ਵਿਚ ਸਚਖੰਡ ਦਰਬਾਰ ਗੁਰਦੁਆਰਾ ਹੈ, ਜਿਸ ਤੇ ਲੱਖਾਂ ਰੁਪਏ ਲੱਗੇ ਹਨ, ਇਨ੍ਹਾਂ ਨੇ ਬਣਾਇਆ ਹੈ। ਪੂਨੇ ਵਿਚ ਭਾਰੀ ਗਿਣਤੀ ਵਿਚ ਵਸਦੇ ਹਨ। ਬੰਗਲੌਰ ਤੇ ਰਾਜਸਥਾਨ ਵਿਚ ਪਾਲੀ ਜੰਕਸ਼ਨ ਮਾਰਵਾੜ ਵਿਚ ਵੀ ਬਹੁਤ ਗਿਣਤੀ ਵਿਚ ਅਬਾਦ ਹਨ।
ਯੂ.ਪੀ. ਦੇ ਨਾਨਕ ਪੰਥੀ
ਯੂ.ਪੀ.ਵਿਚ ਨਾਨਕ ਪੰਥੀਆਂ ਦਾ ਸਭ ਤੋਂ ਵੱਡਾ ਅਸਥਾਨ ਜ਼ਿਲ੍ਹਾ ਪੀਲੀਭੀਤ ਵਿਚ ਨਾਨਕ ਮਤਾ ਹੈ, ਜਿਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਗੁਰਦੁਆਰਾ ਹੈ ਤੇ ਬਾਬੇ ਅਲਮਸਤ ਦੀ ਗੱਦੀ ਹੈ, ਜੋ ਉਦਾਸੀਆਂ ਦੇ 4 ਧੂਣਿਆਂ ਵਿਚੋਂ ਇੱਕ ਹੈ। ਇਥੇ ਉਹ ਪਿੱਪਲ ਹੈ ਜੋ ਸਿੱਧਾਂ ਨੇ ਆਪਣੇ ਯੋਗ ਬਲ ਕਰਕੇ ਉਡਾ ਦਿੱਤਾ ਸੀ, ਗੁਰਦੇਵ ਨੇ ਉਸ ਨੂੰ ਪੰਜਾ ਲਾ ਕੇ ਰੋਕ ਲਿਆ, ਉਸ ਪਿੱਪਲ ਦੀ, ਤੇ ਪੰਜੇ ਦੀ ਬੜੀ ਭਾਰੀ ਪੂਜਾ ਹੁੰਦੀ ਹੈ। ਇਸ ਪਿੱਪਲ ਨੂੰ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਫਿਰ ਜੋਗੀਆਂ ਨੇ ਅੱਗ ਲਾ ਕੇ ਸਾੜ ਦਿੱਤਾ ਸੀ। ਬਾਬੇ ਅਲਮਸਤ ਨੇ ਅੰਨ-ਜਲ ਤਿਆਗ ਕੇ ਗੁਰੂ ਹਰਿਗੋਬਿੰਦ ਸਾਹਿਬ ਦੀ ਅਰਾਧਨਾ ਕੀਤੀ। ਮਹਾਰਾਜ ਅੰਮ੍ਰਿਤਸਰ ਤੋਂ ਨਾਨਕ ਮਤੇ ਪੁੱਜੇ । ਜੋਗੀ ਡਰਦੇ ਭਜ ਗਏ। ਮਹਾਰਾਜ ਨੇ ਦੁਬਾਰਾ ਪਿੱਪਲ ਨੂੰ ਕੇਸਰ ਦਾ ਛਿੱਟਾ ਦੇ ਕੇ ਹਰਾ ਕੀਤਾ। ਅੱਜ ਤੱਕ ਪਿੱਪਲ ਦੇ ਪੱਤਿਆਂ ਤੇ ਕੇਸਰ ਦੇ ਛਿੱਟੇ ਨਜ਼ਰ ਆਉਂਦੇ ਹਨ। ਇਸ ਅਸਥਾਨ ਤੇ ਦਿਵਾਲੀ ਨੂੰ ਬੜਾ ਭਾਰੀ ਪੁਰਬ ਲਗਦਾ ਹੈ। ਪੰਜਾਹ ਹਜ਼ਾਰ ਨਾਨਕ ਪੰਥੀ ਇਥੇ ਇਕੱਤਰ ਹੁੰਦੇ ਹਨ। ਇਹ ਨਾਨਕ ਪੰਥੀ ਜ਼ਿਲਾ ਬਰੇਲੀ, ਨੈਨੀਤਾਲ, ਪੀਲੀਭੀਤ, ਗੋਰਖਪੁਰ ਆਦਿਕ ਥਾਵਾਂ ਤੋਂ ਪਰਿਵਾਰਾਂ ਸਮੇਤ ਆਉਂਦੇ ਹਨ।
ਬੜੀ ਭਾਰੀ ਅਕੀਦਤ ਰੱਖਦੇ ਹਨ। ਆਪਣੀ ਕਿਰਤ ਕਮਾਈ ਵਿਚੋਂ ਯਥਾ ਸ਼ਕਤ ਭੇਟਾ ਚੜ੍ਹਾਂਦੇ ਹਨ। ਗੁਰੂ ਕੇ ਲੰਗਰ ਵਿਚੋਂ ਕੇਵਲ 1 ਪਰਸ਼ਾਦਾ ਲੈ ਕੇ ਸਾਰਾ ਪਰਵਾਰ ਗੁਰੂ ਕੀ ਬਖਸ਼ਸ਼ ਸਮਝ ਕੇ ਛਕਦਾ ਹੈ। ਗੁਰੂ ਕੇ ਦਰਬਾਰ ਨਾਨਕ ਮਤੇ ਵਿਚ ਅਰਦਾਸ ਕਰਕੇ ਕੜਾ ਪਹਿਨਦੇ ਹਨ। ਇਕ ਕੜੇ ਦੀ ਭੇਟਾ ਸਵਾ ਰੁਪਏ ਤੋਂ ਲੈ ਕੇ 5 ਰੁਪਏ ਤੱਕ ਚੜ੍ਹਾਂਦੇ ਹਨ। ਇਸ ਵਾਰੀ ਦੀਵਾਲੀ ਤੇ ਗੁਰਦੁਆਰਾ ਕਮੇਟੀ ਨਾਨਕ ਮਤਾ ਵਲੋਂ ਦਸ ਹਜ਼ਾਰ ਕੜਾ ਪਹਿਨਾਇਆ ਗਿਆ।
