What is the body of the manifest Guru - Points to consider - (Part-3)
*ਨੋਟ -- ਇਸ ਲੇਖ ਲੜੀ ਨੂੰ ਜੋੜਨ ਲਈ ਪਹਿਲੇ ਭਾਗ 1-2 ਨੂੰ ਜ਼ਰੂਰ ਪੜ੍ਹੋ ਜੀ।*
ਯਾਦ ਰੱਖੀਏ ਕਿ ਸਿੱਖ ਧਰਮ ਇੱਕ ਇਤਿਹਾਸਕ ਧਰਮ ਹੈ। 10 ਗੁਰੂ ਸਾਹਿਬਾਨ ਵੱਲੋਂ ਘਾਲੀ ਗਈ ਅਣਥੱਕ ਘਾਲਣਾ ਦੀ ਸੰਪੂਰਨਤਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਜੀਵਨ ਕਾਲ ਵਿੱਚ ਹੀ 1708 ਈਸਵੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੈਵ ਕਾਲ ਲਈ ਗੁਰਤਾ ਗੱਦੀ ਉਪਰ ਬਿਰਾਜਮਾਨ ਕਰ ਦਿੱਤਾ ਗਿਆ ਅਤੇ ਸਿੱਖਾਂ ਨੂੰ " ਗੁਰੂ ਮਾਨਯੋ ਗ੍ਰੰਥ" ਦਾ ਸਪੱਸ਼ਟ ਆਦੇਸ਼ ਦਿੱਤਾ ਗਿਆ।
ਪਰ ਤਸਵੀਰ ਦੇ ਦੂਜੇ ਪਾਸੇ
ਸਾਡੇ ਸਿੱਖ ਸਮਾਜ ਦੇ ਇੱਕ ਹਿੱਸੇ ਵੱਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ (ਸਰੀਰ) ਰੂਪ ਵਿੱਚ ਪ੍ਰਚਲਣ ਕਰਨ ਵਾਲੇ ਵਿਸ਼ਵਾਸ਼ ਦੀ ਜੜ੍ਹ ਕਿਥੇ ਹੈ - ਨੂੰ ਸਮਝਣ ਦੀ ਜ਼ਰੂਰਤ ਹੈ।
ਸਿੱਖ ਧਰਮ ਦੇ ਆਰੰਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ (1469 ਈਸਵੀ) ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ (1839 ਈਸਵੀ) ਤੱਕ ਲਗਭਗ 370 ਸਾਲਾਂ ਦੇ ਲੰਮੇ ਸਫ਼ਰ ਦੌਰਾਨ ਸਿੱਖ ਸਮਾਜ ਦੇ ਇਤਿਹਾਸ ਵਿੱਚ ਕੋਈ ਸੰਤਵਾਦ-ਡੇਰਾਵਾਦ-ਬਾਬਾਵਾਦ-ਦੇਹਧਾਰੀ ਗੁਰੂ ਡੰਮ ਆਦਿ ਦਾ ਪ੍ਰਚਲਣ ਨਹੀਂ ਮਿਲਦਾ ਹੈ। ਇਸ 370 ਸਾਲਾਂ ਦੇ ਲੰਮੇ ਸਮੇਂ ਦੇ ਸਿੱਖ ਇਤਿਹਾਸ ਦੌਰਾਨ ਹੋਏ ਸਤਿਕਾਰਤ ਗੁਰਸਿੱਖਾਂ ਦੇ ਨਾਵਾਂ ਨਾਲ 'ਭਾਈ-ਬਾਬਾ-ਗਿਆਨੀ- ਸਰਦਾਰ-ਸੇਵਕ/ਸੇਵਾਦਾਰ' ਆਦਿਕ ਸ਼ਾਬਦਿਕ ਵਿਸ਼ੇਸ਼ਣ ਤਾਂ ਮਿਲਦੇ ਹਨ, ਪਰ ਕਿਸੇ ਵੀ ਤਰ੍ਹਾਂ 'ਸਾਧ-ਸੰਤ-ਮਹਾਂਪੁਰਖ- ਪੂਰਨ ਮਹਾਂਪੁਰਖ-ਬ੍ਰਹਮਗਿਆਨੀ- ਪੂਰਨ ਬ੍ਰਹਮਗਿਆਨੀ, 108/1008' ਆਦਿਕ ਵਿਸ਼ੇਸ਼ਣ ਲੱਗੇ ਹੋਏ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਬਿਲਕੁਲ ਨਹੀਂ ਮਿਲਦੇ ਹਨ।
