Ten famous blessings of Guru Gobind Singh Ji
ਇਨ੍ਹਾਂ ਬਖ਼ਸ਼ੀਸ਼ਾਂ ਨੂੰ ਪੜ੍ਹ ਸੁਣ ਕੇ ਜੋ ਫਤਹਿ ਬੁਲਾਵੇ ਨਿਹਾਲ ਨਿਹਾਲ ਨਿਹਾਲ ਹੋ ਜਾਵੇ, ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇ।
ਗੁਰੂ ਕਲਗੀਧਰ ਪਿਤਾ ਜੀ ਨੇ ਨਿਰਮਲੇ ਮਹਾਂਪੁਰਖਾਂ ਦੀ ਕਰਨੀ, ਘਾਲਣਾ, ਸਿਮਰਨ, ਜਪ, ਤਪ, ਵਿਦਿਆ, ਵਿਵੇਕ, ਸਬਰ, ਸੰਤੋਖ, ਤਿਆਗ ਵੇਖ ਕੇ ਸਮੇਂ-ਸਮੇਂ ਪ੍ਰਸੰਨਤਾ ਵਿਚ ਕਈ ਵਾਰ ਆਸ਼ੀਰਵਾਦ/ਵਰਦਾਨ ਬਖਸ਼ੇ ਹਨ ਜਿਨ੍ਹਾਂ ਵਿਚੋਂ ਸਤਿਗੁਰੂ ਜੀ ਦੇ ਦਸ ਆਸ਼ੀਰਵਾਦ ਪ੍ਰਸਿੱਧ ਹਨ। ਇਨ੍ਹਾਂ ਨੂੰ ਨਿਰਮਲ ਭੇਖ ਵਿਚ ਦਸ ਬਖ਼ਸ਼ੀਸ਼ਾਂ ਕਿਹਾ ਜਾਂਦਾ ਹੈ। ਇਨ੍ਹਾਂ ਦਸ ਬਖ਼ਸ਼ੀਸ਼ਾਂ ਵਿਚੋਂ ਕਈ ਬਖ਼ਸ਼ੀਸ਼ਾਂ ਦਾ 'ਸਰਬ ਲੋਹ ਪ੍ਰਕਾਸ਼' ਗ੍ਰੰਥ ਵਿਚ ਵਿਸਤਾਰ ਪੂਰਵਕ ਵਰਣਨ ਆਇਆ ਹੈ।
ਪਹਿਲੀ ਬਖ਼ਸ਼ੀਸ਼
ਪੰਜੇ ਨਿਰਮਲੇ ਵਿਦਵਾਨ ਮਹਾਂਪੁਰਖਾਂ ਦਾ ਸਤੋਗੁਣੀ, ਸ਼ੀਲ ਸੁਭਾਅ, ਵਿਵੇਕ ਬੁੱਧੀ, ਗਿਆਨ, ਨਿਮਰਤਾ ਵੇਖ ਕੇ ਸਤਿਗੁਰੂ ਜੀ ਨੇ ਕ੍ਰਿਪਾ ਦੁਆਰਾ ਅਨੇਕ ਵਰਦਾਨ ਬਖ਼ਸ਼ਦਿਆਂ ਨੇ ਇਹ ਬਖ਼ਸ਼ੀਸ਼ ਬਖ਼ਸ਼ੀ ।
ਕਾਹੂੰ ਸੇ ਨਾ ਰਾਖੇ ਰਾਗ, ਦਵੈਖ ਹੂੰ ਨਾ ਕਾਹੂੰ ਸੰਗ, ਲੋਕ ਕੁਲ ਲਾਜ ਖਟ ਖਟੋ ਜਿਨ ਨਾ ਕੋ ਹੈ।
ਨਿੰਮ੍ਰਤਾ ਸੋ ਭਰੇ ਰਿਦੇ ਨਿਪੁੰਨਤਾ ਧਰੇ ਹਰੇ, ਰਾਮ ਕ੍ਰਿਸ਼ਨ ਹਰੇ ਪਾਰਬ੍ਰਹਮ ਬੋਧ ਜਾ ਕੋ ਹੈ।
ਨਿਗਮ ਪ੍ਰਵਾਹ ਨਿਤਯ ਜਿਨ ਕੇ ਨਿਹਾਲ ਸਿੰਘ, ਗਿਰਾ ਗੁਰੂ ਗ੍ਰੰਥ ਕੀ ਮੈਂ ਜਾਂ ਕੋ ਪ੍ਰੇਮ ਬਾਕੋ ਹੈ।
ਨਿਤਾਪ੍ਰਤਿ ਨਿਰੋਪਾਧਿ ਅਹੰਬ੍ਰਹਮ ਬੋਧ ਜਾ ਕੇ, ਦੈਤ ਮਲ ਕਟੀ ਨਿਰਮਲੇ ਨਾਮ ਯਾ ਕੋ ਹੈ।