ਇਸੇ ਹਲਕੇ ਵਿਚ ਸ੍ਰੀ ਨਾਨਕ ਸਾਗਰ ਦੇ ਆਸ ਪਾਸ 5 ਮੀਲ ਏਰੀਏ ਵਿਚ ਥਾਰੂ ਜਾਤੀ ਵਸਦੀ ਹੈ, ਜੋ ਕਿਸਾਨ ਹਨ, ਤੇ ਆਪਣੀਆਂ ਜ਼ਮੀਨਾਂ ਦੇ ਮਾਲਕ ਹਨ, ਪਿੰਡਾਂ ਦੇ ਪਿੰਡ ਇਸੇ ਜਾਤੀ ਦੇ ਹਨ, ਜਿਨ੍ਹਾਂ ਦਾ ਵੇਸ, ਪਹਾੜੀ ਗੁਜਰਾਂ ਵਰਗਾ ਭੂਸਾ ਹੈ ਤੇ ਨਸਲ ਮੰਗੋਲ ਜਾਤੀ ਨਾਲ ਮਿਲਦੀ ਹੈ। ਨਿਪਾਲੀ ਗੋਰਖਿਆਂ ਵਾਂਗ ਨਕ, ਫੀਨ੍ਹੇ ਹਨ, ਇਨ੍ਹਾਂ ਦੀ ਵਸੋਂ 2 ਲੱਖ ਤੋਂ ਵਧੀਕ ਹੈ, ਜੋ ਸਾਰੇ ਨਾਨਕ ਪੰਥੀ ਹਨ। ਦੀਵਾਲੀ ਦੇ ਪੁਰਬ ਸਮੇਂ ਇਨ੍ਹਾਂ ਦੀ ਯਾਤਰਾ ਦੋ ਦਿਨ ਪਿੱਛੋਂ ਸ਼ੁਰੂ ਹੁੰਦੀ ਹੈ ਤੇ 1 ਹਜ਼ਾਰ ਬੈਲ ਗੱਡੀ ਦੇ ਕਰੀਬ ਇਨ੍ਹਾਂ ਦੀ ਯਾਤਰਾ ਆਉਂਦੀ ਹੈ, 4 ਦਿਨ ਲਗਾਤਾਰ ਯਾਤਰਾ ਕਰਦੇ ਹਨ। ਇਹ ਬੜੀ ਸ਼ਰਧਾ ਰੱਖਦੇ ਹਨ। ਮਹਾਰਾਜ ਦੇ ਦਰਬਾਰ ਵਿਚ ਆ ਕੇ ਇਹ ਇਤਿਹਾਸਕ ਗੀਤ ਗਾਉਂਦੇ ਹਨ।
''ਹਮਾਰੇ ਬਾਬਾ ਜੀ ਸੇ ਗਰਬ ਕਰੋ ਹੋਈ ਹਾਰੇ।’’
''ਰੇ ਹਮਰੇ ਬਾਬਾ ਜੀ ਸੇ ਏਕ ਗਰਬ ਕਰੋ। ”
ਗੋਰਖ ਨੇ ਬਾਬਾ ਜੀ ਸੇ ਪੀਪਲ ਜੜ ਸੇ ਹਵਾ ਉਪਾਰੋ ।
ਟੇਕ-ਹਮਾਰੇ ਬਾਬਾ ਜੀ ਸੇ ਗ...
ਲਾਇਓ ਜੋ ਪੰਜਾ ਮੇਰੇ ਬਾਬਾ ਗੁਰੂ ਨਾਨਕ ਜੀ ਨੇ ਪੀਪਲ ਵੀ ਕਹਿਨਾ ਬਾਬਾ ਮਾਨੋਗੇ
ਤਿਹਾਰੋ-ਗਰਬ ਕਰੋ ਸੋਈ ਹਾਰੋ।
ਏਕ ਗਰਬ ਕਰੇ ਫਰਿ ਜੋਗੀਆਂ ਪੰਜਾ ਜੀ ਪੋ ਭਸਮ ਕਰ ਡਾਰੋ-
ਹਮਾਰੇ ਬਾਬਾ ਆਇਓ ਜੋ ਪੰਜਾ ਜੀ ਪੋ ਅੰਮ੍ਰਿਤਸਰੋਂ ਬਾਬਾ ਤਰਵਾਰ ਵਾਰੋ।
ਕੇਸਰ ਕਾ ਛੀਂਟਾ ਦੇ ਕੇ ਪੀਪਲ ਹਰਾ ਕਰ ਡਾਰੋ।
ਹਮਾਰੇ ਬਾਬਾ ਜੀ ਪੋ ਗਰਬ ਕਰੋ ਸੋਈ ਹਾਰੋ।
ਫੇਰ ਇਹ ਦੀਵੇ ਜਗਾ ਕੇ ਪੰਜੇ ਦੀ ਆਰਤੀ ਕਰਦੇ ਹਨ, ਆਪਣੀ ਭਾਸ਼ਾ ਵਿਚ ਹੋਰ ਗੀਤ ਗਾਉਂਦੇ ਹਨ, ਸਾਲਾਨਾ ਝੰਡੇ ਸਾਹਿਬ ਦੇ ਮੇਲੇ ਤੇ ਡੇਹਰਾਦੂਨ ਜਾਂਦੇ ਹਨ ਤੇ ਬਹੁਤੇ ਗੁਰਮੰਤਰ ਲੈ ਕੇ ਉਨ੍ਹਾਂ ਨੂੰ ਗੁਰੂ ਧਾਰਨ ਕਰਦੇ ਹਨ। ਹੁਣ ਉਥੇ ਪੁੱਜਣ ਦੀ ਪ੍ਰਥਾ ਦਿਨ-ਬ-ਦਿਨ ਘਟਦੀ ਜਾਂਦੀ ਹੈ।
ਜ਼ਿਲਾ ਬਿਜਨੌਰ ਵਿਚ ਨਾਨਕ ਪੰਥੀ
ਨਾਨਕ ਪੰਥੀ-ਰਮਈਏ, ਇਹ ਜਾਤੀ ਆਮ ਤੌਰ ਤੇ ਦੇਸ਼ ਪਰਦੇਸ਼ ਵਿਚ ਦਵਾਈਆਂ ਵੇਚਣ ਤੇ ਚਸ਼ਮੇ (ਐਨਕਾਂ) ਲਾਉਣ ਦਾ ਕੰਮ ਕਰਦੀ ਹੈ। ਇਨ੍ਹਾਂ ਦੇ 4 ਪਿੰਡ ਹਨ। ਵੱਡਾ ਸੈਂਟਰ ਨੂਰਪੁਰ ਹੈ, ਜਿਥੇ ਗੁਰੂ ਨਾਨਕ ਇੰਟਰ ਕਾਲਜ ਕਾਇਮ ਕੀਤਾ ਗਿਆ ਹੈ। ਇਨ੍ਹਾਂ ਦੀ ਗਿਣਤੀ 25 ਹਜ਼ਾਰ ਦੇ ਕਰੀਬ ਹੈ, ਜੋ ਸਾਰੇ ਕੇਸਾਧਾਰੀ ਤੇ ਅੰਮ੍ਰਿਤਧਾਰੀ ਹੋ ਗਏ ਹਨ। ਬਹੁਤ ਘੱਟ ਸਹਿਜਧਾਰੀ ਰਹਿ ਗਏ ਹਨ, ਇਹਨਾਂ ਨੇ ਆਪਣੇ ਨਗਰਾਂ ਵਿਚ ਵੱਡੇ ਵੱਡੇ ਗੁਰਦੁਆਰੇ ਕਾਇਮ ਕੀਤੇ ਹਨ, ਮਿਸ਼ਨ ਵਲੋਂ ਹਰ ਸਾਲ ਇਨ੍ਹਾਂ ਦੇ ਪਿੰਡਾਂ ਵਿਚ ਸਾਲਾਨਾ ਦੀਵਾਨ ਕੀਤੇ ਜਾਂਦੇ ਹਨ। ਇਲਾਕੇ ਵਿਚ ਬੇਅੰਤ ਪਿੰਡਾਂ ਵਿਚ ਜਾਟਵ (ਚਮਾਰ) ਜਾਤੀ ਭਾਰੀ ਗਿਣਤੀ ਵਿਚ ਨਾਨਕ ਪੰਥੀ ਹੈ। ਯੂ. ਪੀ. ਅਲੀਗੜ੍ਹ ਤੇ ਬੁਲੰਦ ਸ਼ਹਿਰ-ਬਰੇਲੀ, ਏਟਾਵਾ, ਮੇਨ ਪੁਰੀ ਜ਼ਿਲ੍ਹਿਆਂ ਵਿਚ ਜਾਟਵ ਜਾਤੀ ਨਾਨਕ ਪੰਥੀ ਹੈ, ਜਿਨ੍ਹਾਂ ਵਿਚ ਲੋਪੋ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਉਦਾਸੀ ਬਾਵਿਆਂ ਨੇ ਪਰਚਾਰ ਕੀਤਾ ਹੈ। ਕੁਝ ਕੁ ਇਲਾਕਿਆਂ ਵਿਚ ਸੁਥਰੇ ਸ਼ਾਹ ਨਾਨਕ ਪੰਥੀ ਅਖਵਾਂਦੇ ਹਨ, ‘ਹਰਦਮ ਨਾਨਕ ਸ਼ਾਹ, ਧਰਮ ਦੇ ਬੇੜੇ ਬੰਨੇ ਲਾ' ਦਾ ਗੀਤ ਪੜ੍ਹਿਆ ਜਾਂਦਾ ਹੈ।
ਮੱਧ ਪ੍ਰਦੇਸ਼ ਦੇ ਨਾਨਕ ਪੰਥੀ
ਵਣਜਾਰੇ ਨਾਨਕ ਪੰਥੀਆਂ ਦੀ ਗਿਣਤੀ ਸਾਰੇ ਭਾਰਤ ਵਿਚ ਇਕ ਕਰੋੜ ਦੇ ਕਰੀਬ ਹੈ। ਵਣਜਾਰੇ ਤੋਂ ਭਾਵ ਲੁਬਾਣੇ ਹੈ। ਪੰਜਾਬ ਵਿਚ ਇਨ੍ਹਾਂ ਨੂੰ ਇਸ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਪੰਜਾਬ ਤੋਂ ਬਾਹਰ ਸਾਰੇ ਭਾਰਤ ਵਿਚ ਇਨ੍ਹਾਂ ਨੂੰ ਵਣਜਾਰੇ ਆਖਿਆ ਜਾਂਦਾ ਹੈ।
ਕੇਵਲ ਗੋਤਰੀ ਭੇਦ ਥੋੜ੍ਹਾ ਜਿੰਨਾ ਹੈ, ਇਨ੍ਹਾਂ ਦਾ ਸਿੱਖ ਇਤਿਹਾਸ ਨਾਲ ਬੜਾ ਗੂੜਾ ਸੰਬੰਧ ਹੈ, ਜਿਹਾ ਕਿ ਬਾਬੇ ਮੱਖਣ ਸ਼ਾਹ ਜੀ ਦਾ ਗੁਰੂ ਜੀ ਨੂੰ ਪਰਗਟ ਕਰਨਾ, ਬਾਬੇ ਲੱਖੀ ਸ਼ਾਹ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕਰਨਾ ਤੇ ਕਈ ਹੋਰ ਇਤਿਹਾਸਕ ਘਟਨਾਵਾਂ ਨਾਲ ਸੰਬੰਧ ਹੈ, ਇਨ੍ਹਾਂ ਵਿਚ ਪੁਰਾਣੇ ਸਮੇਂ ਤੋਂ ਗੁਰੂ ਦੀ ਸ਼ਰਧਾ ਦੇ ਭਰੇ ਗੀਤ ਧਾਰਮਕ ਤੇ ਵਿਵਹਾਰਕ ਤੌਰ 'ਤੇ ਗਾਏ ਜਾਂਦੇ ਹਨ, ਜਿਨ੍ਹਾਂ ਵਿਚੋਂ ਇਸ ਜਾਤੀ ਦੀ ਧਾਰਮਕ ਅਕੀਦਤ ਪ੍ਰਗਟ ਹੁੰਦੀ ਹੈ। ਇਹ ਗੀਤ ਕੁਝ ਕੁ ਇਥੇ ਦਿੱਤੇ ਜਾਂਦੇ ਹਨ, ਜਿਹਾ ਕਿ ਬਾਬੇ ਮੱਖਣ ਸ਼ਾਹ ਦਾ ਬੇੜਾ ਤਿਮਰ ਨਦੀ ਸਿੰਧ ਵਿਚ ਡੁੱਬਣ ਵੇਲੇ ਗੁਰੂ ਅੱਗੇ ਅਰਦਾਸ ਦੇ ਰੂਪ ਵਿਚ ਗਾਇਆ ਜਾਂਦਾ ਹੈ, ਜੋ ਅੱਜ ਤੱਕ ਵਣਜਾਰੇ ਆਪਣੇ ਇਕੱਠ ਵਿਚ ਬੜੇ ਸ਼ੌਂਕ ਨਾਲ ਗਾਉਂਦੇ ਹਨ।
ਗੀਤ
ਤੂੰ ਤੇ ਲੇ ਲੇ ਗੁਰੂ ਕਾ ਨਾਮ ਕੀਰਤਪੁਰ ਬਾਲੇ ਕਾ,ਗੁਰੂ ਅੰਬਰਸਰ ਵਾਲੇ ਕਾ,
ਤੂੰ ਤੇ ਲੇ ਲੇ ਗੁਰੂ ਕਾ ਨਾਮ, ਨੰਗਾ ਕਭੀ ਨ ਰਹੇਗਾ, ਭੂਖਾ ਕਬੀ ਨਾ ਰਹੇਗਾ,
ਭੂਖੇ ਕੋ ਗੁਰੂ ਦੇਬੇ ਭੋਜਨ ਪਿਆਸੇ ਕੋ ਗੁਰੂ ਦੇਬੇ ਪਾਣੀ।
ਤੂੰ ਤੇ ਲੇ ਲੇ ਗੁਰੂ ਕਾ ਨਾਮ...
