Newly emerged Pakistani YouTuber shows the world the real situation in PoK
ਪਿਛਲੇ ਚਾਰ ਦਿਨਾਂ ਤੋਂ ਮੈਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਬਹੁਤ ਬਾਰੀਕੀ ਨਾਲ ਦੇਖ ਰਿਹਾ ਹਾਂ। ਇੱਕ ਪੱਤਰਕਾਰ ਹੋਣ ਦੇ ਨਾਤੇ ਮੇਰੀ ਨਿਗਾਹ ਕੁਦਰਤੀ ਤੌਰ ‘ਤੇ ਉੱਥੇ ਦੀਆਂ ਖ਼ਬਰਾਂ ਇਕੱਠੀਆਂ ਕਰਨ ਦੀਆਂ ਹਾਲਾਤਾਂ ਵੱਲ ਜਾਂਦੀ ਹੈ। ਪੂਰੇ ਪੀਓਕੇ ਵਿੱਚ ਇੰਟਰਨੈਟ, ਮੋਬਾਈਲ ਅਤੇ ਲੈਂਡਲਾਈਨ ਸੇਵਾਵਾਂ ਬਿਲਕੁਲ ਬੰਦ ਪਈਆਂ ਹਨ। ਪਾਕਿਸਤਾਨੀ ਮੀਡੀਆ ਸਮੇਤ ਕਿਸੇ ਵੀ ਕਿਸਮ ਦੇ ਮੀਡੀਆ ਨੂੰ ਪੀਓਕੇ ਵਿੱਚ ਦਾਖ਼ਲ ਹੋਣ ‘ਤੇ ਸਖ਼ਤ ਪਾਬੰਦੀ ਹੈ।
ਸਾਡੇ ਦੇਸ਼ ਵਿੱਚ "ਗੋਦੀ ਮੀਡੀਆ" ਦੀ ਲਫ਼ਾਫੇਬਾਜ਼ੀ ਤਾਂ ਕਿਸੇ ਨੈਰੇਟਿਵ ਤਹਿਤ ਬਣਾਈ ਗਈ, ਪਰ ਜੇ ਅਸਲੀ ਗੋਦੀ ਮੀਡੀਆ ਦੇ ਦਰਸ਼ਨ ਕਰਨ ਹੋਣ ਤਾਂ ਤੁਹਾਨੂੰ ਪਾਕਿਸਤਾਨ ਜਾਣਾ ਪਵੇਗਾ। ਪੀਓਕੇ ਦੇ ਹਾਹਾਕਾਰੀ ਹਾਲਾਤ, ਉੱਥੇ ਫੌਜ ਵੱਲੋਂ ਕੰਟੇਨਰ ਲਗਾ ਕੇ ਰੋਕੇ ਗਏ ਰਸਤੇ ਸੈਂਕੜਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਕਾਗਜ਼ ਦੀਆਂ ਪੁੜੀਆਂ ਵਾਂਗ ਹਟਾਉਣ, ਲੱਖਾਂ ਦੀ ਗਿਣਤੀ ਵਿੱਚ ਮੀਰਪੁਰ, ਕੋਟਲੀ, ਭਿੰਬਰ, ਡਡਿਆਲ (ਮੰਗਲਾ ਡੈਮ ਨਾਲ ਲੱਗਦਾ ਇਲਾਕਾ) ਤੋਂ ਕਾਰਾਂ, ਮੋਟਰਸਾਈਕਲਾਂ ਦੇ ਅੰਤਹੀਣ ਕਾਫ਼ਲੇ ਲੈ ਕੇ ਮੁਜ਼ਫ਼ਫ਼ਰਾਬਾਦ ਵੱਲ ਕੂਚ ਕਰਨ ਦੇ ਦ੍ਰਿਸ਼ਾਂ ਨੂੰ ਦੁਨੀਆ ਭਰ ਦੇ ਚੈਨਲ ਦਿਖਾ ਰਹੇ ਹਨ, ਪਰ ਪਾਕਿਸਤਾਨੀ ਮੀਡੀਆ ਇਹ ਕਹਿ ਰਿਹਾ ਹੈ ਕਿ ਪੀਓਕੇ ਵਿੱਚ ਪਾਬੰਦੀ ਕਾਰਨ ਪੰਜ ਤੋਂ ਵੱਧ ਲੋਕ ਇਕੱਠੇ ਹੀ ਨਹੀਂ ਹੋ ਰਹੇ।
ਖੈਰ, ਅੱਜ ਮੇਰਾ ਵਿਸ਼ਾ ਇੱਕ ਅਜੇਹੇ ਅਨਾ਼ੜੀ ਯੂਟਿਊਬਰ ਅਨੀਸ ਬਾਰੇ ਹੈ, ਜਿਸ ਨੇ 29 ਸਤੰਬਰ ਨੂੰ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ। ਉਸਦਾ ਮਕਸਦ ਸੀ ਆਪਣੇ ਇਲਾਕੇ ਦੀਆਂ ਗਤੀਵਿਧੀਆਂ ਨੂੰ ਮੌਜੂਦਾ ਹਾਲਾਤਾਂ ‘ਤੇ ਕੈਪਚਰ ਕਰਨਾ। ਪਰ ਉਸਦੀ ਰਿਪੋਰਟਿੰਗ ਨੇ ਪਾਕਿਸਤਾਨੀ ਸਰਕਾਰ ਵੱਲੋਂ ਮੀਡੀਆ ਨੂੰ ਰੋਕਣ ਲਈ ਲਗਾਏ ਸਾਰੇ ਅੜਿੱਕੇ ਅਤੇ ਪਾਬੰਦੀਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਅਨੀਸ ਨੇ ਅਜਿਹੀਆਂ ਤਸਵੀਰਾਂ ਤੇ ਫੁਟੇਜ ਕੈਪਚਰ ਕਰ ਲਈਆਂ ਕਿ ਦੁਨੀਆ ਭਰ ਦਾ ਮੀਡੀਆ, ਸਾਡੇ ਦੇਸ਼ ਦੇ ਵੱਡੇ-ਵੱਡੇ ਚੈਨਲ ਵੀ ਉਸੇ ਦੀਆਂ ਰਿਕਾਰਡਿੰਗਜ਼ ‘ਤੇ ਨਿਰਭਰ ਹੋ ਗਏ। ਕਿਸੇ ਵੀ ਮੀਡੀਆ ਗਰੁੱਪ ਲਈ ਪੀਓਕੇ ਵਿੱਚ ਜਾ ਕੇ ਰਿਪੋਰਟਿੰਗ ਕਰਨਾ ਸੰਭਵ ਹੀ ਨਹੀਂ ਸੀ।
ਇਸਲਾਮਾਬਾਦ ਪ੍ਰੈਸ ਕਲੱਬ ਵਿੱਚ ਪਾਕ ਫੌਜੀ ਘੁੱਸ ਕੇ ਕੈਂਟੀਨ ਦੇ ਦਰਵਾਜ਼ੇ ਤੋੜ ਗਏ ਅਤੇ ਪੱਤਰਕਾਰਾਂ ਨੂੰ ਘਸੀਟ ਕੇ ਵੈਨ ਵਿੱਚ ਸੁੱਟਿਆ, ਫਿਰ ਬੇਰਹਮੀ ਨਾਲ ਡੰਡਾ-ਪਰੇਡ ਕੀਤੀ। ਫੌਜ ਅਤੇ ਆਸਿਫ ਮੁਨੀਰ ਦੀ ਇਹ ਖਿਝ ਇਸ ਗੱਲ ਨੂੰ ਲੈ ਕੇ ਸੀ ਕਿ ਪੀਓਕੇ ਦੀਆਂ ਸਟੋਰੀਆਂ ਬਾਹਰ ਕਿਵੇਂ ਪਹੁੰਚ ਗਈਆਂ। ਇਨ੍ਹਾਂ ਹਾਲਾਤਾਂ ਵਿੱਚ ਵੀ ਪੀਓਕੇ ਦੀ ਵਾਦੀ ਵਿੱਚ ਗੁਰਦਾਸ ਮਾਨ ਦੇ ਗੀਤ "ਰਾਤਾਂ ਨੂੰ ਉਠ-ਉਠ ਕੇ" ਦੀ ਤਰਜ਼ ‘ਤੇ ਆਜ਼ਾਦ ਕਸ਼ਮੀਰ ਦਾ ਹੱਕ ਮੰਗਣ ਵਾਲੇ ਤਰਾਨੇ ਗੂੰਜ ਰਹੇ ਹਨ। ਅਜਿਹਾ ਲੱਗਦਾ ਹੈ ਕਿ ਸਾਰੇ ਪਹਿਰਿਆਂ ਦੇ ਬਾਵਜੂਦ ਸਾਡੇ ਗੁਰਦਾਸ ਭਾਜੀ ਵੀ ਪੀਓਕੇ ਵਿੱਚ ਗੀਤਾਂ ਦਾ ਖੁੱਲਾ ਲੰਗਰ ਲਗਾ ਰਹੇ ਹਨ।
