The case of 328 holy forms: The search for truth, a test of faith in the pantheism
(ਘਾਈ ਸਮੀਰ) :-
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਨਾਲ ਜੁੜਿਆ ਮਾਮਲਾ ਕੇਵਲ ਇੱਕ ਕਾਨੂੰਨੀ ਜਾਂ ਪ੍ਰਸ਼ਾਸਕੀ ਜਾਂਚ ਨਹੀਂ, ਸਗੋਂ ਇਹ ਸਿੱਖ ਪੰਥ ਦੀ ਆਤਮਕ ਅਸਥਾ, ਮਰਯਾਦਾ ਅਤੇ ਸੰਸਥਾਗਤ ਭਰੋਸੇ ਨਾਲ ਡੂੰਘਾ ਜੁੜਿਆ ਹੋਇਆ ਗੰਭੀਰ ਮਸਲਾ ਹੈ। ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਸਪੈਸ਼ਲ ਇਨਵੈਸਟਿਗੇਸ਼ਨ ਟੀਮ (ਐੱਸਆਈਟੀ) ਦਾ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਦਫ਼ਤਰਾਂ ਵਿੱਚ ਪਹੁੰਚਣਾ ਇਸ ਜਾਂਚ ਨੂੰ ਇੱਕ ਨਵੇਂ ਅਤੇ ਨਿਰਣਾਇਕ ਮੋੜ ’ਤੇ ਲੈ ਆਇਆ ਹੈ।
ਨਿਆਂਮੂਰਤੀ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦਰਜ 328 ਪਾਵਨ ਸਰੂਪਾਂ ਬਾਰੇ ਸਾਲਾਂ ਤੋਂ ਉਠ ਰਹੇ ਸਵਾਲ ਹੁਣ ਇੱਕ ਵਾਰ ਫਿਰ ਪੰਥਕ ਚਰਚਾ ਦੇ ਕੇਂਦਰ ਵਿੱਚ ਹਨ। ਪਿਛਲੇ ਸਮੇਂ ਦੌਰਾਨ ਜਾਂਚਾਂ ਹੋਣ ਦੇ ਬਾਵਜੂਦ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਨਾ ਆ ਸਕੀ, ਜਿਸ ਕਾਰਨ ਸਿੱਖ ਸੰਗਤ ਦੇ ਮਨ ਵਿੱਚ ਅਨੇਕਾਂ ਸ਼ੰਕਾਵਾਂ ਅਤੇ ਅਸੰਤੋਸ਼ ਪੈਦਾ ਹੋਇਆ। ਐੱਸਆਈਟੀ ਦੀ ਮੌਜੂਦਾ ਕਾਰਵਾਈ ਨੂੰ ਇਸੇ ਕਰਕੇ ਇੱਕ ਗੰਭੀਰ ਅਤੇ ਲਾਜ਼ਮੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਐੱਸਜੀਪੀਸੀ ਦੇ ਮੁੱਖ ਦਫ਼ਤਰ ਵਿੱਚ ਰਿਕਾਰਡਾਂ ਦੀ ਜਾਂਚ, ਚਾਰਟਡ ਅਕਾਊਂਟੈਂਟ ਦੀ ਗਿਰਫ਼ਤਾਰੀ ਅਤੇ ਦਸਤਾਵੇਜ਼ਾਂ ਦੀ ਮੰਗ ਇਹ ਦਰਸਾਉਂਦੀ ਹੈ ਕਿ ਜਾਂਚ ਹੁਣ ਸਿਰਫ਼ ਰਸਮੀ ਨਹੀਂ ਰਹੀ, ਸਗੋਂ ਹਰ ਪੱਖ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦਾ ਐਲਾਨ ਵੀ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਨ ਵੱਲ ਇੱਕ ਸਕਾਰਾਤਮਕ ਸੰਕੇਤ ਹੈ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਚਰਚਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਆ ਗਿਆ ਹੈ ਜਿਸ ਵਿਚ ਉਨ੍ਹਾਂ ਨੇ 165 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੰਗਾ ਨੇੜੇ ਰਾਜਾ ਸਾਹਿਬ ਜੀ ਦੇ ਅਸਥਾਨ ਤੋਂ ਬਰਾਮਦ ਕੀਤੇ ਜਾਣ ਦਾ ਦਾਅਵਾ ਕਰ ਦਿੱਤਾ ਹੈ।
ਅਸਲ ਸਵਾਲ ਇਹ ਨਹੀਂ ਕਿ ਦੋਸ਼ੀ ਕੌਣ ਹੈ, ਸਗੋਂ ਇਹ ਹੈ ਕਿ ਸੱਚ ਪੂਰੀ ਪਾਰਦਰਸ਼ਤਾ ਨਾਲ ਕਦੋਂ ਅਤੇ ਕਿਵੇਂ ਸਾਹਮਣੇ ਆਵੇਗਾ। ਜੇਕਰ ਪਾਵਨ ਸਰੂਪ ਕਿਤੇ ਮੌਜੂਦ ਹਨ, ਤਾਂ ਉਹ ਸਿੱਖ ਮਰਯਾਦਾ ਅਨੁਸਾਰ ਸੁਰੱਖਿਅਤ ਹਨ ਜਾਂ ਨਹੀਂ—ਇਹ ਜਾਣਣਾ ਪੰਥ ਲਈ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਰਾਜਨੀਤਿਕ ਦਖ਼ਲ ਪੰਥਕ ਭਰੋਸੇ ਨੂੰ ਹੋਰ ਡਗਮਗਾ ਸਕਦਾ ਹੈ।
ਅੰਤ ਵਿੱਚ, 328 ਪਾਵਨ ਸਰੂਪਾਂ ਦਾ ਮਾਮਲਾ ਐੱਸਜੀਪੀਸੀ, ਸਰਕਾਰ ਅਤੇ ਜਾਂਚ ਏਜੰਸੀਆਂ ਲਈ ਇੱਕ ਅਗਨੀ-ਪਰੀਖਿਆ ਹੈ। ਨਿਰਪੱਖ, ਇਮਾਨਦਾਰ ਅਤੇ ਪਾਰਦਰਸ਼ੀ ਜਾਂਚ ਹੀ ਉਹ ਰਾਹ ਹੈ, ਜਿਸ ਰਾਹੀਂ ਸਿੱਖ ਸੰਗਤ ਦਾ ਭਰੋਸਾ ਬਹਾਲ ਹੋ ਸਕਦਾ ਹੈ ਅਤੇ ਪੰਥਕ ਮਰਯਾਦਾ ਦੀ ਰੱਖਿਆ ਹੋ ਸਕਦੀ ਹੈ। ਸੱਚ ਸਾਹਮਣੇ ਆਉਣਾ ਸਿਰਫ਼ ਕਾਨੂੰਨੀ ਜ਼ਰੂਰਤ ਨਹੀਂ, ਸਗੋਂ ਪੰਥਕ ਫ਼ਰਜ਼ ਵੀ ਹੈ।