ਮੇਰੀ ਤੋ ਜਹਾਜ ਅਟਕੀ ਰੇ ਕਾਲੀ ਦਾਹ ਮੇਂ, ਗੁਰੂ ਕੀਰਤਪੁਰ ਬਾਲਾ ਲੰਘਾਏ ਪੈਲੇ ਪਾਰਿ ।
ਨਾਮ ਤੋ ਲੇਤੇ ਮੇਰੀ ਜਹਾਜ਼ ਹੋ ਗਈ ਪੈਲੀ ਪਾਰਿ।
ਤੂੰ ਤੇ ਲੇ ਲੇ ਗੁਰੂ ਕਾ ਨਾਮ..।
ਤੇਰੇ ਹਾਥ ਮੇਂ ਸੋਹੇ ਸਿਮਰਨੀ ਮੁਖ ਪਰ ਸੁੰਦਰ ਦਾੜੀ, ਤੇਰੇ ਮਾਥੇ ਕਲਗੀ ਚਮਕੇ ਤੋੜੇਦਾਰ।
ਗੁਰੂ ਤੇਰੇ ਚਰਨੇ ਕੋ ਸੁੰਦਰ ਘੋੜਾ ਤੇਰੇ ਗਾਤਰੇ ਸੋਹੇ ਤਲਵਾਰ।
ਮਹਾਰਾ ਬੇੜਾ ਕਰਦੇ ਪਰਲੇ ਪਾਰ।
ਨਾਉ ਪੁਰਾਨੀ ਬੇੜਾ ਭਰਿਓ ਅੰਮ੍ਰਿਤਸਰ ਵਾਲੇ ਗੁਰੂਆ ਡੁਬ ਰਿਹਾ ਮੰਝਧਾਰ।
ਹਮਾਰਾ ਬੇੜਾ ਕਰਦੋ ਪਰਲੇ ਪਾਰ।
ਇਸ ਜਾਤੀ ਦਾ ਸਾਰੇ ਭਾਰਤ ਵਿਚ ਵੇਸ ਭੂਸ਼ਾ, ਬੋਲੀ, ਰਸਮੋ-ਰਿਵਾਜ ਇਕੋ ਹਨ, ਪਰ ਧਾਰਮਕ ਅਕੀਦਾ ਬੜਾ ਪੱਕਾ ਹੈ। ਇਹ ਜਾਤੀ ਗੁਰੂ ਕਾ ਦਸਵੰਧ ਦੇਂਦੀ ਹੈ, ਸ੍ਰੀ ਹਜੂਰ ਸਾਹਿਬ ਤੇ ਬੜੀ ਸ਼ਰਧਾ ਰਖਦੇ ਹਨ। ਵਾਹਿਗੁਰੂ ਦੀ ਫਤੇ ਬੁਲਾਓਂਦੇ ਹਨ, ਝਟਕਾ ਖਾਉਂਦੇ ਹਨ, ਵਿਆਹ ਸ਼ਾਦੀ ਵੇਲੇ ਗੁਰ ਯੋਗ ਗੱਫਾ ਲੜਕੇ ਤੇ ਲੜਕੀ ਦੀ ਕੰਨੀ ਬੰਨਕੇ ਫੇਰੇ ਫੇਰਦੇ ਹਨ, ਪੰਚਾਇਤ ਵਿਚ ਜਦ ਕੋਈ ਬੋਲਣ ਦੀ ਆਗਿਆ ਮੰਗਦਾ ਹੈ, ਆਪਣੀ ਭਾਸ਼ਾ ਵਿਚ ਕਹਿੰਦਾ ਕਾਲਿ ਦੋ ਹੁਕਮ ਕੋ ਰੇ-ਤਾਂ ਸਾਰੇ ਅੱਗੋਂ ਅਵਾਜ਼ ਦੇਣਗੇ, ‘ਹੁਕਮ ਗੁਰੂ ਕੋ ਰੇ’, ਫਿਰ ਉਹ ਆਪਣੀ ਗਲ ਕਹਿੰਦਾ ਹੈ। ਬੇੜੀ ਚੜ੍ਹਨ ਵੇਲੇ ਇਹ ਤੁਕ ਪੜ੍ਹਨਗੇ, ਸਭ ਪਰਵਾਰ ਚੜ੍ਹਾਇਉ ਬੇੜੇ.. ਆਦਿਕ ਗੁਰੂ ਕਾ ਕੰਗਣ ਪਹਿਨਦੇ ਹਨ। ਗੁਰਬਾਣੀ ਨੂੰ ਆਪਣਾ ਇਸ਼ਟ ਸਮਝਦੇ ਹਨ।
ਇਨ੍ਹਾਂ ਵਿਚ ਧਾਰਮਕ ਰਸਮਾਂ ਦੀ ਬੜੀ ਪਰਪੱਕਤਾ ਹੈ, ਵਿਆਹ ਸ਼ਾਦੀ ਸਮੇਂ ਗੁਰੂ ਕੇ ਲੰਗਰ ਦੀ ਵੀ ਅਰਦਾਸ ਉਦਾਸੀ ਸੰਤਾਂ ਤੋਂ ਕਰਾਉਂਦੇ ਹਨ, ਪਰੰਤੂ ਸਮੇਂ ਨੇ ਇਨ੍ਹਾਂ ਤੇ ਵੀ ਬਹੁਤ ਪ੍ਰਭਾਵ ਪਾਇਆ ਹੈ। ਜ਼ਿਲ੍ਹਾ ਸਹਾਰਨਪੁਰ ਦੀ ਤਹਸੀਲ ਰੁੜਕੀ ਵਿਚ ਬਹੁਤ ਪਿੰਡ ਹਨ, ਜਿਨ੍ਹਾਂ ਦੀ ਕੁਲ ਆਬਾਦੀ ਵਿਚੋਂ ਪੰਜਵਾਂ ਹਿੱਸਾ ਕੇਸਾਧਾਰੀ ਹੋ ਚੁੱਕੇ ਹਨ, ਬਾਕੀ ਸਹਿਜਧਾਰੀ ਹਨ। ਜ਼ਿਲ੍ਹਾ ਮੁਜ਼ੱਫਰ ਨਗਰ, ਮਥੁਰਾ, ਭਰਤਪੁਰ, ਅਲੀਗੜ੍ਹ ਆਦਿ ਕਈ ਇਲਾਕਿਆਂ ਵਿਚ ਭਾਰੀ ਗਿਣਤੀ ਕੇਸਾਧਾਰੀ ਹਨ, ਸਭ ਤੋਂ ਵਧੀਕ ਮਧ-ਪ੍ਰਦੇਸ਼ ਵਿਚ ਹਨ। ਬੜਵਾਨੀ ਸਟੇਟ ਵਿਚ 5 ਪਿੰਡ ਇਕੱਠੇ ਹਨ, ਖਰਦੋਖ ਜ਼ਿਲ੍ਹੇ ਵਿਚ 15 ਪਿੰਡ ਹਨ-ਭੀਖਨ ਗਾਵ ਇਲਾਕੇ ਵਿਚ 4 ਪਿੰਡ ਹਨ, ਇਲਾਕਾ ਇੰਦੌਰ ਵਿਚ ਭਾਰੀ ਗਿਣਤੀ ਵਿਚ ਆਬਾਦ ਹਨ ਅਤੇ ਜਿਲਾ ਖੰਡਵਾ ਵਿਚ ਵੀ ਬੇਅੰਤ ਪਿੰਡ ਹਨ।
ਜਿਲਾ ਗਵਾਲੀਅਰ ਵਿਚ 72 ਪਿੰਡ ਹਨ, ਜਿਨ੍ਹਾਂ ਵਿਚੋਂ ਦੋਵਰੀਆ ਤੇ ਗਊਸਪੁਰਾ ਦੇ ਪਿੰਡ ਸਿੰਘ ਸਜ ਗਏ ਹਨ। ਸਭ ਤੋਂ ਵਧੀਕ ਗਿਣਤੀ ਇਨ੍ਹਾਂ ਦੀ ਮਹਾਰਾਸ਼ਟਰ ਵਿਚ ਹੈ। ਇਸੇ ਸੂਬੇ ਵਿਚ ਸ੍ਰੀ ਹਜੂਰ ਸਾਹਿਬ ਹੈ। ਇਕੱਲੀ ਹੈਦਰਾਬਾਦ ਸਟੇਟ ਵਿਚ 2 ਲੱਖ ਦੀ ਆਬਾਦੀ ਹੈ, ਜੋ ਸਭ ਤੋਂ ਵਧੀਕ ਸ਼ਰਧਾਲੂ ਹਨ। ਮਹਾਰਾਸ਼ਟਰਾ ਦੇ ਸੂਬੇ ਦਾ ਮੁੱਖ ਮੰਤਰੀ ਬਸੰਤ ਰਾਉ ਨਾਇਕ ਹੈ ਜੋ ਗੁਰੂ ਜੀ ਉਪਰ ਸ਼ਰਧਾ ਰਖਦਾ ਹੈ, ਜਿਸ ਦੀ ਲੜਕੀ ਦੀ ਇਕ ਸਿੱਖ ਲੜਕੇ ਵਣਜਾਰੇ ਨਾਲ ਸ਼ਾਦੀ ਹੋਈ ਹੈ। ਤਖ਼ਤ ਸਾਹਿਬ ਵਲੋਂ ਕੋਈ ਪਰਚਾਰ ਇਨ੍ਹਾਂ ਵਿਚ ਨਹੀਂ ਕੀਤਾ ਜਾਂਦਾ, ਬਲਕਿ ਲੰਗਰ ਵਿਚ ਭਾਰੀ ਗਿਣਤੀ ਵਿਚ ਨਾਨਕ ਪੰਥੀ ਵਣਜਾਰੇ ਵੱਸਦੇ ਹਨ।
ਰਾਜਸਥਾਨ ਵਿਚ ਇਨ੍ਹਾਂ ਨਾਲ ਛੂਤ-ਛਾਤ ਵਰਤੀ ਜਾਂਦੀ ਹੈ। ਜ਼ਿਲ੍ਹਾ ਬੁਰਹਾਨਪੁਰ ਵਿਚ ਭਾਰੀ ਗਿਣਤੀ ਵਿਚ ਨਾਨਕ ਪੰਥੀ ਵਣਜਾਰੇ ਵਸਦੇ ਹਨ। ਰਾਜਸਥਾਨ ਵਿਚ ਇਨ੍ਹਾਂ ਦੇ ਕੇਂਦਰ ਕਿਸ਼ਨਗੜ੍ਹ, ਜੈਪੁਰ ਰਿਆਸਤ, ਪਾਲੀ ਜੰਕਸ਼ਨ ਤੇ ਮਰਵਾੜ ਹੈਨ। ਹੁਣ ਦਿੱਲੀ ਗੁਰਦੁਆਰਾ ਕਮੇਟੀ ਨੇ ਰਾਜਸਥਾਨ ਵਿਚ ਅਜਮੇਰ ਤੇ ਜ਼ਿਲ੍ਹਾ ਕੋਟਾ-ਬੂੰਦੀ ਆਪਣਾ ਪਰਚਾਰ ਸੈਂਟਰ ਕਾਇਮ ਕੀਤਾ ਹੈ ਜਿਸ ਦਾ ਹੈਡਕੁਆਰਟਰ ਕਿਸ਼ਨਗੜ੍ਹ ਹੈ। ਜੇ ਇਸ ਜਾਤੀ ਵਿਚ ਪ੍ਰੋਗਰਾਮ ਬਣਾ ਕੇ ਨਿੱਗਰ ਪਰਚਾਰ ਹੁੰਦਾ ਤਾਂ ਲੱਖਾਂ ਸਿੱਖ ਇਨ੍ਹਾਂ ਵਿਚੋਂ ਸਿੰਘ ਸਜ ਸਕਦੇ ਸਨ, ਪਰ ਅਫਸੋਸ ਕਿ ਇਸ ਪਾਸੇ ਸਾਡੀ ਰੁਚੀ ਸਾਡਾ ਧਿਆਨ ਹੈ ਹੀ ਨਹੀਂ।
ਬਿਹਾਰ ਵਿਚ ਨਾਨਕ ਪੰਥੀ
ਸੂਬਾ ਬਿਹਾਰ ਦੀ ਤਕਰੀਬਨ ਅੱਧੀ ਵਸੋਂ ਨਾਨਕਪੰਥੀ ਸੀ, ਇਸ ਦਾ ਕਾਰਨ ਉਦਾਸੀ ਮਹਾਂਪੁਰਸ਼ਾਂ ਦੀਆਂ 360 ਗੱਦੀਆਂ ਹਨ ਜੋ ਇਸ ਇਲਾਕੇ ਵਿਚ ਮੌਜੂਦ ਹਨ। ਦੇਵਗਿਰੀ ਸੰਨਿਆਸੀ ਜੋ ਬੋਧ ਗਇਆ ਦਾ ਮਹੰਤ ਸੀ, ਨੇ ਆਪਣੇ 360 ਚੇਲਿਆਂ ਸਮੇਤ ਬੁਧ ਧਰਮ ਦਾ ਤਿਆਗ ਕਰਕੇ ਪੰਜਾਬ ਵਿਚ ਆ ਕੇ ਗੁਰੂ ਹਰਿ ਰਾਏ ਸਾਹਿਬ ਤੋਂ ਸਿੱਖੀ ਧਾਰਨ ਕਰਕੇ ਬਖਸ਼ਿਸ਼ ਪ੍ਰਾਪਤ ਕੀਤੀ। ਉਦਾਸੀ ਬਖਸ਼ਸ਼ਾਂ ਵਿਚੋਂ ਇਹ ਚੌਥੀ ਬਖਸ਼ਸ਼ ਹੈ। ਗੁਰੂ ਹਰਿਰਾਏ ਸਾਹਿਬ ਨੇ ਇਨ੍ਹਾਂ ਦਾ ਨਾਮ ਭਗਤ ਭਗਵਾਨ ਰਖਿਆ, ਇਨ੍ਹਾਂ ਨੂੰ ਬਿਹਾਰ ਦੀ ਸਿੱਖੀ ਦਾ ਮੁਖੀ ਥਾਪਿਆ, ਇਨ੍ਹਾਂ ਦਾ ਸਭ ਤੋਂ ਵੱਡਾ ਡੇਰਾ ਰਾਜਗਿਰੀ ਵਿਚ ਹੈ, ਪਟਨਾ, ਦਰਭੰਗਾ, ਮੁੰਘੇਰ, ਮੁਜ਼ੱਫਰਪੁਰ, ਸਿਲੀਗੁੜੀ ਤਕ ਇਨ੍ਹਾਂ ਦੀਆਂ ਗੱਦੀਆਂ ਫੈਲੀਆਂ ਹੋਈਆਂ ਹਨ। ਪੂਰਨੀਆ ਸਟੇਟ ਜੋ ਅੱਜ ਕੱਲ੍ਹ ਬਿਹਾਰ ਦਾ ਇਕ ਜ਼ਿਲ੍ਹਾ ਬਣ ਗਿਆ ਹੈ, ਰਿਆਸਤ ਨਹੀਂ ਰਹੀ, ਇਥੋਂ ਦਾ ਰਾਜ ਘਰਾਣਾ ਵੀ ਨਾਨਕ ਪੰਥੀ ਹੈ, ਰਾਜ ਮਹਿਲਾਂ ਵਿਚ ਗੁਰਦੁਆਰਾ ਹੈ।
ਰਾਜੇ ਦਾ ਨਾਮ ਪ੍ਰਿਥੀ ਚੰਦ ਹੈ। ਸੂਬੇ ਵਿਚ ਕਾਇਸਤ ਜਾਤੀ ਵੱਡੀ ਗਿਣਤੀ ਵਿਚ ਵਸਦੀ ਹੈ, ਜਿਨ੍ਹਾਂ ਵਿਚੋਂ ਡਾਕਟਰ ਰਾਜਿੰਦਰ ਪਰਸਾਦ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਉਹ ਪੱਕੇ ਨਾਨਕ ਪੰਥੀ ਸਨ। ਬਿਹਾਰ ਵਿਚ ਜੌਨਪੁਰ, ਆਰਾ ਪਟਨਾ, ਗਇਆ, ਮੁਘੇਰ, ਸਸਰਾਮ ਆਦਿਕ ਜ਼ਿਲਿਆਂ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਕਈ ਗੁਰਦੁਆਰੇ ਹਨ। ਪਟਨਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਅਸਥਾਨ ਤੇ ਸਿੱਖੀ ਦਾ ਪਰਚਾਰ ਕੇਂਦਰ ਹੋਣ ਕਰਕੇ ਲੋਕਾਂ ਵਿਚ ਸ਼ਰਧਾ ਕਾਇਮ ਹੈ, ਲੋਕ ਗੁਰੂ ਦੇ ਜਨਮ ਅਸਥਾਨ ਦੀ ਯਾਤਰਾ ਕਰਦੇ ਹਨ। ਸਸਰਾਮ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ। ਇਹ ਅਸਥਾਨ ਗਇਆ ਜਿਲ੍ਹੇ ਵਿਚ ਹੈ। ਇਸ ਸ਼ਹਿਰ ਵਿਚ ਗੁਰੂ ਕਾ ਅਨਿਨ ਸੇਵਕ ਭਾਈ ਫੱਗੂ ਰਹਿੰਦਾ ਸੀ। ਇਥੇ 200 ਘਰ ਕੇਸਾਧਾਰੀ ਤੇ 15 ਹਜ਼ਾਰ ਸਹਿਜਧਾਰੀ (ਨਾਨਕ ਪੰਥੀ) ਹਨ ਤੇ 4 ਇਤਿਹਾਸਕ ਗੁਰਦੁਆਰੇ ਹਨ। ਗੁਰੂ ਤੇਗ ਬਹਾਦਰ ਜੀ ਦਾ ਇਕ ਤੀਰ ਵੀ ਹੈ।
ਆਸਾਮ ਰੇਲਵੇ ਲਾਈਨ ਤੇ ਕਾਲਾ ਗੋਲਾ ਰੇਲਵੇ ਸਟੇਸ਼ਨ ਪਾਸ ਲਖਸ਼ਮੀਪੁਰ ਪਿੰਡ ਹੈ, ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਤੇ ਦਸਮ ਪਾਤਸ਼ਾਹ ਦਾ ਹੁਕਮਨਾਮਾ ਹੈ। 4 ਘਰ ਕੇਸਾਧਾਰੀ ਹਨ। ਨਾਲ ਹੀ ਉਚਲਾ ਪਿੰਡ ਹੈ। 