When will a Padma Shri award-winning singer's plight be heard in front of the Sikh community?
ਆਪਣੇ ਜੀਵਨ ਕਾਲ ਦੌਰਾਨ ਇਕ ਮਾਣਮੱਤੇ ਪੰਥਕ ਰਾਗੀ ਵਜੋਂ ਵਿਚਰਦਿਆਂ ਪੰਜਾਬੀ ਸਿੱਖ ਭਾਈਚਾਰੇ ਵਲੋਂ ਜਾਣੇ ਅਨਜਾਣੇ ਵਿਚ ਹੋ ਰਹੀਆਂ ਗੁਰੂ ਸਹਿਬਾਨ ਦੇ ਉਪਦੇਸ਼ਾਂ ਅਤੇ ਸੰਦੇਸ਼ਾਂ ਖਿਲਾਫ਼ ਕਾਰਵਾਈਆਂ ਨੂੰ ਬੇਹੱਦ ਤਰਲੇ ਭਰੇ ਢੰਗ ਨਾਲ ਸੰਗਤ ਮੂਹਰੇ ਰੱਖਣ ਵਾਲੇ ਭਾਈ ਨਿਰਮਲ ਸਿੰਘ ਖਾਲਸਾ ਬੇਸ਼ੱਕ ਸਰੀਰ ਕਰਕੇ ਅੱਜ ਸਾਡੇ ਵਿਚ ਨਹੀਂ ਹਨ। ਪਰ ਕਈ ਸਾਲ ਪਹਿਲਾਂ ਤੋਂ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਬਰਾਬਰੀ ਦੇ ਇਕ ਮੰਚ ਉੱਪਰ ਲਿਆਉਣ ਦਾ ਉਹਨਾ ਵਲੋਂ ਦਿੱਤਾ ਗਿਆ ਹੋਕਾ ਅੱਜ ਵੀ ਸਾਨੂੰ ਕੁਝ ਕਰ ਗੁਜ਼ਰਨ ਲਈ ਸੱਦਾ ਦੇ ਰਿਹਾ ਹੈ। - ਸੰਪਾਦਕ
ਮੇਰਾ ਇੱਕ ਤਰਲਾ
ਭਾਈ ਨਿਰਮਲ ਸਿੰਘ ਖਾਲਸਾ
ਅੱਜ ਦਾ ਇਹ ਮੇਰਾ ਹੱਥਲਾ ਮੌਲਿਕ ਲੇਖ ਉਨ੍ਹਾਂ ਸਤਿਕਾਰਤ ਪੰਥਕ ਸਿੱਖ ਚਿੰਤਕਾ ਉੱਚ ਸੰਸਥਾਵਾਂ ਦੇ ਸਰਬਰਾਹਾਂ, ਸਿੱਖ ਕੌਮ ਦੀ ਤਰਜਮਾਨੀ ਕਰ ਰਹੇ ਵਕਤੀ ਮਜਰਬੀ ਆਗੂਆਂ, ਗੁਰਮਤ ਸਿਧਾਂਤਾਂ ਉੱਤੇ ਪਹਿਰਾ ਦੇ ਰਹੇ ਡੇਰਾ ਮੁਖੀਆਂ, ਭਮਾਮ ਹੀ ਸਿੰਘ ਬੁੱਧੀਜੀਵੀਆਂ, ਵਿਦਵਾਨਾਂ, ਸਿੱਖ ਸਕਾਲਰਾਂ, ਗੁਰਸਿੱਖ ਅਖਬਾਰ ਨਵੀਸਾਂ, ਮੁੱਖ ਸੰਪਾਦਕਾਂ, ਗੁਰਮਤਿ ਸਿਧਾਂਤਾਂ ਦੇ ਅਲੰਬਰਦਾਰਾਂ, ਉੱਚ ਵਿਦਿਆ ਪ੍ਰਾਪਤ ਆਹਲਾ ਸਿੱਖ ਅਫਸਰਾਨ, ਆਈਏਐਸ, ਆਈਪੀਐਸ.ਆਈਆਰਐਸ,ਪੀਸੀਐਸ ਅਤੇ ਤਮਾਮ ਸਿੱਖ ਕੌਮ ਨਾਲ ਸਬੰਧਤ ਦੇਸ਼-ਵਿਦੇਸ਼ ਵਿੱਚ ਰਹਿ ਰਹੇ ਪੰਥ ਦਰਦੀਆਂ ਦੇ ਨਾਂ ਹੈ ।
ਮੈਂ ਕੋਈ ਵਿਦਵਾਨ ਜਾਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਹਾਂ, ਸਿਰਫ਼ ਇੱਕ ਨਿਮਾਣਾ ਗੁਰੂ ਦਾ ਕੀਰਤਨੀਆ ਹੋਣ ਕਰ ਕੇ ਇਕ ਤਰਲਾ ਅਤੇ ਗੁਜ਼ਾਰਿਸ਼ ਕਰਨ ਦਾ ਹੀਆ ਕਰ ਰਿਹਾ ਹਾਂ। ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਉਪਰੋਕਤ ਸ਼ਮਸੀਅਤਾਂ ਜਾਂ ਸਮੁੱਚੀ ਸਿੱਖ ਕੌਮ ਨੂੰ ਕੋਈ ਨਸੀਹਤ ਜਾਂ ਸੇਧ ਦੇ ਚੁਕਾਂ।
ਮੈਂ ਤਾਂ ਸਿਰਫ ਆਪਣੇ ਦਿਲ ਦੀ ਇਕ ਹੂਕ, ਭੜਪ, ਚੀਸ, ਪੁਕਾਰ ਅਤੇ ਸਿੱਖੀ ਪਿਆਰ ਦੇ ਅੰਦਰਲੇ ਜਜ਼ਬਾਤ ਨੂੰ ਆਪ ਜੀਆਂ ਤੀਕਰ ਪਹੁੰਚਾਉਣ ਦਾ ਇੱਕ ਕਿਣਕਾ ਮਾਤਰ ਯਤਨ ਕਰ ਰਿਹਾ ਹਾਂ। ਗ਼ੈਰ ਅਤੇ ਮਨਜ਼ੂਰ ਕਰਨਾ ਨਾ ਕਰਨਾ, ਤੁਹਾਡੀ ਮਰਜੀ ਤੇ ਨਿਰਭਰ ਕਰਦਾ ਹੈ। ਅੱਜ ਦਾ ਮੇਰਾ ਮਸਲਾ ਇਹ ਹੈ ਕਿ ਮੌਜੂਦਾ ਵਕਤ ਅਸੀਂ ਕੀ ਕਰ ਰਹੇ ਹਾਂ, ਕਿਧਰ ਜਾ ਰਹੇ ਹਾਂ, ਕੀ ਹੋ ਰਿਹਾ ਹੈ, ਕੀ ਹੋਵੇਗਾ, ਕੀ ਕਰਨਾ ਹੈ ਅਤੇ ਕਿਉਂ ਕਰ ਰਹੇ ਹਾਂ? ਸਿੱਖ ਕੌਮ ਦੇ ਰਹਿਬਰ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਮਿਸ਼ਨ ਪੈਗਾਮੇ-ਮੁਹੱਬਤ ਸੀ, ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਕਰ ਲੰਮੇਰੇ ਸਮੇਂ ਤੱਕ ਸਿੱਖ ਕੌਮ ਨੂੰ ਗੁਰਮਤਿ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਰੂਹਾਨੀ ਅਤੇ ਸਮਾਜਕ ਗੜ੍ਹਤੀਆਂ ਦੀਆਂ ਲੋਰੀਆਂ ਹੀ ਦੇਂਦੇ ਰਹੇ ਨੇ। ਉਪਰੋਕਤ ਗੁਰੂ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਸਿੱਖੀ ਬਹੁਤ ਹੀ ਵਧੀ ਫੁੱਲੀ ਅਤੇ ਦੁਨੀਆਂ ਉੱਪਰ ਆਪਣੀ ਨਿਵੇਕਲੀ ਛਾਪ ਵੀ ਛੱਡੀ ਅਤੇ ਲੱਖਾਂ ਹੀ ਲੋਕਾਂ ਨੇ ਸਿੱਖੀ ਦੇ ਫ਼ਲਸਫ਼ੇ ਤੋਂ ਪ੍ਰਭਾਵਤ ਹੋ ਕੇ ਆਪਣੇ-ਆਪਣੇ ਧਰਮਾਂ ਨੂੰ ਤਿਲਾਂਜਲੀ ਦੇਂਦਿਆਂ ਸਿੱਖ ਧਰਮ ਵਿੱਚ ਵੀ ਪ੍ਰਵੇਸ਼ ਕੀਤਾ।
ਇਹ ਇਕ ਸੁਨਹਿਰੀ ਗੁਰੂ ਸਿਧਾਂਤ ਹੀ ਸੀ ਜਿਸ ਨੇ ਕਿ ਮਨੂੰਵਾਦੀ ਬਸਤੀ ਵਿੱਚ ਰਹਿ ਰਹੀ ਦਬੀ-ਕੁਚਲੀ ਹੋਈ ਮਨੁੱਖਤਾ ਨੂੰ ਬਰਾਬਰਤਾ ਦਾ ਅਹਿਸਾਸ ਦਿਵਾ ਕੇ ਵਿਤਕਰੇ ਅਤੇ ਗ਼ੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ। ਇਸ ਕ੍ਰਾਂਤੀਕਾਰੀ ਅਤੇ ਸਮਾਜਕ ਬਰਾਬਰਤਾ ਦੀ ਨੀਂਹ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ, ਭਾਈ ਲਾਲੋ ਜੀ ਅਤੇ ਅਨੇਕਾਂ ਹੀ ਦੱਬੇ-ਕੁਚਲੇ ਲੋਕਾਂ ਨੂੰ ਨਾਲ ਲੈ ਕੇ ਪਹਿਲਾਂ ਹੀ ਰੱਖ ਦਿੱਤੀ ਸੀ। ਇਸ ਲੰਮੇਰੇ ਸਫ਼ਰ ਦੀ ਅੰਤਿਕਾ ਤੀਕਰ ਦਸਵੇਂ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਮਾਣਮੱਤਾ ਵਰ ਦੇ ਕੇ ਅਤੇ ਫਿਰ ਪੰਜਾਂ ਪਿਆਰਿਆਂ ਨੂੰ ਪੰਚ ਪ੍ਰਧਾਨੀ ਦਾ ਸਿਰਮੌਰ ਅਹੁਦਾ ਦੇ ਕੇ ਨਿਵਾਜ਼ ਦਿੱਤਾ ਅਤੇ ਅੰਤ ਵਿੱਚ ਇਕ ਦੱਖਣੀ ਸਿੱਖ ਮਾਧੋ ਦਾਸ ਬੈਰਾਗੀ ਨੂੰ ਆਪਣੇ ਰੂਹਾਨੀ ਥਾਪੜੇ ਨਾਲ ਬੰਦਾ ਬਹਾਦਰ ਵਰਗਾ ਮਹਾਨ ਯੋਧਾ ਬਣਾ ਕੇ ਪਹਿਲੇ ਸਿੱਖ ਰਾਜ ਦੀ ਨੀਂਹ ਵੀ ਰੱਖ ਦਿੱਤੀ। ਜ਼ਿਕਰਯੋਗ ਹੈ ਕਿ ਇਸ ਪਲੇਠੇ ਸਿੱਖ ਰਾਜ ਦੇ ਬਾਨੀ, ਲਾਸਾਨੀ ਸੂਰਬੀਰ ਅਤੇ ਨਿਆਂ ਭਰਪੂਰ ਬਾਦਸ਼ਾਹੀ ਦੇ ਹਲੀਮੀ ਰਾਜ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਦੀਆਂ ਤੋਂ ਦੱਬੇ-ਕੁਚਲੇ ਸਿੱਖਾਂ ਨੂੰ ਬਰਬਰਤਾ ਦਾ ਦਰਜਾ ਦੇਂਦਿਆਂ ਜਾਗੀਰਦਾਰੀ ਨਿਜ਼ਾਮ ਤੋਂ ਨਿਜਾਤ ਦਿਵਾ ਕੇ ਜ਼ਮੀਨੀ ਮਾਲਕਾਨਾ ਹੱਕ ਵੀ ਦੇ ਦਿੱਤੇ ਸਨ। ਇਹ ਇੱਕ ਸਿੱਖੀ ਸਿਧਾਂਤਾਂ ਦੀ ਦੁਪਹਿਰ, ਸੁਨਹਿਰਾ ਯੁੱਗ ਅਤੇ ਉੱਤਮ ਨਮੂਨਾ ਸੀ।
