What is the body of the manifest Guru - Points to consider (Part-5)
ਨੋਟ -- ਇਸ ਲੇਖ ਲੜੀ ਨੂੰ ਜੋੜਨ ਲਈ ਪਹਿਲਾਂ ਭਾਗ -1,2,3,4 ਜ਼ਰੂਰ ਪੜ੍ਹੋ ਜੀ।
ਅਜੋਕੇ ਸਮੇਂ ਸਾਡੇ ਸਿੱਖ ਸਮਾਜ ਵਿੱਚ ਅਰਦਾਸ ਤੋਂ ਬਾਅਦ ਸੰਗਤੀ ਰੂਪ ਵਿੱਚ ਪੜ੍ਹੇ ਜਾਂਦੇ 3 ਦੋਹਰਿਆਂ ਨੂੰ ਗਿਆਨੀ ਗਿਆਨ ਸਿੰਘ ਜੀ ਵੱਲੋਂ "ਨਵੀਨ ਪੰਥ ਪ੍ਰਕਾਸ਼" ਵਿੱਚ 19ਵੀਂ ਸਦੀ ਦੇ ਲਗਭਗ ਆਖਰੀ ਹਿੱਸੇ ਵਿੱਚ ਲਿਖਿਆ ਗਿਆ ਹੈ। ਪਰ ਯਾਦ ਰੱਖੀਏ ਕਿ ਗਿਆਨੀ ਗਿਆਨ ਸਿੰਘ ਜੀ ਵੱਲੋਂ ਲਿਖਣ ਤੋਂ ਬਹੁਤ ਸਮਾਂ ਪਹਿਲਾਂ ਹੀ ਲਿਖੇ ਜਾ ਚੁੱਕੇ ਇਨ੍ਹਾਂ ਦੋਹਰਿਆਂ ਦੇ ਮੌਲਿਕ ਸਰੂਪ ਕੁਝ ਹੋਰ ਹਨ।
ਸ੍ਰ ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਪੁਸਤਕ 'ਰਹਿਤਨਾਮੇ' ਵਿੱਚ 'ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ' ਦੇ ਪੰਨਾ 67 ਉੱਪਰ ਮੂਲ/ ਮੌਲਿਕ ਰੂਪ ਵਿੱਚ ਉਚਾਰਨ ਕੀਤੇ ਗਏ ਪਹਿਲੇ 2 ਦੋਹਰਿਆਂ ਦਾ ਸਰੂਪ ਇਸ ਤਰ੍ਹਾਂ ਦਿੱਤਾ ਗਿਆ ਹੈ -
*"ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ।*
*ਜੋ ਸਿਖ ਮੋ ਮਿਲਬੇ ਚਹਹਿ, ਖੋਜ ਇਨਹੁ ਮਹਿ ਲੇਹੁ।੨੪।*
*'ਅਕਾਲ ਪੁਰਖ ਕੇ ਬਚਨ ਸਿਉਂ , ਪ੍ਰਗਟ ਚਲਾਯੋ ਪੰਥ।*
*ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ।੩੦।*
ਉਪਰੋਕਤ ਸਾਰੀ ਵਿਚਾਰ ਅਤੇ ਇਨ੍ਹਾਂ ਦੇ ਰਚਨਾ ਕਾਲ ਤੋਂ ਇਹ ਪੱਖ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਦੋਵੇਂ ਦੋਹਰਿਆਂ ਦਾ ਮੌਲਿਕ ਰੂਪ ਭਾਈ ਪ੍ਰਹਿਲਾਦ ਸਿੰਘ ਜੀ ਦਾ ਹੀ ਹੈ।
*ਇਥੇ ਵਿਚਾਰਣ ਯੋਗ ਨੁਕਤਾ ਇਹ ਹੈ ਕਿ ਭਾਈ ਪ੍ਰਹਿਲਾਦ ਸਿੰਘ ਜੀ ਨੇ ਆਪਣੇ ਲਿਖੇ ਰਹਿਤਨਾਮੇ ਵਿੱਚ ਇਸ ਨੂੰ ਕਿਵੇਂ ਲਿਖਿਆ ਸੀ ਤੇ ਮਗਰੋਂ ਗਿਆਨੀ ਗਿਆਨ ਸਿੰਘ ਨੇ 1880 ਈਸਵੀ ਵਿੱਚ ਇਸ ਨੂੰ ਤਬਦੀਲ ਕਿਵੇਂ ਕਰ ਦਿੱਤਾ?*