2 ਘਰ ਕੇਸਾਧਾਰੀ ਤੇ ਬਾਕੀ ਪਿੰਡ ਸਹਿਜਧਾਰੀ ਹੈ। ਭੰਡਾਰਤਲ ਪਿੰਡ ਵਿਚ 8 ਘਰ ਕੇਸਾਧਾਰੀ ਤੇ ਬਾਕੀ ਸਾਰੇ ਸਹਿਜਧਾਰੀ ਹਨ। ਇਹ ਸਾਰੇ ਆਹਲੂਵਾਲੀਏ ਹਨ, ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਸਿੱਖ ਹਨ। ਰਜੌਲੀ ਉਦਾਸੀਆਂ ਦੀ ਇਕ ਵੱਡੀ ਗੱਦੀ ਹੈ। ਇਹ ਇਲਾਕਾ ਨਾਨਕ ਪੰਥੀਆਂ ਨਾਲ ਭਰਪੂਰ ਹੈ, ਇਹ ਵੀ ਜ਼ਿਲ੍ਹਾ ਗਇਆ ਵਿਚ ਹੈ, ਇਥੇ ਭਗਤ ਭਗਵਾਨ ਦਾ ਖਪਰ ਹੈ।
ਸ਼ਾਹਪੁਰ, ਜ਼ਿਲ੍ਹਾ ਆਰਾ ਵਿਚ ਬੜਾ ਭਾਰੀ ਉਦਾਸੀਆਂ ਦਾ ਗੁਰਦੁਆਰਾ ਹੈ, ਉਦਾਸੀਆਂ ਦੀ ਵੱਡੀ ਰਿਆਸਤ ਹੈ। ਦੂਜੀ ਗੱਦੀ ਜਗਦੀਸ਼ਪੁਰ ਜ਼ਿਲ੍ਹਾ ਆਰਾ ਵਿਚ ਬੀਹਾ ਰੇਲਵੇ ਸਟੇਸ਼ਨ ਤੋਂ 6 ਮੀਲ ਦੂਰ ਹੈ। ਇਹ ਸਾਰਾ ਇਲਾਕਾ ਨਾਨਕ ਪੰਥੀ ਹੈ। ਜ਼ਿਲ੍ਹਾ ਮਿਰਜ਼ਾਪੁਰ ਵਿਚ ਅਰੋਹਾ ਰੋਡ ਰੇਲਵੇ ਸਟੇਸ਼ਨ ਤੋਂ 13 ਮੀਲ ਦੀ ਵਿੱਥ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਹੈ। ਮਹਾਰਾਜ ਦੀ ਪੰਜ ਗ੍ਰੰਥੀ ਦਸਤਖਤੀ ਹੱਥ ਲਿਖਤ ਹੈ। ਸਾਰਾ ਇਲਾਕਾ ਨਾਨਕ ਪੰਥੀ ਹੈ। ਮਿਰਜ਼ਾਪੁਰ ਜ਼ਿਲ੍ਹਾ ਵਿਚ ਇਮਲੀਆਂ ਚੂਟੀ ਦੇ ਨਜ਼ਦੀਕ ਭਟੀ ਕਾ ਪਿੰਡ ਵਿਚ ਦਸਮ ਪਾਤਸ਼ਾਹ ਦੀ ਦਸਤਖਤੀ ਬੀੜ ਹੈ, ਜਿਸ ਵਿਚ ਮੂਲ ਮੰਤਰ ਮਹਾਰਾਜ ਦੇ ਪਵਿੱਤਰ ਹੱਥਾਂ ਦਾ ਲਿਖਿਆ ਹੈ। ਚੁਨਾਰ ਤੋਂ 4-5 ਮੀਲ ਦੂਰ ਹੈ।
ਪਿੰਡ ਮਿਰਜ਼ਾਪੁਰ ਬਸ ਅੱਡਾ ਬਗਈਪੁਰ ਰਾਮਨਗਰ ਰੋਡ ਨੂੰ ਬੱਸ ਜਾਂਦੀ ਹੈ, ਬਨਾਰਸ ਵਲ ਇਕ ਗੁਰਦੁਆਰਾ ਹੈ ਤੇ ਉਥੇ ਵੀ ਦਸਮ-ਪਾਤਸ਼ਾਹ ਦੀ ਦਸਤਖਤੀ ਬੀੜ ਹੈ। ਬਾਗ ਹੈ, ਜੋ ਅੱਜ ਕੱਲ੍ਹ ਬਗੀਤਾ ਝਗੜੂ ਸਿੰਘ ਅਮੀਰ ਸਿੰਘ ਦੇ ਕਬਜ਼ੇ ਵਿਚ ਹੈ ਜਿਨ੍ਹਾਂ ਨੇ ਬਾਬਾ ਸੁਮੇਰ ਸਿੰਘ ਪਾਸੋਂ ਅੰਮ੍ਰਿਤ ਛਕਿਆ ਸੀ। ਸਾਰਾ ਪਿੰਡ ਨਾਨਕ ਪੰਥੀ ਹੈ, ਬਨਾਰਸ ਤੋਂ ਕੇਵਲ 10 ਮੀਲ ਦੂਰ ਹੈ।
ਬਨਾਰਸ ਵਿਚ ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਦੇ ਅਸਥਾਨ ਹਨ ਤੇ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਤੇ ਦਸਮ ਪਾਤਸ਼ਾਹ ਜੀ ਦਾ ਜੋੜਾ ਯਾਦਗਾਰੀ ਵਸਤਾਂ ਹਨ। ਭਾਈ ਗੁਰਦਾਸ ਜੀ ਦਾ ਚੇਤਨ ਮਟ ਗੁਰਦਵਾਰਾ ਹੈ, ਉਦਾਸੀ ਤੇ ਨਿਰਮਲੇ ਮਹਾਂਪੁਰਖਾਂ ਦੇ ਆਸ਼ਰਮ ਹਨ, ਜਿਨ੍ਹਾਂ ਨਾਲ ਹਜ਼ਾਰਾਂ ਨਾਨਕ ਪੰਥੀ ਸੰਬੰਧਿਤ ਹਨ।