ਗੁਰੂ ਦੇ ਲਾਡਲੇ ਸਿੱਖੋ ਜਰਾ ਸੋਚੋ-ਸੱਚ ਦਸਣਾ ਕਿ ਜੇਕਰ ਸਾਡੇ ਮੁਤਾਬਕ ਸਿੱਖ ਕੌਮ ਵਿੱਚ ਕਿਸੇ ਜਾਤ-ਪਾਤ ਜਾਂ ਊਚ-ਨੀਚ ਲਈ ਥਾਂ ਹੀ ਨਹੀਂ ਅਤੇ ਫਿਰ ਇਹ ਜੱਟ, ਭਾਪੇ, ਛੀਂਬੇ, ਨਾਈ, ਮਰਾਸੀ, ਤਰਖਾਣ, ਕੰਬੋਜ, ਖਤਰੀ, ਝੀਉਰ, ਮਜ੍ਹਬੀ, ਚਮਾਰ ਰਵਿਦਾਸੀਏ, ਘੁਮਿਆਰ, ਸੈਣੀ ਆਦਿਕ ਕਿਉਂ ਹਾਂ? ਜ਼ਰਾ ਕੁ ਸਾਢੇ ਪੰਜ ਸੋ ਸਾਲ ਪਿਛਾਂਹ ਨੂੰ ਜਾ ਕੇ ਵਿਚਾਰ ਕਰਦਿਆਂ ਝਾਤੀ ਮਾਰੀਏ ਕਿ ਸਿੱਖ ਕੌਮ ਦੇ ਪਹਿਲੇ ਰਹਿਬਰ ਗੁਰੂ ਨਾਨਕ ਦੇਵ ਜੀ ਨੇ ਤਾਂ ਨੀਂਹ ਹੀ ਜਾਤ-ਪਾਤ ਤੋਂ ਰਹਿਤ ਹੋ ਕੇ ਰੱਖੀ ਸੀ। ਉਨ੍ਹਾਂ ਦਾ ਪਹਿਲਾ ਸਿੱਖ ਭਾਈ ਮਰਦਾਨਾ ਜੀ ਸੀ ਜੋ ਕਿ ਗੁਰੂ ਸਾਹਿਬ ਜੀ ਦੇ ਅੰਗ-ਸੰਗ, ਤਾਬਿਆ ਵਿੱਚ ਰਹਿੰਦੇ ਸਨ। ਗੁਰੂ ਸਾਹਿਬ ਮਰਦਾਨਾ ਜੀ ਨੂੰ ਭਾਈ ਆਖਦੇ ਸਨ। ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਸੇਵਾਦਾਰ, ਹਮਰਾਜ਼, ਸਾਥੀ, ਮਿੱਤਰ, ਦੋਸਤ, ਰਾਗੀ, ਰਬਾਬੀ ਅਤੇ ਕੀਰਤਨੀਏ ਵੀ ਸਨ।
ਤਕਰੀਬਨ ਪੰਜਾਹ ਸਾਲ ਤਕ ਭਾਈ ਮਰਦਾਨਾ ਜੀ ਨੂੰ ਅੰਤਾਂ ਦਾ ਪਿਆਰ ਕੀਤਾ। ਇਥੋਂ ਤੱਕ ਕੀ ਭਾਈ ਮਰਦਾਨਾ ਜੀ ਨੇ ਆਪਣੇ ਆਖਰੀ ਸਵਾਸ ਵੀ ਗੁਰੂ ਸਾਹਿਬਾਂ ਦੀ ਮੁਕੱਦਸ ਗੋਦ ਵਿੱਚ ਹੀ ਤਿਆਗੇ ਸਨ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਭਾਈ ਮਰਦਾਨਾ ਜੀ ਤੋਂ ਬਾਅਦ ਉਦਾਸੀਆਂ ਤਿਆਗ ਕੇ, ਕਰਤਾਰਪੁਰ ਸਾਹਿਬ ਆ ਕੇ ਹੱਥੀਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮੇਰੇ ਕਹਿਣ ਤੋਂ ਭਾਵ ਕਿ ਭਾਈ ਮਰਦਾਨਾ ਜੀ ਗੁਰੂ ਸਾਹਿਬਾਂ ਦੇ ਪਹਿਲੇ (ਪਲੇਠੇ) ਸਿੱਖ ਆਖੇ ਜਾਂਦੇ ਨੇ। ਪਰ ਕੀ ਅਸੀਂ ਭਾਈ ਮਰਦਾਨਾ ਜੀ ਨੂੰ ਸਿੱਖ ਮੰਨ ਲਿਆ ਹੈ?
ਜੇਕਰ ਮੰਨ ਲਿਆ ਹੈ ਤਾਂ ਫਿਰ ਭਾਈ ਮਰਦਾਨਾ ਜੀ ਨੂੰ ਅਜੇ ਤੀਕਰ ਵੀ ਮਰਾਸੀ, ਡੂਮ, ਡਰਪੋਕ, ਭੁੱਖਾ, ਪਿਆਸਾ, ਲਾਲਚੀ ਆਦਿਕ ਕਿਉਂ ਕਿਹਾ ਜਾਂਦਾ ਹੈ? ਇਹ ਕੁਤਾਹੀ ਅਤੇ ਗੁਸਤਾਖੀ ਭਰੇ ਬੋਲ ਕੁੱਝ ਕਿਤਾਬਾਂ ਵਿੱਚ ਅਤੇ ਕੁੱਝ ਕੁ ਜਾਤਿ ਅਭਿਮਾਨੀ, ਪ੍ਰਚਾਰਕ ਸਾਹਿਬਾਨ ਸਟੇਜਾਂ ਉੱਤੇ ਵੀ ਕਹਿੰਦੇ ਸੁਣੇ ਜਾ ਸਕਦੇ ਨੇ। ਕੀ ਭਾਈ ਸਾਹਿਬ ਉੱਤੇ ਗੁਰੂ ਸਾਹਿਬਾਨ ਦੇ ਰੂਹਾਨੀ ਅਤੇ ਨੂਰਾਨੀ ਮਿਸ਼ਨ ਦਾ ਕੋਈ ਅਸਰ ਨਹੀਂ ਹੋਇਆ ਸੀ? ਸੋ ਮੈਂ ਅਧੀਨਗੀ ਨਾਲ ਪੁਛਣਾ ਚਾਹੁੰਦਾ ਹਾਂ ਕਿ ਅਜਿਹੇ ਲੋਕ ਇਸ ਪਹਿਲੇ ਸਿੱਖ ਭਾਈ ਮਰਦਾਨੇ ਨੂੰ ਪਲੇਠਾ ਸਿੱਖ ਮੰਨਦੇ ਹਨ?