ਦੂਜੇ ਪਾਸੇ, ਅਨੀਸ ਹਟਾਏ ਗਏ ਕੰਟੇਨਰਾਂ ਦੀ, ਪ੍ਰਦਰਸ਼ਨਕਾਰੀਆਂ ਦੇ ਬਿਆਨਾਂ ਦੀ, ਪਹਾੜਾਂ ‘ਤੇ ਚੜ੍ਹ ਕੇ ਲੋਕਾਂ ‘ਤੇ ਗੋਲੀਆਂ ਚਲਾਉਂਦੀ ਪਾਕਿਸਤਾਨੀ ਫੌਜ ਦੀਆਂ ਅਜਿਹੀਆਂ ਫ਼ਿਲਮਾਂ ਬਣਾਉਣ ਵਿੱਚ ਕਾਮਯਾਬ ਹੋ ਗਿਆ। ਲਗਭਗ ਵੀਹ ਸਾਲ ਦਾ ਅਨੀਸ ਨਾ ਤਾਂ ਚੰਗੀ ਭਾਸ਼ਾ ਜਾਣਦਾ ਹੈ, ਨਾ ਕੋਈ ਪੱਤਰਕਾਰਤਾ ਦੀ ਟ੍ਰੇਨਿੰਗ, ਪਰ ਉਸਦੇ ਅੰਦਰ ਜੋਸ਼ ਅਤੇ ਜਜ਼ਬਾਤ ਹਨ ਆਪਣੇ ਲੋਕਾਂ ‘ਤੇ ਹੋ ਰਹੇ ਜ਼ੁਲਮ ਦੇਖ ਕੇ। ਕਿਤੇ-ਕਿਤੇ ਘਰਾਂ ਵਿੱਚ ਸੁੱਟੇ ਜਾ ਰਹੇ ਹੰਝੂ ਗੈਸ ਦੇ ਗੋਲਿਆਂ ਨੂੰ ਦੇਖ ਕੇ ਉਹ ਰੋਣ ਲੱਗ ਪੈਂਦਾ ਅਤੇ ਕਹਿੰਦਾ ਹੈ ਕਿ ਇਨ੍ਹਾਂ ਘਰਾਂ ਵਿੱਚ ਤਾਂ ਔਰਤਾਂ ਅਤੇ ਬੱਚੇ ਹਨ, ਫਿਰ ਇਹ ਲੋਕ ਸਮੋਕ ਬੰਬ ਕਿਉਂ ਸੁੱਟ ਰਹੇ ਹਨ। ਕਿਤੇ ਪਹਾੜਾਂ ਤੋਂ ਗੋਲੀਆਂ ਚਲਾਉਂਦੇ ਫੌਜੀਆਂ ਦੀਆਂ ਤਸਵੀਰਾਂ ਲੈਂਦਾ ਅਨੀਸ ਆਪਣੇ ਲੋਕਾਂ ਨੂੰ ਆਖਦਾ ਹੈ: "ਛੁਪ ਜਾਓ, ਬਚ ਜਾਓ।"
ਹਾਲਾਂਕਿ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੇ ਇਕ ਦੂਜੇ ਦੇ ਚੈਨਲ ਬੈਨ ਕਰ ਰੱਖੇ ਹਨ, ਪਰ ਹਾਲ ਹੀ ਵਿੱਚ ਬਣਿਆ ਅਨੀਸ ਦਾ ਯੂਟਿਊਬ ਚੈਨਲ ਨਵਾਂ ਹੋਣ ਕਾਰਨ ਸ਼ਾਇਦ ਕਿਸੇ ਸਰਕਾਰੀ ਫੰਦੇ ਤੋਂ ਬਚ ਕੇ ਆਕਾਸ਼ੀ ਸਫ਼ਰ ਕਰਦਾ ਹੋਇਆ ਪੂਰੀ ਦੁਨੀਆਂ ਦੇ ਮੀਡੀਆ ਨੂੰ ਪੀਓਕੇ ਦੇ ਅੰਦਰੂਨੀ ਹਾਲਾਤ ਦਿਖਾ ਰਿਹਾ ਹੈ। ਪੱਤਰਕਾਰਤਾ ਦੇ ਇਸ ਨਵੇਂ ਸਿਪਾਹੀ ਨੂੰ ਮੈਂ ਸਲਾਮ ਕਰਦਾ ਹਾਂ।
ਅਰਜੁਨ ਸ਼ਰਮਾ
(ਲੇਖਕ ਸੀਨੀਅਰ ਪੱਤਰਕਾਰ ਹਨ।)