ਨਿਰਮਲ ਪੰਥ ਦੋ ਰੂਪਾਂ ਵਿਚ ਪ੍ਰਸਿੱਧ ਰਹੇਗਾ। ਭਗਤੀ ਮਾਰਗ ਦੁਆਰਾ ਅੰਤ੍ਰੀਵ ਗਿਆਨ ਦੀ ਖੜਗ ਹਾਸਲ ਕਰਕੇ ਕਾਮ, ਕ੍ਰੋਧ, ਈਰਖਾ, ਲੋਭ, ਮੋਹ, ਅਹੰਕਾਰ, ਦੈਤ, ਅਸੁਰੀ ਸੰਪਦਾ ਦਾ ਨਾਸ ਕਰੇਗਾ। ਜੋ ਕਿਸੇ ਨਾਲ ਵੀ ਰਾਗ ਦਵੈਸ਼ ਨਹੀਂ ਕਰੇਗਾ; ਸਾਰੀ ਮਨੁੱਖਤਾ ਨੂੰ ਨਿਮਰਤਾ ਪੂਰਵਕ ਨਾਮ ਬਾਣੀ ਨਾਲ ਜੋੜੇਗਾ। ਸਰਬੱਤ ਪ੍ਰਾਣੀ-ਮਾਤ੍ਰ ਨੂੰ ਆਪਣੀ ਹੀ ਆਤਮਾ ਮੰਨੇਗਾ ਅਤੇ ਮੰਨਨ ਕਰਵਾਏਗਾ। ਗਿਆਨ ਦੀ 'ਬਢਨੀ' ਦੁਆਰਾ ਕੂੜ ਦੇ ਕੂੜੇ ਨੂੰ ਸਾਫ਼ ਕਰੇਗਾ। ਇਹ ਵਰਦਾਨ ਗੁਰੂ ਕਲਗੀਧਰ ਸਵਾਮੀ ਨੇ ਬਖ਼ਸ਼ੇ।
ਦੂਸਰੀ ਬਖ਼ਸ਼ੀਸ਼
ਇਕ ਵਾਰ ਦਸਮ ਗੁਰੂ ਜੀ ਨੇ ਭਗਵੇਂ ਵਸਤਰ ਪਹਿਨ ਕੇ ਸਾਧੂ ਦਾ ਰੂਪ ਧਾਰਨ ਕਰਕੇ ਆਨੰਦਪੁਰ ਵਿਚ ਚੱਲ ਰਹੇ ਸਾਰੇ ਲੰਗਰਾਂ ਦੀ ਪਰਖ ਕੀਤੀ ਸੀ। ਦੂਸਰੇ ਦਿਨ ਭਗਵੇਂ ਵਸਤਰ ਨਿਰਮਲੇ ਸੰਤਾਂ ਨੂੰ ਬਖਸ਼ ਦਿੱਤੇ ਸਨ।
ਤੀਸਰੀ ਬਖ਼ਸ਼ੀਸ਼
ਇੱਕ ਵਾਰ ਕਲਗੀਧਰ ਸਵਾਮੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਦੇ ਕੜਾਹੇ ਕੱਢ ਕੇ ਸੰਗਤ ਨੂੰ ਲੁੱਟਣ ਦੀ ਆਗਿਆ ਕੀਤੀ। ਸੰਗਤ ਲੁੱਟਣ ਲੱਗੀ। ਕੁਝ ਸਿੰਘ ਆਰਾਮ ਨਾਲ ਸ਼ਾਂਤ, ਇਕਾਗਰ ਚਿੱਤ ਬੈਠੇ ਰਹੇ। ਗੁਰੂ ਜੀ ਨੇ ਪ੍ਰਸੰਨਤਾ ਨਾਲ ਫ਼ਰਮਾਇਆ, "ਨਿਰਮਲੇ ਸੰਤਾਂ ਨੇ ਸਿੱਖੀ ਵਿਚ ਸੰਤੋਖ ਦਾ ਬੀਜ ਰੱਖ ਲਿਆ ਹੈ।"
ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ :
ਇਹੁ ਸੰਤੋਖੀ ਸਿੱਖ ਹਮਾਰੇ । ਸਤੋ ਗੁਨੀ ਯਾਨੀ ਸਵਿਚਾਰੇ । ਬੀਜ ਸਬਰ ਸੰਤੋਖਹਿਂ ਕੇਰਾ। ਪਰਯੋ ਹਮ ਇਨ ਰਜੋ ਬਧੇਰਾ ॥੬੬॥ ਨਿਰਮਲ ਉਰ ਇਹੁ ਭਏ ਨਿਰਮਲੇ । ਹਰਿ ਗੁਰ ਭਗਤ ਬ੍ਰਿਕਤ ਪਿਰਮਿਲੇ । ਪੰਥ ਨਿਰਮਲਾ ਇਹੁ ਮਮ ਚਾਲੈ । ਪੂਜਨੀਯ ਸਭਿ ਹੇਤ ਬਿਸਾਲੈ ॥੬੭॥
(ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ 2790)
ਚੌਥੀ ਬਖ਼ਸ਼ੀਸ਼
ਇੱਕ ਦਿਨ ਦਸਮ ਪਾਤਸ਼ਾਹ ਨੇ ਆਨੰਦਪੁਰ ਦੇ ਸਾਰੇ ਸਿੱਖਾਂ ਦੇ ਡੇਰਿਆਂ ਦੀ ਅੰਮ੍ਰਿਤ ਵੇਲੇ ਗੁਪਤ ਪੜਤਾਲ ਕੀਤੀ। ਵੇਖਿਆ-ਕੋਈ ਸੁੱਤਾ ਪਿਆ ਸੀ, ਕੋਈ ਗੱਪਾਂ ਮਾਰ ਰਿਹਾ ਸੀ । ਕੇਵਲ ਇੱਕ ਡੇਰੇ ਵਿਚ ਸਿੱਖ ਸਿਮਰਨ, ਨਿਤਨੇਮ, ਬਾਣੀ ਪੜ੍ਹਦੇ ਵੇਖੇ ਗਏ।
ਬਾਅਦ ਵਿਚ ਗੁਰੂ ਜੀ ਨੇ ਦੀਵਾਨ ਵਿਚ ਕਿਹਾ, "ਅੱਜ ਅਸੀਂ ਆਲਸ ਤੋਂ ਰਹਿਤ ਕੇਵਲ ਨਿਰਮਲੇ ਸੰਤਾਂ ਨੂੰ ਵੇਖਿਆ ਹੈ, ਜੋ ਸਾਵਧਾਨ ਹੋ ਕੇ ਨਿਤਨੇਮ ਕਰਨ ਵਿਚ ਲੱਗੇ ਹੋਏ ਸਨ।”
ਪੰਜਵੀਂ ਬਖ਼ਸ਼ੀਸ਼
ਇਕ ਦਿਨ ਆਨੰਦਪੁਰ ਵਿਚ ਤਮਾਸ਼ੇ ਵਾਲੇ ਨੱਟ ਆਏ। ਸਭ ਤਮਾਸ਼ਾ ਵੇਖਣ ਗਏ। ਗੁਰੂ ਜੀ ਨੇ ਪੜਤਾਲ ਕੀਤੀ ਤਾਂ 17 ਨਿਰਮਲੇ ਸੰਤ ਆਪਣੇ ਪਠਨ-ਪਾਠਨ/ਅਧਿਐਨ, ਸਿਮਰਨ ਵਿਚ ਲੱਗੇ ਹੋਏ ਵੇਖੇ ਗਏ।
ਸਤਿਗੁਰੂ ਜੀ ਫ਼ਰਮਾਇਆ, "ਜਗਤ ਤਮਾਸ਼ੇ ਨੂੰ ਅਸੱਤ ਮੰਨਣ ਵਾਲੇ ਕੇਵਲ ਨਿਰਮਲੇ ਸੰਤ ਹਨ ਜਿਨ੍ਹਾਂ ਦੇ ਮਨ ਇਕਾਗਰ ਹਨ। ਇਸ ਕਰਕੇ ਨਿਰਮਲੇ ਸੰਤਾਂ ਦੇ ਕਾਰਣ ਪੰਥ ਦੀ ਸਦਾ ਸ਼ੋਭਾ ਬਣੇਗੀ।”
ਛੇਵੀਂ ਬਖ਼ਸ਼ੀਸ਼
ਇੱਕ ਵਾਰ ਗੁਰੂ ਦਸਮ ਪਿਤਾ ਦੇ ਸੇਵਾਦਾਰ ਨਿਰਮਲੇ ਸੰਤ ਭਾਈ ਚੰਦਨ ਸਿੰਘ ਦਾ ਸਮਾਨ ਚੋਰ ਚੋਰੀ ਕਰਕੇ ਲੈ ਗਿਆ ਪਰ ਛੇਤੀ ਫੜ੍ਹ ਲਿਆ ਗਿਆ ਅਤੇ ਸਤਿਗੁਰੂ ਜੀ ਦੇ ਹਾਜ਼ਿਰ ਕੀਤਾ ਗਿਆ। ਗੁਰੂ ਜੀ ਨੇ ਚੰਦਨ ਸਿੰਘ ਨੂੰ ਬੁਲਾ ਕੇ ਪੁੱਛਿਆ, "ਚੋਰ ਨੂੰ ਕੀ ਸਜ਼ਾ ਦਿੱਤੀ ਜਾਵੇ?”
ਚੰਦਨ ਸਿੰਘ ਨੇ ਬੇਨਤੀ ਕੀਤੀ, “ਸੱਚੇ ਪਾਤਸ਼ਾਹ! ਚੋਰ ਲੋੜਵੰਦ ਹੋਵੇਗਾ, ਇਸ ਨੂੰ ਪੁੱਛਕੇ ਇਸ ਦੀ ਹੋਰ ਲੋੜ ਵੀ ਪੂਰੀ ਕਰ ਦਿਉ ਪਰ ਅੱਗੇ ਨੂੰ ਚੋਰੀ ਨਾ ਕਰੇ।” ਗੁਰੂ ਜੀ ਨੇ ਪ੍ਰਸੰਨ ਹੋ ਕੇ ਫ਼ੁਰਮਾਇਆ, "ਭਾਈ ਚੰਦਨ ਸਿੰਘ, ਤੂੰ ਤਾਂ ਬ੍ਰਹਮ ਗਿਆਨੀ ਨਿਰਮਲਾ ਸੰਤ ਹੈਂ। ਤੇਰੇ ਸ਼ੁਭ ਗੁਣ ਨਿਰਮਲ ਪੰਥ ਦੇ ਚਿੰਨ੍ਹ ਬਣਨਗੇ।”
ਸੱਤਵੀਂ ਬਖ਼ਸ਼ੀਸ਼
ਇੱਕ ਦਿਨ ਨਿਰਮਲੇ ਸੰਤ ਭਾਈ ਸੰਤ ਸਿੰਘ ਨੂੰ ਫੜ ਕੇ ਗੁਰੂ ਜੀ ਦੀ ਹਜ਼ੂਰੀ ਵਿਚ ਲਿਆਂਦਾ ਗਿਆ ਅਤੇ ਸ਼ਿਕਾਇਤ ਕੀਤੀ ਗਈ ਕਿ ਇਸ ਨੇ ਕੱਛ, ਕ੍ਰਿਪਾਨ ਆਦਿਕ ਕਕਾਰ ਤਿਆਗ ਦਿੱਤੇ ਹਨ। ਗੁਰੂ ਜੀ ਨੇ ਸੰਤ ਸਿੰਘ ਨੂੰ ਕਾਰਣ ਪੁੱਛਿਆ।
