ਪੁਤੀ ਗੰਢੁ ਪਵੈ ਸੰਸਾਰਿ: (ਗੁਰਬਾਣੀ ਦੀ ਪ੍ਰਚਲਿਤ/ ਸਹੀ ਵਰਤੋਂ, ਭਾਗ -2)

25 Jan 2026 | 271 Views

ਪੁਤੀ ਗੰਢੁ ਪਵੈ ਸੰਸਾਰਿ: (ਗੁਰਬਾਣੀ ਦੀ ਪ੍ਰਚਲਿਤ/ ਸਹੀ ਵਰਤੋਂ, ਭਾਗ -2)

Puti Gandu Pvai Sansari: (Common/Correct Usage of Gurbani, Part-2)

 

 

 ਪੁਤੀ ਗੰਢੁ ਪਵੈ ਸੰਸਾਰਿ॥

(ਵਾਰ ਮਾਝ- ਮ १-१४३)

 

ਵਿਚਾਰ :- ਇਸ ਗੁਰਬਾਣੀ ਫੁਰਮਾਣ ਦੀ ਵਰਤੋਂ ਅਕਸਰ ਹੀ ਪੁੱਤਰ ਦੀ ਪ੍ਰਾਪਤੀ ਦੇ ਸਬੰਧ ਵਿਚਲੀ ਇਛਾ ਹਿਤ ਕੀਤੀ ਜਾਂਦੀ ਹੈ। ਸਾਡੇ ਬਹੁਤ ਸਾਰੇ ਪ੍ਰਚਾਰਕਾਂ, ਢਾਢੀਆਂ, ਕਵੀਸ਼ਰਾਂ ਆਦਿ ਵਲੋਂ ਆਪਣੇ ਮਾਇਆ ਦੇ ਲੋਭ ਰੂਪੀ ਸਵਾਰਥ ਅਧੀਨ ਸਮਾਜ ਅੰਦਰ ਪ੍ਰਚਲਿਤ ਪੁੱਤਰ ਪ੍ਰਾਪਤੀ ਦੀ ਇਛਾ ਨੂੰ ਸਾਹਮਣੇ ਰੱਖਦੇ ਹੋਏ ਸੰਗਤਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਕੇ ਉਨ੍ਹਾਂ ਪਾਸੋਂ ਵਧ ਮਾਇਆ ਦੀ ਪੂਰਤੀ ਦੀ ਆਸ ਨਾਲ ਕੀਤੀ ਜਾਂਦੀ ਹੈ। ਪਰ ਐਸਾ ਕਰਨ ਵਾਲੇ ਇਹ ਕਦੀ ਵੀ ਨਹੀਂ ਸੋਚਦੇ ਕਿ ਇਸ ਤਰਾਂ ਕਰਨ ਨਾਲ ਅਛੋਪਲੇ ਦੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੁੰਦੀ ਹੈ ਕਿ ਧੀ ਨੂੰ ਤ੍ਰਿਸਕਾਰ ਕੇ ਪੁੱਤਰ ਪ੍ਰਾਪਤੀ ਨੂੰ ਪ੍ਰਮੁੱਖਤਾ ਦਿਤੀ ਜਾਂਦੀ ਹੈ। ਵਿਚਾਰਣ ਵਾਲਾ ਪੱਖ ਇਹ ਹੈ ਕਿ ਇਸਤਰੀ ਨੂੰ ਸਮਾਜ ਵਿਚ ਮਰਦ ਨਾਲ ਬਰਾਬਰਤਾ ਦਾ ਮਾਣ-ਸਤਿਕਾਰ ਦਿਵਾਉਣ ਹਿਤ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' (੪੭੩) ਕਹਿਣ ਵਾਲੇ ਗੁਰੂ ਨਾਨਕ ਸਾਹਿਬ ਧੀ ਨਾਲੋਂ ਪੁੱਤਰ ਨੂੰ ਵੱਧ ਮਾਣ ਦੇਣ ਵਾਲਾ ਫੁਰਮਾਣ ਕਿਵੇਂ ਉਚਾਰ ਸਕਦੇ ਹਨ ? ਗੁਰੂ ਸਾਹਿਬਾਨ ਬਾਰੇ ਐਸਾ ਸੋਚਣਾ ਵੀ ਨਿੰਦਿਤ ਹੈ। ਗੁਰਬਾਣੀ ਅੰਦਰ ਕਿਤੇ ਵੀ ਵਿਚਾਰਾਂ ਦਾ ਸਵੈ-ਵਿਰੋਧ ਨਹੀਂ ਹੈ, ਸਾਡੇ ਸਮਝਣ ਵਿਚ ਘਾਟ ਹੋਣ ਕਾਰਣ ਐਸਾ ਲੱਗਦਾ ਪ੍ਰਤੀਤ ਹੋ ਸਕਦਾ ਹੈ। ਅਕਸਰ ਹੀ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਇਕ ਜਾਂ ਦੋ ਪੰਕਤੀਆਂ ਨੂੰ ਲੈ ਕੇ ਅਰਥ ਕਰਦੇ ਹਾਂ ਤਾਂ ਅਰਥਾਂ ਦੇ ਅਨਰਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਸਹੀ ਅਰਥ ਭਾਵ ਸਮਝਣ ਲਈ ਪੂਰੇ ਸ਼ਬਦ-ਸਲੋਕ ਦੇ ਪਰਿਖੇਪ ਵਿਚ ਅਰਥ ਕਰਨ ਦੀ ਜ਼ਰੂਰਤ ਹੁੰਦੀ ਹੈ। ਪੂਰਾ ਸਲੋਕ ਇਸ ਤਰਾਂ ਹੈ-

