The accused dismissed in the 328 Saroop case is a big leader in the AAP government!
ਅਕਾਲੀ ਦਲ ਦਾ ਐਫ ਆਈ ਆਰ ਦਰਜ ਮਾਮਲੇ ਤੇ ਜੋ਼ੋਰਦਾਰ ਹਮਲਾ
ਜਲੰਧਰ ( ਗੁਰਪ੍ਰੀਤ ਸਿੰਘ ਸੰਧੂ):-
ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਤੇ ਕਾਬਜ਼ ਧਿਰਾਂ ਆਹਮੋ ਸਾਹਮਣੇ ਹਨ ਤਾਂ ਮਾਮਲੇ ਦੇ ਮੁਲਜ਼ਮਾਂ ਵਿਚ ਸ਼ਾਮਿਲ ਇਕ ਆਪ ਆਗੂ ਨੂੰ ਲੈਕੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ।
ਅਕਾਲੀ ਦਲ ਵਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਅਨੁਸਾਰ 328 ਸਰੂਪ ਲਾਪਤਾ ਮਾਮਲੇ ਦੀ ਜਾਂਚ ਰਿਪੋਰਟ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਬਣੀ ਈਸ਼ਰ ਸਿੰਘ ਕਮੇਟੀ ਨੇ ਤਿਆਰ ਕੀਤੀ ਸੀ। ਉਸ ਜਾਂਚ ਵਿੱਚ ਪੰਜਵਾ ਮੁੱਖ ਦੋਸ਼ੀ ਕਰਮਚਾਰੀ ਜਸਪ੍ਰੀਤ ਸਿੰਘ ਸੀ, ਜਿਸ ਨੂੰ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ 2020 ਵਿੱਚ ਬਰਖ਼ਾਸਤ ਕਰ ਦਿੱਤਾ ਗਿਆ ਸੀ ਤੇ ਉਸਦੇ ਸਾਰੇ ਵਿੱਤੀ ਲਾਭ ਰੋਕ ਦਿੱਤੇ ਗਏ ਸੀ।
ਪਰ ਆਪ ਸਰਕਾਰ ਨੇ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਕੇ ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜ਼ਿਆ ਹੈ। ਅੱਜ ਜਦੋਂ ਭਗਵੰਤ ਮਾਨ ਸਰਕਾਰ 328 ਪਾਵਨ ਸਰੂਪ ਮਾਮਲੇ ਨੂੰ ਮੁੜ ਤੋਂ ਮੁੱਦਾ ਬਣਾ ਕੇ ਜਾਂਚ ਕਰਨ ਦੀ ਗੱਲ ਕਰਦੀ ਹੈ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਸ ਜਸਪ੍ਰੀਤ ਸਿੰਘ ਨੂੰ ਅਜੇ ਤੱਕ ਕਿਉਂ ਅਹੁਦਿਆਂ ‘ਤੇ ਰੱਖਿਆ ਹੋਇਆ ਹੈ? ਸਰਕਾਰ ਨੇ ਇਸ ਦੇ ਖ਼ਿਲਾਫ਼ ਕਿਉਂ ਨਹੀਂ ਕਾਰਵਾਈ ਕੀਤੀ? ਇਸ ਨੂੰ ਕਿਉਂ ਬਚਾਇਆ ਜਾ ਰਿਹਾ ਹੈ ? ਝਾੜੂ ਸਰਕਾਰ ਜਸਪ੍ਰੀਤ ਪਾਪੀ ਦੇ ਨਾਮ ‘ਤੇ ਚੁੱਪ ਕਿਉਂ ਹੈ? ਕੀ ਸਰਕਾਰ ਇਸਨੂੰ ਪਰਚੇ ਵਿੱਚੋਂ ਬਰੀ ਕਰਵਾ ਕੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹਾਲ ਕਰਵਾਉਣਾ ਚਾਹੁੰਦੀ ਹੈ?
ਅਕਾਲੀ ਦਲ ਆਖ ਰਿਹਾ ਹੈ ਕਿ ਆਪ ਸਰਕਾਰ ਦੇ ਬੁਲਾਰੇ ਜੋ ਵੱਡੇ-ਵੱਡੇ ਦਾਅਵੇ ਕਰਦੇ ਸੀ, ਉਹ ਜਵਾਬ ਦੇਣ ਇਸ ਗੱਲ ਦਾ ਕਿ ਜਿਸ ਵਿਅਕਤੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਕਰੀ ਤੋਂ ਕੱਢ ਕੇ ਸਾਰੇ ਵਿੱਤੀ ਲਾਭ ਬੰਦ ਕੀਤੇ ਸੀ, ਉਸ ਪਾਪੀ ਨੂੰ ਵੱਡੇ-ਵੱਡੇ ਅਹੁਦੇ ਕਿਉਂ ਦਿੱਤੇ?
ਅਕਾਲੀ ਦਲ ਦੇ ਆਗੂ ਸੰਗਤਾਂ ਦੀ ਕਚਹਿਰੀ ਵਿੱਚ ਇਹ ਗੱਲ ਆਖ ਰਹੇ ਹਨ ਕਿ ਸੰਗਤ ਜੀ ਇਸ ਸਭ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਝਾੜੂ ਸਰਕਾਰ ਕਿਵੇਂ ਧਰਮ ਦੀ ਆੜ ‘ਚ ਗੰਦੀ ਸਿਆਸਤ ਕਰ ਰਹੀ ਹੈ। ਭਗਵੰਤ ਮਾਨ ਨੂੰ ਪੰਥ ਨਾਲ ਕੋਈ ਮੋਹ ਨਹੀਂ ਹੈ, ਇਹ ਸਿਰਫ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਆਪਣੀ ਰਾਜਨੀਤੀ ਦਾ ਗੰਦਾ ਨਾਚ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਨੂੰ ਆਪ ਸਰਕਾਰ ਵੱਲੋਂ ਸਮੇਂ ਸਮੇਂ ਤੇ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਅੰਮ੍ਰਿਤਸਰ ਸਾਹਿਬ - 2022, ਸਟੇਟ ਜੁਆਇੰਟ ਸੈਕਟਰੀ ਆਪ ਪੰਜਾਬ - 2022, ਜ਼ਿਲ੍ਹਾ ਪ੍ਰਧਾਨ ਆਪ, ਸ੍ਰੀ ਅੰਮ੍ਰਿਤਸਰ ਸਾਹਿਬ - 2022 ਅਤੇ ਚੇਅਰਮੈਨ, ਨਗਰ ਨਿਗਮ ਸਕਰੀਨਿੰਗ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ - 2024 ਦੇ ਅਹੁਦਿਆਂ ਨਾਲ ਨਿਵਾਜਿਆ ਗਿਆ ਸੀ।