ਇਸ ਸਬੰਧ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ (ਗੁਰੁਮਤ ਮਾਰਤੰਡ - ਪੰਨਾ ੩੩੧) ਸਪੱਸ਼ਟ ਨਿਰਣਾ ਦਿੱਤਾ ਗਿਆ ਹੈ ਕਿ ਹੁਣ ਇਹ ਪਾਠ ਕਈ ਸਿੱਖਾਂ ਨੇ ਆਪ ਹੀ ਮਨਘੜਤ ਬਣਾ ਲਿਆ ਹੈ। ਜਿਸ ਵਿੱਚ ਗਿਆਨੀ ਗਿਆਨ ਸਿੰਘ ਨੇ ਕੁਝ ਤਬਦੀਲੀਆਂ ਕੀਤੀਆਂ ਹਨ, ਜਿਵੇਂ -
*'ਗੁਰੂ ਖਾਲਸਾ ਮਾਨੀਅਹਿ'*
ਦੀ ਥਾਂ ਤੇ
*'ਗੁਰੂ ਗ੍ਰੰਥ ਜੀ ਮਾਨਯੋ'*
*'ਜੋ ਸਿਖ ਮੋ ਮਿਲਬੇ ਚਹਿਹ'*
ਦੀ ਥਾਂ ਤੇ
*'ਜੋ ਪ੍ਰਭ ਕੋ ਮਿਲਬੇ ਚਹਿਹ'*
*' ਖੋਜ ਇਨਹੁ ਮਹਿ ਲੇਹੁ'*
ਦੀ ਥਾਂ ਤੇ
*' ਖੋਜ ਸ਼ਬਦ ਮਹਿ ਲੇਹ'*
ਬੱਸ ਇਹੀ ਤਬਦੀਲੀਆਂ ਹੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਰੂਪ ਵਿੱਚ ਮੰਨਣ ਵਾਲੇ ਪਾਸੇ ਲਿਜਾਂਦੀਆਂ ਹਨ। ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਦੋਵਾਂ ਲਿਖਤਾਂ (ਭਾਈ ਪ੍ਰਹਿਲਾਦ ਸਿੰਘ - ਗਿਆਨੀ ਗਿਆਨ ਸਿੰਘ) ਵਿਚੋਂ ਸਿੱਖ ਵਿਚਾਰਧਾਰਾ ਅਨੁਸਾਰ ਕਸਵੱਟੀ ਉੱਪਰ ਪੂਰਾ ਕੌਣ ਉਤਰਦਾ ਹੈ ? 10 ਗੁਰੂ ਸਾਹਿਬਾਨ ਦੇ ਸਾਂਝੇ ਸਹਿਯੋਗ ਨਾਲ ਪ੍ਰਵਾਨ ਚੜ੍ਹੇ ਸਿੱਖ ਸਿਧਾਂਤ -
*" ਪੂਜਾ ਅਕਾਲ ਕੀ - ਪਰਚਾ ਸ਼ਬਦ ਕਾ - ਦੀਦਾਰ ਖਾਲਸੇ ਕਾ - ਆਤਮਾ ਗ੍ਰੰਥ ਵਿੱਚ - ਸਰੀਰ ਪੰਥ ਵਿੱਚ "* ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ *ਸ੍ਰੀ ਗੁਰੂ ਗ੍ਰੰਥ ਸਾਹਿਬ ਜੀ* ਵਿੱਚ ਦਰਜ ਪਾਵਨ ਗੁਰਬਾਣੀ ਦੇ ਹੁਕਮਾਂ ਉੱਪਰ ਭਾਈ ਪ੍ਰਹਿਲਾਦ ਸਿੰਘ ਜੀ ਦੇ ਉਚਾਰਨ ਕੀਤੇ ਗਏ ਬਚਨ ਪ੍ਰਤੱਖ ਰੂਪ ਵਿੱਚ ਪੂਰੇ ਉਤਰਦੇ ਹੋਏ ਸਾਹਮਣੇ ਆਉਂਦੇ ਹਨ।
ਭਾਈ ਪ੍ਰਹਿਲਾਦ ਸਿੰਘ ਵੱਲੋਂ ਰਚਿਤ ਦੋਹਿਰੇ ਅਨੁਸਾਰ ਸਰੀਰ ਕਰਕੇ ਖਾਲਸਾ ਹੀ ਸਤਿਗੁਰਾਂ ਦਾ ਪ੍ਰਗਟ ਰੂਪ ਹੈ, ਜੋ ਪੂਰੀ ਤਰ੍ਹਾਂ ਨਾਲ ਗੁਰਮਤਿ ਅਨੁਕੂਲਤਾ ਵਿੱਚ ਹੈ। ਜਿਵੇਂ ਸਾਡੀ ਸਿੱਖ ਮਰਯਾਦਾ ਹੈ ਕਿ ਆਤਮਿਕ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਾਹਿਬਾਨ ਸਤਿਗੁਰੂ ਜੀ ਦਾ ਸਰੀਰਕ ਰੂਪ ਵਿੱਚ ਪ੍ਰਤੀਨਿਧਤਵ ਕਰਦੇ ਹੋਏ ਅਭਿਲਾਖੀਆਂ ਨੂੰ ਖੰਡੇ ਬਾਟੇ ਦੀ ਪਾਹੁਲ (ਅੰਮ੍ਰਿਤਪਾਨ) ਵਾਲੀ ਬਖਸ਼ਿਸ਼ ਕਰਵਾਉਂਦੇ ਹਨ ਅਤੇ ਇਸੇ ਤਰ੍ਹਾਂ ਪੰਜ ਪਿਆਰੇ ਸਾਹਿਬਾਨ ਨਗਰ ਕੀਰਤਨ ਸਜਾਉਣ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹਾਜ਼ਰ ਸੰਗਤਾਂ ਦੇ ਅੱਗੇ-ਅੱਗੇ ਚੱਲਦੇ ਹਨ, ਜਿਸ ਦੁਆਰਾ ਗੁਰਮਤਿ ਸਿਧਾਂਤ *' ਆਤਮਾ ਗ੍ਰੰਥ ਵਿੱਚ - ਸਰੀਰ ਪੰਥ ਵਿੱਚ '* ਦਾ ਪ੍ਰੈਕਟੀਕਲ ਪ੍ਰਤੱਖ ਰੂਪ ਵਿੱਚ ਵਰਤਦਾ ਵਿਖਾਈ ਦਿੰਦਾ ਹੈ।
ਇਸ ਦੇ ਉਲਟ ਸ਼ਬਦ ਗੁਰੂ ਨੂੰ ਦੇਹ ਸਰੂਪ ਵਿੱਚ ਮੰਨਣ ਵਾਲੇ ਲੋਕਾਂ ਵੱਲੋਂ ਦਿੱਤੀ ਜਾਂਦੀ ਦਲੀਲ ਕਿ *ਸਾਡੇ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ "ਪ੍ਰਗਟ ਗੁਰਾਂ ਕੀ ਦੇਹ" ਰੂਪ ਮੰਨ ਕੇ ਪ੍ਰਾਪਤੀ ਕੀਤੀ ਹੈ* ਕੇਵਲ ਢੁੱਚਰਬਾਜ਼ੀ, ਅੰਧਵਿਸ਼ਵਾਸ਼, ਅਗਿਆਨਤਾ ਦੀ ਸ਼ਿਖਰ ਤੋਂ ਵੱਧ ਕੋਈ ਵੀ ਵਜ਼ਨ ਨਹੀਂ ਰੱਖਦੀ ਹੈ।
ਹੋ ਸਕਦਾ ਹੈ ਕਿ ਇਨ੍ਹਾਂ ਤਬਦੀਲੀਆਂ ਪਿੱਛੇ ਗਿਆਨੀ ਗਿਆਨ ਸਿੰਘ ਦੇ ਮਨ ਅੰਦਰਲੀ ਭਾਵਨਾ ਵਿੱਚ ਕੋਈ ਖੋਟ ਨਾ ਹੀ ਹੋਵੇ ਸਗੋਂ ਵਧਦੇ ਹੋਏ ਦੇਹਧਾਰੀ ਗੁਰੂ ਡੰਮ ਨੂੰ ਠੱਲ੍ਹ ਪਾਉਣ ਲਈ ਹੀ ਯਤਨ ਹੋਵੇ।.......
(ਚਲਦਾ - 6)
*ਜ਼ਰੂਰੀ ਬੇਨਤੀ*-- ਸਨਿਮਰ ਬੇਨਤੀ ਹੈ ਕਿ "ਪ੍ਰਗਟ ਗੁਰਾਂ ਕੀ ਦੇਹ...." ਦੇ ਸਿਰਲੇਖ ਹੇਠ ਇਸ ਲੇਖ ਲੜੀ ਦੇ ਲਿਖੇ ਜਾਣ ਵਾਲੇ ਸਾਰੇ ਭਾਗ ਜ਼ਰੂਰ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਕਿਉਂ ਕਿ ਉਸ ਉਪਰੰਤ ਹੀ ਅਸੀਂ ਗੁਰਮਤਿ ਅਨੁਸਾਰ ਸਹੀ ਨਿਰਣੇ ਤੇ ਪਹੁੰਚਣ ਦੇ ਸਮਰੱਥ ਬਣ ਸਕਾਂਗੇ ਜੀ।
*ਸੁਖਜੀਤ ਸਿੰਘ ਕਪੂਰਥਲਾ*
98720-76876
*******************
*ਨੋਟ -- ਇਸ ਲੇਖ ਨੂੰ ਗੁਰਮਤਿ ਪ੍ਰਚਾਰ-ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*