ਅਸਾਮ ਦੇਸ਼ ਦੇ ਨਾਨਕ ਪੰਥੀ
ਸੂਬਾ ਅਸਾਮ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖੀ ਦਾ ਪਰਚਾਰ ਕੀਤਾ ਹੈ। ਇਸ ਇਲਾਕੇ ਵਿਚ ਕਈ ਪਿੰਡਾਂ ਵਿਚ ਸਿੱਖ ਮੌਜੂਦ ਹਨ, ਜੋ ਕੇਸਾਧਾਰੀ ਹਨ ਤੇ ਆਪਣੇ ਆਪ ਨੂੰ ਖ਼ਾਲਸਾ ਨਾਨਕ ਪੰਥੀ ਅਖਵਾਉਂਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਸਿੱਧ ਗੁਰਦੁਆਰਾ ਧੋਬੜੀ ਸਾਹਿਬ ਹੈ। ਇਥੇ ਇਕ ਪਿੰਡ ਸਿੱਖਾਂ ਦਾ ਅਬਾਦ ਹੈ ਜੋ ਤਹਿਸੀਲ ਤਰਨਤਾਰਨ ਵਿਚੋਂ ਗੁਰੂ ਸਾਹਿਬ ਦੇ ਨਾਲ ਗਏ ਤੇ ਉਥੇ ਹੀ ਆਬਾਦ ਹੋ ਗਏ।
ਜ਼ਿਲ੍ਹਾ ਨੋਗਾਂਵ ਸ਼ਿਲਾਂਗ ਤੋਂ 7 ਮੀਲ ਦੂਰ ਹੈ। ਬਡਗੋਲਾ ਬਸਤੀ ਜਿਸ ਵਿਚ ਅਸਾਮੀ ਸਿੱਖ ਆਬਾਦ ਹਨ, ਇਹ ਸਾਰੇ ਕੇਸਾਧਾਰੀ ਹਨ, 8 ਘਰ ਹਨ, 2 ਗੁਰਦੁਆਰੇ ਹਨ, ਇਨ੍ਹਾਂ ਦੀ ਮਾਦਰੀ ਭਾਸ਼ਾ ਅਸਾਮੀ ਹੈ। ਇਹ ਸਾਰੇ ਪੜ੍ਹੇ ਲਿਖੇ ਹਨ, ਇਨ੍ਹਾਂ ਵਿਚੋਂ ਵੱਡੀਆਂ-ਵੱਡੀਆਂ ਪੋਸਟਾਂ ਤੇ ਸਿੱਖ ਅਫਸਰ ਹਨ। ਛਪਰ ਪਿੰਡ ਵਿੱਚ 2 ਘਰ ਸਿੰਘਾਂ ਦੇ ਹਨ। ਗੁਰਦੁਆਰਾ ਸਾਹਿਬ ਹੈ। ਲੰਕਾ ਸਟੇਸ਼ਨ ਪਿੰਡ ਵਿੱਚ 3 ਘਰ ਅਸਾਮੀ ਸਿੰਘਾਂ ਦੇ ਹਨ, ਗੁਰਦੁਆਰਾ ਹੈ, 4 ਘਰ ਪੰਜਾਬੀਆਂ ਦੇ ਹਨ।
ਲਾਮਡਿੰਗ ਵਿਚ 3 ਘਰ ਅਸਾਮੀ ਤੇ 3 ਘਰ ਪੰਜਾਬੀ ਹਨ। ਤ੍ਰਿਪੁਰਾ ਸਟੇਟ ਵਿਚ 15 ਘਰ ਅਬਾਦ ਹਨ। ਰਤਨ ਰਾਏ ਮਹਾਰਾਜ ਅਸਾਮ ਦਸਮੇ ਪਾਤਸ਼ਾਹ ਵਾਸਤੇ ਪਰਸਾਦੀ ਹਾਥੀ ਲੈ ਕੇ ਆਇਆ ਸੀ । ਉਹ ਸਤਿਗੁਰੂ ਪਾਸੋਂ 7 ਸਿੰਘ ਲੈ ਕੇ ਚਲਾ ਗਿਆ ਸੀ ਜਿਨ੍ਹਾਂ ਨੂੰ ਉਸ ਨੇ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਸੀ। ਹੁਣ ਉਥੇ ਉਨ੍ਹਾਂ ਦੀ ਸੰਤਾਨ ਵਸਦੀ ਹੈ, ਜ਼ਿਲ੍ਹਾ ਨੋਗਾਂਵ ਵਿਚ ਹਟੀ ਪਾਰਾ ਪਿੰਡ ਵਿਚ । ਘਰ ਅਸਾਮੀ ਸਿੱਖ ਹਨ। ਸ਼ਿਲਾਂਗ ਵਿੱਚ 150 ਘਰ ਪਸਮਾਂਦਾ ਜਾਤੀ (ਮਜ਼ਹਬੀ ਸਿੰਘ ਹਨ ਜੋ ਤਸੀਲ ਤਰਨਤਾਰਨ ਪੰਜਾਬ ਵਿਚੋਂ ਜਾ ਕੇ 2 ਸਾਲ ਪਹਿਲਾਂ ਉਥੇ ਵਸੇ ਹਨ।) ਗੁਰਦੁਆਰਾ ਸਾਹਿਬ ਉਨ੍ਹਾਂ ਨੇ ਪਹਿਲਾਂ ਆਸਾਮ ਵਿਚ ਬਣਾ ਲਿਆ ਹੈ।
ਭਾਰਤ ਵਿਚ ਕਬੀਰ ਪੰਥੀ ਹਨ, ਉਹ ਵੀ ਆਪਣੇ ਆਪ ਨੂੰ ਨਾਨਕ ਪੰਥੀ ਅਖਵਾਉਂਦੇ ਹਨ।