ਜੇਕਰ ਅਸੀਂ ਮੰਨਦੇ ਹਾਂ ਤਾਂ ਕੀ ਫਿਰ ਭਾਈ ਮਰਦਾਨੇ ਜੀ ਨੂੰ ਮਰਾਸੀ ਆਖਣਾ ਜਾਇਜ਼ ਹੈ? ਕੀ ਸਿੱਖ ਭਾਈ ਮਰਦਾਨਾ ਜੀ ਨੂੰ ਸਤਿਕਾਰ ਦੀ ਨਜ਼ਰ ਨਾਲ ਤੱਕਦੇ ਹਨ ਅਤੇ ਕੀ ਮਰਦਾਨੇ ਕਿਆਂ ਨਾਲ ਸਾਡੀ ਰੋਟੀ ਬੇਟੀ ਦੀ ਸਾਂਝ ਹੈ? ਮੈਨੂੰ ਮਾਫ਼ ਕਰ ਦੇਣਾ ਜੀਉ, ਜੇਕਰ ਭਾਈ ਮਰਦਾਨਾ ਜੀ ਸਿੱਖ ਹੈ ਤਾਂ ਕੀ ਅਸੀਂ ਸੱਭ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਭਾਈ ਲਾਲੋ ਵਰਗੇ ਸਿਦਕੀ, ਸੰਤੋਖੀ ਕਿਰਤੀ ਅਤੇ ਗ਼ਰੀਬੜ੍ਹੇ ਸਿੱਖ ਨੂੰ ਅਸੀਂ ਬਣਦਾ ਮਾਣ-ਸਤਿਕਾਰ ਦਿੱਤਾ ਹੈ?
ਸਿੱਖ ਕੌਮ ਦੇ ਵਾਰਸੋ ਜਿਵੇਂ ਅਸੀਂ ਪਹਿਲੇ ਸਿੱਖ ਭਾਈ ਮਰਦਾਨਾ ਜੀ ਨੂੰ ਅੱਖੋਂ ਪਰੋਖੇ ਕਰ ਰਹੇ ਹਾਂ ਇੰਜ ਹੀ ਕੀ ਅਸੀਂ ਅਜੇ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਅਤਿ ਨਜ਼ਦੀਕੀ ਅਰਦਲੀਏ ਵਿਸ਼ਵਾਸ਼ਪਾਤਰ ਗੁਰੂ ਪ੍ਰਵਾਰ ਨੂੰ ਸਮਰਪਿਤ ਮਹਾਨ ਸੂਰਬੀਰ ਤੇ ਯੋਧੇ ਗੁਰੂ ਤੇਗ ਬਗਾਦਰ ਸਾਹਿਬ ਜੀ ਦਾ ਸੀਸ ਲਿਆਉਣ ਵਾਲੇ ਇਕੋ-ਇਕ ਸਿਦਕੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਨਾਲ ਨਿਵਾਜੇ ਭਾਈ ਜੈਤਾ ਜੀ (ਜੀਵਨ ਸਿੰਘ) ਨੂੰ ਪਹਿਲਾ ਸਿੱਖ ਮੰਨ ਲਿਆ ਹੈ? ਜਿਸ ਸ਼ਖ਼ਸ ਨੂੰ ਗੁਰੂ ਜੀ ਨੇ ਆਪਣਾ ਬੇਟਾ ਆਖ ਕੇ ਵਡਿਆਇਆ ਅਤੇ ਖਿਤਾਬ ਦਿੱਤਾ ਹੋਵੇ ਕਿ ਉਸ ਦੇ ਵਾਰਸਾਂ ਨਾਲ ਤਮਾਮ ਸਿੱਖਾਂ ਵੱਲੋਂ ਰੋਟੀ-ਬੇਟੀ ਦੀ ਸਾਂਝ ਰੱਖੀ ਗਈ ਹੈ? ਅਫ਼ਸੋਸ ਕਿ ਅਜਿਹਾ ਬਹੁਤ ਹੀ ਘੱਟ ਹੋਇਆ ਹੈ। ਪਰ ਵਾਹ, ਫੇਰ ਵੀ ਅਸੀਂ ਗੁਰੂ ਦੇ ਸਿੱਖ ਹਾਂ। ਇਕ ਗੱਲ ਇਸ ਸੱਚਾਈ ਨੂੰ ਪੱਲੇ ਬੰਨ੍ਹ ਲਈਏ ਕਿ ਜਿੰਨਾ ਚਿਰ ਅਸੀਂ ਭਾਈ ਜੀਵਨ ਸਿੰਘ ਨੂੰ ਬਣਦਾ ਮਾਣ-ਸਨਮਾਨ ਦੇ ਕੇ ਅਤੇ ਰੋਟੀ-ਬੇਟੀ ਦੀ ਸਾਂਝ ਨਹੀਂ ਕਰਦੇ, ਭੁੱਲ ਜਾਈਏ ਕਿ ਸਾਡੇ ਉੱਤੇ ਗੁਰੂ ਦੀ ਬਖ਼ਸ਼ਿਸ਼ ਹੋ ਜਾਵੇਗੀ।