ਉੱਤਰ ਵਿਚ ਸੰਤ ਸਿੰਘ ਨੇ ਕਿਹਾ, "ਮਹਾਰਾਜ! ਆਪ ਜੀ ਦੇ ਸਦ ਉਪਦੇਸ਼ ਨੂੰ ਧਾਰਨ ਕਰਕੇ ਮੈਂ ਪੰਚ ਕੋਸ਼ ਤੋਂ ਅਸੰਗ ਹੋ ਰਿਹਾ ਹਾਂ, ਆਪ ਜੀ ਦੀ ਮਰਯਾਦਾ ਤਾਂ ਦੇਹ ਅਭਿਮਾਨੀ ਕਰਮਕਾਂਡੀ ਵਾਸਤੇ ਹੈ। ਜੇਕਰ ਆਪ ਜੀ ਦਾ ਸਿੱਖ ਬਣ ਕੇ ਅਸਥੂਲ ਕਰਮਕਾਂਡ ਦੇ ਬੰਧਨ ਨਾ ਟੁੱਟੇ ਤਾਂ ਯਮ ਦੇ ਬੰਧਨਾਂ ਤੋਂ ਜੀਵ ਕਿਵੇਂ ਮੁਕਤਿ ਹੋਵੇਗਾ?"
ਗੁਰੂ ਜੀ ਨੇ ਹੱਸ ਕੇ ਸਿੱਖਾਂ ਨੂੰ ਫ਼ਰਮਾਇਆ, "ਤੁਸੀਂ ਤਾਂ ਨਿਰਮਲੇ ਸੰਤ ਦੀ ਸ਼ਿਕਾਇਤ ਕਰ ਦਿੱਤੀ । ਬ੍ਰਹਮ ਗਿਆਨੀ ਉਪਰ ਕਿਸੇ ਕਰਮਕਾਂਡ ਦਾ ਬੰਧਨ ਨਹੀਂ ਹੈ।”
ਅੱਠਵੀਂ ਬਖ਼ਸ਼ੀਸ਼
ਮਾਲਵੇ ਦੇ ਦੌਰੇ ਸਮੇਂ ਪਿੰਡ ਦੀਨੇ ਤੋਂ ਮੁਕਤਸਰ ਜਾਂਦੇ ਹੋਏ ਸਤਿਗੁਰੂ ਜੀ ਪਿੰਡ ਸਰਾਵਾਂ, ਬਹਿਬਲ (ਜ਼ਿਲਾ ਫ਼ਰੀਦਕੋਟ) ਵਿਖੇ ਇੱਕ ਰਾਤ ਰਹੇ। ਇਲਾਕੇ ਵਿਚ ਕਾਲ ਪਿਆ ਹੋਇਆ ਸੀ ।
ਸਤਿਗੁਰੂ ਜੀ ਨੇ ਫੁਰਮਾਇਆ, "ਇਕੱਠਾ ਲੰਗਰ ਬਣਾਉਣ ਦੀ ਬਜਾਏ, ਪਿੰਡ ਵਾਲੇ ਦੋ-ਦੋ ਸਿੰਘਾਂ ਨੂੰ ਘਰ ਲੈ ਜਾ ਕੇ ਲੰਗਰ ਛਕਾ ਲਿਆਉਣ ।" ਸੋ ਇਸੇ ਤਰ੍ਹਾਂ ਹੀ ਕੀਤਾ ਗਿਆ। ਅੰਤਰਜਾਮੀ ਸਤਿਗੁਰੂ ਜੀ ਆਏ ਸਿੰਘਾਂ ਨੂੰ ਪੁੱਛਣ ਲੱਗੇ ਕਿ, "ਸਿੰਘ ਕੀ-ਕੀ ਛਕ ਕੇ ਆਏ ਹਨ ?” ਕਿਸੇ ਨੇ ਕੜਾਹ ਪ੍ਰਸ਼ਾਦਿ, ਕਿਸੇ ਨੇ ਦੌੜਾਂ (ਪਰੌਂਠੇ), ਕਿਸੇ ਨੇ ਖਿਚੜੀ-ਦੁੱਧ, ਕਿਸੇ ਨੇ ਦਲੀਆ, ਕਿਸੇ ਨੇ ਬਾਜਰੇ ਦੇ, ਕਿਸੇ ਨੇ ਛੋਲਿਆਂ ਦੇ ਮਿੱਸੇ ਪ੍ਰਸ਼ਾਦੇ ਦੱਸੇ।
ਜਦੋਂ ਭਾਈ ਮੈਲਾਗਰ ਸਿੰਘ, ਭਾਈ ਗੱਜਾ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਪ੍ਰਸੰਨ ਮੁੱਖ ਕਿਹਾ, "ਅਸੀਂ ਤਾਂ ਅਤੀ ਸਵਾਦਿਸ਼ਟ ਉੱਤਮ ਭੋਜਨ ਛਕਿਆ ਹੈ।” ਪਰ ਪਿੰਡ ਨਿਵਾਸੀ ਬੋਲੇ, "ਜਿਸ ਸਿੱਖ ਦੇ ਘਰ ਵਿਚ ਛਕਣ ਗਏ ਸਨ, ਉਸ ਦੇ ਘਰ ਤਾਂ ਖਾਣ ਵਾਸਤੇ ਕੁਝ ਵੀ ਨਹੀਂ। ਇਹ ਝੂਠ ਬੋਲ ਰਹੇ ਹਨ।”