ਬਾਬਾਵਾਦ/ਡੇਰਾਵਾਦ/ਸੰਤਵਾਦ ਆਦਿ ਦੇ ਹੱਕ ਵਿੱਚ ਭੁਗਤਣ ਵਾਲੇ ਸਾਡੇ ਵਿਚੋਂ ਕਈ ਇਨ੍ਹਾਂ ਪ੍ਰਚਲਿਤ ਵਿਸ਼ੇਸ਼ਣਾਂ ਨੂੰ ਸਹੀ ਸਿੱਧ ਕਰਨ ਲਈ ਇਹ ਦਲੀਲ ਵੀ ਦਿੰਦੇ ਹਨ ਕਿ ਪਾਵਨ ਗੁਰਬਾਣੀ ਅੰਦਰ ਇਹ ਸ਼ਾਬਦਿਕ ਵਿਸ਼ੇਸ਼ਣ ਮਿਲਦੇ ਹਨ। ਇਸ ਸਬੰਧੀ ਸਹੀ ਨਿਰਣੇ ਤੇ ਪਹੁੰਚਣ ਲਈ ਸਾਨੂੰ ਵਿਚਾਰਣ ਦੀ ਲੋੜ ਹੈ ਕਿ ਗੁਰਬਾਣੀ ਵਿੱਚ ਦਰਸਾਏ ਗਏ ਇਨ੍ਹਾਂ ਸ਼ਬਦਾਂ ਨੂੰ ਉਥੇ ਕਿਹੜੇ ਅਰਥਾਂ ਵਿੱਚ, ਕਿਹੜੇ ਸਬੰਧ ਵਿੱਚ (Context) ਵਰਤਿਆ ਗਿਆ ਹੈ, ਉਸ ਅਨੁਸਾਰ ਸਹੀ ਅਰਥਾਂ ਨੂੰ ਸਮਝਣ ਦੀ ਲੋੜ ਹੈ। ਦੂਜੇ ਪਾਸੇ ਹੋਰ ਵਿਚਾਰਣ ਦੀ ਜ਼ਰੂਰਤ ਹੈ ਕਿ -
"ਕੀ 1469 ਤੋਂ ਲੈ ਕੇ 1839 ਈਸਵੀ ਤੱਕ 370 ਸਾਲਾਂ ਦੇ ਲੰਮੇ ਸਮੇਂ ਵਿੱਚ ਇਸ ਤਰ੍ਹਾਂ ਦੇ ਵਿਸ਼ੇਸ਼ਣਾਂ ਤੋਂ ਬਿਨਾਂ ਵਿਚਰਣ ਵਾਲੇ ਗੁਰਸਿੱਖਾਂ ਨੂੰ ਪਾਵਨ ਗੁਰਬਾਣੀ ਅੰਦਰ ਦਰਜ ਇਨ੍ਹਾਂ ਵਿਸ਼ਲੇਸ਼ਣਾਤਮਿਕ ਸ਼ਬਦਾਂ ਦੀ ਸਮਝ ਨਹੀਂ ਆਈ ?"
(ਦਾਸ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਇਨ੍ਹਾਂ 370 ਸਾਲਾਂ (1469 ਤੋਂ ਲੈ ਕੇ 1839 ਈਸਵੀ ਤੱਕ) ਲਗਭਗ ਦੇ "ਸਿੱਖ ਇਤਿਹਾਸ" ਵਿੱਚ ਜੇਕਰ ਕਿਸੇ ਖੋਜਾਰਥੀ ਨੂੰ ਗੁਰਸਿੱਖਾਂ ਦੇ ਨਾਵਾਂ ਨਾਲ ਇਸ ਤਰ੍ਹਾਂ ਦੇ ਸ਼ਾਬਦਿਕ ਵਿਸ਼ੇਸ਼ਣ ਮਿਲਣ ਤਾਂ "ਪੁਰਾਤਨ ਸਿੱਖ ਇਤਿਹਾਸਕ ਸਰੋਤਾਂ" ਦੇ ਹਵਾਲੇ/ਵੇਰਵੇ ਦਿੰਦੇ ਹੋਏ ਜ਼ਰੂਰ ਸਾਂਝੇ ਕਰਨ ਦੀ ਕਿਰਪਾਲਤਾ ਕਰਨੀ ਜੀ)
ਇਹ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਪੁਰਾਤਨ ਸਮੇਂ ਦੌਰਾਨ ਸਿੱਖ ਸ਼ਬਦ ਗੁਰੂ ਨਾਲ ਜੁੜ ਕੇ ਉਸ ਦੀ ਅਗਵਾਈ ਹੇਠ ਕੈਸਾ ਸ਼ਾਨਦਾਰ ਸ਼ਹਾਦਤਾਂ/ ਪ੍ਰਾਪਤੀਆਂ ਦਾ ਇਤਿਹਾਸ ਰਚਦੇ ਰਹੇ, ਪ੍ਰਤੱਖ ਹੈ। ਪਰ ਦੂਜੇ ਪਾਸੇ ਜਦੋਂ-ਜਦੋਂ ਸਰੀਰਕ ਰੂਪ ਵਿੱਚ ਸੰਤਵਾਦ/ਡੇਰਾਵਾਦ/ਬਾਬਾਵਾਦ ਆਦਿ ਦਾ ਪ੍ਰਚਲਣ ਹੋਇਆ, ਉਸ ਸਮੇਂ ਨਾਲ-ਨਾਲ ਸ਼ਬਦ ਗੁਰੂ ਨੂੰ ਦੇਹ ਰੂਪ ਵਿੱਚ ਪ੍ਰਚਾਰਣਾ ਅਤੇ ਪੂਜਣਾ ਪ੍ਰਚਲਿਤ ਹੋ ਜਾਣਾ - ਇਹ ਦੋਵੇਂ ਨੁਕਤੇ ਆਪਸ ਵਿੱਚ ਜੁੜੇ ਹੋਏ ਪ੍ਰਤੀਤ ਹੁੰਦੇ ਹਨ। ਇਸ ਤੋਂ ਲੱਗਦਾ ਹੈ ਕਿ ਆਪਣੇ ਸਰੀਰਾਂ ਦੀ ਪੂਜਾ ਕਰਵਾਉਣ ਵਾਲੀ ਇੱਛਾ ਪੂਰਤੀ ਵਾਲਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਰੂਪ ਵਿੱਚ ਹੀ ਪ੍ਰਚਾਰਣ ਨਾਲ ਉਨ੍ਹਾਂ ਦਾ ਆਪਣਾ ਉੱਲੂ ਸਿੱਧਾ ਕਰਨਾ ਸੌਖਾਲਾ ਹੁੰਦਾ ਸੀ ਅਤੇ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਭੂਤਕ ਸਰੀਰ ਨਾਲ ਮਿਲਾ ਕੇ ਪ੍ਰਚਾਰਣ ਵਾਲਿਆਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਸਰੀਰ ਦੀਆਂ ਲੋੜਾਂ ਕੇਵਲ ਸਰਦੀ-ਗਰਮੀ ਤੱਕ ਸੀਮਤ ਨਹੀਂ, ਸਗੋਂ ਸਰੀਰ ਦੀਆਂ ਤਾਂ ਹੋਰ ਵੀ ਬਹੁਤ ਲੋੜਾਂ ਹਨ, ਜੋ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਲਾਗੂ ਕਰਨੀਆਂ ਬਿਲਕੁਲ ਅਸੰਭਵ ਹਨ। ਜੇਕਰ ਕੋਈ ਲਾਗੂ ਕਰਨ ਲਈ ਯਤਨ ਕਰੇਗਾ ਤਾਂ 84 ਲੱਖ ਜੂਨਾਂ ਦੇ ਸਿਰਤਾਜ ਮਨੁੱਖ ਦੀ ਸਮਾਜ ਦੇ ਸਾਹਮਣੇ ਪੋਜੀਸ਼ਨ ਹਾਸੋਹੀਣੀ ਬਣ ਜਾਵੇਗੀ, ਜਿਸ ਲਈ ਉਹ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਰੂਪ ਵਿੱਚ ਪ੍ਰਚਲਿਤ ਕਰਨ ਵਾਲਿਆਂ ਲਈ ਸਭ ਤੋਂ ਵੱਧ ਆਧਾਰ ਸਾਡੇ ਧਾਰਮਿਕ ਦੀਵਾਨਾਂ ਵਿੱਚ ਅਰਦਾਸ ਤੋਂ ਬਾਅਦ, ਪਰ ਜੈਕਾਰੇ ਤੋਂ ਪਹਿਲਾਂ, ਸੰਗਤੀ ਰੂਪ ਵਿੱਚ ਗਾਏ ਜਾਣ ਵਾਲੇ ਦੋਹਿਰੇ ਪੜ੍ਹਣ ਦੀ ਪ੍ਰਚਲਿਤ ਰਵਾਇਤ ਵਿਚੋਂ ਮਿਲਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਤਿੰਨ ਦੋਹਿਰੇ ਪੜ੍ਹੇ/ਗਾਏ ਜਾਣ ਕਰਕੇ ਬਹੁਗਿਣਤੀ ਸਿੱਖ ਧਾਰਮਿਕ ਦੀਵਾਨਾਂ ਵਿੱਚ ਵੀ ਇਹ ਪੜ੍ਹੇ/ਗਾਏ ਜਾਂਦੇ ਹਨ -
"ਆਗਿਆ ਭਈ ਅਕਾਲ ਕੀ, ਤਬੀ ਚਲਾਯੋ ਪੰਥ।