ਖ਼ੈਰ! ਇਹ ਗੱਲ ਤਾਂ ਸੀ ਬੀਤੇ ਸਮੇਂ ਦੀ, ਜਿਸ ਤੋਂ ਅਸੀਂ ਅਜੇ ਵੀ ਸਬਕ ਨਹੀਂ ਸਿੱਖਿਆ ਹੈ। ਪਰ ਹੁਣ ਕਿਹੜਾ ਸਿੱਖ ਮਿਲਦਾ ਹੈ? ਇੱਕੀਵੀਂ ਸਦੀ ਵਿੱਚ ਵੀ ਅਸੀਂ ਗੁਰੂ ਸਿਧਾਂਤਾਂ ਤੋਂ ਅਜੇ ਕੋਹਾਂ ਦੂਰ ਹਾਂ। ਜ਼ਰਾ ਗਹੁ ਨਾਲ ਨਜ਼ਰ ਮਾਰੋ। ਆਪਣੇ ਚਾਰ-ਚੁਫੇਰੇ ਕਿ ਮੌਜੂਦਾ ਸਮੇਂ ਵੀ ਕਈ ਜਾਤ ਅਭਿਮਾਨੀ ਡੇਰਿਆਂ ਵਿੱਚ ਜਾਤ-ਪਾਤ ਦਾ ਕੋਹੜ ਸਿਖਰਾਂ ਤੇ ਹੈ। ਇਸੇ ਹੀ ਪੰਜਾਬ ਅੰਦਰ ਗੁਰੂਆਂ ਦੀ ਪਾਕ ਸਰਜ਼ਮੀਂ ਵਿੱਚ ਕਿੰਨੇ ਹੀ ਗੁਰੂਘਰਾਂ ਵਿੱਚ ਸਿੱਖ, ਸਿੱਖ ਨਾਲ ਹੀ ਵਿਤਕਰਾ ਕਰਦਾ ਨਜ਼ਰ ਆ ਰਿਹਾ ਹੈ। ਭਲਾ ਉਹ ਕਿਹੜਾ ਮਹਾਂਪੁਰਸ਼ ਹੈ, ਜਿਹੜਾ ਕਿ ਗੁਰੂ ਸਾਹਿਬਾਨਾਂ ਤੋਂ ਵੀ ਸਿਰਮੌਰ ਹੋਵੇ? ਇਥੋਂ ਤਕ ਕਿ ਸਿੱਖ ਕੌਮ ਵਿੱਚ ਹੁਣ ਅੰਮ੍ਰਿਤ ਛਕਾਉਣ ਦੀ ਵਿਧੀ ਅਤੇ ਮਰਿਆਦਾ ਵੀ ਇਕ ਨਹੀਂ ਰਹੀ। ਜੋ ਸਿੱਖ ਪੰਥ ਦੇ ਸਿਰਮੌਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉੱਚੀ-ਸੁੱਚੀ ਮਰਿਆਦਾ ਸੀ, ਐਨ ਉਸ ਦੇ ਉਲਟ ਕਿੰਨੇ ਹੀ ਡੇਰੇ ਅਤੇ ਸੰਸਥਾਵਾਂ ਮੌਜ਼ੂਦ ਹਨ ਜਿਥੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਜਾਤ ਪੁੱਛ ਕੇ, ਹੁਕਮ ਕੀਤਾ ਜਾਂਦਾ ਹੈ ਕਿ ਚੌਥੇ-ਪਉੜੇ ਵਾਲੇ ਅਲੱਗ ਕਤਾਰ ਵਿੱਚ ਖੜੇ ਹੋ ਜਾਣ ਅਤੇ ਫਿਰ ਉਨ੍ਹਾਂ ਨੂੰ ਅੰਮ੍ਰਿਤ ਵੀ ਅਲੱਗ ਬਾਟੇ ਵਿੱਚੋਂ ਹੀ ਛਕਾਇਆ ਜਾਂਦਾ ਹੈ।
ਕੀ ਇਨ੍ਹਾਂ ਨੂੰ ਗੁਰੂ ਸਾਹਿਬ ਤਰਫੋਂ ਚਲਾਈ ਹੋਈ ਮਰਿਆਦਾ ਮਨਜ਼ੂਰ ਨਹੀਂ ਜਾਂ ਫਿਰ ਇਹ ਗੁਰੂ ਸਾਹਿਬਾਂ ਜੀ ਤੋਂ ਉੱਪਰ ਨੇ? ਫਿਰ ਇਹ ਉਹੀ ਲੋਕ ਨੇ ਜਿਹੜੇ ਕਿ ਦੂਜੀਆਂ ਕੌਮਾਂ ਸਾਹਮਣੇ ਫ਼ਖ਼ਰ ਨਾਲ ਕਹਿੰਦੇ ਨੇ ਕਿ ਅਸੀਂ (ਸਿੱਖ ਕੌਮ) ਜਾਤ-ਪਾਤ ਨੂੰ ਨਹੀਂ ਮੰਨਦੇ ਪਰ ਅਸਲ ਤਸਵੀਰ ਤਾਂ ਕੁੱਝ ਹੋਰ ਹੀ ਹੁੰਦੀ ਹੈ। ਅਸੀਂ ਗੁਰੂ ਸਿਧਾਂਤਾਂ ਤੋਂ ਏਨੇ ਜ਼ਿਆਦਾ ਮੁਨਕਰ ਅਤੇ ਬਾਗ਼ੀ ਹੋ ਚੁੱਕੇ ਹਾਂ ਕਿ ਸਿੱਖ ਹੋ ਕੇ ਕਿਸੇ ਮਰਦਾਨੇ ਕਿਆਂ ਜਾਂ ਰੰਘਰੇਟਿਆਂ, ਰਵਿਦਾਸੀਆਂ, ਰਮਦਾਸੀਆਂ, ਬੇਸ਼ੱਕ ਉਹ ਅੰਮ੍ਰਿਤਧਾਰੀ ਪ੍ਰਵਾਰ ਵੀ ਹੋਣ, ਦੇ ਨਾਲ ਗੁਰਸਿੱਖੀ ਰਿਸ਼ਤਾ ਕਾਇਮ ਕਰਨ ਤੋਂ ਪਰਹੇਜ਼ ਅਤੇ ਭਿੱਟ ਕਰਦੇ ਹਾਂ। ਆਪਣੇ ਅੰਮ੍ਰਿਤਧਾਰੀ ਸਿੱਖਾਂ ਤੋਂ ਹੀ ਦੂਰੀ ਕਿਉਂ? ਮੇਰੀ ਜਾਚੇ ਇਹੋ ਹੀ ਮੁੱਖ ਕਾਰਨ ਹੈ ਕਿ ਅੱਜ ਸਿੱਖ ਪੰਥ ਨਾਲੋਂ ਟੁੱਟ ਕੇ ਇਕ ਸਾਡਾ ਹੀ ਅੰਗ, ਪਖੰਡੀਆਂ ਦੇ ਡੇਰਿਆਂ ਨੂੰ ਅਪਣਾ ਕੇ ਭਟਕ ਰਿਹਾ ਹੈ।
ਮੇਰੀ ਸੁਰਤ ਦੀ ਹੀ ਗੱਲ ਹੈ ਕਿ ਪੰਜਾਬ ਦੇ ਪਿੰਡੀਂ, ਸਮੁੱਚੇ ਸਿੱਖਾਂ ਦਾ ਇਕੋ ਹੀ ਸਾਂਝਾ ਧਰਮ ਅਸਥਾਨ (ਗੁਰਦੁਆਰਾ) ਹੁੰਦਾ ਸੀ ਅਤੇ ਸੱਭ ਲੋਕ ਉਥੇ ਹੀ ਸੀਸ ਨਿਵਾਉਂਦੇ ਸਨ। ਪਰ ਅੱਜ ਉਨ੍ਹਾਂ ਹੀ ਪਿੰਡਾਂ ਵਿੱਚ ਪੰਜ-ਪੰਜ ਗੁਰਦੁਆਰੇ ਬਣ ਗਏ ਨੇ, ਉਹ ਵੀ ਜਾਤਾਂ ਦੇ ਨਾਂ 'ਤੇ। ਇਸ ਦੇ ਪਿੱਛੇ ਵੀ ਇਕ ਖਾਸ ਕਾਰਨ ਸੀ ਕਿ ਜਦੋਂ ਕਿਤੇ ਨਾ ਕਿਤੇ ਉਪਰੋਕਤ ਲੋਕਾਂ ਨਾਲ ਗੁਰੂ-ਘਰਾਂ ਵਿੱਚ ਹੀ ਵਿਤਕਰਾ ਹੋਣਾ ਸ਼ੁਰੂ ਹੋ ਗਿਆ, ਗੁਰੂ ਦੇ ਲੰਗਰਾਂ ਵਿੱਚ ਵੜਨ ਦੀ ਮਨਾਹੀ ਕੀਤੀ ਜਾਣ ਲੱਗੀ ਅਤੇ ਗੁਰਦੁਆਰੇ ਦੀ ਹੱਦ ਤੋਂ ਬਾਹਰ ਹੀ ਰੋਕ ਕੇ ਪ੍ਰਸ਼ਾਦ ਦੇਣ ਦਾ ਰਿਵਾਜ ਚੱਲ ਪਿਆ ਤਾਂ ਗਰੀਬੜੇ ਸਿੱਖਾਂ ਨੇ ਆਪਣੇ ਅਲੱਗ-ਅਲੱਗ ਗੁਰੂਘਰ ਉਸਾਰਨੇ ਸ਼ੁਰੂ ਕਰ ਦਿੱਤੇ।
ਹੁਣ ਕੀ ਪੰਜਾਬ ਵਿੱਚ ਅਤੇ ਕੀ ਬਾਹਰਲੇ ਮੁਲਕਾਂ ਵਿੱਚ ਵੀ ਹਰ ਸਿੱਖ ਬਰਾਦਰੀ ਨੂੰ ਮਨੂੰਵਾਦੀ ਸਿੱਖਾਂ ਤੋਂ ਤੰਗ ਆ ਕੇ ਆਪਣੇ-ਆਪਣੇ ਗੁਰਦੁਆਰੇ ਉਸਾਰ ਲਏ ਹਨ ਅਤੇ ਬਰਾਦਰੀ ਨਾਲ ਸਬੰਧਤ ਸਿੱਖ ਆਪਣੇ ਆਪਣੇ ਗੁਰੂਘਰ ਜਾਣ ਨੂੰ ਪਹਿਲ ਦੇਂਦੇ ਹਨ। ਇਹ ਰੁਝਾਨ ਇੰਗਲੈਂਡ, ਅਮਰੀਕਾ, ਕੈਨੇਡਾ, ਸਿੰਘਾਪੁਰ, ਮਲੇਸ਼ੀਆ, ਹਾਂਕਕਾਂਗ, ਆਸਟਰੇਲੀਆ ਆਦਿਕ ਹਰ ਦੇਸ਼ ਵਿੱਚ ਵੀ ਵੱਧ ਰਿਹਾ ਹੈ।
ਕੀ ਸਾਨੂੰ ਉਸ ਗੁਰੂ ਸਾਹਿਬਾਨ ਜੀ ਦੇ ਸੰਦੇਸ਼ ਅਤੇ ਸਿਧਾਂਤ ਭੁੱਲ ਗਏ ਨੇ?