ਸਤਿਗੁਰੂ ਜੀ ਨੇ ਪਿੰਡ ਵਾਲੇ ਪ੍ਰੇਮੀ ਨੂੰ ਪੁੱਛਿਆ । ਉਹ ਰੁੱਧਾ ਕੰਠ ਹੋ ਕੇ ਚਰਨਾਂ ਵਿਚ ਢਹਿ ਪਿਆ ਅਤੇ ਬੋਲਿਆ, "ਸੱਚੇ ਪਾਤਸ਼ਾਹ! ਮੇਰੇ ਘਰ ਵਿਚ ਛਕਾਉਣ ਵਾਸਤੇ ਕੁਝ ਵੀ ਨਹੀਂ ਹੈ। ਇਨ੍ਹਾਂ ਸੰਤੋਖੀ ਸਿੱਖਾਂ ਅੱਗੇ ਪਾਣੀ ਵਿਚ ਭਿਉਂ ਕੇ ਜੰਡ ਫਲੀਆਂ ਅਤੇ ਸੁੱਕੀਆਂ ਪੀਲਾਂ ਰੱਖ ਦਿੱਤੀਆਂ ਸਨ । ਇਹੀ ਕੁਝ ਪ੍ਰੇਮ ਨਾਲ ਛਕ ਕੇ ਅਰਦਾਸ ਕਰਕੇ ਆ ਗਏ ਹਨ।”
ਸਤਿਗੁਰੂ ਜੀ ਅਤਿ ਪ੍ਰਸੰਨ ਹੋਏ, ਸ੍ਰੀ ਮੁਖਵਾਕ ਤੋਂ ਤਿੰਨ ਵਾਰ ਧੰਨ ਸਿੱਖੀ! ਧੰਨ ਸਿੱਖੀ! ਧੰਨ ਸਿੱਖੀ! ਕਿਹਾ। ਨਾਲ ਹੀ ਇਹ ਵੀ ਕਿਹਾ ਕਿ, "ਜੋ ਸਭ ਤਰ੍ਹਾਂ ਦੇ ਪਦਾਰਥ ਹੁੰਦੇ ਹੋਏ ਬਿਹੰਗਮਾਂ (ਵਿਰਕਤ) ਸੰਤਾਂ/ਸਿੱਖਾਂ ਨੂੰ ਨਾ ਛਕਾਵੇ ਅਤੇ ਸਿੱਖ/ਸਾਧ ਗਰੀਬ ਸਿੱਖਾਂ ਕੋਲੋਂ ਸਵਾਦਿਸ਼ਟ ਪਦਾਰਥਾਂ ਦੀ ਮੰਗ ਕਰੇ, ਦੋਨਾ ਨੂੰ ਧੱਕਾਰ ਹੈ ।
ਸਖੀ ਸਿੱਖ ਉਹ ਹੈ ਜੋ ਵਿੱਤ ਅਨੁਸਾਰ ਗੁਰਸਿੱਖਾਂ ਦੀ ਸੇਵਾ ਕਰੇ; ਜਿਵੇਂ ਇਸ ਪਿੰਡ ਵਾਲੇ ਪ੍ਰੇਮੀ ਨੇ ਕੀਤੀ ਹੈ । ਸੰਤੋਖੀ ਸਿੱਖ ਉਹ ਹੈ ਜੋ ਰੁਖੇ-ਸੁਕੇ ਭੋਜਨ ਨੂੰ ਅੰਮ੍ਰਿਤ ਦੀ ਤਰ੍ਹਾਂ ਆਨੰਦ ਪੂਰਵਕ ਪਰਵਾਨ ਕਰੇ; ਜਿਵੇਂ ਭਾਈ ਮੈਲਾਗਰ ਸਿੰਘ, ਗੱਜਾ ਸਿੰਘ ਦੀ ਕਰਨੀ ਮਹਾਨ ਹੈ।” ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ :
ਗੁਰੂ ਕਹਯੋ ‘ਸਿੱਖੀ ਧੰਨ ਧੰਨ’ ! ਦੇਖਿ ਭਾਉ ਕੋ ਭਏ ਪ੍ਰਸੰਨ ॥੫੭॥
'ਅਸ ਸਿਖ ਭੀ ਬਿਚ ਪੰਥ ਸੁਹਾਇ ! ਸਤੀ ਦੇਹਿ ਸੰਤੋਖੀ ਖਾਇ।
(ਸ੍ਰੀ ਗੁਰੂ. ਪ੍ਰ.ਸੂ. ਐਨ 1 ਪੰਨਾ 6006)
ਨੌਵੀਂ ਬਖ਼ਸ਼ੀਸ਼
ਇੱਕ ਵਾਰ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ 'ਚ ਦੀਵਾਨ ਵਿਚ ਬੈਠਿਆਂ ਸਤਿਗੁਰੂ ਜੀ ਨੇ ਆਪਣੇ ਚੋਜ਼ (ਆਨੰਦ) ਵਿਚ ਫ਼ੁਰਮਾਇਆ, “ਸੰਗਤ ਵਿਚੋਂ ਜਿਸ ਪ੍ਰੇਮੀ ਨੂੰ ਜਿਸ ਇੱਛਾ ਦੀ ਲੋੜ ਹੈ, ਮੰਗ ਲਉ।”