ਸਭ ਸਿਖਨ ਕੋ ਹੁਕਮ ਹੈ,
ਗੁਰੂ ਮਾਨਯੋ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਯੋ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲ ਬੋ ਚਹੈ,
ਖੋਜ ਸ਼ਬਦ ਮਹਿ ਲੇਹ।
ਰਾਜ ਕਰੇਗਾ ਖਾਲਸਾ,
ਆਕੀ ਰਹੇ ਨਾ ਕੋਇ।
ਖੁਆਰ ਹੋਇ ਸਭ ਮਿਲਹਿਗੇ,
ਬਚੇ ਸ਼ਰਨ ਜੋ ਹੋਇ।"
ਉਪਰੋਕਤ ਦੋਹਿਰੇ ਗੁਰੂ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਨਹੀਂ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਹੋਣ ਕਰਕੇ ਗੁਰਬਾਣੀ ਵੀ ਨਹੀਂ ਹਨ। ਸਿੱਖ ਧਾਰਮਿਕ ਦੀਵਾਨਾਂ ਵਿੱਚ ਇਨ੍ਹਾਂ ਤਿੰਨਾਂ ਦੋਹਰਿਆਂ ਨੂੰ ਜਿਸ ਰੂਪ ਵਿੱਚ ਅਸੀਂ ਅੱਜ ਪੜ੍ਹਦੇ/ਗਾਉਂਦੇ ਹਾਂ, ਪਹਿਲੇ ਦੋ ਦੋਹਿਰੇ 'ਗਿਆਨੀ ਗਿਆਨ ਸਿੰਘ' ਦੁਆਰਾ ਰਚਿਤ 'ਪੰਥ ਪ੍ਰਕਾਸ਼' ਵਿਚੋਂ ਲਏ ਗਏ ਹਨ ਅਤੇ ਤੀਜਾ ਦੋਹਿਰਾ 'ਭਾਈ ਨੰਦ ਲਾਲ ਸਿੰਘ ਜੀ' ਵੱਲੋਂ ਰਚਿਤ ਰਹਿਤਨਾਮੇ (ਤਨਖਾਹਨਾਮਾ ਭਾਈ ਨੰਦ ਲਾਲ) ਵਿਚੋਂ ਲਿਆ ਗਿਆ ਹੈ।
ਇਨ੍ਹਾਂ 3 ਦੋਹਰਿਆਂ ਦੇ ਮੌਲਿਕ ਸਰੂਪ/ਸ਼ਬਦਾਵਲੀ ਅਤੇ ਸਰੋਤ ਕੀ ਹੈ ? - ਦੇ ਸਬੰਧ ਵਿੱਚ ਆਪਾਂ ਇਸ ਲੇਖ ਲੜੀ ਦੇ ਅਗਲੇ ਭਾਗ - 4 ਵਿੱਚ ਸਮਝਣ ਲਈ ਯਤਨ ਕਰਾਂਗੇ।
(ਚਲਦਾ....4)
*ਜ਼ਰੂਰੀ ਬੇਨਤੀ -- ਸਨਿਮਰ ਬੇਨਤੀ ਹੈ ਕਿ "ਪ੍ਰਗਟ ਗੁਰਾਂ ਕੀ ਦੇਹ..….." ਦੇ ਸਿਰਲੇਖ ਹੇਠ ਇਸ ਲੇਖ ਲੜੀ ਦੇ ਲਿਖੇ ਜਾਣ ਵਾਲੇ ਸਾਰੇ ਭਾਗ ਜ਼ਰੂਰ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਕਿਉਂ ਕਿ ਉਸ ਉਪਰੰਤ ਹੀ ਅਸੀਂ ਗੁਰਮਤਿ ਅਨੁਸਾਰ ਸਹੀ ਨਿਰਣੇ ਤੇ ਪਹੁੰਚਣ ਦੇ ਸਮਰੱਥ ਬਣ ਸਕਾਂਗੇ ਜੀ।*
*ਸੁਖਜੀਤ ਸਿੰਘ ਕਪੂਰਥਲਾ*
98720-76876
********************
*ਨੋਟ--ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/ SHARE ਕਰਨ ਦੀ ਕਿਰਪਾਲਤਾ ਕਰਨੀ ਜੀ।*