ਯਕੀਨਨ ਇਸ ਵੇਲੇ ਸਿੱਖ ਕੌਮ ਵਿੱਚ ਬਹੁਤ ਸਾਰੇ ਵਾਦ-ਵਿਵਾਦ ਨੂੰ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਬਾਰੇ, ਰਹਿਤ ਮਰਿਆਦਾ ਬਾਰੇ, ਖਾਣ-ਪੀਣ ਬਾਰੇ, ਦਸਤਾਰਾਂ ਅਤੇ ਕੱਪੜੇ ਪਹਿਨਣ ਬਾਰੇ ਆਪਣੀਆਂ ਆਪਣੀਆਂ ਜੱਥੇਬੰਦੀਆਂ ਦੀ ਹੋਂਦ ਬਾਰੇ, ਅਪਣੇ ਆਪ ਨੂੰ ਸਿਰਮੌਰ ਅਤੇ ਅਸਲੀ ਸਿੱਖ ਕਹਾਉਣ ਬਾਰੇ, ਇਕ-ਦੂਜੇ ਨੂੰ ਨੀਵਾਂ ਵਿਖਾਉਣ ਦਾ ਤਾਂ ਜਿਵੇਂ ਇਕ ਰੁਝਾਨ ਹੀ ਚੱਲ ਪਿਆ ਹੋਵੇ।
ਇਕ-ਦੂਜੇ ਸਿੱਖ ਦੀਆਂ ਗ਼ਲਤੀਆਂ ਨੂੰ ਉਛਾਲਣਾ, ਚਿੱਕੜ ਸੁਟਣਾ ਅਪਣੇ ਹੀ ਭਰਾਵਾਂ ਦੀ ਪੱਗ ਰੋਲਣੀ ਇਕ-ਦੂਜੇ ਨੂੰ ਏਜੰਸੀਆਂ ਦੇ ਏਜੰਟ ਗਰਦਾਨਣਾ, ਸੋਸ਼ਲ ਮੀਡੀਆ ਤੇ ਭੱਦੇ ਅਤੇ ਅਸੱਭਿਅਕ ਲਫ਼ਜ਼ ਬੋਲਣੇ, ਇਕ-ਦੂਜੇ ਦੀ ਰੱਜ ਕੇ ਬੇਇੱਜਤੀ ਕਰਨੀ, ਨਿੰਦਿਆ ਚੁਗਲੀ, ਬਖੀਲੀ ਆਦਿ ਕਰਨੀ ਤਾਂ ਹੁਣ ਆਮ ਜਿਹੀ ਗੱਲ ਹੋ ਗਈ ਜਾਪਦੀ ਹੈ। ਹਰ ਸਿੱਖ ਅਰਦਾਸ ਵਿੱਚ ਕਹਿੰਦਾ ਹੈ ਕਿ 'ਸਿਖਾਂ ਦਾ ਮਨ ਨੀਵਾਂ ਮੱਤ ਉੱਚੀ ਵੇਖ ਕੇ ਅਣਡਿੱਠ ਕਰਨਾ ਅਤੇ ਤੇਰੇ ਭਾਣੇ ਸਰਬੱਤ ਦਾ ਭਲਾ'।
ਜ਼ਰਾ ਸੋਚੋ ਅਜਿਹਾ ਅਸੀਂ ਕਿਸ ਲਈ ਕਰ ਰਹੇ ਹਾਂ? ਗੁਰੂ ਸਾਹਿਬ ਤਾਂ ਆਖਦੇ ਨੇ ਕਿ 'ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ ਅਤੇ ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਤੇ ਹੋਰ ਨਾ ਕੋ ਬੈਰੀ ਨਹੀ ਬਿਗਾਨਾ॥'ਪਰ ਇਸ ਦੇ ਬਾਵਜੂਦ ਵੀ ਅਸੀਂ ਇਕ-ਦੂਜੇ ਨੂੰ ਛੱਜ ਵਿੱਚ ਪਾ ਕੇ ਛੱਟਣ ਤੇ ਲੱਗੇ ਹੋਏ ਹਾਂ।
ਅਸੀਂ ਸਮਝ ਨਹੀਂ ਰਹੇ ਕਿਉਂਕਿ ਸਾਡਾ ਚਲਾਕ ਦੁਸ਼ਮਣ ਵੀ ਇਹੋ ਚਾਹੁੰਦਾ ਹੈ ਕਿ ਸਿੱਖ ਕੌਮ ਇਕ ਮੰਚ ਤੇ ਇਕੱਠੀ ਨਾ ਹੋ ਸਕੇ ਅਤੇ ਸਿੱਖ ਫ਼ਾਲਤੂ ਦੋ ਮੁੱਦਿਆਂ 'ਚ ਹੀ ਉਲਝਦੇ ਅਤੇ ਝਗੜਦੇ ਰਹਿਣ। ਗੁਰੂ ਸਾਹਿਬਾਨ ਦੇ ਵਾਰਸੋ ਅੱਜ ਸਾਡਾ ਮੁੱਖ ਮੁੱਦਾ ਕੋਈ ਹੋਰ ਹੈ, ਉਸ ਤੇ ਗੌਰ ਕਰੋ ਕਿਉਂਕਿ ਸਫਰਾਂ ਵਿੱਚ ਭਟਕਿਆ ਹੋਇਆਂ ਨੂੰ ਕਦੀ ਮੰਜ਼ਲਾਂ ਨਹੀਂ ਮਿਲਦੀਆਂ। ਛੱਡ ਦਿਉ ਸਾਰੇ ਗਿਲੇ-ਸ਼ਿਕਵੇ ਅਤੇ ਲੜਾਈਆਂ-ਝਗੜੇ। ਸਿੱਧੇ ਹੋ ਕੇ ਆ ਜਾਉ ਗੁਰੂ ਸਿਧਾਂਤਾਂ ਦੇ ਗੁਰਮਤਿ ਗਾਡੀਰਾਹ ਉੱਤੇ। ਆਪਸੀ ਝਗੜੇ, ਬਖੇੜਿਆਂ ਅਤੇ ਖਾਮਖਾਹੀ ਮੁੱਦਿਆਂ ਦਾ ਤਿਆਗ ਕਰ ਕੇ ਇਕੋ ਇਕ ਸਿੱਖੀ ਮਾਰਗ ਦੇ ਪਾਂਧੀ ਬਣ ਕੇ ਗੁਰੂ ਸਾਹਿਬਾਨ ਦੀਆਂ ਸਦਖੁਸ਼ੀਆਂ ਦੇ ਪਾਤਰ ਅਤੇ ਸਿੱਖੀ ਦੇ ਮਾਰਗ ਤੋਂ ਭਟਕ ਚੁੱਕੇ ਆਪਣੇ ਸਿੱਖ ਭਰਾਵਾਂ ਨੂੰ ਆਪਣੇ ਗਲੇ ਨਾਲ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰੋ।