ਮੰਗਾਂ ਮੰਗਣ ਵਾਲਿਆਂ ਦਾ ਕੁਲਾਹਲ (ਕੁਰਲਾਹਟ) ਪੈ ਗਿਆ। ਕੋਈ ਪੁੱਤਰ ਮੰਗ ਰਿਹਾ ਹੈ, ਕੋਈ ਦੁੱਧ ਮੰਗ ਰਿਹਾ ਹੈ, ਕੋਈ ਧਨ ਮੰਗ ਰਿਹਾ ਹੈ। ਕੋਈ ਸੁੰਦਰ ਮੰਦਰ (ਕੋਠੀਆਂ) ਦੀ ਯਾਚਨਾ ਕਰ ਰਿਹਾ ਹੈ। ਮੰਗਾਂ ਮੰਗਣ ਦੀ ਹਰ ਇੱਕ ਵਿਚ ਕਾਹਲ ਹੈ।
ਇਸ ਸਮੇਂ ਕੁਝ ਸਿੱਖ ਸ਼ਾਂਤ-ਚਿੱਤ ਨਿਸ਼ਚਿੰਤ ਬੈਠੇ ਸਨ । ਇਨ੍ਹਾਂ ਦੇ ਮਨ ਵਿਚ ਕਿਸੇ ਕਿਸਮ ਦੀ ਕੋਈ ਕਾਮਨਾ ਨਹੀਂ ਸੀ । ਸਤਿਗੁਰੂ ਜੀ ਨੇ ਸਾਰੀ ਸੰਗਤ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ, ਸ਼ਾਂਤ-ਚਿੱਤ ਸਿੱਖਾਂ ਨੂੰ ਵੀ ਪੁੱਛਿਆ, "ਤੁਸੀਂ ਵੀ ਆਪਣੀ ਇੱਛਾ ਪ੍ਰਗਟ ਕਰੋ । ਸਾਰੀ ਸੰਗਤ ਮੰਗਾਂ ਮੰਗ ਰਹੀ ਹੈ।”
ਇਸ ਮੰਡਲੀ ਨੇ ਹੱਥ ਜੋੜ ਕੇ ਨਿਮਰਤਾ ਪੂਰਬਕ ਆਖਿਆ, "ਸੱਚੇ ਪਾਤਸ਼ਾਹ! ਸਾਨੂੰ ਆਪ ਜੀ ਨੇ ਸਭ ਕੁਝ ਬਖ਼ਸ਼ਿਆ ਹੋਇਆ ਹੈ। ਸਾਡੇ 'ਤੇ ਆਪ ਜੀ ਦੀ ਕ੍ਰਿਪਾ ਹੈ। ਨਾਮ-ਬਾਣੀ, ਬ੍ਰਹਮ-ਵਿਦਿਆ ਆਪ ਜੀ ਨੇ ਬਖ਼ਸ਼ੀ ਹੋਈ ਹੈ। ਇਸ ਵਾਸਤੇ ਸੰਸਾਰੀ ਪਦਾਰਥਾਂ ਦੀ ਸਾਨੂੰ ਕੋਈ ਰੁਚੀ ਨਹੀਂ ।”
ਸਤਿਗੁਰੂ ਜੀ ਨੇ ਪ੍ਰਸੰਨ ਮੁੱਖ ਫ਼ੁਰਮਾਇਆ, "ਸੰਸਾਰੀ ਪਦਾਰਥਾਂ ਦਾ ਤਿਆਗ ਕੇਵਲ ਸੰਤ ਹੀ ਕਰ ਸਕਦੇ ਹਨ। ਬ੍ਰਹਮ-ਵਿਦਿਆ ਦਾ ਆਨੰਦ ਵੀ ਕੇਵਲ ਨਿਰਮਲੇ ਸੰਤ ਹੀ ਲੈ ਸਕਦੇ ਹਨ।”
ਪੰਡਿਤ ਨਿਹਾਲ ਸਿੰਘ ਜੀ ਨੇ ਕਿੰਨਾ ਸੁੰਦਰ ਲਿਖਿਆ ਹੈ :
"ਸ੍ਰੀ ਗੁਰੂ ਲਗਾਯੋ ਏਕ ਦਿਨ ਮੈਂ ਦੀਵਾਨ ਐਸੇ, ਸਭ ਕੋ ਬੁਲਾਇ ਕਹਯੋ ਮਾਂਗੋ ਜੋ ਰਿਦੇ ਭਲੇ।
ਕਾਹੂੰ ਧਨ, ਕਾਹੂੰ ਧਾਮ, ਕਾਹੂੰ ਆਯੂ, ਅਭਿ ਰਾਮ, ਕਾਹੂੰ ਕਹਯੋ ਭੂਖਨ ਜਰਾਉ ਜੋ ਸਜੇ ਗਲੇ ।
ਕਾਹੂੰ ਸ਼ਸਤ੍ਰ, ਕਾਹੂ ਬਸਤ੍ਰ, ਸੰਤ ਖੁਸ਼ੀ ਮ੍ਰਿਗ ਰਾਜ, ਸਭ ਕੋ ਦਵਾਯੋ ਜੋ ਜੋ ਭਾਯੋ ਪ੍ਰੇਮ ਮੈ ਢਲੇ।
ਸੁਪਨ ਜਯੋ ਜਾਨਿ ਕੇ ਪਦਾਰਥ ਨ ਮਾਂਗੇ ਜਿਨੋਂ, ਨਾਮ ਧਨ ਮਾਂਗਯੋ ਤਾਂ ਕੋ ਕਹਯੋ ਯੇ ਨਿਰਮਲੇ ।”
