Dhur Ki Bani Ai: Popular Meanings of Gurbani vs. Appropriate Usage -1
ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ । ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿਚ ਸਾਹਮਣੇ ਆ ਰਿਹਾ ਹੈ।
ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ 1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ ਵਿਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।
ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥
(ਸੋਰਠਿ ਮਹਲਾ ੫-੬੨੮)
ਵਿਚਾਰ- ਇਸ ਗੁਰਬਾਣੀ ਫੁਰਮਾਣ ਬਾਰੇ ਅਕਸਰ ਇਹ ਵਿਚਾਰ ਪ੍ਰਚਲਿਤ ਹੈ ਕਿ ਇਹ ਬਾਣੀ ਧੁਰ ਦਰਗਾਹ ਤੋਂ ਆਈ. ਭਾਵ ਬਾਣੀਕਾਰਾਂ ਦੇ ਰਾਹੀਂ ਨਾਜ਼ਲ ਹੋਈ ਹੈ। ਇਸ ਬਾਣੀ ਨੂੰ ਪੜ੍ਹਣ ਮੱਥਾ ਟੇਕਣ ਵਾਲਿਆਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
ਜੇਕਰ ਐਸਾ ਮੰਨ ਲਿਆ ਜਾਵੇ ਤਾਂ ਸਾਡੇ ਗ੍ਰੰਥੀ-ਪਾਠੀ ਸਿੰਘ ਅਤੇ ਸਿੱਖ ਜੋ ਇਸ ਬਾਣੀ ਨੂੰ ਅਕਸਰ ਪੜ੍ਹਦੇ-ਸੁਣਦੇ, ਮੱਥਾ ਟੇਕਦੇ ਹਨ, ਉਨ੍ਹਾਂ ਦੇ ਜੀਵਨ ਅੰਦਰ ਤਾਂ ਕੋਈ ਵੀ ਚਿੰਤਾ-ਫਿਕਰ ਰਹਿਣਾ ਹੀ ਨਹੀਂ ਚਾਹੀਦਾ, ਪਰ ਐਸਾ ਵਰਤਦਾ ਕਿਤੇ ਵੀ ਦਿਖਾਈ ਨਹੀਂ ਦਿੰਦਾ, ਸਗੋਂ ਇਹ ਦੂਸਰਿਆਂ ਤੋਂ ਵੀ ਵੱਧ ਚਿੰਤਾਤੁਰ ਦਿਖਾਈ ਦਿੰਦੇ ਹਨ। ਬਹੁਗਿਣਤੀ ਗ੍ਰੰਥੀ-ਪਾਠੀ ਸਿੰਘਾਂ ਲਈ ਇਹ ਕੇਵਲ ਉਪਜੀਵਕਾ ਦੇ ਸਾਧਨ ਤਕ ਹੀ ਸੀਮਤ ਹੈ। ਅੱਜ ਸਪੀਕਰਾਂ ਰਾਹੀਂ, ਟੀ.ਵੀ, ਇੰਟਰਨੈਟ ਆਦਿ ਦੀਆਂ ਅਜੋਕੀਆਂ ਸਹੂਲਤਾਂ ਰਾਹੀਂ ਜਿੰਨਾ ਬਾਣੀ ਪੜ੍ਹੀ -ਸੁਣੀ ਜਾ ਰਹੀ ਹੈ ਇਸ ਤੋਂ ਪਹਿਲਾਂ ਐਸਾ ਨਹੀਂ ਸੀ, ਪੁਰਾਤਨ ਸਮੇਂ ਦੇ ਗੁਰਸਿੱਖ ਅਜੋਕੇ ਸਮੇਂ ਦੇ ਸਿੱਖਾਂ ਵਾਂਗ ਇੰਨੇ ਚਿੰਤਾਤੁਰ ਨਹੀਂ ਸਨ। ਇਸ ਸਭ ਕੁਝ ਨੂੰ ਸਾਹਮਣੇ ਰੱਖਦੇ ਹੋਏ ਮਨ ਵਿਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਸ ਬਾਣੀ ਫੁਰਮਾਣ ਦਾ ਭਾਵ-ਅਰਥ ਕੁਝ ਹੋਰ ਹੋਵੇਗਾ ਜੋ ਸਮਝਣ ਦੀ ਲੋੜ ਹੈ। ਇਥੇ 'ਆਈ' ਸ਼ਬਦ ਦਾ ਅਰਥ ਬਾਣੀ ਦਾ ਆਉਣਾ ਨਹੀਂ ਸਗੋਂ ਬਾਣੀ ਦੇ ਉਪਦੇਸ਼ ਦਾ ਅਮਲੀ ਰੂਪ ਅੰਦਰ ਹਿਰਦੇ ਵਿਚ ਵਸ ਜਾਣਾ ਹੈ। ਇਸ ਫੁਰਮਾਣ ਦੇ ਪੂਰੇ ਅਰਥ ਇਸ ਰੂਪ ਵਿਚ ਸਮਝਣ ਦੀ ਲੋੜ