ਅੱਜ ਦੇ ਪੰਜਾਬ ਵਿੱਚ ਹੀ ਸਿੱਖੀ ਨੂੰ ਏਨਾ ਖੋਰਾ ਲੱਗ ਗਿਆ ਹੈ ਕਿ ਨਗਰਾਂ-ਪਿੰਡਾਂ ਵਿੱਚੋਂ ਬਹੁਤ ਸਾਰੇ ਗਰੀਬ ਸਿੱਖ, ਈਸਾਈ ਧਰਮ ਦੀ ਪਨਾਹ ਵਿੱਚ ਜਾ ਕੇ ਆਪਣੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਰਹੇ ਨੇ ਜੋ ਕਿ ਸਾਡੇ ਲਈ ਅਤਿ ਚਿੰਤਾ ਅਤੇ ਸ਼ਰਮ ਵਾਲੀ ਗੱਲ ਹੈ। ਪੂਰੇ ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਕਲੀਗਰ ਅਤੇ ਵਣਜਾਰੇ ਸਿੱਖ ਬੈਠੇ ਨੇ ਜਿਨ੍ਹਾਂ ਦੀ ਹਾਲਤ ਅਤਿ-ਤਰਸਯੋਗ ਵੀ ਹੈ। ਉਨ੍ਹਾਂ ਨੂੰ ਉਡੀਕ ਹੈ ਪੰਥਕ ਰਹਿਬਰਾਂ ਦੀ, ਸਿੱਖ ਸੰਸਾਥਾਵਾਂ ਦੀ, ਗੁਰੂ ਦੇ ਪੱਕੇ ਸਿੱਖਾਂ ਦੀ, ਹਮਦਰਦੀ ਭਰੇ ਬੋਲਾਂ ਦੀ, ਗਲੇ ਨਾਲ ਲੱਗਣ ਦੀ ਅਤੇ ਇਮਦਾਦ ਦੀ। ਸੱਚਮੁਚ ਉਹ ਅੱਜ ਵੀ ਸਿੱਖੀ ਦੇ ਤਲਬਗਾਰ ਹਨ, ਗੁਰੂ ਨੂੰ ਸਮਰਪਿਤ ਨੇ। ਹੈ ਕੋਈ ਉਨ੍ਹਾਂ ਦੀ ਬਾਂਹ ਫੜਨ ਵਾਲਾ? ਅਜੇ ਵੀ ਵੇਲਾ ਹੈ ਕਿਤੈ ਅਜਿਹਾ ਨਾ ਹੋਵੇ ਕਿ ਉਹ ਵੀ ਆਪਣੇ ਸਿੱਖੀ ਧਰਮ ਨੂੰ ਛੱਡ ਕੇ ਕਿਤੇ ਰਸਤਾ ਭਟਕ ਜਾਣ ਅਤੇ ਫਿਰ ਬਾਅਦ ਵਿੱਚ ਪਛਤਾਉਣ ਦਾ ਕੋਈ ਲਾਭ ਨਹੀਂ ਹੋਣ ਲੱਗਾ।
ਮੈਨੂੰ ਇਹ ਵੀ ਪਤਾ ਅਤੇ ਅਹਿਸਾਸ ਹੈ ਕਿ ਮੇਲੇ 'ਚ ਚੱਕੀ-ਰਾਹਿਆਂ ਨੂੰ ਕੌਣ ਪੁਛਦਾ ਹੈ, ਕਿਉਂਕਿ ਮੈਂ ਤਾਂ ਇਕ ਨਕਾਰਖਾਨੇ ਵਿੱਚ ਤੂਤੀ ਹੀ ਹਾਂ ਪਰ ਮੈਂ ਆਪਣੇ ਅੰਦਰ ਦੇ ਪੰਥਕ ਜਜ਼ਬਾਤ ਨੂੰ ਰੋਕ ਨਹੀਂ ਸਕਿਆ। ਇਸੇ ਕਰ ਕੇ ਪੰਥਕ ਮੁਨਸਫ਼ਾਂ ਅਤੇ ਸੱਚੇ ਸਿੱਖਾਂ ਦੀ ਕਚਹਿਰੀ ਵਿੱਚ ਪੇਸ਼ ਹੋ ਕੇ ਆਪਣੀ ਬੌਣੀ ਅਤੇ ਨਿਗੁਣੀ ਸੋਚ ਦਾ ਪ੍ਰਗਟਾਵਾ ਕਰਨ ਦਾ ਹੀਆ ਅਤੇ ਯਤਨ ਕੀਤਾ ਹੈ, ਸੋ ਜੇਕਰ ਕਿਸੇ ਵੀ ਸਿੱਖ ਹਿਰਦੇ ਨੂੰ ਮੇਰੇ ਲਫ਼ਜ਼ੀ ਬੋਲਾਂ ਨਾਲ ਕਿਸੇ ਕਿਸਮ ਦੀ ਠੇਸ ਪਹੁੰਚੀ ਹੋਵੇ ਤੇ ਮੈਨੂੰ ਨਾਚੀਜ਼ ਨੂੰ ਮਾਫ਼ ਕਰ ਦੇਣਾ ਜੀ ।
'ਰੋਜ਼ਾਨਾ ਸਪੋਕਸਮੈਂਨ' ਤੋਂ ਧੰਨਵਾਦ ਸਹਿਤ
ਹਾਲ ਹੀ ਵਿੱਚ ਕੋਵਿਡ-19 ਦੀ ਮਹਾਂਮਾਰੀ ਕਾਰਨ ਗੁਰਪੁਰੀ ਸਿਧਾਰੇ ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਨ। ਉਨ੍ਹਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਗੁਰਮਤਿ ਸੰਗੀਤ ਦਾ ਡਿਪਲੋਮਾ ਹਾਸਲ ਕੀਤਾ ਸੀ ਤੇ ਬੁੱਢਾ ਜੋਹੜ ਗੰਗਾਨਗਰ ਵਿੱਚ ਸੰਗੀਤ ਅਧਿਆਪਕ ਸਨ। ਉਹ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ 'ਚ ਗਾਇਨ ਕਰਦੇ । ਸਨ। ਉਨ੍ਹਾਂ ਦੇ ਹੁਨਰ ਤੇ ਸੇਵਾਵਾਂ ਕਰਕੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ 'ਪਦਮ ਸ੍ਰੀ' ਨਾਲ ਨਿਵਾਜਿਆ ਸੀ ਜੋ ਕਿ ਰਾਗੀਆਂ ਵਿੱਚ ਨਿਵੇਕਲੀ ਪ੍ਰਾਪਤੀ ਸੀ।