The Body of the Manifested Guru: Points to Consider -4
(ਨੋਟ -- ਇਸ ਲੇਖ ਲੜੀ ਨੂੰ ਜੋੜਨ ਲਈ ਪਹਿਲਾਂ ਭਾਗ -1,2,3 ਨੂੰ ਜ਼ਰੂਰ ਪੜ੍ਹੋ ਜੀ।)
ਅਜੋਕੇ ਸਮੇਂ ਜੇਕਰ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਪਰਖ ਕੇ ਵੇਖਿਆ ਜਾਵੇ ਤਾਂ ਬਾਹਰੀ ਤੌਰ ਤੇ ਸਿੱਖੀ ਭੇਖ ਵਿੱਚ ਵਿਚਰਣ ਵਾਲੇ ਪਾਖੰਡੀ ਬਾਬੇ, ਲੋਕਾਂ ਕੋਲੋਂ ਆਪਣੇ ਸਰੀਰਾਂ ਦੀ ਪੂਜਾ ਅਰਚਨਾ ਕਰਵਾਉਣ ਦੀ ਇੱਛਾ ਪੂਰਤੀ ਲਈ ਅਰਦਾਸ ਤੋਂ ਬਾਅਦ ਪੜੇ-ਗਾਏ ਜਾਂਦੇ ਤਿੰਨਾਂ ਦੋਹਰਿਆਂ ਵਿਚੋਂ ਦੂਜੇ ਦੋਹਿਰੇ ਦੀ ਪਹਿਲੀ ਲਾਈਨ "ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ" ਨੂੰ ਆਧਾਰ ਬਣਾ ਕੇ 10 ਗੁਰੂ ਸਾਹਿਬਾਨ ਵੱਲੋਂ 239 ਸਾਲਾਂ ਦੀ ਲੰਮੀ ਅਣਥੱਕ ਘਾਲਣਾ ਦੁਆਰਾ ਬਖਸ਼ਿਸ਼ ਸਿੱਖ ਧਰਮ ਦੇ ਮੂਲ ਸਿਧਾਂਤ "ਪੂਜਾ ਅਕਾਲ ਕੀ - ਪਰਚਾ ਸ਼ਬਦ ਕਾ - ਦੀਦਾਰ ਖਾਲਸੇ ਕਾ - ਆਤਮਾ ਗ੍ਰੰਥ ਵਿੱਚ - ਸਰੀਰ ਪੰਥ ਵਿੱਚ" ਦਾ ਪੂਰਨ ਰੂਪ ਵਿੱਚ ਸਪੱਸ਼ਟ ਉਲੰਘਣ ਕੀਤਾ ਜਾ ਰਿਹਾ, ਪ੍ਰਤੱਖ ਤੌਰ ਤੇ ਵਰਤਦਾ ਦਿਖਾਈ ਦਿੰਦਾ ਹੈ।
ਦੂਜੇ ਦੋਹਿਰੇ ਦੀ ਪਹਿਲੀ ਲਾਈਨ ਸਬੰਧੀ ਡਾ. ਜਸਵੰਤ ਸਿੰਘ ਨੇਕੀ ਜੀ ਵੱਲੋਂ ਆਪਣੀ ਪੁਸਤਕ "ਅਰਦਾਸ" ਵਿੱਚ ਲਿਖੇ ਗਏ ਵਿਚਾਰ ਧਿਆਨ ਗੋਚਰੇ ਲਿਆਉਣੇ ਅਸਲੀਅਤ ਨੂੰ ਸਮਝਣ ਲਈ ਲਾਹੇਵੰਦ ਰਹਿਣਗੇ -
" ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ' ਪ੍ਰਗਟ ਗੁਰਾਂ ਕੀ ਦੇਹ ' ਸਮਝਣਾ ਹੈ। ਇਹ ਗੱਲ ਗੁਰਮਤਿ ਸਿਧਾਂਤ ਅਨੁਸਾਰ ਸਹੀ ਨਹੀਂ, ਸੰਦੇਹ ਜਨਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਦੀ ਜੋਤਿ ਹੈ, ਦੇਹ ਨਹੀਂ। ਗੁਰੂ ਦਾ ਸਰੀਰਕ ਦੀਦਾਰ ਤਾਂ ਖ਼ਾਲਸੇ ਵਿੱਚ ਹੈ..... ਜਾਪਦਾ ਹੈ ' ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ ' ਵਾਲਾ ਦੋਹਿਰਾ ਦੇਹਧਾਰੀ ਗੁਰੂ ਦੇ ਸਿਧਾਂਤ ਨੂੰ ਰੱਦਣ ਵਾਸਤੇ ਪ੍ਰਚਲਿਤ ਕੀਤਾ ਗਿਆ।"
(ਪੰਨਾ 342-343)
ਉਪਰੋਕਤ ਵਿਚਾਰ ਤੋਂ ਬਿਲਕੁਲ ਸਪਸ਼ਟ ਹੈ ਕਿ ' ਪ੍ਰਗਟ ਗੁਰਾਂ ਕੀ ਦੇਹ ' ਵਾਲੇ ਸ਼ਬਦ ਜਿੱਥੇ ਦੇਹਧਾਰੀ ਗੁਰੂ ਡੰਮ ਦਾ ਸਪੱਸ਼ਟ ਵਿਰੋਧ ਤਾਂ ਕਰਦੇ ਹਨ ਪਰ ਉਸ ਦੇ ਨਾਲ-ਨਾਲ 'ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਨੂੰ ਦੇਹ ਆਖਣ ਦੀ ਭੁੱਲ ਵੀ ਕਰਦੇ ਹਨ।
ਮੌਜੂਦਾ ਸਮੇਂ ਪ੍ਰਚਲਿਤ ਗਿਆਨੀ ਗਿਆਨ ਸਿੰਘ ਜੀ ਵੱਲੋਂ 'ਪੰਥ ਪ੍ਰਕਾਸ਼' ਗ੍ਰੰਥ ਅੰਦਰ ਦਰਜ ਕੀਤੇ ਇਨ੍ਹਾਂ ਦੋਹਰਿਆਂ ਦੇ ਮੂਲ ਪਾਠ ਵੱਲ ਜਦੋਂ ਅਸੀਂ ਪੜਚੋਲ ਕਰਕੇ ਵੇਖਦੇ ਹਾਂ ਤਾਂ ਗੱਲ ਨਿਤਰ ਕੇ ਕੁਝ ਹੋਰ ਹੀ ਸਾਹਮਣੇ ਆ ਜਾਂਦੀ ਹੈ। ਇਸ 'ਪੰਥ ਪ੍ਰਕਾਸ਼' ਗ੍ਰੰਥ ਦੀ ਰਚਨਾ ਸਬੰਧੀ ' ਭਾਈ ਕਾਨ੍ਹ ਸਿੰਘ ਨਾਭਾ ' ਮਹਾਨ ਕੋਸ਼ ਵਿੱਚ ਲਿਖਦੇ ਹਨ -
" ਸ੍ਰ. ਰਤਨ ਸਿੰਘ ਭੰਗੂ ਜੀ (ਪੁੱਤਰ ਸ੍ਰ ਰਾਇ ਸਿੰਘ - ਪੋਤਰਾ ਸ੍ਰ ਮਹਿਤਾਬ ਸਿੰਘ ਮੀਰਾਂਕੋਟ) ਦੇ 'ਪੰਥ ਪ੍ਰਕਾਸ਼' ਦੀ ਕਵਿਤਾ ਛੰਦ ਸ਼ਾਸਤ੍ਰ ਦੇ ਨਿਯਮਾਂ ਅਨੁਸਾਰ ਨਾ ਦੇਖ ਕੇ ਲੌਂਗੋਵਾਲ ਨਿਵਾਸੀ ਗਯਾਨੀ ਗਯਾਨ ਸਿੰਘ ਜੀ ਨੇ ਉਸ ਵਿੱਚ ਬਹੁਤ ਪ੍ਰਸੰਗ ਹੋਰ ਮਿਲਾ ਕੇ ਸੰਮਤ ੧੯੨੪ (1867 ਈਸਵੀ) ਵਿੱਚ ਨਵਾਂ ਪੰਥ ਪ੍ਰਕਾਸ਼ ਰਚਿਆ, ਜਿਸ ਦੀ ਪਹਿਲੀ ਐਡੀਸ਼ਨ ੧੯੩੭ (1880 ਈਸਵੀ) ਵਿੱਚ ਛਪੀ ਹੈ।"
(ਪੰਨਾ 794)
ਮਹਾਨ ਕੋਸ਼ ਦੀ ਉਪਰੋਕਤ ਲਿਖਤ ਤੋਂ ਇਹ ਪੱਖ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਕਲਗੀਧਰ ਪਾਤਸ਼ਾਹ ਤੋਂ ਬਹੁਤ ਚਿਰ ਬਾਅਦ 19ਵੀਂ ਸਦੀ ਦੇ ਲਗਭਗ ਆਖਰੀ ਹਿੱਸੇ ਵਿੱਚ ਗਿਆਨੀ ਗਿਆਨ ਸਿੰਘ ਦੁਆਰਾ ' ਪੰਥ ਪ੍ਰਕਾਸ਼ ' ਦੀ ਰਚਨਾ ਕੀਤੀ ਗਈ।
ਇਸ ਦੇ ਉਲਟ ਇਹੀ ਦੋਹਿਰੇ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚ ਵੀ ਅੰਕਿਤ ਮਿਲਦੇ ਹਨ, ਜਿਨ੍ਹਾਂ ਦਾ ਸਵਰੂਪ ਉਥੇ ਕੁਝ ਹੋਰ ਹੈ। ਭਾਈ ਪ੍ਰਹਿਲਾਦ ਸਿੰਘ ਜੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਹੋਣ ਦੀ ਗੱਲ ਕਰਦੇ ਹੋਏ ਰਹਿਤਨਾਮਾ ਲਿਖਦੇ ਹਨ।
ਇਸ ਤੋਂ ਅਗਲੇ ਭਾਗ - 5 ਵਿੱਚ ਇਨ੍ਹਾਂ ਦੋਹਰਿਆਂ ਨੂੰ ਮੌਲਿਕ ਰੂਪ ਵਿੱਚ ਕਿਵੇਂ ਲਿਖਿਆ ਗਿਆ ਹੈ, ਨੂੰ ਸਹੀ ਗੁਰਮਤਿ ਸਿਧਾਂਤਾਂ ਅਨੁਸਾਰ ਸਮਝ ਕੇ ਕਿਹੜੀ ਸਿੱਖਿਆ ਲੈਣ ਦੀ ਲੋੜ ਹੈ, ਬਾਰੇ ਚਰਚਾ ਭਾਗ-5 ਵਿੱਚ ਕਰਾਂਗੇ।...
(ਚਲਦਾ - 5)
ਜ਼ਰੂਰੀ ਬੇਨਤੀ ---ਸਨਿਮਰ ਬੇਨਤੀ ਹੈ ਕਿ " ਪ੍ਰਗਟ ਗੁਰਾਂ ਕੀ ਦੇਹ...." ਦੇ ਸਿਰਲੇਖ ਹੇਠ ਇਸ ਲੇਖ ਲੜੀ ਦੇ ਲਿਖੇ ਜਾਣ ਵਾਲੇ ਸਾਰੇ ਭਾਗ ਜ਼ਰੂਰ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਕਿਉਂ ਕਿ ਉਸ ਉਪਰੰਤ ਹੀ ਅਸੀਂ ਗੁਰਮਤਿ ਅਨੁਸਾਰ ਸਹੀ ਨਿਰਣੇ ਤੇ ਪਹੁੰਚਣ ਦੇ ਸਮਰੱਥ ਬਣ ਸਕਾਂਗੇ ਜੀ।
*ਸੁਖਜੀਤ ਸਿੰਘ ਕਪੂਰਥਲਾ*
*98720-76876*
*****************
*ਨੋਟ --ਇਸ ਲੇਖ ਨੂੰ ਗੁਰਮਤਿ ਪ੍ਰਚਾਰ - ਪ੍ਰਸਾਰ ਹਿੱਤ ਅੱਗੇ ਹੋਰ ਗਰੁੱਪਾਂ ਵਿੱਚ ਭੇਜਣ/SHARE ਕਰਨ ਦੀ ਕਿਰਪਾਲਤਾ ਕਰਨੀ ਜੀ।*