ਅਰਥ- ਪ੍ਰਮਾਤਮਾ ਦੀ ਸਿਫਤ -ਸਲਾਹ ਰੂਪੀ ਬਾਣੀ ਜਿਸ ਮਨੁੱਖ ਦੇ ਹਿਰਦੇ ਅੰਦਰ ਆ ਵੱਸੀ, ਉਸ ਦੇ ਜੀਵਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
(ਅ) ਪਰਮੇਸਰਿ ਦਿਤਾ ਬੰਨਾ॥ ਦੁਖ ਰੋਗ ਕਾ ਡੇਰਾ ਭੰਨਾ॥
(ਸੋਰਠਿ ਮਹਲਾ ੫-੬੨੭)
ਵਿਚਾਰ- ਇਸ ਫੁਰਮਾਣ ਅੰਦਰ ਆਏ ਸ਼ਬਦ ‘ਬੰਨਾ' ਦਾ ਅਰਥ ਅਕਸਰ ਹੀ ਪੁੱਤਰ ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਥੋਂ ਤਕ ਕਿ ਸਿੱਖ ਰਹਿਤ ਮਰਯਾਦਾ (ਪ੍ਰਕਾਸ਼ਕ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਅੰਦਰ 'ਜਨਮ ਅਤੇ ਨਾਮ ਸੰਸਕਾਰ' ਚੈਪਟਰ ਵਿਚ ਵੀ ਪੁੱਤਰ/ ਔਲਾਦ ਦੇ ਅਰਥ ਵਿਚ ਹੀ ਲਿਖ ਦਿਤਾ ਗਿਆ ਹੈ, ਜੋ ਕਿ ਕਿਸੇ ਵੀ ਤਰਾਂ ਯੋਗ ਨਹੀਂ ਹੈ। ਜੇਕਰ ਪ੍ਰਚਲਿਤ ਅਰਥਾਂ ਵਿਚ ਮੰਨ ਲਿਆ ਜਾਵੇ ਤਾਂ ਇਸ ਪੂਰੇ ਫੁਰਮਾਣ ਦਾ ਅਰਥ ਇਹ ਬਣੇਗਾ ਕਿ ਪ੍ਰਮੇਸ਼ਰ ਦੁਆਰਾ ਜਿਸ ਪ੍ਰਵਾਰ ਵਿਚ ਪੁੱਤਰ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਪ੍ਰਵਾਰ ਦੇ ਸਾਰੇ ਦੁੱਖ ਰੋਗ ਖਤਮ ਹੋ ਜਾਂਦੇ ਹਨ। ਜਦੋਂ ਕਿ ਅਸਲੀਅਤ ਵਿਚ ਸਾਡੇ ਸਮਾਜ ਅੰਦਰ ਐਸਾ ਵਾਪਰਦਾ ਕਿਤੇ ਘੱਟ ਹੀ ਦਿਖਾਈ ਦਿੰਦਾ ਹੈ। ਸਵਾਰਥ ਅਤੇ ਲੋਭ ਅਧੀਨ ਪੁੱਤਰ ਵਲੋਂ ਬਾਪ ਦਾ ਵੈਰੀ ਬਣ ਕੇ ਕਤਲ ਆਦਿ ਕਰ ਦੇਣ, ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿਚ ਰੁਲਣ ਲਈ ਮਜ਼ਬੂਰ ਕਰਨ ਵਰਗੀਆਂ ਦੁਰਘਟਨਾਵਾਂ ਵਾਪਰਦੀਆਂ ਅਕਸਰ ਦਿਖਾਈ ਦਿੰਦੀਆਂ ਹਨ। ਗੁਰਬਾਣੀ ਤਾਂ ਗਲਤ ਨਹੀਂ ਹੋ ਸਕਦੀ, ਇਹ ਹੋ ਸਕਦਾ ਹੈ ਕਿ ਇਸ ਦੇ ਸਹੀ ਭਾਵ-ਅਰਥ ਕੁਝ ਹੋਰ ਹੋਣਗੇ, ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇਥੇ ‘ਬੰਨਾ' ਸ਼ਬਦ ਦਾ ਅਰਥ-ਡੱਕਾ, ਰੁਕਾਵਟ, ਬੰਨ ਕਰਨਾ ਬਣਦਾ ਹੈ। ਇਸ ਫੁਰਮਾਣ ਦੇ ਸਹੀ ਅਰਥ ਇਸ ਤਰਾਂ ਕਰਨੇ ਬਣਦੇ ਹਨ-