(ਨਿਰਮਲ ਪੰਥ ਦਰਸ਼ਨ, ਪੰਨਾ 270-71)
ਗਿਆਨੀ ਗਿਆਨ ਸਿੰਘ ਜੀ 'ਪੰਥ ਪ੍ਰਕਾਸ਼' ਵਿਚ ਲਿਖਦੇ ਹਨ :
“ਸੂਪਨ ਸਮਾਨ ਜਗ ਜਾਨ ਜਿਨੈ ਨਾਮ ਮਾਂਯੋ,
ਖੁਸ਼ੀ ਹੂਏ ਕਹਯੋ ਗੁਰੁ ਏਊ ਸਿੰਘ ਨਿਮਲੇ॥”
(ਸ੍ਰੀ ਗੁਰੂ ਪੰਥ ਪ੍ਰਕਾਸ਼ ਪੰਨਾ 2793)
ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਲਿਖਿਆ ਹੈ, "ਇਸ ਸਮੇਂ ਸਤਿਗੁਰੂ ਜੀ ਨੇ ਸਿੱਖਾਂ ਦੇ ਤਿੰਨ ਭੇਦ ਬਣਾ ਦਿੱਤੇ । ਸਿੰਘ, ਸਿੱਖ ਅਤੇ ਨਿਰਮਲੇ ।”
ਭਾਈ ਸੰਤੋਖ ਸਿੰਘ ਜੀ ਨੇ ਵੀ 'ਗੁਰ ਪ੍ਰਤਾਪ ਸੂਰਜ' ਵਿਚ ਅੰਕਿਤ ਕੀਤਾ ਹੈ :
“ਗੁਰ ਕਾ ਦਲ ਸ਼ੇਰ ਦਾ ਝੱਲ। ਕੋ ਘਾਲੇ ਕੋ ਪੈਥੇ ਮੱਲ।
ਕੋ ਜੂਝੇ ਕੋ ਸਿਮਰੇ ਨਾਮ । ਕੋ ਸੇਵੇ ਸਤ ਸੰਗ ਮਹਾਨ ।੨੨।
ਲੂਟਹ ਜੂਝਹ ਸਿੰਘ ਕਹੀਜੇ । ਸਿਮਰਹਿ ਨਾਮ ਸੁ ਸਿੱਖ ਲਖੀਜੇ।
ਸਤ ਸੰਗਤ ਸੇਵੇ ਚਿਤ ਲਾਇ । ਤਾਂ ਤੇ ਨਿਰਮਲ ਨਾਮ ਸਦਾਇ ।੨੩।”
ਦਸਵੀਂ ਬਖ਼ਸ਼ੀਸ਼
ਜਦੋਂ ਦਸਮ ਸਤਿਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਵਿਖੇ ਜੋਤੀ ਜੋਤ ਸਮਾਉਣ ਦਾ ਸੰਕਲਪ ਕੀਤਾ। ਰਾਜ ਭਾਗ ਦੀ ਇੱਛਾ ਵਾਲੇ ਸ਼ਸਤ੍ਰਧਾਰੀ ਖ਼ਾਲਸੇ ਨੂੰ ਬਾਬਾ ਬੰਦਾ ਸਿੰਘ ਜੀ ਦੀ ਜੱਥੇਦਾਰੀ ਹੇਠ ਜ਼ਾਲਮਾਂ ਨੂੰ ਸ਼ੋਧਨ ਵਾਸਤੇ ਪੰਜਾਬ ਨੂੰ ਤੋਰ ਦਿੱਤਾ। ਇਸ ਸਮੇਂ ਭਾਈ ਕਰਮ ਸਿੰਘ ਜੀ, ਭਾਈ ਕੋਇਰ ਸਿੰਘ, ਭਾਈ ਰਾਮ ਸਿੰਘ ਜੀ, ਭਾਈ ਗੰਡਾ ਸਿੰਘ ਜੀ, ਭਾਈ ਚੰਦਨ ਸਿੰਘ ਜੀ, ਭਾਈ ਸੰਤ ਸਿੰਘ ਜੀ, ਭਾਈ ਦਰਗਾਹਾ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਗੱਜਾ ਸਿੰਘ ਜੀ, ਭਾਈ ਮੈਲਾਗਰ ਸਿੰਘ ਜੀ, ਭਾਈ ਕੇਸਰਾ ਸਿੰਘ ਜੀ, ਭਾਈ ਵੀਰ ਸਿੰਘ ਜੀ, ਭਾਈ ਸੈਣਾ ਸਿੰਘ ਜੀ, ਭਾਈ ਸੋਭਾ ਸਿੰਘ ਜੀ ਆਦਿ 25 ਨਾਮ ਅਭਿਆਸੀ ਵਿਦਵਾਨ ਨਿਰਮਲੇ ਸੰਤਾਂ ਨੂੰ ਫ਼ੁਰਮਾਇਆ, "ਸਿੰਘੋ! ਹੁਣ ਅਸੀਂ ਭਾਣਾ ਵਰਤਾਵਾਂਗੇ, ਤੁਸੀਂ ਸਾਰੇ ਸੰਤ ਦੇਸ਼ ਦੇ ਕੋਨੇ-ਕੋਨੇ ਵਿਚ ਚਲੇ ਜਾਉ। ਨਾਮ ਬਾਣੀ, ਕਥਾ-ਕੀਰਤਨ ਦਾ ਪ੍ਰਵਾਹ ਚਲਾਉ। ਗੁਰੂ ਨਾਨਕ ਦੀ ਸਿੱਖੀ ਦਾ ਪਿੰਡ-ਪਿੰਡ, ਘਰ-ਘਰ ਸੰਦੇਸ਼ ਪਹੁੰਚਾਉ। ਸਿੰਘ ਧਰਮ ਦੀ ਰੱਖਿਆ ਕਰਨਗੇ, ਤੁਸੀਂ ਧਰਮ ਦਾ ਪ੍ਰਚਾਰ ਕਰੋ। ਅੰਮ੍ਰਿਤ ਪ੍ਰਚਾਰ, ਵਿਦਿਆ ਦਾ ਪ੍ਰਸਾਰ ਕਰੋ, ਗੁਰੂ ਨਾਨਕ ਸਦਾ ਅੰਗ-ਸੰਗ ਰਹਿਣਗੇ । ਜਾਉ! ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ।”
ਸ. ਸ਼ਮਸ਼ੇਰ ਸਿੰਘ ਜੀ 'ਅਸ਼ੋਕ' ਕਿੰਨੇ ਸੁੰਦਰ ਸ਼ਬਦਾਂ ਵਿਚ ਪ੍ਰੋੜ੍ਹਤਾ ਕਰਦੇ ਹਨ:
"ਨਿਰਮਲ ਸਾਧੂਆਂ ਦੇ ਭਗਵੇਂ ਜਾਂ ਚਿੱਟੇ ਭੇਸ ਨੂੰ ਦੇਖ ਕੇ ਕਿਸੇ ਤਰ੍ਹਾਂ ਦੀ ਨੁਕਤਾਚੀਨੀ ਕਰਨੀ ਮੁਨਾਸਿਬ ਨਹੀਂ ਜਾਪਦੀ, ਤੇ ਉਨ੍ਹਾਂ ਦਾ ਇਹ ਭੇਖ ਅਸੂਲੀ ਤੌਰ ਉਤੇ, ਨਿੰਦਣਯੋਗ ਨਹੀਂ ਮੰਨਿਆ ਜਾ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਸੀ ਰੱਖਣਾ, ਇਸ ਲਈ ਨਿਰਮਲੇ ਸਾਧੂਆਂ ਨੂੰ ਅਤੀਤ-ਭੇਸ ਧਾਰਨ ਦੀ ਖੁੱਲ੍ਹ ਦੇ ਕੇ ਉਨ੍ਹਾਂ ਨੇ, ਸਿੰਘਾਂ ਦੇ ਬਨਾਰਸੋਂ ਮੁੜਨ ਸਾਰ, ਦੇਸ਼ ਦੇ ਹਰੇਕ ਇਲਾਕੇ ਵਿਚ ਭੇਜਿਆ ਅਤੇ ਫੇਰ ਆਨੰਦਪੁਰ ਛੱਡ ਕੇ ਮਾਲਵੇ ਦੇ ਇਲਾਕੇ ਜਾਣ ਸਮੇਂ ਦਮਦਮੇ ਤੋਂ ਨੰਦੇੜ ਤੱਕ ਉਨ੍ਹਾਂ ਨੂੰ ਆਪਣੇ ਅੰਗ ਸੰਗ ਹੀ ਰੱਖਿਆ। ਪੰਡਿਤ ਕਰਮ ਸਿੰਘ, ਦਰਗਾਹਾ ਸਿੰਘ ਆਦਿ ਨਿਰਮਲੇ ਸਾਧੂ ਜਿਨ੍ਹਾਂ ਤੋਂ ਆਪ ਨਿਤਾਪ੍ਰਤਿ ਪੁਰਾਤਨ ਗ੍ਰੰਥਾਂ ਦੀ ਕਥਾ ਸੁਣਿਆ ਕਰਦੇ ਸਨ, ਧੁਰ ਦੱਖਣ (ਨੰਦੇੜ) ਤੱਕ ਆਪਦੇ ਹਮ-ਰਕਾਬ ਰਹਿੰਦੇ ਰਹੇ ।”
(ਨਿਰਮਲ ਸੰਪ੍ਰਦਾਇ, ਸੰ.-ਪ੍ਰੋ. ਪ੍ਰੀਤਮ ਸਿੰਘ, ਪੰਨਾ 149)
ਲੇਖਕ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ
(ਪੁਸਤਕ ਨਿਰਮਲ ਪੰਥ ਦਾ ਸੰਖੇਪ ਇਤਿਹਾਸ ਵਿੱਚੋਂ)