 

ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀ ਗੰਢੁ ਪਵੈ ਸੰਸਾਰਿ॥ ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥ ਕਾਲਾ ਗੰਢੁ ਨਦੀਆ ਮੀਹ ਝੋਲ ॥ ਗੰਢੁ ਪਰੀਤੀ ਮਿਠੇ ਬੋਲ॥ ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਇ॥ ਏਤੁ ਗੰਢਿ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥੨॥

(ਵਾਰ ਮਾਝ- ਮਹਲਾ ੧-੧੪੩)

 

ਅਰਥ :- ਜੇ ਕੈਂਹ, ਸੋਨਾ ਜਾਂ ਲੋਹਾ ਟੁੱਟ ਜਾਏ ਤਾਂ ਅੱਗ ਨਾਲ ਲੋਹਾਰ ਆਦਿਕ ਗਾਂਢਾ ਲਾ ਦਿੰਦਾ ਹੈ। ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ ਤਾਂ ਜਗਤ ਵਿਚ ਇਨ੍ਹਾਂ ਦਾ ਜੋੜ ਪੁੱਤਰਾਂ (ਔਲਾਦ) ਰਾਹੀਂ ਬਣਦਾ ਹੈ। ਰਾਜਾ ਪਰਜਾ ਪਾਸੋਂ ਮਾਮਲਾ ਮੰਗਦਾ ਹੈ, ਨਾ ਦਿਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ ਦਿਤਿਆਂ ਰਾਜਾ ਪਰਜਾ ਦਾ ਮੇਲ ਬਣਦਾ ਹੈ। ਭੁੱਖ ਨਾਲ ਆਤੁਰ ਹੋਏ ਬੰਦੇ ਦਾ ਆਪਣੇ ਸਰੀਰ ਨਾਲ ਤਾਂ ਹੀ ਸਬੰਧ ਬਣਿਆ ਰਹਿੰਦਾ ਹੈ ਜੇ ਉਹ ਰੋਟੀ ਖਾਏ। ਕਾਲਾਂ (ਸੋਕੇ) ਨੂੰ ਗੰਢ ਪੈਂਦੀ ਹੈ ਭਾਵ ਕਾਲ ਮੁੱਕ ਜਾਂਦੇ ਹਨ ਜੇ ਬਹੁਤ ਮੀਂਹ ਪੈ ਕੇ ਨਦੀਆਂ ਚੱਲਣ। ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ ਭਾਵ ਪਿਆਰ ਪੈਦਾ ਹੁੰਦਾ ਹੈ। ਵੇਦ ਆਦਿਕ ਧਰਮ ਪੁਸਤਕਾਂ ਨਾਲ ਮਨੁੱਖ ਦਾ ਤਦੋਂ ਜੋੜ ਜੁੜਦਾ ਹੈ ਜੇ ਮਨੁੱਖ ਸੱਚ ਬੋਲੇ। ਮੋਏ ਬੰਦਿਆਂ ਦਾ ਜਗਤ ਨਾਲ ਸਬੰਧ ਬਣਿਆ ਰਹਿੰਦਾ ਹੈ ਭਾਵ ਪਿਛੋਂ ਲੋਕ ਯਾਦ ਕਰਦੇ ਹਨ, ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ। ਸੋ ਇਸ ਤਰਾਂ ਦੇ ਸਬੰਧ ਨਾਲ ਜਗਤ ਦਾ ਵਿਹਾਰ ਚੱਲਦਾ ਹੈ। ਮੂੰਹ ਤੇ ਮਾਰ ਪਿਆ ਮੂਰਖ ਦੇ ਮੂਰਖ-ਪੁਣੇ ਨੂੰ ਰੋਕ ਪੈਂਦੀ ਹੈ। ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪ੍ਰਮਾਤਮਾ ਦੀ ਸਿਫਤ-ਸਲਾਹ ਰਾਹੀਂ ਪ੍ਰਭੂ ਦੇ ਦਰਬਾਰ ਵਿਚ ਆਦਰ-ਪਿਆਰ ਦਾ ਜੋੜ ਜੁੜਦਾ ਹੈ।

 

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ‘ਪੁਤੀ ਗੰਢੁ ਪਵੈ ਸੰਸਾਰਿ' ਦੇ ਅਰਥ ਉਹ ਨਹੀਂ ਜੋ ਅਸੀਂ ਕਰਦੇ ਸੁਣਦੇ ਹਾਂ, ਸਗੋਂ ਔਲਾਦ ਦੇ ਅਰਥਾਂ ਵਿਚ ਹਨ ਕਿ ਮਾਤਾ-ਪਿਤਾ ਵਿਚ ਅਣਬਣ ਹੋ ਜਾਣ ਤੇ ਔਲਾਦ ਉਨ੍ਹਾਂ ਨੂੰ ਮੁੜ ਜੋੜਣ ਵਿਚ ਸਹਾਇਕ ਬਣਦੀ ਹੈ।

ਲੇਖਕ: ਸੁਖਜੀਤ ਸਿੰਘ ਕਪੂਰਥਲਾ 

98720-76876

 

 

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 25 Jan 2026

Gurpreet Singh Sandhu
+91 9592669498
📣 Share this post

Latest News

View all