ਅਰਥ- ਜਿਹੜੇ ਜੀਵ ਪ੍ਰਮ ਪਿਤਾ ਪ੍ਰਮੇਸ਼ਰ ਦੀ ਹੋਂਦ ਨੂੰ ਸਰਬ ਵਿਆਪਕ ਸਮਝਦੇ ਹੋਏ ਜੀਵਨ ਅੰਦਰ ਹਰ ਸਮੇਂ ਉਸਨੂੰ ਆਪਣੀ ਯਾਦ ਅੰਦਰ ਵਸਾ ਲੈਂਦੇ ਹਨ ਤਾਂ ਪ੍ਰਮੇਸ਼ਰ ਨੇ ਐਸੇ ਮਨੁੱਖ ਦੇ ਆਤਮਕ ਜੀਵਨ ਦੀ ਬਿਹਤਰੀ ਲਈ ਵਿਕਾਰਾਂ ਦੇ ਰਾਹ ਵਿਚ ਡੱਕਾ ਮਾਰ ਦਿਤਾ ਅਤੇ ਇਸ ਤਰਾਂ ਉਸ ਮਨੁੱਖ ਦੇ ਅੰਦਰੋਂ ਪ੍ਰਮੇਸ਼ਰ ਨੇ ਸਾਰੇ ਦੁਖਾਂ ਤੇ ਰੋਗਾਂ ਦਾ ਡੇਰਾ ਹੀ ਖਤਮ ਕਰ ਦਿਤਾ।
(ੲ) ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ॥ (ਵਾਰ ਰਾਮਕਲੀ ਸਲੋਕ ਮਹਲਾ ੫-੯੫੭)
ਵਿਚਾਰ :- ਇਹ ਗੁਰਬਾਣੀ ਫੁਰਮਾਣ ਸਾਨੂੰ ਅਕਸਰ ਹੀ ਵਿਆਹ ਸ਼ਾਦੀਆਂ ਦੇ ਕਾਰਡਾਂ ਉਪਰ ਲਿਖਿਆ ਪੜ੍ਹਣ ਨੂੰ ਮਿਲਦਾ ਹੈ। ਇਥੇ ਲਿਖਣ ਦਾ ਕਾਰਣ ਇਸ ਵਿਚ ਆਇਆ ਸ਼ਬਦ 'ਸੰਜੋਗੁ' ਹੈ। ਇਸ ਨੂੰ ਵਿਆਹ ਸ਼ਾਦੀਆਂ ਨਾਲ ਸਬੰਧਿਤ ਪ੍ਰਚਲਿਤ ਅਰਥ- ਕਿ ਵਿਆਹ ਵਾਲੇ ਲਾੜੇ-ਲਾੜੀ ਦਾ ਸੰਜੋਗ ਧੁਰ ਦਰਗਾਹ ਤੋਂ ਹੀ ਬਣਿਆ ਹੋਇਆ ਸੀ, ਹੁਣ ਸਤਿਗੁਰੂ ਨੇ ਕ੍ਰਿਪਾ ਕਰਕੇ ਇਨ੍ਹਾਂ ਨੂੰ ਆਪਸ ਵਿਚ ਮਿਲਾਉਣ ਰੂਪੀ ਸੰਜੋਗ ਕਰਕੇ ਪ੍ਰਵਾਨ ਚੜਾ ਦਿਤਾ ਹੈ। ਇਸ ਪੱਖ ਉਪਰ ਜਦੋਂ ਕਿਸੇ ਨਾਲ ਗੱਲ ਕਰੀਏ ਤਾਂ ਗੁਰਬਾਣੀ ਪ੍ਰਤੀ ਅਧੂਰੀ ਜਾਣਕਾਰੀ ਰੱਖਣ ਵਾਲੇ ਅੱਗੋਂ 'ਸੰਜੋਗੁ ਵਿਜੋਗੁ ਧੁਰਹੁ ਹੀ ਹੂਆ' (੧੦੦੭) ਹੋਰ ਗੁਰਬਾਣੀ ਫੁਰਮਾਣ ਸੁਣਾ ਦਿੰਦੇ ਹਨ। ਜਦੋਂ ਕਿ ਇਸ ਫੁਰਮਾਣ ਵਿਚ ਵਿਆਹ ਰੂਪੀ ਸੰਜੋਗ (ਮਿਲਾਪ) ਅਤੇ ਵਿਜੋਗ (ਤਲਾਕ) ਰੂਪੀ ਵਿਛੋੜੇ ਦੀ ਕੋਈ ਵੀ ਗੱਲ ਨਹੀਂ ਹੈ ਸਗੋਂ ਇਥੇ ਤਾਂ ਸਹੀ ਅਰਥ ਬਣਦਾ ਹੈ ਕਿ ਜੀਵ ਆਤਮਾ ਅਤੇ ਸਰੀਰ ਦਾ ਮਿਲਾਪ (ਜੀਵਨ) ਅਤੇ ਵਿਛੋੜਾ (ਮੌਤ) ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਇਸ ਦੇ ਨਾਲ -ਨਾਲ ਇਹ ਵੀ ਗੱਲ ਧਿਆਨ ਵਿਚ ਰੱਖਣ ਯੋਗ ਹੈ ਕਿ ਗੁਰਬਾਣੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਾਨੂੰ ਸੱਦਾ ਪੱਤਰਾਂ/ ਕਾਰਡਾਂ ਉਪਰ ਗੁਰਬਾਣੀ ਲਿਖਣ ਤੋਂ ਬਿਲਕੁਲ ਸੰਕੋਚ ਕਰਨਾ ਚਾਹੀਦਾ ਹੈ। ਇਸ ਗੁਰਬਾਣੀ ਫੁਰਮਾਣ ਦੇ ਸਹੀ ਅਰਥ ਸਮਝਣ ਲਈ ਸਾਨੂੰ ਪੂਰੇ ਸਲੋਕ ਨੂੰ ਧਿਆਨ ਗੋਚਰੇ ਰੱਖਣਾ ਹੋਵੇਗਾ-
ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈ ਡੀਠੁ॥ ਦਰਗਹ ਕਾ ਬਸੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਹਰਿ ਨਾਮੋ ਮੰਤ੍ਰ ਦ੍ਰਿੜਾਇਦਾ ਕਟੇ ਹਉਮੈ ਰੋਗੁ॥ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
(ਵਾਰ ਰਾਮਕਲੀ- ਸਲੋਕ ਮਹਲਾ ੫-੯੫੭)
ਅਰਥ:- ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਹੀ ਮੈਂ ਅੱਖੀਂ ਵੇਖ ਲਿਆ ਹੈ। ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿਛੜਿਆਂ ਨੂੰ ਮੁੜ ਪ੍ਰਭੂ ਨਾਲ ਮਿਲਾ ਦਿੰਦਾ ਹੈ। ਪ੍ਰਭੂ ਦੇ ਨਾਮ ਸਿਮਰਨ ਦਾ ਉਪਦੇਸ਼ ਜੀਵ ਦੇ ਹਿਰਦੇ ਵਿਚ ਪੱਕਾ ਕਰ ਦਿੰਦਾ ਹੈ ਤੇ ਇਸ ਤਰਾਂ ਉਸ ਦਾ ਹਉਮੈ ਦਾ ਰੋਗ ਦੂਰ ਕਰ ਦਿੰਦਾ ਹੈ। ਪਰ ਹੇ ਨਾਨਕ ! ਪ੍ਰਭੂ ਉਨ੍ਹਾਂ ਨੂੰ ਹੀ ਗੁਰੂ ਮਿਲਾਉਂਦਾ ਹੈ, ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ।
ਪੂਰੇ ਸਲੋਕ ਦੇ ਅਰਥਾਂ ਵਿਚੋਂ ਸਪਸ਼ਟ ਹੋ ਜਾਂਦਾ ਹੈ ਕਿ ਇਥੇ ਕਿਸੇ ਵੀ ਤਰਾਂ ਵਿਆਹ ਵਾਲੇ ਲੜਕੇ-ਲੜਕੀ ਦੇ ਸੰਜੋਗ ਦੀ ਗੱਲ ਨਹੀਂ ਹੈ ਸਗੋਂ ਪ੍ਰਮੇਸ਼ਰ ਵਲੋਂ ਕ੍ਰਿਪਾ ਕਰਦੇ ਹੋਏ ਪੂਰੇ ਗੁਰੂ ਭਾਵ ਸਤਿਗੁਰੂ ਦੇ ਮਿਲਾਪ ਦੀ ਗੱਲ ਕੀਤੀ ਗਈ ਹੈ।
ਇਸ ਲੇਖ ਰਾਹੀਂ ਦਿਤੇ ਗਏ 3 ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰ੍ਹਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿਚ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ' (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।
ਸੁਖਜੀਤ ਸਿੰਘ ਕਪੂਰਥਲਾ
(ਗੁਰਮਤਿ ਪ੍ਰਚਾਰਕ/ਕਥਾ
ਵਾਚਕ/ਲੇਖਕ)
(98720-76876, 01822-276876)